Saturday, May 30, 2009

ਦੇਸ਼ ਸੇਵਕ :: ਚੰਡੀਗੜ੍ਹ

ਦੇਸ਼ ਸੇਵਕ : ਚੰਡੀਗੜ੍ਹ ; ਸੰਪਰਕ : 0172-2657256-57.

ਸੰਪਾਦਕ : ਜ.ਸ. ਸ਼ਮੀਲ

ਬਾਬਾ ਸੋਹਨ ਸਿੰਘ ਭਗਨਾ ਭਵਨ, 29-ਡੀ., ਚੰਡੀਗੜ੍ਹ।
www.deshsewak.com

ਆਜ਼ੇਲੀਏ ਦੇ ਰੰਗੀਨ ਫੁੱਲ :: ਲੇਖਕਾ : ਸੁਸ਼ਮ ਬੇਦੀ

ਪ੍ਰਵਾਸੀ ਹਿੰਦੀ ਕਹਾਣੀ : ਆਜ਼ੇਲੀਏ ਦੇ ਰੰਗੀਨ ਫੁੱਲ :: ਲੇਖਕਾ : ਸੁਸ਼ਮ ਬੇਦੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਸਾਰੇ ਰਸਤੇ ਮੈਂ ਰੰਗ-ਬਿਰੰਗੇ ਫੁੱਲਾਂ ਦੀਆਂ ਝਾੜੀਆਂ ਵੱਲ ਦੇਖਦੀ ਆਈ ਸਾਂ ਤੇ ਸੋਚਦੀ ਰਹੀ ਸਾਂ ਕਿ ਇਹ ਕਿਹੜੇ ਫੁੱਲ ਹੋਏ !...ਦੂਰੋਂ ਦੇਖ ਕੇ ਬੋਗਨ ਵਿਲੀਆ ਦੀਆਂ ਝਾੜੀਆਂ ਦਾ ਭਰਮ ਹੁੰਦਾ ਸੀ ਤੇ ਕੋਲ ਆਓ ਤਾਂ ਉਹਨਾਂ ਨਾਲੋਂ ਕਿਤੇ ਵੱਧ ਖ਼ੂਬਸੂਰਤ ! ਕਿਤੇ ਵੱਧ ਖਿੜਵਾਂ ਰੰਗ ! ਆਕਾਰ ਵੀ ਮੋਹਕ…ਤੇ ਖ਼ੂਬ ਸੰਘਣੇ ਗੁੱਛੇ। ਜਦੋਂ ਕਾਲਜ ਦੇ ਕੈਂਪਸ ਵਿਚ ਪਹੁੰਚੇ ਤਾਂ ਉੱਥੇ ਵੀ ਇਹੀ, ਦੂਰ ਦੂਰ ਤੱਕ ਫੈਲੀ ਹਰਿਆਲੀ ਵਿਚਕਾਰ, ਗੁਲਦਸਤਿਆਂ ਵਾਂਗ ਸਜੇ ਹੋਏ ਸਨ। ਮੈਥੋਂ ਰਿਹਾ ਨਾ ਗਿਆ। ਖਾਸ ਤੌਰ 'ਤੇ ਪ੍ਰਿੰਸੀਪਲ ਦੀ ਪਤਨੀ ਦੇ ਨਾਲ ਉਹਨਾਂ ਦੇ ਘਰ ਵੱਲ ਜਾਂਦਿਆਂ ਹੋਇਆਂ ਜਦੋਂ ਉਹਨਾਂ ਦੇ ਘਰ ਦੇ ਬਾਹਰ ਵੀ ਓਹੋ-ਜਿਹੀਆਂ ਝਾੜੀਆਂ ਦਿਸੀਆਂ ਤਾਂ ਮੈਂ ਪੁੱਛ ਈ ਲਿਆ, "ਫੁੱਲਾਂ ਦੇ ਅਜਿਹੇ ਝਾੜ ਮੈਂ ਪਹਿਲਾਂ ਕਦੀ ਨਹੀਂ ਵੇਖੇ…ਨਾ ਈ ਅਜਿਹੇ ਚਮਕੀਲੇ ਨੀਲੇ, ਨਾਰੰਗੀ, ਗੁਲਾਬੀ ਤੇ ਸਫ਼ੈਦ ਰੰਗ ! ਕਿਹੜੇ ਫੁੱਲ ਨੇ ਇਹ ?"

ਮਿਸੇਜ ਮਿਲਰ ਨੇ ਬੜੇ ਸਹਿਜ ਨਾਲ ਕਿਹਾ, "ਆਜ਼ੇਲੀਆ। ਬਸੰਤ ਰੁੱਤ ਵਿਚ ਖ਼ੂਬ ਖਿੜਦੇ ਨੇ ਤੇ ਬਿਨਾਂ ਕਿਸੇ ਖਾਸ ਮਿਹਨਤ ਦੇ… ਇਸੇ ਲਈ ਤੁਹਾਨੂੰ ਸਭ ਪਾਸੇ ਦਿਖਾਈ ਦੇ ਰਹੇ ਨੇ।"

"ਦੂਰੋਂ ਦੇਖ ਕੇ ਮੈਂ ਇਹਨਾਂ ਨੂੰ ਬੋਗਨ ਵਿਲੀਆ ਈ ਸਮਝਦੀ ਰਹੀ।"

"ਹਾਂ, ਬਹੁਤਿਆਂ ਨੂੰ ਹੋ ਜਾਂਦਾ ਏ, ਇਹ ਭਰਮ…ਖਾਸ ਕਰਕੇ ਹਿੰਦੁਸਤਾਨੀਆਂ ਨੂੰ।" ਉਹ ਮੁਸਕਰਾਈ।

ਤਾਂ ਇਸ ਇਲਾਕੇ ਦਾ ਖਾਸ ਫੁੱਲ ਏ ਇਹ। ਪਰ ਫੇਰ ਵੀ ਉਸਦੇ ਗਿਆਨ ਤੋਂ ਪ੍ਰਭਾਵਿਤ ਹੋ ਗਈ ਸਾਂ ਮੈਂ। ਆਪਣੇ ਮਾਹੌਲ ਵਿਚ ਕਿੰਨੀ ਰਚੀ-ਮਿਚੀ ਹੋਈ ਏ। ਸ਼ਾਇਦ ਉਹ ਆਪ ਵੀ ਤਾਂ ਇਹਨਾਂ ਆਜ਼ੇਲੀਏ ਦੇ ਫੁੱਲਾਂ ਵਰਗੀ ਈ ਏ…ਇਸ ਧਰਤੀ ਉੱਪਰ, ਇਸ ਮਾਹੌਲ ਵਿਚ, ਪੂਰੇ ਅਧਿਕਾਰ ਨਾਲ ਵੱਸੀ ਹੋਈ।

ਉਹ ਮੈਨੂੰ ਪਿਛਲੇ ਦਰਵਾਜ਼ੇ ਰਾਹੀਂ ਘਰ ਦੇ ਅੰਦਰ ਲੈ ਗਈ। ਮੈਂ ਉਸਦੇ ਪਿੱਛੇ-ਪਿੱਛੇ ਤੁਰਦੀ ਹੋਈ ਵੀ ਉਸਦੀ ਫੁਲਵਾੜੀ ਨੂੰ ਈ ਦੇਖਦੀ ਰਹੀ ਸਾਂ ਤੇ ਸੋਚਦੀ ਰਹੀ ਸਾਂ ਕਿ ਅਜਿਹੇ ਖ਼ਾਨਦਾਨੀ ਤੇ ਅਮੀਰ ਅਮਰੀਕੀਆਂ ਦੇ ਕਾਲਜ ਦੇ ਪ੍ਰਿੰਸੀਪਲ ਦਾ ਘਰ ਤਾਂ ਖਾਸ ਹੋਏਗਾ ਈ…ਇਹ ਔਰਤ ਵੀ ਖਾਸ ਈ ਹੋਏਗੀ, ਜਿਸ ਨਾਲ ਪ੍ਰਿੰਸੀਪਲ ਨੇ ਸ਼ਾਦੀ ਕੀਤੀ ਹੋਈ ਏ।

ਘਰ ਸੱਚਮੁੱਚ ਹੀ ਖਾਸ ਸੀ। ਉੱਚੀਆਂ ਉੱਚੀਆਂ ਛੱਤਾਂ ਵਾਲਾ ਵਿਕਟੋਰੀਆ ਸ਼ੈਲੀ ਦਾ ਘਰ, ਜਿਸਨੂੰ ਬੜੇ ਈ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਸਾਰੀ ਸਜਾਵਟ ਉੱਪਰ ਅੰਗਰੇਜ਼ੀਅਤ ਦੀ ਜਗ੍ਹਾ ਏਸ਼ੀਆਈ ਛਾਪ ਸੀ। ਦਰਅਸਲ ਏਸ਼ੀਆ ਦੇ ਹਰ ਦੇਸ਼ ਦੀ ਕਲਾ ਦੇ ਖ਼ੂਬਸੂਰਤ ਨਮੂਨੇ ਉੱਥੇ ਮੌਜ਼ੂਦ ਸਨ…ਤਿੱਬਤ ਦੇ ਥਕਾ, ਇੰਡੋਨੇਸ਼ੀਆ ਦੀਆਂ ਕਠਪੁਤਲੀਆਂ, ਜਾਪਾਨ ਦੇ ਜੈਨ-ਬੁੱਧ, ਭਾਰਤ ਦੀਆਂ ਚੋਲ-ਮੂਰਤੀਆਂ ਤੇ ਸ਼੍ਰੀਲੰਕਾ ਦੇ ਮੁਖੌਟੇ। ਸਭੋ ਕੁਝ ਹੈ ਸੀ ਪਰ ਫੇਰ ਵੀ ਚੀਜ਼ਾਂ ਦਾ ਗਾਹ ਨਹੀਂ ਮਾਰਿਆ ਹੋਇਆ ਲੱਗ ਰਿਹਾ ਸੀ। ਹਰ ਕਲਾਕ੍ਰਿਤੀ ਦਾ ਆਪਣਾ ਕੋਨਾਂ ਸੀ, ਆਪਣੀ ਜਗ੍ਹਾ...ਤੇ ਉਸ ਵਿਸ਼ਾਲ ਭਵਨ ਵਿਚ ਜਗ੍ਹਾ ਦੀ ਕਮੀ ਤਾਂ ਹੈ ਨਹੀਂ ਸੀ। ਇਸ ਲਈ ਸਜਾਵਟ ਵੀ ਸਿਰਫ ਬੈਠਕ ਤਕ ਸੀਮਤ ਨਹੀਂ ਸੀ। ਖਾਣੇ ਤੇ ਪੜ੍ਹਨ ਵਾਲੇ ਕਮਰਿਆਂ ਦੀ ਸਜਾਵਟ ਵੀ ਵਿਸ਼ੇਸ਼ ਸੀ। ਸੌਣ ਵਾਲੇ ਕਮਰੇ ਕਿਉਂਕਿ ਉਪਰਲੀ ਮੰਜ਼ਲ ਉੱਤੇ ਸਨ ਇਸ ਲਈ ਅਸੀਂ ਉੱਥੇ ਨਹੀਂ ਗਏ…ਬਾਕੀ ਸਾਰਾ ਘਰ, ਬੈਠਣ ਤੋਂ ਪਹਿਲਾਂ ਈ, ਮਿਸੇਜ ਮਿਲਰ ਨੇ ਦਿਖਾਅ ਦਿੱਤਾ ਸੀ। ਦਰਅਸਲ ਬਾਹਰ ਈ ਮੈਂ ਫੁੱਲਾਂ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ, ਇਸ ਲਈ ਉਹਨੂੰ ਲੱਗਿਆ ਕਿ ਘਰ ਦੀਆਂ ਹੋਰ ਚੀਜ਼ਾਂ ਵਿਚ ਵੀ ਮੇਰੀ ਰੂਚੀ ਜ਼ਰੂਰ ਹੋਏਗੀ ; ਸੋ ਘਰ ਦਿਖਾਉਂਦਿਆਂ ਹੋਇਆਂ, ਵਿਸਥਾਰ ਨਾਲ, ਉਹ ਮੈਨੂੰ ਦੱਸਦੀ ਰਹੀ ਕਿ ਕਿਹੜੇ ਕਿਹੜੇ ਏਸ਼ੀਆਈ ਦੇਸ਼ਾਂ ਵਿਚ ਉਹ ਆਪਣੇ ਪਤੀ ਨਾਲ ਗਈ ਤੇ ਉੱਥੋਂ ਇਹ ਖਰੀਦ ਕੀਤੀ। ਉਂਜ ਉਸਦੇ ਦੱਸਣ ਵਿਚ ਕੋਈ ਉਤਸਾਹ ਨਹੀਂ ਸੀ…ਇਕ ਟੂਰਿਸਟ ਗਾਈਡ ਵਾਂਗ ਰਟੇ-ਰਟਾਏ ਵਾਕਾਂ ਦੀ ਸ਼ੁੱਧ ਪੇਸ਼ਕਾਰੀ ਸੀ ਬਸ। ਮੇਰਾ ਧਿਆਨ ਫੇਰ ਉਸਦੇ ਚਿਹਰੇ-ਮੋਹਰੇ ਤੇ ਪਹਿਰਾਵੇ ਵੱਲ ਚਲਾ ਗਿਆ ਤੇ ਮੈਂ ਉਸ ਘਰ ਦੇ ਨਾਲ ਉਸਦਾ ਤਾਲ-ਮੇਲ ਬਿਠਾਉਣ ਲੱਗ ਪਈ। ਉਂਜ ਉਸਦਾ ਬਦਾਮੀ ਰੰਗ ਦਾ ਰੇਸ਼ਮੀ ਕੁਰਤਾ, ਚੂੜੀਦਾਰ ਪਾਜਾਮਾ ਤਾਂ ਇਸ ਮਾਹੌਲ ਦੇ ਨਾਲ ਮੇਲ ਖਾਂਦਾ ਸੀ ਪਰ ਉਸ ਪਠਾਨੀ ਚਿਹਰੇ ਉੱਤੇ ਇਕ ਪੰਜਾਬਣ ਜੱਟੀ ਵਰਗਾ ਰੋਅਬ-ਦਾਅਬ ਸੀ, ਜਿਹੜਾ ਸੁਚੱਜੇ ਢੰਗ ਨਾਲ ਕੱਟੇ ਹੋਏ ਵਾਲਾਂ ਦੇ ਬਾਵਜੂਦ ਅਮਰੀਕੀ ਸਭਿਅਕ ਮੁਖੌਟੇ ਨੂੰ ਪਾੜ ਕੇ ਬਾਹਰ ਆ ਜਾਂਦਾ ਸੀ। ਉਸ ਚਿਹਰੇ ਨੂੰ ਮੈਂ ਸੁੰਦਰ ਵੀ ਨਹੀਂ ਕਹਿ ਸਕਦੀ। ਇਸ ਲਈ ਮੈਂ ਹੈਰਾਨ ਹੁੰਦੀ ਰਹੀ ਕਿ ਕੀ ਸੀ ਇਸ ਔਰਤ ਵਿਚ ਜਿਹੜਾ ਇਸ ਕਾਲਜ ਦੇ ਅਮਰੀਕੀ ਨਸਲ ਦੇ ਪ੍ਰਿੰਸੀਪਲ ਨੂੰ ਏਨਾ ਪਸੰਦ ਆ ਗਿਆ ਸੀ ਕਿ ਉਹਨਾਂ ਦੇ ਵਿਆਹ ਦਾ ਸਬੱਬ ਬਣ ਗਿਆ ਸੀ। ਕਿਉਂਕਿ ਹੁਣ ਤਕ ਮੈਂ ਜਿਹਨਾਂ ਬੰਗਾਲੀ ਪਰਿਵਾਰਾਂ ਦੀਆਂ ਔਰਤਾਂ ਨੂੰ ਅਮਰੀਕੀਆਂ ਨਾਲ ਵਿਆਹੀਆਂ ਦੇਖਿਆ ਸੀ ਤੇ ਉਹ ਸਾਰੀਆਂ ਆਪਣੇ-ਆਪ ਵਿਚ ਬੜੀਆਂ ਠੋਸ, ਇੰਗਲੈਂਡ ਦੀ ਰਾਣੀ ਦੀ ਸ਼ੈਲੀ ਦੀ ਅੰਗਰੇਜ਼ੀ ਬੋਲਣ ਵਾਲੀਆਂ ਤੇ ਲੋਹੜੇ ਦੀਆਂ ਰੂਪਮਤੀਆਂ ਸਨ। ਮਿਸੇਜ ਮਿਲਰ ਤਾਂ ਅੰਗਰੇਜ਼ੀ ਵੀ ਪੰਜਾਬੀ ਲਹਿਜ਼ੇ ਵਿਚ ਬੋਲਦੀ ਸੀ…ਫੇਰ ਕੀ ਸੀ ? ਕੀ ਕਿਸੇ ਕਿਸਮ ਦਾ ਯੋਨ-ਅਕਰਖਣ ! ਸ਼ਾਇਦ ਉਹ ਦੀਆਂ ਬਿੱਲੀਆਂ ਅੱਖਾਂ ਤੇ ਗੋਰੇ ਰੰਗ ਕਰਕੇ, ਉਹ ਉਹਨਾਂ ਨੂੰ ਅਮਰੀਕੀ ਲੱਗੀ ਹੋਏ…ਤੇ ਬਾਕੀ ਸਭ ਕੁਝ ਉਹਦਾ ਨਵਾਂਪਨ ! ਜਾਂ ਸ਼ਾਇਦ ਉਹਦੀ ਉਹ ਕਿਸਾਨੀ ਨੁਹਾਰ, ਗੁਲਾਬ ਵਾਂਗ ਭਖ਼ਦੇ ਰੰਗ ਦੀ ਤਾਜ਼ਗੀ ਤੇ ਲੰਮਾਂ-ਝੰਮਾਂ ਕੱਦ-ਕਾਠ, ਜਿਹੜਾ ਆਪਣੇ ਆਪ ਵਿਚ ਹਿੰਦੁਸਤਾਨੀ ਖ਼ੂਰਸੂਰਤੀ ਦੀ ਮਿਸਾਲ ਸੀ ! ਉਂਜ ਜੇ ਉਹ ਹਿੰਦੁਸਤਾਨ ਵਿਚ ਹੁੰਦੀ ਤਾਂ ਮੈਂ ਪਹਿਲੀ ਨਜ਼ਰ ਵਿਚ ਉਸਨੂੰ ਕਿਸੇ ਪੁਲਿਸ ਇੰਸਪੈਕਟਰ ਜਾਂ ਸੂਬੇਦਾਰ ਦੀ ਪਤਨੀ ਈ ਸਮਝਦੀ।

"ਚਾਹ ਲਓਗੇ ?" ਉਹ ਪੁੱਛ ਰਹੀ ਸੀ।

"ਕਸ਼ਟ ਨਹੀਂ ਹੋਏਗਾ ਬਣਾਉਣ ਵਿਚ ?" ਮੈਂ ਸਭਿਅਤਾ ਨਾਤੇ ਕਹਿ ਦਿੱਤਾ ਸੀ ਵਰਨਾ ਚਾਹ ਦਾ ਬੜਾ ਮੂਡ ਸੀ।

"ਕਸ਼ਟ ਕੇਹਾ !" ਤੇ ਉਹ ਕਿਚਨ ਵੱਲ ਤੁਰ ਗਈ। ਮੈਂ ਉਸਦੇ ਜਾਣ ਪਿੱਛੋਂ ਬੈਠਕ ਦੀਆਂ ਚੀਜ਼ਾਂ ਨੂੰ ਹੋਰ ਵੀ ਧਿਆਨ ਨਾਲ ਦੇਖਣ ਲੱਗ ਪਈ। ਸ਼ਾਇਦ ਇਹ ਸਾਰੀਆਂ ਕਲਾ-ਕ੍ਰਿਤਾਂ ਪ੍ਰੋਫ਼ੈਸਰ ਮਿਲਰ ਨੇ ਖ਼ਰੀਦੀਆਂ ਹੋਣਗੀਆਂ। ਕੀ ਇਹਨਾਂ ਦੀ ਸਜਾਵਟ ਦਾ ਸਲੀਕਾ ਵੀ ਉਹਨਾਂ ਦੀ ਰਾਏ ਅਨੁਸਾਰ ਈ ਸੀ ! ਪਰ ਮਿਸੇਜ ਮਿਲਰ ਵੀ ਜਿਸ ਸਹਿਜ ਨਾਲ ਇਹਨਾਂ ਸਾਰੀਆਂ ਵਸਤਾਂ ਨਾਲ ਜੁੜੀ ਹੋਈ ਏ ਉਸ ਤੋਂ ਤਾਂ ਇੰਜ ਨਹੀਂ ਲੱਗਦਾ ਕਿ ਘਰ ਉਹਨਾਂ ਖ਼ੁਦ ਸਜਾਇਆ-ਸੰਵਾਰਿਆ ਨਹੀਂ…

ਉਹ ਕੁਝ ਪਲਾਂ ਵਿਚ ਈ ਟਰੇ ਵਿਚ ਚਾਹ ਸਜਾ ਕੇ ਬੈਠਕ ਵਿਚ ਲੈ ਆਈ। ਸੁਨਹਿਰੀ ਲਕੀਰਾਂ ਵਾਲਾ, ਬੜੀ ਮਹਿੰਗੀ ਤੇ ਵਧੀਆ ਕਿਸਮ ਦੀ ਇੰਗਲਿਸ਼-ਚੀਨੀ ਦਾ ਟੀ-ਸੈੱਟ ਸੀ ਉਹ। ਕੇਤਲੀ ਉੱਤੇ ਪੰਜਾਬੀ ਫੁਲਕਾਰੀ ਦੀ ਕਢਾਈ ਵਾਲੀ ਟਿਕੋਜੀ ਚੜ੍ਹੀ ਹੋਈ ਸੀ। ਕਾਫੀ-ਮੇਜ਼ ਉੱਤੇ ਟਰੇ ਰੱਖ ਕੇ ਉਹ ਬੜੇ ਸਲੀਕੇ ਨਾਲ ਉਹਨਾਂ ਸੁਨਹਿਰੀ ਧਾਰੀਆਂ ਵਾਲੀਆਂ ਪਿਆਲੀਆਂ ਵਿਚ ਚਾਹ ਪਾਉਣ ਲੱਗ ਪਈ। ਇਕ ਤਸ਼ਤਰੀ ਵਿਚ ਬਿਸਕੁਟ ਵੀ ਸਨ।

"ਭਾਰਤ ਜਾਂਦੇ ਰਹਿੰਦੇ ਓ ਤੁਸੀਂ ?" ਇਹ ਸਵਾਲ ਮੈਂ ਪੁੱਛਿਆ ਸੀ।

"ਏਨੇ ਸਾਲ ਤਾਂ ਅਸੀਂ ਲੋਕ ਭਾਰਤ ਵਿਚ ਈ ਰਹੇ ਆਂ। ਇਹ ਨਿਕ ਫਾਊਂਡੇਸ਼ਨ ਦੇ ਹੈਡ ਸੀ ਨਾ ਉੱਥੇ।…ਅਜੇ ਪੰਜ ਸਾਲ ਈ ਹੋਏ ਨੇ ਏਥੇ ਆਇਆਂ। ਕੋਈ ਖਾਸ ਨਹੀਂ ਜਾਂਦੀ, ਉੱਜ ਵੀ…।"

ਉਹਦਾ 'ਉਂਜ ਵੀ' ਮੇਰੀਆਂ ਅੱਖਾਂ ਵਿਚ ਸਵਾਲ ਬਣ ਕੇ ਟੰਗਿਆ ਗਿਆ ਸੀ, ਸ਼ਾਇਦ ਇਸੇ ਲਈ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ---"ਉੱਥੇ ਜਾ ਕੇ ਮਨ ਖ਼ਰਾਬ ਹੋ ਜਾਂਦਾ ਏ…ਸਾਰੇ ਲੋਕ ਬਸ ਰੋਂਦੇ-ਧੋਂਦੇ ਈ ਰਹਿੰਦੇ ਨੇ ! ਇੱਥੇ ਚੰਗਾ ਏ, ਲੋਕ ਸਿਰਫ ਉਪਰਲੇ ਮਨੋ ਗੱਲ ਕਰਦੇ ਨੇ…ਆਪਣੇ ਦੁੱਖਾਂ ਨੂੰ ਚੁੱਪ ਦੀ ਚਾਦਰ ਵਿਚ ਲਪੇਟੀ ਰੱਖਦੇ ਨੇ। ਇਕ ਹਫ਼ਤੇ ਲਈ ਗਈ ਸਾਂ…ਸਿਰਫ ਰੋਣੇ ਈ ਸੁਣਦੀ ਰਹੀ। ਮਨ ਉੱਖੜ ਗਿਆ।"

ਮੈਂ ਗੌਰ ਕੀਤਾ ਕਿ ਮੇਰੇ ਲਗਾਤਾਰ ਹਿੰਦੀ ਵਿਚ ਸਵਾਲ ਪੁੱਛਣ ਦੇ ਬਾਵਜ਼ੂਦ, ਉਹ ਅੰਗਰੇਜ਼ੀ ਵਿਚ ਉੱਤਰ ਦੇਂਦੀ ਰਹੀ ਸੀ।

"ਓਥੇ ਜਾਂ ਤਾਂ ਕੋਈ ਨਾ ਕੋਈ ਮਰਦਾ ਰਹਿੰਦਾ ਏ, ਜਾਂ ਬਿਮਾਰ ਜਾਂ ਆਰਥਕ ਚਿੰਤਾਵਾਂ ਵਿਚ ਡੁੱਬਿਆ ਹੁੰਦਾ ਏ…ਮੈਂ ਭਾਰਤ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ; ਇੱਥੋਂ ਦੀ ਬਣ ਕੇ ਰਹਿਣਾ ਚਾਹੁੰਦੀ ਹਾਂ।"

"ਤੁਹਡਾ ਪਰਿਵਾਰ ਕਿੱਥੇ ਈ ?"

"ਵੈਸੇ ਤਾਂ ਨਾਭੇ ਵਿਚ ਏ…ਪਰ ਹੁਣ ਮਾਂ-ਬਾਪ ਨਹੀਂ ਰਹੇ…ਬਸ, ਭਰਾ-ਭੈਣਾ ਨੇ।"

"ਕਿੰਨੇ ਭਰਾ-ਭੈਣਾ ਓ ?"

"ਅੱਠ…ਤਿੰਨ ਭੈਣ, ਪੰਜ ਭਰਾ।"

"ਕੀ ਕਰਦੇ ਨੇ ?"

"ਸਭ ਆਪੋ-ਆਪਣੀ ਜਗ੍ਹਾ ਸੈਟਲ ਨੇ…ਉੱਥੇ ਪੰਜਾਬ ਵਿਚ ਈ। ਇਕ ਪੁਲਿਸ ਇੰਸਪੈਕਟਰ ਸੀ…ਟੈਰੇਰਿਸਟਾਂ ਨੇ ਹੱਤਿਆ ਕਰ ਦਿੱਤੀ…ਉਸਦੀ ਪਤਨੀ, ਬੱਚੇ ਦੂਜਿਆਂ ਨਾਲ ਰਹਿ ਰਹੇ ਨੇ।"

ਮੇਰੀ ਹੋਰ ਪੁੱਛਣ ਦੀ ਹਿੰਮਤ ਨਹੀਂ ਪਈ। ਗੱਲਾਂ ਦੀ ਰੌਅ ਬਦਲਣ ਖਾਤਰ ਮੈਂ ਕਿਹਾ, "ਤੁਹਾਡੀ ਪ੍ਰੋਫ਼ੈਸਰ ਮਿਲਰ ਨਾਲ ਮੁਲਾਕਾਤ ਕਿੰਜ ਹੋਈ…?"

"ਇਕ ਕੈਂਪ ਵਿਚ...ਇਹ ਆਪਣੀ ਐਂਥੋਪਾਲੋਜ਼ੀ ਦੇ ਸਿਲਸਿਲੇ ਵਿਚ ਉੱਥੇ ਆਏ ਸਨ। ਮੈਂ ਬੱਚਿਆਂ ਨੂੰ ਪੜ੍ਹਾਂਦੀ ਸਾਂ।"

"ਤੁਸੀਂ ਪੜ੍ਹਾਈ ਕਿੱਥੇ ਕੀਤੀ…?"

"ਉੱਥੇ ਈ…ਗੌਰਮਿੰਟ ਕਾਲਜ ਤੋਂ ਬੀ.ਏ. ਕੀਤੀ ਸੀ।"

ਹੁਣ ਮੁਲਾਕਾਤ ਦਾ ਹੋਰ ਖੁਲਾਸਾ ਲੈਣ ਦੀ ਮੇਰੀ ਹਿੰਮਤ ਨਹੀਂ ਸੀ ਹੋ ਰਹੀ, ਨਾ ਹੀ ਉਹ ਖ਼ੁਦ ਇਸ ਵਿਸ਼ੇ ਵਿਚ ਪਹਿਲ ਕਰ ਰਹੀ ਸੀ। ਇੰਜ ਲੱਗ ਰਿਹਾ ਸੀ ਕਿ ਉਸਨੂੰ ਇਸ ਵਿਸ਼ੇ ਦੇ ਵਿਸਥਾਰ ਵਿਚ ਜਾਣ ਦੀ ਕੋਈ ਰੂਚੀ ਨਹੀਂ, ਇਸ ਲਈ ਉਸਦੇ ਜਵਾਬ ਨਪੇ-ਤੁਲੇ ਈ ਸਨ। ਉਂਜ ਵੀ ਜਿਸ ਤਰ੍ਹਾਂ ਦੀ ਰਸਮੀ ਜਿਹੀ ਮੁਲਾਕਾਤ ਸੀ ਉਹ, ਉਸ ਵਿਚ ਅਜਿਹੇ ਸਵਾਲ ਪੁੱਛਣੇ ਠੀਕ ਵੀ ਨਹੀਂ ਸਨ। ਆਖ਼ਰ ਮੈਨੂੰ ਸਿਰਫ ਸਾੜ੍ਹੀ ਵਿਚ ਦੇਖ ਕੇ ਈ ਤਾਂ ਚਾਹ ਦਾ ਇਹ ਸੱਦਾ ਦਿੱਤਾ ਗਿਆ ਸੀ ; ਵਰਨਾ ਹੋਰ ਵਿਦਿਆਰਥੀਆਂ ਦੇ ਮਾਪੇ ਵੀ ਤਾਂ ਆਏ ਹੋਏ ਸਨ…ਕਿਸੇ ਨੂੰ ਵੀ ਤਾਂ ਨਹੀਂ ਸੀ ਬੁਲਾਇਆ ਗਿਆ। ਖਾਸ ਕਰਕੇ ਅੱਜ ਤਾਂ ਨਹੀਂ ਸੀ ਬੁਲਾਇਆ। ਜਦ ਕਿ ਸਾਰੇ ਸੀਨੀਅਰਜ਼ ਦੇ ਮਾਪੇ ਇਸ ਕਾਲਜ ਦੇ ਉਤਸਵ ਵਿਚ ਪਹੁੰਚੇ ਸਨ। ਸ਼ਾਇਦ ਇਹ ਮੇਰੀ ਦਿੱਲੀ ਦੇ ਖਜਾਨਾ ਤੋਂ ਖ਼ਰੀਦੀ ਹੋਈ ਸਾੜ੍ਹੀ ਦੇ ਪ੍ਰਿੰਟ ਦਾ ਕਮਾਲ ਸੀ। ਉਂਜ ਸਾੜ੍ਹੀ ਦੀ ਖ਼ੂਬਸੂਰਤੀ ਬਾਰੇ ਉਸਨੇ ਕੋਈ ਟਿੱਪਣੀ ਨਹੀਂ ਸੀ ਕੀਤੀ। ਨਾ ਹੀ ਉਸ ਲਈ ਉਸਦੀਆਂ ਅੱਖਾਂ ਵਿਚ ਕੋਈ ਖਾਸ ਖਿੱਚ ਸੀ। ਹਾਂ, ਸਾੜ੍ਹੀ ਨੇ ਉਸਦੇ ਮਨ ਵਿਚ ਇਕ ਉਥਲ-ਪੁਥਰ ਜ਼ਰੂਰ ਮਚਾ ਦਿੱਤੀ ਸੀ। ਤਾਂ ਹੀ ਤਾਂ ਉਹਦੀ ਨਿਗਾਹ ਮੇਰੇ ਉੱਤੇ ਅਟਕ ਗਈ ਸੀ ਤੇ ਉਹ ਪੁੱਛ ਬੈਠੀ ਸੀ, "ਕੀ ਤੁਸੀਂ ਸਾਡੇ ਕਿਸੇ ਵਿਦਿਆਰਥੀ ਦੇ ਮੰਮਾਂ ਓ ?" ਤੇ ਮੈਨੂੰ ਵੀ ਸੁਨਹਿਰੀ ਮੌਕਾ ਮਿਲ ਗਿਆ ਸੀ, ਆਪਣੀ ਸਾਰੀ ਜੁਗਿਆਸਾ ਨੂੰ ਸ਼ਾਂਤ ਕਰਨ ਦਾ। ਮੈਂ ਉਸ ਬਾਰੇ ਪਹਿਲਾਂ ਈ ਖਾਸਾ ਕੁਝ ਸੁਣਿਆ ਹੋਇਆ ਸੀ ਕਿ ਇਸ ਅੰਗਰੇਜ਼ੀ ਕਾਲਜ ਦੇ ਪ੍ਰਿੰਸੀਪਲ ਦੀ ਪਤਨੀ ਭਾਰਤੀ ਹੈ ਤੇ ਪੰਜਾਬੀ ਵੀ।

ਅਚਾਨਕ ਸਾਡੇ ਦੋਹਾਂ ਵਿਚਕਾਰ ਚੁੱਪ ਦਾ ਇਕ ਸਫ਼ੈਦ ਬੱਦਲ ਆ ਕੇ ਬੈਠ ਗਿਆ। ਮੈਨੂੰ ਘਬਰਾਹਟ ਹੋਣ ਲੱਗੀ…ਅਜਿਹੀ ਸਥਿਤੀ ਮੈਨੂੰ ਹਮੇਸ਼ਾ ਪ੍ਰੇਸ਼ਾਨ ਕਰ ਦੇਂਦੀ ਏ ਕਿ ਕਿਸੇ ਨਾਲ ਸਿਰਫ ਗੱਲਾਂ ਕਰਨ ਲਈ ਈ ਉਸਨੂੰ ਮਿਲਿਆ ਜਾਏ ਤੇ ਅਚਾਨਕ ਲੱਗੇ ਕਿ ਕਹਿਣ ਲਈ ਕੁਝ ਵੀ ਨਹੀਂ। ਪਰ ਛੇਤੀ ਹੀ ਮਿਸੇਜ ਮਿਲਰ ਨੇ ਮੈਨੂੰ ਇਸ ਔਖੀ ਸਥਿਤੀ ਵਿਚੋਂ ਕੱਢ ਲਿਆ---

"ਚਾਹ ਵਿਚ ਚੀਨੀ ਕਿੰਨੀ ਲਓਗੇ ਤੁਸੀਂ ?"

"ਚੀਨੀ ਨਹੀਂ ਲੈਂਦੀ…ਸਿਰਫ ਥੋੜ੍ਹਾ ਜਿਹਾ ਦੁੱਧ !"

"ਮੈਂ ਤਾਂ ਤਿੰਨ ਚਮਚ ਚੀਨੀ ਪਾਂਦੀ ਆਂ…ਬਿਨਾਂ ਚੋਖੇ ਦੁੱਧ ਤੇ ਤੇਜ਼ ਚੀਨੀ ਦੇ ਮੈਨੂੰ ਚਾਹ ਚੰਗੀ ਈ ਨਹੀਂ ਲੱਗਦੀ---ਲੋਕੀ ਅੱਖਾਂ ਪਾੜ-ਪਾੜ ਦੇਖਣ ਲੱਗ ਪੈਂਦੇ ਨੇ, ਏਥੇ ਏਨੀ ਚੀਨੀ ਪਾਂਦਿਆਂ ਦੇਖ ਕੇ…ਬਟ, ਆਈ ਡੋਂਟ ਕੇਅਰ !"

"ਸਵੇਰ ਦੇ ਪ੍ਰੋਗ੍ਰਾਮ 'ਚ ਗਏ ਸੌ ਨਾ ਤੁਸੀਂ ?"

ਉਹਨਾਂ ਛੋਟੀ ਜਿਹੀ 'ਹੂੰ' ਕਰ ਦਿੱਤੀ।

"ਮੈਨੂੰ ਤੁਸੀਂ ਦਿਖਾਈ ਨਹੀਂ ਦਿੱਤੇ…ਕੀ ਪ੍ਰਿੰਸੀਪਲ ਸਾਹਬ ਨਾਲ ਸੌਅ, ਸਟੇਜ ਉੱਤੇ ?"

"ਓਅ ਨਹੀਂ…ਮੈਂ ਉਸ ਕਿਸਮ ਦੀ 'ਪ੍ਰਿੰਸੀਪਲ-ਪਤਨੀ' ਦਾ ਰੋਲ ਨਹੀਂ ਨਿਭਾਉਂਦੀ। ਮੈਨੂੰ ਆਪਣੀ ਆਜ਼ਾਦੀ ਪਸੰਦ ਏ।"

"ਤਾਂ ਤੁਸੀਂ ਕਾਲਜ ਦੇ ਫ਼ੰਕਸ਼ਨ ਵਿਚ ਕਤਈ ਹਿੱਸਾ ਨਹੀਂ ਲੈਂਦੇ ?"

"ਜਿੰਨਾ ਲੈਣਾ ਪੈਂਦਾ ਏ, ਲੈਂਦੀ ਆਂ…ਪਰ ਕਿਸੇ ਤਰ੍ਹਾਂ ਆਪਣੇ ਆਪ ਨੂੰ ਦੂਜਿਆਂ ਉੱਪਰ ਲੱਦਣਾ ਮੈਨੂੰ ਕਤਹੀ ਪਸੰਦ ਨਹੀਂ, ਹੁਣ ਦੇਖੋ ਮੈਨੂੰ ਐਨਟਰਟੇਨ ਤਾਂ ਕਰਨਾ ਈ ਪੈਂਦਾ ਏ, ਸੋ ਆਏ ਦਿਨ ਕਾਲਜ ਬੋਰਡ ਦੇ ਮੈਂਬਰ ਜਾਂ ਦੂਸਰੇ ਜਿਹੜੇ ਕਾਲਜ ਦੇ ਨਜ਼ਰੀਏ ਨਾਲ ਮਹੱਤਵਪੂਰਨ ਹੁੰਦੇ ਨੇ ਉਹਨਾਂ ਲੋਕਾਂ ਲਈ ਡਿਨਰ ਵਗ਼ੈਰਾ ਕਰਦੀ ਆਂ ! ਪਰ ਇਸ ਤੋਂ ਵੱਧ ਇਨਵਾਲਵ ਹੋਣਾ ਮੈਨੂੰ ਸਹੀ ਨਹੀਂ ਲੱਗਦਾ। ਮੈਂ ਤਾਂ ਨਿਕ ਦੇ ਨਾਲ ਜ਼ਿਆਦਾ ਕਿਧਰੇ ਜਾਂਦੀ-ਆਉਂਦੀ ਵੀ ਨਹੀਂ…ਬਸ, ਜਿੰਨਾ ਜ਼ਰੂਰੀ ਹੋਏ…"

"ਜ਼ਰੂਰੀ-ਗ਼ੈਰ ਜ਼ਰੂਰੀ ਦਾ ਫੈਸਲਾ ਕੌਣ ਕਰਦਾ ਏ ?"

"ਕਾਫੀ ਦਿਲਚਸਪ ਸਵਾਲ ਏ ਤੁਹਾਡਾ…ਸ਼ਾਇਦ ਹਾਲਾਤ ਸਿਖਾਅ ਦੇਂਦੇ ਨੇ…ਇਕ ਸਹਿਜ ਗਿਆਨ ਦੇ ਦੇਂਦੇ ਨੇ, ਇਸ ਕਿਸਮ ਦੇ ਫੈਸਲਿਆਂ ਲਈ !...ਪਤਾ ਨਹੀਂ ਕਿੰਜ ਕਰਦੀ ਆਂ, ਇਹ ਫੈਸਲੇ…ਸ਼ਾਇਦ ਜਦੋਂ ਨਿਕ ਕਹਿ ਦੇਂਦਾ ਏ ਕਿ ਜਾਣਾ ਚਾਹੀਦਾ ਏ…। ਤੁਸੀਂ ਦੱਸੋ, ਤੁਹਾਨੂੰ ਵੀ ਤਾਂ ਜ਼ਿੰਦਗੀ ਵਿਚ ਕੀ ਜ਼ਰੂਰੀ ਏ, ਕੀ ਗ਼ੈਰਜ਼ਰੂਰੀ ਏ, ਦਾ ਫੈਸਲਾ ਪੈਰ ਪੈਰ ਤੇ ਕਰਨਾ ਪੈਂਦਾ ਹੋਵੇਗਾ…ਕਿੰਜ ਕਰਦੇ ਓ ?"

ਮੈਂ ਤ੍ਰਬਕ ਜਾਂਦੀ ਹਾਂ। ਸੱਚ ਏ, ਮੈਨੂੰ ਈ ਸਵਾਲ ਪੁੱਛਣ ਦਾ ਹੱਕ ਕਿਉਂ ਏਂ…ਉਹ ਵੀ ਸ਼ਾਇਦ ਮੇਰੇ ਪ੍ਰਤੀ ਓਨੀਂ ਈ ਜੁਗਿਆਸਾ ਰੱਖਦੀ ਏ, ਜਿੰਨੀ ਮੈਂ ਉਸਦੇ ਪ੍ਰਤੀ। ਸ਼ਾਇਦ ਜਾਣਨਾ ਚਾਹੁੰਦੀ ਹੋਵੇ ਕਿ ਭਾਰਤ ਦੇ ਕਿਹੜੇ ਹਿੱਸੇ ਨਾਲ ਜੁੜੀ ਹੋਈ ਹਾਂ ਮੈਂ, ਮੇਰੇ ਪਤੀ ਡਾਕਟਰ ਨੇ ਜਾਂ ਵਕੀਲ ਜਾਂ ਬਿਜਨੇਸ ਮੈਨ ! ਜਾਂ ਮੈਂ ਖ਼ੁਦ ਵੀ ਕਿਸੇ ਕਿੱਤੇ ਵਿਚ ਹਾਂ ਜਾਂ ਘਰੇਲੂ ਪਤਨੀ ਈ ਹਾਂ ! ਪਛਾਣ ਛਿਪਾਅ ਕੇ ਅਣਜਾਣ ਲੋਕਾਂ ਨਾਲ ਗੱਲ ਕਰਨ ਵਿਚ ਉਂਜ ਵੀ ਇਕ ਖਾਸ ਮਜ਼ਾ ਹੁੰਦਾ ਹੈ---ਇਸ ਲਈ ਮੈਂ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਕਿ ਮੈਂ ਵੀ ਉਹਨਾਂ ਵਾਂਗ ਹੀ ਇਕ ਕਾਲਜ ਵਿਚ ਅਧਿਆਪਕਾ ਹਾਂ।

ਉਹ ਉਡੀਕ ਕਰਨ ਲੱਗੀ, ਮੇਰੇ ਵੱਲੋਂ ਕੁਝ ਕਹੇ ਜਾਣ ਦੀ। ਮੈਨੂੰ ਇਕ ਹੋਰ ਸਵਾਲ ਸੁਝਿਆ, ਜਿਹੜਾ ਮੈਨੂੰ ਕਾਫੀ ਸਹੀ ਲੱਗਿਆ, "ਕੀ ਹਿੰਦੁਸਤਾਨੀ ਮਿੱਤਰ ਵੀ ਹੈਨ ਤੁਹਾਡੇ ?"

"ਓਥੇ ਹਿੰਦੁਸਤਾਨ ਵਿਚ ਬੜੇ ਲੋਕਾਂ ਨੂੰ ਜਾਣਦੀ ਸਾਂ, ਉਹੀ ਸਾਰੇ ਏਥੇ ਆਉਂਦੇ ਰਹਿੰਦੇ ਨੇ…ਕੋਈ ਨਵਾਂ ਮਿੱਤਰ ਇੱਥੇ ਆ ਕੇ ਨਹੀਂ ਬਣਾਇਆ…ਪਰ ਸਾਡੇ ਕੁਝ ਦੋਸਤਾਂ ਦੇ ਬੱਚੇ, ਇੱਥੇ ਕਾਲਜਾਂ ਵਿਚ ਪੜ੍ਹਦੇ ਨੇ…ਇਸ ਲਈ ਉਹ ਆਉਂਦੇ ਰਹਿੰਦੇ ਨੇ।"

"ਫੇਰ ਤਾਂ ਖਾਸੇ ਅਮੀਰ ਲੋਕ ਹੋਣਗੇ ਉਹ…ਏਥੇ ਆਉਣਾ-ਜਾਣਾ…?"

"ਬਿਲਕੁਲ…ਸਟਿਚਿੰਗ ਰਿੱਚ…ਪਰ ਹਿੰਦੁਸਤਾਨੀਆਂ ਦੀ ਇਕ ਗੱਲ ਸਮਝ ਨਹੀਂ ਆਉਂਦੀ…ਏਨਾ ਪੈਸਾ ਹੁੰਦੇ ਹੋਏ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਆਰਥਿਕ ਸਹਾਇਤਾ ਮੰਗਦੇ ਰਹਿੰਦੇ ਨੇ…ਮੇਰੀ ਆਪਣੀ ਇਕ ਸਹੇਲੀ ਏ, ਬੰਬਈ ਵਿਚ…ਲਿਖਦੀ ਏ ਉਸਨੂੰ ਇੱਥੇ…ਮੈਨੂੰ ਤਾਂ ਸੱਚਮੁੱਚ ਬੜੀ ਸ਼ਰਮ ਆਉਂਦੀ ਏ…ਮੈਂ ਜਾਣਦੀ ਆਂ ਕਿ ਕਰੋੜਾਂ ਵਿਚ ਖੇਡਣ ਵਾਲੇ ਲੋਕ ਨੇ ਇਹ…ਆਪਣੇ ਕੱਪੜਿਆਂ ਤੇ ਜੇਵਰਾਂ ਉੱਤੇ ਲੱਖਾਂ ਰੋੜ੍ਹ ਦੇਣਗੇ ਪਰ ਬੱਚੇ ਦੀ ਫੀਸ ਲਈ ਭੀਖ…!"

"ਪਰ ਏਥੇ ਫੀਸਾਂ ਵੀ ਤਾਂ ਏਨੀਆਂ ਵੱਧ ਨੇ…ਤੇ ਹਿੰਦੁਸਤਾਨੀ ਰੁਪਏ, ਡਾਲਰ ਦੇ ਤੋਲ ਵਿਚ ਏਨੇ ਘੱਟ…"

"ਸੋ ਤਾਂ ਮੈਂ ਜਾਣਦੀ ਆਂ…ਪਰ ਕਰੋੜਾਂ ਵਿਚ ਖੇਡਣ ਵਾਲੇ…"

ਉਂਜ ਮੇਰੀ ਆਪਣੀ ਬੱਚੀ ਨੇ ਏਥੇ ਪੜ੍ਹਨ ਲਈ ਕੋਈ ਸਹਾਇਤਾ ਨਹੀਂ ਲਈ ਹੋਈ, ਫੇਰ ਵੀ ਮੈਨੂੰ ਇਹ ਪੈਰਵੀ ਕਰਨੀ ਸਹੀ ਲੱਗੀ ਸੀ।

"ਜਾਣਦੀ ਆਂ ਮੈਂ…ਪੱਛਮੀ ਦੇਸ਼ਾਂ ਵਿਚ ਵੀ ਇਹ ਅਪਰਾਧ-ਬੋਧ ਏ ਕਿ ਤੀਜੀ ਦੁਨੀਆਂ ਦੇ ਬੂਤੇ 'ਤੇ ਈ ਉਹ ਵੀ ਅਮੀਰ ਬਣੇ ਨੇ, ਇਸ ਲਈ ਉਹਨਾਂ ਦੀ ਮਦਦ ਕਰਨਾ, ਇਹਨਾਂ ਦਾ ਨੈਤਿਕ ਫਰਜ਼ ਏ…ਪਰ ਕਦੋਂ ਤੀਕ ਭਰਦੇ ਰਹਿਣਗੇ ਇਹ ਹਰਜਾਨਾਂ ! ਤੇ ਕਦੋਂ ਤੀਕ ਅਸੀਂ ਇਹਨਾਂ ਅੱਗੇ ਹੱਥ ਪਸਾਰੀ ਬੈਠੇ ਰਹਾਂਗੇ ? ਮੈਨੂੰ ਤਾਂ ਹਿੰਦੁਸਤਾਨੀਆਂ ਦੇ ਰਵੱਈਏ 'ਤੇ ਬੜੀ ਸ਼ਰਮ ਆਉਂਦੀ ਏ…ਆਖ਼ਰ ਏਥੇ ਵੀ ਤਾਂ ਪੈਸਾ ਕੋਈ ਆਸਮਾਨ ਤੋਂ ਨਹੀਂ ਡਿੱਗਦਾ…ਸਾਰਿਆਂ ਦੀ ਮਿਹਨਤ ਨਾਲ ਈ ਆਉਂਦਾ ਏ…ਇੱਥੇ ਤਾਂ ਆਣਲਿਖਿਆ ਕਾਨੂੰਨ ਏਂ ਕਿ ਜਿਹਨਾਂ ਵਿਦਿਆਰਥੀਆਂ ਨੂੰ ਮਦਦ ਦਿੱਤੀ ਜਾਂਦੀ ਏ, ਨੌਕਰੀ ਲੱਗਣ ਪਿੱਛੋਂ ਉਹ ਆਪਣੇ ਕਾਲਜ ਦੀ ਆਰਥਿਕ ਸਹਾਇਤਾ ਕਰਦੇ ਨੇ…ਅੱਜ ਸਾਡੇ ਕਾਲਜ ਨੂੰ ਜਿਹੜੀ ਸਭ ਤੋਂ ਵੱਡੀ ਗਰਾਂਟ ਮਿਲ ਰਹੀ ਏ, ਉਹ ਇੱਥੋਂ ਦੇ ਇਕ ਪੁਰਾਣੇ ਵਿਦਿਆਰਥੀ ਦੀ ਕੰਪਨੀ ਦੇ ਰਹੀ ਏ…ਹਿੰਦੁਸਤਾਨੀ ਵਿਦਿਆਰਥੀ ਤਾਂ ਅਜਿਹੀ ਕੋਈ ਜ਼ਿਮੇਂਵਾਰੀ ਨਹੀਂ ਸਮਝਦੇ…ਸਿਰਫ ਲੈਣਾ ਈ ਜਾਣਦੇ ਨੇ।"

ਗੱਲ ਸਹੀ ਹੁੰਦੇ ਹੋਏ ਵੀ ਮੈਨੂੰ ਉਹਨਾਂ ਦੀ ਇਹ ਗੱਲ ਸੁਣ ਕੇ ਬੜੀ ਤਕਲੀਫ਼ ਹੋਈ ਸੀ…ਸ਼ਾਇਦ ਮੈਂ ਵਿਦੇਸ਼ ਵਿਚ ਬੈਠੀ ਕਿਸੇ ਹਿੰਦੁਸਤਾਨੀ ਦੇ ਮੂੰਹੋਂ, ਹਿੰਦੁਸਤਾਨੀਆਂ ਦੀਆਂ ਬੁਰਾਈਆਂ ਸੁਣਨ ਦੀ ਆਦੀ ਨਹੀਂ ਸਾਂ…ਹਿੰਦੁਸਤਾਨੀਆਂ ਨੂੰ ਮਿਲ ਕੇ, ਵਧੇਰੇ ਕਰਕੇ, ਖੱਟੀਆਂ-ਮਿੱਠੀਆਂ ਯਾਦਾਂ ਨੂੰ ਹੀ ਦੁਹਰਾਇਆ ਹੈ ਮੈਂ…ਜਾਂ ਫੇਰ ਰਾਜਨੀਤੀ ਦੀਆਂ ਗੱਲਾਂ ਛਿੜ ਪੈਂਦੀਆਂ ਨੇ। ਪਰ ਇਸ ਤਰ੍ਹਾਂ ਦੇ ਓਪਚਾਰਕ ਮਾਹੌਲ ਵਿਚ ਸਿਰਫ ਹਿੰਦੁਸਤਾਨੀ ਹੋਣ ਕਰਕੇ ਆ ਜਾਣ ਵਾਲੀ ਓਪਚਾਰਿਕਤਾ ਬੜੀ ਅਸੁਭਾਵਿਕ ਜਿਹੀ ਲੱਗੀ ਸੀ ਤੇ ਮੈਨੂੰ ਇਕ ਨੈਤਿਕ ਬੋਝ ਜਿਹਾ ਮਹਿਸੂਸ ਹੋਣ ਲੱਗ ਪਿਆ ਸੀ। ਖਾਸ ਤੌਰ ਤੇ ਇਸ ਲਈ ਵੀ ਮੈਂ ਕੁਝ ਓਪਰਾ-ਬਿਗਾਨਾਂ ਜਿਹਾ ਮਹਿਸੂਸ ਕਰਨ ਲੱਗ ਪਈ ਸਾਂ ਕਿ ਉਹਨਾਂ ਦੀਆਂ ਗੱਲਾਂ ਵਿਚ ਕੁਝ ਅਜਿਹੀ ਬੂ ਸੀ, ਜਿਹੜੀ ਉੱਚੇ ਤਬਕੇ ਦੇ ਅਮਰੀਕਨਾਂ ਵਿਚ ਹੁੰਦੀ ਏ…ਕੁਝ ਪੈਟ੍ਰਨਾਈਜ਼ ਕਰਨ ਦੀ, ਕੁਝ ਇਹ ਮੰਨ ਕੇ ਚੱਲਣ ਦੀ ਕਿ ਜੇ ਮੈਂ ਸਫਲ ਹੋ ਸਕਦਾ ਹਾਂ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ...ਤੇ ਜੇ ਨਹੀਂ ਹੁੰਦੇ ਤਾਂ ਇਹ ਉਹਨਾਂ ਵਿਚ ਕਮੀ ਹੈ ਤੇ ਇਸੇ ਲਈ ਉਹ ਉਸਦਾ ਫਲ ਭੋਗਦੇ ਪਏ ਨੇ ! ਜਦਕਿ ਮੇਰੀ ਆਪਣੀ ਪਰਵਰਿਸ਼ ਭਾਵੇਂ ਭਰੇ-ਪੂਰੇ ਪਰਿਵਾਰ ਵਿਚ ਹੋਈ ਸੀ, ਫੇਰ ਵੀ ਸਮਾਨਤਾ ਤੇ ਸਮਾਜਵਾਦ ਦੇ ਹੱਕ ਵਿਚ ਬੋਲਣਾ ਮੈਂ ਆਪਣੇ ਕਾਲਜ ਦੇ ਮਾਹੌਲ 'ਚੋਂ ਜਜ਼ਬ ਕੀਤਾ ਹੋਇਆ ਸੀ।

"ਹੁਣ ਤੁਸੀਂ ਹੀ ਦੱਸੋ ਕਿ ਏਸ਼ੀਆਈ ਦੇਸ਼ਾਂ ਨੂੰ ਸਹਾਇਤਾ ਦੇ ਕੇ ਜੇ ਅਮੀਰ ਬਣ ਜਾਣ ਪਿੱਛੋਂ ਵੀ ਇਹ ਲੋਕ ਆਪਣੇ ਕਾਲਜ ਦੀ ਸਹਾਇਤਾ ਨਾ ਕਰਨ ਤਾਂ ਫੇਰ ਤਾਂ ਇਹਨਾਂ ਕਾਲਜਾਂ ਦੇ ਆਰਥਿਕ ਸੋਮੇਂ ਬਿਲਕੁਲ ਹੀ ਸੁੱਕ ਜਾਣ…ਤੇ ਜੇ ਏਸ਼ੀਆਈਆਂ ਨੂੰ ਹੀ ਮਦਦ ਮਿਲਦੀ ਰਹੀ ਤੇ ਬਦਲ ਵਿਚ ਉਹਨਾਂ ਕੁਝ ਵੀ ਨਾ ਦਿੱਤਾ ਤਾਂ ਕਾਲਜ ਬੰਦ ਹੋ ਜਾਣ ਦੀ ਨੌਬਤ ਆ ਜਾਏਗੀ। ਅੱਜਕੱਲ੍ਹ ਕਾਲੇਜ-ਯੂਨੀਵਰਸਟੀਆਂ ਵਿਚ ਜਿਹੜਾ ਐਨਾਂ ਆਰਥਿਕ ਸੰਕਟ ਆ ਰਿਹਾ ਏ ਉਸਦੀ ਇਕ ਵਜ਼ਾਹ ਤਾਂ ਇਹੀ ਏ ਕਿ ਲੋਕਾਂ ਵਿਚ ਵੈਸੀ, ਦੇਣ ਦੀ ਪ੍ਰਵਿਰਤੀ ਨਹੀਂ ਰਹੀ…ਤੇ ਲੈਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਏ।"

ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਮੈਨੂੰ ਕਿਉਂ ਸੁਣਾਇਆ ਜਾ ਰਿਹਾ ਏ ! ਕਿਹੜੀ ਭੜਾਸ ਹੈ ਜਿਹੜੀ ਮੇਰੇ ਉੱਤੇ ਉਗਲੀ ਜਾ ਰਹੀ ਹੈ ! ਅਮਰੀਕਾ ਦੀ ਪੈਰਵੀ ਕਰਕੇ ਜਾਂ ਹਿੰਦੁਸਾਨੀਆਂ ਦੀ ਬੁਰਾਈ ਕਰਕੇ ਇਹ ਮੈਥੋਂ ਕੀ ਪ੍ਰਾਪਤ ਕਰਨ ਦੀ ਇੱਛਾ ਕਰ ਰਹੀ ਹੈ…ਸਿਰਫ ਹਮਦਰਦੀ ਜਾਂ ਫੇਰ ਕੋਈ ਕ੍ਰਿਆਸ਼ੀਲ ਮੁਹਿੰਮ ! ਜਾਂ ਕੁਝ ਹੋਰ ਪ੍ਰੇਸ਼ਾਨ ਕਰ ਰਿਹਾ ਏ ਇਹਨੂੰ ! ਮੇਰੀ ਸਹਿਜ ਬੁੱਧੀ ਅਛੋਪਲੇ ਹੀ ਬੋਲੀ, ਹੀਣ ਗ੍ਰੰਥੀ। ਪਰ ਕਿਸੇ ਨੇ ਜ਼ੋਰਦਾਰ ਥੱਪੜ ਕੱਢ ਮਾਰਿਆ, 'ਕਦੀ ਇੰਜ ਵੀ, ਬਿਨਾਂ ਪੜਤਾਲ ਕੀਤਿਆਂ ਫੈਸਲੇ ਕੀਤੇ ਜਾਂਦੇ ਨੇ ? ਇਹ ਸਭ ਸਰਲਤਾਵਾਦੀ ਦ੍ਰਿਸ਼ਟੀਕੋਣ ਏਂ…ਨਹੀਂ ਚੱਲਣਾ।' ਉਂਜ ਵੀ ਫਰਾਈਡ ਦੀ ਭਾਸ਼ਾ ਹੁਣ ਫੈਸ਼ਨ ਨਹੀਂ ਰਹੀ---ਲੋੜ ਨਾਲੋਂ ਵੱਧ ਘਿਸ-ਪਿਟ ਚੁੱਕੀ ਏ।

ਮੈਂ ਧੀਮੀ ਆਵਾਜ਼ ਵਿਚ ਪੁੱਛਿਆ, "ਤੁਹਾਡੇ ਖ਼ਿਆਲ ਵਿਚ ਹਿੰਦੁਸਤਾਨੀ ਇੱਥੋਂ ਦੇ ਸੁਖਾਂ-ਸੌਖਾਂ ਨੂੰ ਬਿਗਾਨਾਂ ਜਾਂ ਲੁੱਟ ਦਾ ਮਾਲ ਸਮਝ ਕੇ ਉਸਦਾ ਭੋਗ ਕਰਦੇ ਨੇ ? ਜਾਂ ਉਸਦੀ ਨਾਜਾਇਜ਼ ਵਰਤੋਂ ਕਰਦੇ ਨੇ ?...ਆਪਣਾ ਨਹੀਂ ਸਮਝਦੇ ?"

ਮੇਰਾ ਸਵਾਲ ਕੁਝ ਵਧੇਰੇ ਤਿੱਖਾ ਹੋ ਗਿਆ ਜਾਪਦਾ ਸੀ…ਉਹ ਬੋਖ਼ਲਾਅ ਜਿਹੀ ਗਈ।

"ਬਿਗਾਨੇ ਮਾਲ ਵਰਗਾ ਵਰਤਾਅ ਤਾਂ ਜ਼ਰੂਰ ਕਰਦੇ ਨੇ…ਤਦੇ ਲੁੱਟ-ਮਾਰ ਕਰਕੇ, ਹੂੰਝ-ਬੁਹਾਰ ਕੇ…ਭਾਵੇਂ ਵਾਜਿਬ ਢੰਗ ਨਾਲ ਹੀ ਸਹੀ, ਆਪਣਾ ਘਰ ਭਰਦੇ ਨੇ…ਆਪਣੇ ਨਾਲ ਵੱਧ ਤੋਂ ਵੱਧ ਹਿੰਦੁਸਤਾਨ ਲੈ ਜਾਣ ਦੀ ਪ੍ਰਵਿਰਤੀ, ਸਾਰਿਆਂ ਵਿਚ ਹੁੰਦੀ ਏ…ਪਰ ਜਿੱਥੋਂ ਤਕ ਆਪਣਾ ਸਮਝਣ ਦਾ ਸਵਾਲ ਹੈ…"

ਉਹ ਕੁਝ ਪਲ ਕਿਸੇ ਸੋਚ ਵਿਚ ਖ਼ੁੱਭੀ ਰਹੀ। ਸੱਜਾ ਹੱਥ ਕੁਝ ਉੱਪਰ ਉੱਠਿਆ, ਫੇਰ ਵਾਪਸ ਗੋਦ ਵਿਚ ਆ ਡਿੱਗਿਆ। ਜਿਵੇਂ ਸ਼ਬਦ ਲੱਭ ਰਹੀ ਹੋਵੇ…"ਆਪਣਾ ਸਮਝਣਾ ਜਾਂ ਆਪਣਾ ਹੋ ਸਕਣਾ…ਸ਼ਾਇਦ ਸੰਭਵ ਵੀ ਨਹੀਂ…"

ਮੈਂ ਹੈਰਾਨ ਜਿਹੀ ਹੋਈ ਉਸ ਵੱਲ ਦੇਖਦੀ ਰਹੀ।

"ਭਾਵੇਂ ਕੁਝ ਵੀ ਹੋ ਜਾਏ…ਆਪਣੇ ਤਾਂ ਹੋ ਨਹੀਂ ਸਕਦੇ ਇਹ…"

"ਇੰਜ ਕਿਉਂ ਕਹਿ ਰਹੇ ਓ ਤੁਸੀਂ ?"

"ਹੁਣ ਮੈਨੂੰ ਹੀ ਦੇਖ ਲਓ…ਵੀਹ ਸਾਲਾਂ ਦੀ ਵਿਆਹੀ ਹੋਈ ਆਂ, ਨਿਕ ਨਾਲ…ਅੱਜ ਵੀ ਕਿਸੇ ਨਵੇਂ ਆਦਮੀ ਨਾਲ ਮਿਲਦੀ ਆਂ ਤਾਂ ਪਹਿਲਾ ਸਵਾਲ ਇਹੋ ਪੁੱਛਦਾ ਏ---'ਕਿਸ ਦੇਸ਼ ਦੇ ਓ ਤੁਸੀਂ ?' ਇਕ ਗੱਲ ਦੱਸਾਂ ਤੁਹਾਨੂੰ…ਮੈਂ ਸੋਚਦੀ ਸਾਂ ਕਿ ਮੈਂ ਇੱਥੋਂ ਦੀ ਹੋ ਗਈ ਆਂ, ਅਸਲ ਵਿਚ ਇੱਥੋਂ ਦੀ ਬਣ ਕੇ ਰਹਿਣਾ ਚਾਹੁੰਦੀ ਹਾਂ। ਇਕ ਵਿਦੇਸ਼ੀ ਬਣ ਕੇ ਨਹੀਂ, ਅਮਰੀਕੀ ਬਣ ਕੇ।"

"ਫੇਰ ਇੰਜ ਕਿਉਂ ?"

"ਸਿੱਧੀ ਜਿਹੀ ਗੱਲ ਏ…ਤੁਹਾਡੇ ਅਮਰੀਕੀ ਬਣਨਾ ਚਾਹੁਣ ਨਾਲ ਕੀ ਹੁੰਦੈ ! ਅਸਲ ਗੱਲ ਤਾਂ ਫੇਰ ਈ, ਜੇ ਇਹ ਲੋਕ ਵੀ ਤੁਹਾਨੂੰ ਅਮਰੀਕੀ ਮੰਨਣ ! ਇਹ ਲੋਕ ਤਾਂ ਤੁਹਾਡੀ ਰੰਗਤ ਤੇ ਸ਼ਕਲ-ਸੂਰਤ ਵੇਖਦਿਆਂ ਹੀ ਪੁਛਣਗੇ ਕਿ 'ਕਿੱਥੋ ਦੇ ਓ ਤੁਸੀਂ ?' ਉਹਨਾਂ ਲਈ ਇਹ ਸਵਾਲ ਬੜਾ ਸਹਿਜ ਏ, ਪਰ ਸਵਾਲ ਸੁਣਦਿਆਂ ਹੀ ਦੂਸਰਿਆਂ ਦੀ ਕੈਟੇਗਰੀ ਵਿਚ ਜਾ ਖਲੋਂਦੇ ਓ ਤੁਸੀਂ…ਇੱਥੋਂ ਦੇ ਨਹੀਂ ਰਹਿੰਦੇ।"

ਮੈਂ ਇਕ ਟੱਕ ਵੇਖੀ ਜਾ ਰਹੀ ਸਾਂ ਉਸ ਵੱਲ ! ਇਹ ਵੀਹ ਸਾਲ ਪੁਰਾਣੀ ਪਤਨੀ ਕਹਿ ਰਹੀ ਏ ! ਉਹ ਪਤਨੀ ਜਿਹੜੀ ਉਹਨਾਂ ਦੀ ਭਾਸ਼ਾ ਬੋਲਦੀ ਏ, ਉਹਨਾਂ ਲਈ ਲੜਦੀ ਏ, ਉਹਨਾਂ ਦੀ ਪੈਰਵੀ ਕਰਦੀ ਏ, ਉਹਨਾਂ ਦੇ ਸਿਧਾਂਤ ਸਿਖਾਉਂਦੀ ਏ, ਫੇਰ ਵੀ ਉਹਨਾਂ ਦੇ ਸਮਾਜ ਦਾ ਹਿੱਸਾ ਨਹੀਂ !

ਬੜਾ ਅਜੀਬ ਜਿਹਾ ਲੱਗਿਆ। ਇਕ ਪਤਨੀ, ਇਕ ਪਾਸੇ ਆਦਮੀ ਦੇ ਜੀਵਨ ਵਿਚ ਸਭ ਕੁਝ ਹੁੰਦੀ ਹੈ। ਜੇ ਆਦਮੀ ਦੀ ਜਗ੍ਹਾ ਸਮਾਜ ਵਿਚ ਹੈ ਤਾਂ ਪਤਨੀ ਦੀ ਜਗ੍ਹਾ ਆਪਣੇ ਆਪ ਹੀ ਬਣ ਜਾਂਦੀ ਹੈ। ਫੇਰ ਨਿਕ ਤਾਂ ਖ਼ੁਦ ਵੀ ਭਾਰਤ ਦਾ ਬੜਾ ਹਿਮਾਇਤੀ, ਬੜਾ ਖੁੱਲ੍ਹਦਿਲਾ ਇਨਸਾਨ ਦਿਸਦਾ ਹੈ…ਆਪਣੇ ਭਾਸ਼ਣ ਵਿਚ ਵੀ ਉਸਨੇ ਇਸੇ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਉਸਦੇ ਕਾਲਜ ਵਿਚ ਏਸ਼ੀਆਈ ਵਿਸ਼ੇ ਪੜ੍ਹਾਉਣ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ, ਕਿਉਂਕਿ ਉਹ ਬਹੁਤ ਜ਼ਰੂਰੀ ਸਮਝਦਾ ਹੈ ਕਿ ਅਮਰੀਕੀ ਲੋਕ ਬਾਹਰਲੀ ਦੁਨੀਆਂ ਨੂੰ ਜਾਣਨ-ਸਮਝਣ। ਅਜਿਹੇ ਆਦਮੀ ਦੀ ਪਤਨੀ ਹੋ ਕੇ ਉਹ ਖ਼ੁਦ ਨੂੰ ਬਾਹਰਲੀ ਮਹਿਸੂਸ ਕਰ ਰਹੀ ਹੈ ! ਮੈਂ ਪੁੱਛ ਹੀ ਲਿਆ, "ਪਰ ਤੁਹਾਡੇ ਪਤੀ ਤਾਂ…"

"ਨਹੀਂ, ਪਤੀ ਦੀ ਗੱਲ ਨਹੀਂ…ਉਹ ਤਾਂ ਉਂਜ ਵੀ ਨਿਰਾਲੇ ਨੇ…ਉਹਨਾਂ ਜਿੰਨਾ ਉਦਾਰ ਇਨਸਾਨ ਮੈਂ ਕਦੀ ਨਹੀ ਦੇਖਿਆ। ਉਹਨਾਂ ਖ਼ੁਦ ਵੀ ਤਾਂ ਆਪਣੇ ਸਮਾਜ ਦਾ ਵਿਰੋਧ ਕਰਕੇ ਹੀ ਮੇਰੇ ਨਾਲ ਸ਼ਾਦੀ ਕੀਤੀ ਸੀ। ਨਿਕ ਦੇ ਮਾਂ-ਬਾਪ ਨੇ ਕਦੀ ਵੀ ਇਸ ਸ਼ਾਦੀ ਨੂੰ ਆਪਣਾ ਅਸ਼ੀਰਵਾਦ ਨਹੀਂ ਦਿੱਤਾ। ਜਦੋਂ ਸਮਾਜ ਦੀ ਰਜ਼ਾਮੰਦੀ ਹੀ ਨਹੀਂ ਸੀ ਤਾਂ ਕਿਸੇ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਵੀ ਕਿੰਜ ਕੀਤਾ ਜਾ ਸਕਦਾ ਹੈ…ਉਂਜ ਉਹ ਮਿਲਦੇ ਨੇ, ਫੇਰ ਬੱਚਿਆਂ ਨਾਲ ਵੀ ਪਿਆਰ ਕਰਦੇ ਨੇ…" ਕੁਝ ਲੱਭਦੀਆਂ ਜਿਹੀਆਂ ਉਹਦੀਆਂ ਅੱਖਾਂ, ਸ਼ੀਸ਼ੇ ਦੀ ਕੰਧ ਪਾਰ ਕਰਕੇ, ਆਜ਼ੇਲੀਏ ਦੇ ਨਾਰੰਗੀ ਫੁੱਲਾਂ ਦੀ ਝਾੜੀ ਉੱਪਰ ਟਿਕ ਗਈਆਂ---"ਜਾਣਦੇ ਓ ਮੈਨੂੰ ਕਿੰਜ ਲੱਗਦਾ ਈ…ਖਾਸ ਕਰਕੇ ਓਦੋਂ ਜਦੋਂ ਮੈਂ ਨਿਕ ਨਾਲ ਇਹਨਾਂ ਖਾਨਦਾਨੀ ਅਮਰੀਕਨਾ ਦੇ ਘਰ ਜਾਂਦੀ ਆਂ ?... ਨਹੀਂ, ਕਹਿੰਦਾ ਕੋਈ ਕੁਝ ਨਹੀਂ…ਪਰ ਉਹਨਾਂ ਅੱਖਾਂ ਵਿਚ ਇਕ ਭਾਵ ਅਟਕਿਆ ਹੁੰਦਾ ਹੈ ਕਿ ਮੈਂ ਨਿਕ ਦੀ ਕੋਈ ਗਲਤੀ ਹਾਂ, ਅਜਿਹੀ ਗਲਤੀ ਜਿਸਨੂੰ ਉਹ ਮੁਆਫ਼ ਕਰ ਸਕਦੇ ਨੇ---ਆਖ਼ਰ ਪਤਨੀ ਦੀ ਚੋਣ ਦੀ ਗਲਤੀ ਤਾਂ ਬਹੁਤ ਲੋਕਾਂ ਤੋਂ ਹੋ ਜਾਂਦੀ ਏ…ਪਰ ਉਸ ਪਤਨੀ ਨਾਲ ਨਿਭਾਉਣਾ, ਉਹਨਾਂ ਦੀ ਮਜ਼ਬੂਰੀ ਨਹੀਂ, ਪਤੀ ਦੀ ਹੈ। ਉਹ ਨਿਕ ਨੂੰ ਤਾਂ ਸਵੀਕਾਰ ਕਰਦੇ ਨੇ, ਕਿਉਂਕਿ ਉਹ ਉਹਨਾਂ ਵਿਚੋਂ ਹੀ ਹੈ…ਪਰ ਮੈਨੂੰ ਪਤਾ ਨਹੀਂ ਕਿੰਜ…ਉਹ ਅਹਿਸਾਸ ਕਰਵਾ ਹੀ ਦੇਂਦੇ ਨੇ ਕਿ ਮੈਂ ਉਹਨਾਂ ਵਿਚੋਂ ਨਹੀਂ। ਤੇ ਜੇ ਨਿਕ ਨੇ ਗਲਤੀ ਕੀਤੀ ਏ ਤਾਂ ਜਾਂ ਤਾਂ ਉਹ, ਉਸਦਾ ਸੁਧਾਰ ਕਰੇ ਜਾਂ ਫੇਰ ਖ਼ੁਦ ਹੀ ਭੁਗਤੇ…ਉਹਨਾਂ ਤੋਂ ਅਜਿਹੀ ਆਸ ਨਹੀਂ ਰੱਖਣੀ ਚਾਹੀਦੀ ਕਿ ਉਹ ਮੈਨੂੰ ਅੱਖਾਂ ਤੇ ਬਿਠਾਆਉਣਗੇ…ਸਿਰਫ ਇਸ ਲਈ ਕਿ ਉਹਨਾ ਦੇ ਸਮਾਜ ਦਾ ਇਕ ਵਿਅਕਤੀ ਝੱਲ ਮਾਰ ਬੈਠਾ ਹੈ।"

ਉਹ ਚਾਹ ਵਾਲੀ ਪਿਆਲੀ ਮੇਰੇ ਵੱਲ ਵਧਾਉਂਦੀ ਹੋਈ ਬੋਲੀ, "ਉਂਜ ਨਿਕ ਉਹਨਾਂ ਵਰਗਾ ਨਹੀਂ…ਬੜਾ ਵਿਦਰੋਹੀ ਸੁਭਾਅ ਦਾ ਸੀ…ਆਪਣੇ ਸਮਾਜ ਨਾਲੋਂ ਬੜਾ ਵੱਖਰਾ ਜਿਹਾ। ਤਦੇ ਤਾਂ ਮੇਰੇ ਨਾਲ ਨਿਭੀ। ਪਰ ਹੁਣ ਕੁਝ ਅਜੀਬ ਜਿਹਾ ਪਰਿਵਤਨ ਹੋ ਰਿਹਾ ਏ…ਇੰਜ ਲੱਗਦਾ ਏ ਜਿਵੇਂ ਹੁਣ ਫੇਰ ਉਹ ਆਪਣੀ ਪਹਿਚਾਣੀ-ਪੁਰਾਣੀ ਦੁਨੀਆਂ ਵਿਚ ਜਾਣਾ ਚਾਹੁੰਦਾ ਏ। ਹਾਲਾਂਕਿ ਮੈਂ ਇਸ ਲਈ ਤਿਆਰ ਨਹੀਂ ਹੋ ਸਕਦੀ…ਫੇਰ ਮੇਰੇ ਤਿਆਰ ਹੋਣ ਜਾਂ ਨਾ ਹੋਣ ਦੀ ਕੋਈ ਕੀਮਤ ਈ ਨਹੀਂ, ਮੇਰੀ ਹੋਂਦ ਹੀ ਮੈਨੂੰ ਇਸ ਦੁਨੀਆਂ ਤੋਂ ਪਰ੍ਹੇ ਧਰੀਕ ਦੇਂਦੀ ਹੈ…ਬਾਕੀ ਸਭ ਤਾਂ ਬਸ ਕਹਿਣ ਦੀਆਂ ਗੱਲਾਂ ਨੇ…"

"ਨਿਕ ਇਸ ਬਾਰੇ ਕੀ ਮਹਿਸੂਸ ਕਰਦੇ ਨੇ ?"

"ਨਿਕ ਤਾਂ ਡੰਕੇ ਦੀ ਚੋਟ 'ਤੇ ਸਭਨਾਂ ਨੂੰ ਮਨਵਾਉਣ ਨੂੰ ਫਿਰਦੇ ਰਹਿੰਦੇ ਨੇ…ਬਗ਼ਾਵਤ ਹਮੇਸ਼ਾ ਤੋਂ ਉਹਨਾਂ ਦਾ ਸੁਭਾਅ ਰਿਹੈ…ਪਰ ਕਿਹੈ ਨਾ, ਇਕ ਪੂਰੇ ਸਮਾਜ ਨੂੰ ਬਦਲਣਾ, ਕਿਸੇ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ…ਫੇਰ…

ਉਹ ਚੁੱਪ ਹੋ ਗਈ। ਮੇਰੀਆਂ ਅੱਖਾਂ ਉਸ ਉੱਤੇ ਟਿਕੀਆਂ ਰਹੀਆਂ। ਸ਼ਾਇਦ ਹਾਰ ਮੰਨ ਕੇ ਉਹਨੇ ਕਹਿਣਾ ਸ਼ੁਰੂ ਕੀਤਾ, "ਸ਼ਾਇਦ ਮੈਂ ਖ਼ੁਦ ਵੀ ਆਪਣੀ ਜਾਣੀ-ਪਛਾਣੀ, ਪੁਰਾਣੀ ਦੁਨੀਆਂ ਵਿਚ ਵਾਪਸ ਪਰਤ ਜਾਣਾ ਚਾਹੁੰਦੀ ਹਾਂ…ਇਕ ਅਰਸਾ ਘੁੰਮ-ਫਿਰ ਕੇ, ਆਪਣੇ ਘਰ ਪਰਤ ਆਉਣ ਨੂੰ ਜੀਅ ਕਰਦਾ ਏ।"

ਮੈਂ ਦੁਚਿੱਤੀ ਵਿਚ ਪੈ ਗਈ। ਅਜੇ ਕੁਝ ਚਿਰ ਪਹਿਲਾਂ ਹੀ ਤਾਂ ਉਹ ਇੱਥੋਂ ਦੀ ਹੋ ਕੇ ਰਹਿਣ ਦੀਆਂ ਗੱਲਾਂ ਕਰ ਰਹੀ ਸੀ…ਹੁਣ ਘਰ ਪਰਤਨ ਦੀਆਂ ! ਪਰ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੋਲ ਪਈ, "ਪਰ ਘਰ ਤੋਂ ਮੇਰਾ ਮਤਲਬ ਹਿੰਦੁਸਤਾਨ ਨਹੀਂ…ਸ਼ਾਇਦ ਉੱਥੇ ਰਹਿਣਾ ਵੀ ਹੁਣ ਤਕਲੀਫ਼ ਦੇਅ ਹੋਏਗਾ…ਘਰ ਮੇਰੇ ਲਈ ਇਕ ਆਰਾਮ ਦੇਅ ਮਾਹੌਲ ਦਾ ਨਾਂਅ ਏਂ…ਜਿਸਨੂੰ ਕਿਤੇ ਵੀ ਲੱਭਿਆ ਜਾ ਸਕਦਾ ਏ…ਤੇ ਕਦੀ ਵੀ ਗੰਵਾਇਆ…" ਫੇਰ ਉਹਨੇ ਇਕ ਚੁੱਪ ਸਾਧ ਲਈ…ਜਿਵੇਂ ਇਸ ਵਿਸ਼ੇ ਉੱਤੇ ਹੋਰ ਗੱਲਬਾਤ ਨਾ ਕਰਨੀਂ ਚਾਹੁੰਦੀ ਹੋਵੇ ਤੇ ਆਪਣੀਆਂ ਨਜ਼ਰਾਂ ਆਜ਼ੇਲੀਏ ਦੀ ਨੀਲੀ ਝਾੜੀ ਉੱਤੇ ਟਿਕਾਅ ਲਈਆਂ। ਮੈਂ ਕੁਝ ਚਿਰ ਏਧਰ-ਉਧਰ ਵੇਖਦੀ ਰਹੀ।

ਚਾਹ ਦੀ ਚੁਸਕੀ ਲਈ ਤਾਂ ਬੜੀ ਜਾਣੀ-ਪਛਾਣੀ ਜਿਹੀ ਖ਼ੁਸ਼ਬੂ ਨੱਕ ਵੱਲ ਦੌੜੀ।

ਬੜੀ ਵਧੀਆ ਚਾਹ ਏ, ਕੀ ਇਲਾਇਚੀ ਪਾਈ ਏ ਇਸ ਵਿਚ ? ਖ਼ੂਬ ਮਹਿਕ ਆ ਰਹੀ ਏ।

ਸੱਚਮੁੱਚ ਪਸੰਦ ਆਈ ਤੁਹਾਨੂੰ ! ਮੈਥੋਂ ਤਾਂ ਇੱਥੋਂ ਦੀ ਚਾਹ ਪੀਤੀ ਹੀ ਨਹੀਂ ਜਾਂਦੀ…ਜਦ ਤਕ ਆਪਣੇ ਮਨ ਦਾ ਸਵਾਦ ਨਾ ਹੋਵੇ ਚਾਹ ਦਾ ਮਜ਼ਾ ਵੀ ਕੀ ? ਮੈਂ ਤਾਂ ਅੱਜ ਵੀ ਉਸੇ ਦੇਸੀ ਢੰਗ ਨਾਲ ਚਾਹ ਬਣਾਉਂਦੀ ਆਂ।

ਮੈਂ ਸੁਨਹਿਰੀ ਧਾਰੀਆਂ ਵਾਲੀ ਉਸ ਵਧੀਆ ਅਮਰੀਕੀ ਪਿਆਲੀ ਵਿਚ ਕੜਕ ਹਿੰਦੁਸਤਾਨੀ ਚਾਹ ਦਾ ਸਵਾਦ ਮਾਣਦੀ ਹੋਈ, ਲਾਨ ਵਿਚ ਟਹਿਕਦੇ-ਮਹਿਕਦੇ ਆਜ਼ੇਲੀਏ ਦੇ ਫੁੱਲਾਂ ਵੱਲ ਦੇਖਦੀ ਹੋਈ ਸੋਚਣ ਲੱਗੀ ਕਿ ਇਹਨੂੰ ਪੁੱਛਾਂ ਕਿ ਕੀ ਇਹਨਾਂ ਨੂੰ ਹਰ ਜਗ੍ਹਾ ਉਗਾਇਆ ਜਾ ਸਕਦਾ ਹੈ ?

Thursday, May 14, 2009

ਬਲਦਾ ਹੋਇਆ ਟਾਇਰ :: ਲੇਖਕ : ਰਾਮ ਲਾਲ

ਉਰਦੂ ਕਹਾਣੀ : ਬਲਦਾ ਹੋਇਆ ਟਾਇਰ :: ਲੇਖਕ : ਰਾਮ ਲਾਲ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


"ਮੈਂ ਕਿਹਾ, ਸੁਣਦੇ ਓ-ਜੀ…ਟਿਫ਼ਨ ਪੈਕ ਕਰ ਦਿੱਤਾ ਏ…ਹੁਣ ਲੈ ਵੀ ਜਾਓ…।"

ਰਸੋਈ ਵਿਚੋਂ ਆ ਰਹੀ ਸੁਖਵੰਤ ਕੌਰ ਦੀ ਟੁਣਕਵੀਂ ਆਵਾਜ਼ ਦੇ ਹਰੇਕ ਫ਼ਿਕਰੇ ਦੇ ਆਖ਼ਰੀ ਸ਼ਬਦ ਵਿਚ ਅੰਤਾਂ ਦੀ ਲੋਚ ਸੀ ਜਿਵੇਂ ਕੋਈ ਬੱਚਾ ਬੱਬਲ-ਗਮ ਚਬਾਉਂਦਾ ਹੋਇਆ ਵਾਰੀ-ਵਾਰੀ ਉਸਨੂੰ ਬਾਹਰ ਖਿੱਚ ਕੇ ਮਜ਼ਾ ਲੈ ਰਿਹਾ ਹੋਵੇ…

"ਸੁਣ ਲਿਆ ਹਜ਼ੂਰ, ਸੁਣ ਲਿਆ…ਐਵੇਂ ਨਾ ਚੀਕੀ ਜਾਓ ਮਿਹਰਬਾਨੀ ਕਰਕੇ। ਪੈਂਟ ਦੀ ਜਿੱਪ ਅੜ ਗਈ ਏ ਜ਼ਰਾ…ਹੁਣੇ ਆਉਂਦੇ ਆਂ।"

ਇਹ ਸ. ਬੇਅੰਤ ਸਿੰਘ ਭੁੱਲਰ ਹੁਰੀਂ ਸਨ, ਫਿਕਸੋ ਨਾਲ ਤਾਜ਼ੀ ਚੇਪੀ ਹੋਈ ਦਾੜ੍ਹੀ ਉੱਤੇ ਠਾਠਾ ਬੰਨ੍ਹਿਆ ਹੋਇਆ ਹੈ, ਜਿਸ ਦੇ ਦੋਵੇਂ ਸਿਰੇ ਉਸਦੀ ਉਨਾਭੀ ਰੰਗ ਦੀ ਪੱਗ ਦੇ ਐਨ ਉੱਪਰ ਬੰਨ੍ਹੇ ਹੋਏ ਨੇ। ਉਸਦੇ ਮੱਥੇ ਉੱਪਰ ਪੱਗ ਦੀਆਂ ਖੂਬਸੂਰਤ ਤੈਹਾਂ ਹੇਠ ਬੱਧੀ ਪੀਲੇ ਰੰਗ ਦੀ ਫਿਫ਼ਟੀ ਬੜੀ ਸੋਹਣੀ ਲੱਗ ਰਹੀ ਹੈ। ਉਸੇ ਰੰਗ ਦੀ ਅੱਧੀਆਂ ਬਾਹਾਂ ਵਾਲੀ ਜਾਲੀਦਾਰ ਟੀ-ਸ਼ਰਟ ਤੇ ਸਫ਼ੈਦ ਪੈਂਟ, ਜਿਸਦੀ ਜਿੱਪ ਉਸਨੇ ਕਾਹਲ ਵਿਚ ਫਸਾਅ ਲਈ ਹੈ। ਉੱਚੀ ਅੱਡੀ ਵਾਲੇ ਚਿੱਟੇ ਕਾਫ਼ ਦੇ ਬੂਟਾਂ ਨਾਲ ਠੱਪ-ਠੱਪ ਕਰਦਾ ਹੋਇਆ ਉਹ, ਰਸੋਈ ਵਿਚ ਆ ਵੜਿਆ ਹੈ।

"ਹੁਣ ਕੀ ਕਰੀਏ ਬਿੱਲੋ, ਇਸ ਦੇ ਰੱਫ਼ੜ 'ਚ ਹਰ ਰੋਜ਼ ਘਰੋਂ ਨਿਕਲਣ ਵਿਚ ਦੇਰ ਹੋ ਜਾਂਦੀ ਏ…।"

ਸੁਖਵੰਤ ਜ਼ਰਾ ਝੁਕ ਕੇ ਜਾਇਜ਼ਾ ਲੈਂਦੀ ਹੈ ਤੇ ਭੁੱਲਰ ਦਾ ਹੱਥ ਹਟਾਅ ਕੇ ਆਪਣੇ ਹੱਥ ਨਾਲ ਝੱਟ ਜਿੱਪ ਬੰਦ ਕਰਨ ਵਿਚ ਕਾਮਯਾਬ ਹੋ ਜਾਂਦੀ ਹੈ। ਫੇਰ ਨਕਲੀ ਜਿਹੇ ਗੁੱਸੇ ਨਾਲ ਕਹਿੰਦੀ ਹੈ, "ਤੁਹਾਨੂੰ ਤਾਂ ਬੇਮਤਲਬ ਹੀ ਹਰ ਚੀਜ਼ ਨਾਲ ਉਲਝਦੇ ਰਹਿਣ ਦੀ ਆਦਤ ਪੈ ਗਈ ਏ। ਉੱਤੋਂ ਮੈਨੂੰ ਵੀ ਪ੍ਰੇਸ਼ਾਨ ਕਰ ਦਿੰਦੇ ਓ।"

ਅਜੇ ਉਸ ਸਿੱਧੀ ਖੜ੍ਹੀ ਵੀ ਨਹੀਂ ਸੀ ਹੋਈ ਕਿ ਉਸਨੇ ਆਪਣੇ ਆਪ ਨੂੰ ਆਪਣੇ ਮਰਦ ਦੀਆਂ ਮਜ਼ਬੂਤ ਬਾਹਾਂ ਦੀ ਜਕੜ ਵਿਚ ਜਕੜਿਆ ਮਹਿਸੂਸ ਕੀਤਾ।

"ਅਹਿ-ਅਹਿ ਕੀ ਕਰਨ ਡਹੇ ਓ, ਉਫ਼ ਹੁਣ ਤਾਂ ਦੇਰ ਨਹੀਂ ਨਾ ਹੋ ਰਹੀ ਜਾਣ ਨੂੰ ? ਮੈਂ ਕਹਿਣੀ ਆਂ ਹਟੋ ਵੀ…ਨਹੀਂ ਤਾਂ ਬੁਲਾਨੀ ਆਂ ਬੇ…"

ਉਹ ਉਸਦੀ ਆਵਾਜ਼ ਨੂੰ ਸੰਘ ਵਿਚ ਨੱਪ ਦੇਂਦਾ ਹੈ…ਉਸਦੇ ਨਿੱਕੇ ਜਿਹੇ ਦਹਾਨੇ ਉੱਪਰ ਆਪਣਾ ਪੂਰਾ ਵਹਿਸ਼ੀ ਮੂੰਹ ਰੱਖ ਕੇ…"ਬੇਬੇ ਦੀ ਬੱਚੀ, ਭੁੱਲ ਗਈ ਕਿ ਉਹਨਾਂ ਤੈਨੂੰ ਹੀ ਲੱਖਾਂ ਵਿਚੋਂ ਪਸੰਦ ਕਿਉਂ ਕੀਤਾ ਏ…ਇਹੀ ਸੋਚ ਕੇ ਕਿ ਤੂੰ ਉਸਦੇ ਲਾਡਲੇ ਪੁੱਤਰ ਲਈ ਬਰਫ਼ੀ ਦੀ ਮਿੱਠੀ ਡਲੀ ਸਾਬਤ ਹੋਏਂਗੀ।"

"ਮੈਂ ਪੁੱਛਦੀ ਆਂ, ਹੁਣ ਜਾਣ ਏਂ ਕਿ ਨਹੀਂ ?" ਹੱਥ ਵਧਾਅ ਕੇ ਉਸਨੇ ਕੁਕਿੰਗ ਰੇਂਜ ਉੱਤੇ ਪਿਆ ਸਟੀਲ ਦਾ ਵੇਲਣਾ ਚੁੱਕ ਲਿਆ, "ਸੌਂਹ ਗੁਰੂ ਦੀ ਹੁਣ ਮਾਰ ਬੈਠਾਂਗੀ, ਫੇਰ ਨਾ ਕਹਿਣਾ।"

"ਉਇ ਹੋਇ ਮੇਰੀ ਬੁਲਬੁਲ…ਲੈ ਮਾਰ, ਮਾਰ ਨਾ, ਮਾਰਦੀ ਕਿਉਂ ਨਹੀਂ ਹੁਣ ?" ਉਹ ਪਿੱਠ ਭੁਆਂ ਕੇ, ਗਰਦਨ ਘੁਮਾਅ ਕੇ ਉਹ ਵਲ ਬੜੀਆਂ ਸ਼ਰਾਰਤੀ ਜਿਹੀਆਂ ਨਿਗਾਹਾਂ ਨਾਲ ਦੇਖ ਰਿਹਾ ਹੈ ਤੇ ਮੁਸਕਰਾਂਦਾ ਹੋਇਆ ਆਪਣੇ ਹੋਠਾਂ ਉੱਤੇ ਲੱਗੀ ਮਿਠਾਸ ਨੂੰ ਵਾਰੀ-ਵਾਰੀ ਜੀਭ ਫੇਰ ਕੇ ਚੱਟ ਵੀ ਰਿਹਾ ਹੈ।

ਸੁਖਵੰਤ ਬੇਵੱਸ ਜਿਹੀ ਹੋ ਕੇ ਵੇਲਣੇ ਨੂੰ ਵਾਪਸ ਉਸ ਦੀ ਥਾਂ ਉੱਤੇ ਰੱਖ ਦਿੰਦੀ ਹੈ, "ਤੁਹਾਨੂੰ ਤਾਂ ਵਾਹਿਗੁਰੂ ਹੀ ਬਖਸ਼ੇ ਤਾਂ ਬਖਸ਼ੇ। ਮੈਂ ਤਾਂ ਹਾਰ ਗਈ। ਅੱਛਾ ਬਾਬਾ ਹੁਣ ਜਾਓ ਵੀ, ਦਸ ਵੱਜਣ ਵਾਲੇ ਹੋ ਗਏ ਨੇ ਤੇ ਜਨਾਬ ਹੁਰੀਂ ਨੇ ਕਿ ਅਜੇ ਤਕ…।"

ਉਹ ਦਰਵਾਜ਼ੇ ਵੱਲ ਵਧਦਾ ਹੋਇਆ ਅਚਾਨਕ ਫੇਰ ਰੁਕ ਜਾਂਦਾ ਹੈ ਤੇ ਪਲਟ ਕੇ ਉਸ ਵੱਲ ਦੇਖਦਾ ਹੋਇਆ ਅਤਿ ਜਜ਼ਬਾਤੀ ਆਵਾਜ਼ ਵਿਚ ਕਹਿੰਦਾ ਹੈ, "ਜਾਨੇ ਮਨ ਕੀ ਕਰਾਂ, ਤੇਰੀ ਬੇਪਨਾਹ ਖੂਬਸੂਰਤੀ ਦੇਖ ਕੇ ਸਭ ਕੁਝ ਭੁੱਲ-ਭੁਲਾਅ ਜਾਂਦਾ ਏ…।"

"ਮੈਂ ਬੇਪਨਾਹ ਖੂਬਸੂਰਤ ਲੱਗ ਰਹੀ ਆਂ ਤੁਹਾਨੂੰ, ਇਸ ਹਾਲਤ ਵਿਚ ? ਉਹ ਆਪਣੀ ਵੱਟੋ-ਵੱਟ ਸਲਵਾਰ-ਕਮੀਜ਼ ਉੱਤੇ ਨਜ਼ਰ ਮਾਰਦੀ ਹੈ, ਫੇਰ ਚਿਹਰੇ ਦੇ ਇਰਦ-ਗਿਰਦ ਝੂਲਦੀਆਂ ਵਾਲਾਂ ਦੀ ਲਿਟਾਂ ਛੋਹ ਕੇ ਕਹਿੰਦੀ ਹੈ, "ਨਹਾਤੀ ਨਾ ਧੋਤੀ…ਕੰਘੀ ਤੱਕ ਤਾਂ ਕਰ ਨਹੀਂ ਸਕੀ ਅਜੇ…ਤੇ ਸਰਦਾਰ ਹੁਰੀਂ ਕਹਿੰਦੇ ਨੇ (ਭੁੱਲਰ ਦੀ ਆਵਾਜ਼ ਦੀ ਨਕਲ ਕਰਕੇ) ਜਾਨੇ ਮਨ, ਕੀ ਕਰਾਂ ਸਭ ਕੁਝ ਭੁੱਲ-ਭੁਲਾਅ ਜਾਂਦੇ ਐਂ…। ਲਓ ਸਾਂਭੋ ਆਪਣਾ ਟਿਫ਼ਨ ਬਾਕਸ ਤੇ ਚਲਦੇ-ਫਿਰਦੇ ਨਜ਼ਰ ਆਓ…ਮੈਂ ਹੋਰ ਵੀ ਕੰਮ ਕਰਨੇ ਨੇ। ਨੌਕਰ ਕੰਬਖ਼ਤ ਤਾਂ ਕੋਈ ਟਿਕਦਾ ਨਹੀਂ ਅੱਜ ਕੱਲ੍ਹ…।"

"ਤੇਰੀਆਂ ਇਹਨਾਂ ਅਦਾਵਾਂ ਨੇ ਤਾਂ ਸਾਨੂੰ", ਉਹ ਫੇਰ ਵਧਣਾ ਚਾਹੁੰਦਾ ਹੈ, "ਤੂੰ ਹਰ ਹਾਲ ਵਿਚ ਗ਼ਜ਼ਬ ਐਂ।" ਸੁਖਵੰਤ ਆਪਣੇ ਹਾਸੇ ਨੂੰ ਬੜੀ ਮੁਸ਼ਕਿਲ ਨਾਲ ਰੋਕਦੀ ਹੋਈ ਉਸ ਨੂੰ ਦੋਵਾਂ ਹੱਥਾਂ ਨਾਲ ਪਰ੍ਹੇ ਧਰੀਕ ਦੇਂਦੀ ਹੈ ਤੇ ਨਾਲ ਹੀ, "ਆ ਬੇਬੇ ਜੀ…" ਕੂਕਦੀ ਹੈ।

ਭੁੱਲਰ ਆਪਣੀ ਮਾਂ ਦੇ ਡਰ ਕਾਰਨ ਜਲਦੀ ਨਾਲ ਖਿਸਕ ਜਾਂਦਾ ਹੈ। ਜੋ ਦੂਜੇ ਕਮਰੇ ਵਿਚ ਅੱਖਾਂ ਬੰਦ ਕਰੀ ਜਪੁਜੀ ਸਾਹਿਬ ਦਾ ਪਾਠ ਕਰ ਰਹੀ ਹੈ। ਉਹ ਆਪਣੇ ਬਹੂ-ਬੇਟੇ ਦੀ ਇਹ ਪਿਆਰ ਭਰੀ ਤਕਰਾਰ ਰੋਜ਼ ਹੀ ਸੁਣਦੀ ਹੈ ਤੇ ਅੱਜ ਵੀ ਉਸ ਨੇ ਪਹਿਲਾਂ ਵਾਂਗ ਹੀ ਇਸ ਨੂੰ ਸੁਣਿਆ ਅਣ-ਸੁਣਿਆ ਕਰ ਦਿੱਤਾ ਹੈ।

ਬੇਅੰਤ ਦੇ ਘਰੋਂ ਜਾਂਦਿਆਂ ਹੀ ਸੁਖਵੰਤ ਘਰ ਵਿਚ 'ਕਲਾਪੀ ਜਿਹੀ ਮਹਿਸੂਸ ਕਰਨ ਲੱਗਦੀ, ਉਹ ਸਾਰੀ ਹਲਚਲ ਜਿਹੜੀ ਉਸ ਦੇ ਹੁੰਦਿਆਂ ਅੰਦਰ ਤੇ ਬਾਹਰ ਮੱਚੀ ਹੋਈ ਸੀ ਯਕਦਮ ਖਤਮ ਹੋ ਗਈ ਸੀ। ਹੁਣ ਉਹ ਕਿਸ ਕੰਮ ਵੱਲ ਧਿਆਨ ਦੇਵੇ, ਖੜ੍ਹੀ-ਖੜ੍ਹੀ ਇਹੀ ਸੋਚ ਰਹੀ ਹੈ, ਹੇਠਾਂ ਉਸਨੂੰ ਸਕੂਟਰ ਦੇ ਸਟਾਰਟ ਹੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਉਹ ਆਪਣੇ ਵਾਲ ਖੋਹਲ ਕੇ ਜਲਦੀ-ਜਲਦੀ ਉਹਨਾਂ ਦਾ ਜੂੜਾ ਕਰਦੀ ਹੋਈ ਬਾਲਕੋਨੀ ਵਿਚ ਜਾ ਖੜ੍ਹੀ ਹੁੰਦੀ ਹੈ। ਦੋ ਮੰਜ਼ਲਾਂ ਹੇਠਾਂ ਝਾਕ ਕੇ ਦੇਖਦੀ ਹੈ, ਭੂੱਲਰ ਹਮੇਸ਼ਾ ਵਾਂਗ ਉਸ ਦੇ ਅਲਵਿਦਾਈ ਦੀਦਾਰ ਲਈ ਖੜ੍ਹਾ ਹੁੰਦਾ ਹੈ। ਦੋਵੇਂ ਮੁਸਕੁਰਾ ਕੇ ਇਕ ਦੂਜੇ ਨੂੰ ਵਿਦਾਅ ਕਰਦੇ ਹਨ। ਘਰੋਂ ਨਿਕਲਦਿਆਂ ਹੀ ਉਹ ਇਕ ਸ਼ਰੀਫ ਤੇ ਜ਼ਿੰਮੇਵਾਰ ਇਨਸਾਨ ਬਣ ਜਾਂਦਾ ਹੈ। ਸਿਰਫ ਘਰ ਵਿਚ ਤੇ ਉਹ ਵੀ ਜਦੋਂ ਉਹ ਇਕੱਲੀ ਨਜ਼ਰ ਆਵੇ, ਉਹ ਕਿੰਨਾ ਬੇਸਬਰਾ ਹੋਇਆ ਹੁੰਦਾ ਹੈ। ਬਿਲਕੁਲ ਉਹਨਾਂ ਬੱਚਿਆਂ ਵਾਂਗ ਜਿਹਨਾਂ ਦੀ ਨੀਅਤ ਹਰੇਕ ਖੂਬਸੂਰਤ ਸ਼ੈਅ ਨੂੰ ਹਾਸਲ ਕਰ ਲੈਣ ਦੀ ਹੁੰਦੀ ਹੈ।

ਅਚਾਨਕ ਸੁਖਵੰਤ ਦੀ ਨਜ਼ਰ ਨਾਲ ਵਾਲੇ ਫਲੈਟ ਦੀ ਬਾਲਕੋਨੀ ਵਿਚ ਖੜ੍ਹੀ ਅਰਚਨਾ ਸ੍ਰੀ ਨਿਵਾਸ ਉੱਤੇ ਜਾ ਪਈ, ਦੋਹਾਂ ਦੀਆਂ ਨਜ਼ਰਾਂ ਮਿਲੀਆਂ, ਦੋਵੇਂ ਹੀ ਮੁਸਕਰਾ ਪਈਆਂ।

"ਤੁਹਾਡੇ ਉਹ ਚਲੇ ਗਏ ?"

"ਹਾਂ, ਵੋਹ ਤੋ ਨੌਂ ਬਜੇ ਹੀ ਨਿਕਲ ਜਾਤਾ ਹੈ। ਰਾਸਤੇ ਮੇਂ ਬੇਬੀ ਕੋ ਸਕੂਲ ਮੇਂ ਛੋੜਨਾ ਹੋਤਾ ਨਾ।"

ਸੁਖਵੰਤ ਆਪਣੇ ਗੁਆਂਢੀਆਂ ਦੀ ਇਸ ਆਦਤ ਨੂੰ ਜਾਣਦੀ ਹੈ, ਪਰ ਫੇਰ ਵੀ ਅਕਸਰ ਇਹੀ ਸਵਾਲ ਪੁੱਛਦੀ ਹੈ ਤੇ ਕਦੇ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੀ। ਉਦੋਂ ਵੀ ਉਸਨੇ ਇਸ ਗੱਲ ਉੱਤੇ ਧਿਆਨ ਨਾ ਦਿੱਤਾ ਤੇ ਸੜਕ ਦੇ ਮੋੜ ਤੱਕ ਨਜ਼ਰਾਂ ਦੌੜਾਉਂਦਿਆਂ ਹੋਇਆ ਪੁੱਛਿਆ, "ਅਜੇ ਕੋਈ ਸਬਜ਼ੀ ਵਾਲਾ ਨਹੀਂ ਆਇਆ ?"

"ਆਇਆ ਥਾ, ਕੁਛ ਖਾਸ ਨਹੀਂ ਰਿਹਾ ਉਸਕੇ ਪਾਸ। ਅੱਛਾ ! ਦੂਸਰਾ ਕੋਈ ਆਇਆ ਤੋ ਤੁਮਕੋ ਪੁਕਾਰੇਗਾ।"

"ਚੰਗਾ ਜੀ ਅੱਜ ਰੱਦੀ ਵੀ ਕੱਢਦੀ ਆਂ…ਦੋ ਮਹੀਨਿਆਂ ਦੇ ਅਖ਼ਬਾਰ ਵਗ਼ੈਰਾ ਜਮ੍ਹਾਂ ਹੋਏ ਪਏ ਨੇ।"

"ਹਮੇ ਭੀ ਨਿਕਾਲਨਾ ਹੈ ਰੱਦੀ, ਹਮਾਰੇ ਪਾਸ ਤੋ ਘੀ-ਤੇਲ ਕਾ ਬਹੁਤ ਸਾ ਡਿੱਬਾ ਜਮ੍ਹਾਂ ਹੈ। ਬਲਬ ਔਰ ਪਲਾਸਟਿਕ ਦਾ ਪੁਰਾਨਾ ਚੱਪਲ ਭੀ ਹੈ।"

"ਅੱਛਾ ਜੀ ਤੁਸੀਂ ਉਹ ਜਪਾਨੀ ਜਾਰਜੈਟ ਦੀ ਸਾੜ੍ਹੀ ਲੈ ਆਏ…ਕਹਿ ਰਹੇ ਸੀ ਨਾ ਨਏ ਬਾਜ਼ਾਰ ਵਿਚ ਇਕ ਦੁਕਾਨ ਤੇ ਦੇਖੀ ਸੀ ?"

"ਅਭੀ ਨਾ ਦੋ ਮਹੀਨੇ ਬਾਦ ਇਨ ਕਾ ਸਿਸਟਰ ਕਾ ਸ਼ਾਦੀ ਤੈਅ ਹੋ ਗਿਆ ਹੈ। ਆਂਧਰਾ ਜਾਨਾ ਹੋਗਾ…ਹਨਾਮਕੋਂਡਾ ਮੇ। ਤਭੀ ਕੁਛ ਔਰ ਕੱਪੜਾ ਭੀ ਲੇਗਾ।"

ਅਚਾਨਕ ਸੱਸ ਦੀ ਆਵਾਜ਼ ਸੁਣ ਕੇ ਉਹ 'ਆਈ ਜੀ, ਬੀ-ਜੀ', ਕਹਿੰਦੀ ਹੋਈ ਅੰਦਰ ਚਲੀ ਗਈ ਹੈ। ਉਹ ਪਾਠ-ਪੂਜਾ ਕਰਕੇ ਨਾਸ਼ਤੇ ਦਾ ਇੰਤਜ਼ਾਰ ਕਰ ਰਹੇ ਸਨ। ਸੁਖਵੰਤ ਜਲਦੀ ਜਲਦੀ ਰਸੋਈ ਵਿਚੋਂ ਪਲੇਟਾਂ ਤੇ ਡੌਂਗੇ ਲਿਆ ਲਿਆ ਕੇ ਡਾਇਨਿੰਗ ਟੇਬਲ ਉੱਤੇ ਰੱਖਣ ਲੱਗੀ ਹੈ ਤੇ ਪੁੱਛਦੀ ਵੀ ਜਾ ਰਹੀ ਹੈ, "ਰਾਤ ਵਾਲੀ ਮਾਹਾਂ-ਛੋਲਿਆਂ ਦੀ ਦਾਲ ਵੀ ਕੱਢ ਲਿਆਵਾਂ ਬੇਬੇ ਜੀ ? ਮੱਖਣ ਤੇ ਡਬਲਰੋਟੀ ਤਾਂ ਹੈ ਹੀ ਨੇ। ਸਵੇਰੇ ਥੋੜ੍ਹਾ ਕੁ ਪਨੀਰ ਵੀ ਬਣਾ ਲਿਆ ਸੀ, ਉਹ ਵੀ ਲੈ ਆਵਾਂ ? ਨਾਲ ਕੀ ਪੀਓਗੇ…ਚਾਹ ਕਿ ਲੱਸੀ ?"
***

ਸ਼ਾਮੀ ਚਾਰ ਵਜੇ ਲਗਭਗ ਉਹ ਧੁੱਪ ਵਿਚ ਸੁਕਾਏ ਢੇਰ ਸਾਰੇ ਕੱਪੜੇ ਲਾਹ ਕੇ ਕਮਰੇ ਵਿਚ ਵਾਪਸ ਆਈ ਤਾਂ ਬੇਹੱਦ ਥੱਕੀ ਹੋਈ ਸੀ। ਹੁਣ ਕੋਈ ਹੋਰ ਕੰਮ ਕਰਨ ਦੀ ਉਸ ਵਿਚ ਹਿੰਮਤ ਹੀ ਨਹੀਂ ਸੀ ਰਹੀ। ਉਸ ਦੀ ਸੱਸ ਦੀਵਾਨ ਉੱਤੇ ਗੁੜ੍ਹੀ ਨੀਂਦ ਸੁੱਤੀ ਹੋਈ ਸੀ। ਉਸ ਨੇ ਵੀ ਬੈਠੀ-ਬੈਠੀ ਨੇ ਕੱਪੜਿਆਂ ਦੇ ਢੇਰ ਉੱਤੇ ਸਿਰ ਟਿਕਾਅ ਦਿੱਤਾ। ਪਾਰਕ ਵਿਚ ਕ੍ਰਿਕਟ ਖੇਡ ਰਹੇ ਬੱਚਿਆਂ ਦੇ ਰੌਲੇ-ਰੱਪੇ ਕਾਰਨ ਛੇਤੀ ਹੀ ਉਸ ਦੀ ਅੱਖ ਖੁੱਲ੍ਰ ਗਈ, ਪਰ ਉਹ ਥੋੜ੍ਹੀ ਦੇਰ ਅੱਖ ਲੱਗ ਜਾਣ ਕਰਕੇ ਹੀ ਤਾਜ਼ਾ ਦਮ ਹੋ ਗਈ ਸੀ। ਉਹ ਇਕ ਝਟਕੇ ਨਾਲ ਉੱਠ ਖੜ੍ਹੀ ਹੋਈ ਤੇ ਛੇਤੀ-ਛੇਤੀ ਧੋਤੇ ਹੋਏ ਕੱਪੜੇ ਠੱਪਣ ਲੱਗ ਪਈ। ਬਿਸਤਰਿਆਂ ਦੀਆਂ ਚਾਦਰਾਂ, ਸਿਰਹਾਣਿਆਂ ਅਤੇ ਗੱਦੀਆਂ ਦੇ ਗਿਲਾਫ਼ ਤੇ ਤੌਲੀਏ ਵੱਖ-ਵੱਖ ਕੀਤੇ, ਆਪਣੇ ਤੇ ਸੱਸ ਦੇ ਦੁਪੱਟੇ ਸਲਵਾਰਾਂ ਤੇ ਕਮੀਜ਼ਾਂ ਤੇ ਬੇਅੰਤ ਸਿੰਘ ਦੀਆਂ ਪੈਂਟਾਂ-ਸ਼ਰਟਾਂ ਨੂੰ ਚੁੱਕ ਕੇ ਉਸ ਕੋਨੇ ਵੱਲ ਲੈ ਤੁਰੀ ਜਿੱਥੇ ਬੈਠ ਕੇ ਉਹ ਕੱਪੜੇ ਪ੍ਰੈਸ ਕਰਦੀ ਹੁੰਦੀ ਸੀ। ਇਕ ਘੰਟੇ ਵਿਚ ਇਹ ਸਾਰਾ ਕੰਮ ਮੁਕਾਅ ਲੈਣ ਪਿੱਛੋਂ ਜਲਦੀ-ਜਲਦੀ ਕੱਪੜੇ ਬਦਲੇ, ਵਾਲ ਵੀ ਵਾਹ ਲਏ, ਜਦੋਂ ਉਹ ਸ਼ੀਸ਼ੇ ਸਾਹਮਣੇ ਬੈਠੀ ਮੇਕਅੱਪ ਕਰ ਰਹੀ ਸੀ ਤਾਂ ਵਾਰੀ-ਵਾਰੀ ਉਸਨੂੰ ਇਹੀ ਖ਼ਿਆਲ ਆ ਰਿਹਾ ਸੀ ਕਿ ਉਸਦਾ ਸਾਰਾ ਹਾਰ-ਸ਼ਿੰਗਾਰ ਉਸਦੇ ਪਤੀ ਨੂੰ ਝੱਲਿਆਂ ਕਰ ਦਏਗਾ। ਉਹ ਉਸਨੂੰ ਇਕ ਅਜੀਬ ਨਸ਼ੇ ਨਾਲ ਭਰ ਦਏਗਾ। ਕਿਸੇ ਵੀ ਔਰਤ ਲਈ ਆਪਣੇ ਪਤੀ ਦੇ ਦਿਲ ਵਿਚ ਅਜਿਹੇ ਪਿਆਰ ਤੇ ਤਿੱਖੇ ਜਜ਼ਬਿਆਂ ਨੂੰ ਉਠਾਲ ਦੇਣਾ ਫ਼ਖ਼ਰ ਵਾਲੀ ਗੱਲ ਹੁੰਦੀ ਹੈ। ਪਰ ਉਹ ਆਪਣਾ ਪਿਆਰ ਪਰਗਟ ਕਰਨ ਦੇ ਨਾਲ-ਨਾਲ ਜਿਸ ਕਿਸਮ ਦੇ ਬਾਜ਼ਾਰੂ ਫਿਕਰੇ ਬੋਲਣੇ ਸ਼ੁਰੂ ਕਰ ਦਿੰਦਾ ਹੈ, ਉਹਨਾਂ ਨੂੰ ਸੁਣ ਕੇ ਸੁਖਵੰਤ ਨੂੰ ਖਿਝ ਚੜ੍ਹਨ ਲੱਗ ਪੈਂਦੀ ਸੀ। ਬਲਿਕੇ ਇਕ ਠੇਸ ਜਿਹੀ ਲੱਗਦੀ ਸੀ। ਉਹ ਇਕ ਪੜ੍ਹੀ-ਲਿਖੀ ਔਰਤ ਹੈ, ਉਸਦਾ ਪਤੀ ਵੀ ਫਰਅਲਾਈਜ਼ਰ ਕਾਰਪੋਰੇਸ਼ਨ ਵਿਚ ਇਕ ਜੂਨੀਅਰ ਅਫ਼ਸਰ ਦੇ ਅਹੂਦੇ ਉੱਤੇ ਲੱਗਿਆ ਹੋਇਆ ਹੈ। ਇਕ ਲੰਮਾ-ਝੰਮਾ ਖੂਬਸੂਰਤ ਤੇ ਰੋਅਬ-ਦਾਅਬ ਵਾਲਾ ਆਦਮੀ ਹੈ, ਪਰ ਪਤਾ ਨਹੀਂ ਉਸ ਕੋਲ ਆਉਂਦਿਆਂ ਹੀ ਉਸਨੂੰ ਕੀ ਹੋ ਜਾਂਦਾ ਹੈ, 'ਜਾਨੇ ਮਨ', 'ਮੇਰੀ ਲੈਲਾ', 'ਮੇਰੀ ਹੀਰ', 'ਬਰਫ਼ੀ ਦੀ ਡਲੀ' ਵਰਗੇ ਖ਼ਿਤਾਬ ਦੇਣ ਤੋਂ ਇਲਾਵਾ ਕਦੀ-ਕਦੀ ਉਹ ਇਸ ਕਿਸਮ ਦੀਆਂ ਘਟੀਆ ਗੱਲਾਂ ਕਹਿ ਜਾਂਦਾ ਹੈ, 'ਜੀਅ ਕਰਦੈ ਅੱਜ ਤਾਂ ਤੈਨੂੰ ਕੱਚਿਆਂ ਈ ਚਬਾਅ ਜਾਵਾਂ।', 'ਅੱਜ ਤਾਂ ਤੇਰੇ ਬਦਨ 'ਚੋਂ ਤਾਜ਼ੀ ਭੁੰਨੀ ਮੱਕੀ ਵਰਗੀ ਮਹਿਕ ਆਉਂਦੀ ਪਈ ਏ---ਕਿਉਂ ਨਾ ਮੁਕ-ਮੁਕ ਕਰਕੇ ਖਾ ਜਾਈਏ।'

ਇਹ ਸਭ ਉਸਨੂੰ ਬੜਾ ਓਪਰਾ ਤੇ ਔਖਾ ਲੱਗਦਾ ਹੈ ਤੇ ਬੇਇਜ਼ਤ ਕਰ ਦੇਣ ਵਾਲਾ ਵੀ ਜਿਵੇਂ ਗਲੀ, ਬਾਜ਼ਾਰ ਵਿਚੋਂ ਇਕੱਲਿਆਂ ਲੰਘਦਿਆਂ ਵੇਖ ਕੇ ਕਿਸੇ ਮੁਸ਼ਟੰਡੇ-ਲੋਫਰ ਨੇ ਉਸ ਉੱਤੇ ਫਿਕਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ।

ਆਪਣੀ ਸੱਸ ਦੇ ਜਾਗਣ ਦੀ ਆਹਟ ਸੁਣ ਕੇ ਉਹ ਉਸਦੇ ਕਮਰੇ ਵਿਚ ਚਲੀ ਗਈ ਤਾਂ ਉਹ ਵੀ ਉਸ ਵੱਲ ਵੇਖਦੀ ਹੀ ਰਹਿ ਗਈ। ਉਸ ਦੀਆਂ ਬੁੱਢੀਆਂ ਅੱਖਾਂ ਵਿਚ ਆਪਣੀ ਬਹੂ ਦੇ ਹੁਸਨ ਪ੍ਰਤੀ ਅਥਾਹ ਤਾਰੀਫ਼ ਤੇ ਅਪਣੱਤ ਭਰ ਗਈ। ਸੁਖਵੰਤ ਸ਼ਰਮਾਅ ਗਈ। ਫੇਰ ਕਾਹਲ ਨਾਲ ਬੋਲੀ, "ਬੇਬੇ ਜੀ ਚਾਹ ਬਣਾ ਲਿਆਵਾਂ ਤੁਹਾਡੇ ਲਈ।"

"ਮੇਰਾ ਪੁੱਤਰ ਆ ਗਿਆ ਕਿ ?" ਉਹ ਉਸ ਵੱਲ ਅਜੇ ਤੱਕ ਆਪਣੇ ਪੁੱਤਰ ਦੀਆਂ ਨਜ਼ਰਾਂ ਨਾਲ ਹੀ ਤੱਕ ਰਹੇ ਸਨ।

ਆਉਣ ਦਾ ਵੇਲਾ ਤਾਂ ਹੋ ਗਿਆ ਜੀ। ਉਹ ਉਸ ਦੀਆਂ ਨਜ਼ਰਾਂ ਤੋਂ ਬਚਣ ਵਾਸਤੇ ਉੱਥੋਂ ਹਟ ਕੇ ਬਾਲਕੋਨੀ ਵਿਚ ਆ ਗਈ। ਇਹ ਸੋਚਦੀ ਹੋਈ ਕਿ ਇਸ ਮਾਂ ਨੇ ਵਾਕਈ ਉਸਨੂੰ ਕੱਚਾ ਚਬਾਅ ਜਾਣ ਲਈ ਆਪਣੇ ਪੁੱਤਰ ਖਾਤਰ ਅਨੇਕਾਂ ਕੁੜੀਆਂ ਨੂੰ ਵੇਖਣ-ਪਰਖਣ ਪਿੱਛੋਂ ਹੀ ਪਸੰਦ ਕੀਤਾ ਤੇ ਚੁਣਿਆ ਸੀ। ਉਸ ਨੂੰ ਇਸ ਗੱਲ ਦਾ ਜ਼ਰਾ ਵੀ ਅਫ਼ਸੋਸ ਨਹੀਂ ਹੁੰਦਾ ਕਿ ਉਸਦਾ ਪੁੱਤਰ ਉਸ ਵਾਸਤੇ ਕਿੰਨੇ ਗੰਦੇ-ਗੰਦੇ ਲਫ਼ਜ਼ ਜ਼ਬਾਨ ਤੇ ਲੈ ਆਉਂਦਾ ਹੈ। ਉਹ ਸਭ ਕੁਝ ਸੁਣਦੀ, ਸਮਝਦੀ ਹੈ…ਸ਼ਾਇਦ ਅੰਦਰੇ ਅੰਦਰ ਖੁਸ਼ ਵੀ ਹੁੰਦੀ ਹੈ। ਹਰ ਮਾਂ ਆਪਣੇ ਬੇਟੇ ਤੋਂ ਆਪਣੀ ਪਸੰਦ ਦੀ ਹਾਮੀ ਭਰਵਾਉਣੀ ਚਾਹੁੰਦੀ ਹੈ, ਭਾਵੇਂ ਉਹ ਆਪਣੀ ਬੀਵੀ ਦੇ ਨੱਕ ਵਿਚ ਦਮ ਹੀ ਕਰੀ ਰੱਖੇ।

ਬੱਚੇ ਖੜ੍ਹੀਆਂ ਇੱਟਾਂ ਦਾ ਵਿਕਟ ਬਣਾ ਕੇ ਕ੍ਰਿਕਟ ਖੇਡਣ ਵਿਚ ਰੁੱਝੇ ਹੋਏ ਸਨ। ਦਫ਼ਤਰਾਂ ਵਿਚ ਕੰਮ ਕਰਨ ਵਾਲੇ ਘਰੀਂ ਵਾਪਸ ਆਉਣ ਲੱਗ ਪਏ ਸਨ। ਸਾਈਕਲਾਂ, ਸਕੂਟਰਾਂ, ਮੋਟਰ ਸਾਈਕਲਾਂ ਅਤੇ ਹਲਕੀਆਂ-ਫੁਲਕੀਆਂ ਮੋਪਡਾਂ ਉੱਤੇ ਤੇ ਕਈ ਲੋਕਲ ਬੱਸਾਂ ਵਿਚੋਂ ਉਤਰ ਕੇ ਹੌਲੀ-ਹੌਲੀ ਪੈਦਲ ਹੀ ਤੁਰੇ ਆਉਂਦੇ ਦਿਖਾਈ ਦਿੱਤੇ। ਅਰਚਨਾ ਸ੍ਰੀ ਨਿਵਾਸ ਦਾ ਆਦਮੀ ਆਪਣੀ ਨੌਂ ਸਾਲਾ ਬੱਚੀ ਨੂੰ ਸਕੂਟਰ ਪਿੱਛੇ ਬਿਠਾਈ ਪਾਰਕ ਦਾ ਮੋੜ ਮੁੜਿਆ ਅਤੇ ਬੀ ਬਲਾਕ ਦੇ ਫਲੈਟਾਂ ਸਾਹਮਣੇ ਪਹੁੰਚ ਕੇ ਸੜਕ 'ਤੇ ਹੀ ਰੁਕ ਗਿਆ। ਉਸਨੇ ਸਿਰ ਚੁੱਕ ਕੇ ਉੱਪਰ ਦੂਜੀ ਮੰਜ਼ਲ ਵੱਲ ਦੇਖਿਆ, ਅਰਚਨਾ ਆਪਣੇ ਜੂੜੇ ਦੇ ਪਿੰਨ ਨੂੰ ਠੀਕ ਕਰਦੀ ਹੋਈ ਐਨ ਉਸੇ ਵੇਲੇ ਅੰਦਰੋਂ ਨਿਕਲੀ ਸੀ। ਦੋਹਾਂ ਨੇ ਇਕ ਦੂਜੇ ਵੱਲ ਬੜੀਆਂ ਖ਼ਾਮੋਸ਼ ਪਰ ਖੁਸ਼-ਖੁਸ਼ ਨਜ਼ਰਾਂ ਨਾਲ ਤੱਕਿਆ। ਉਹਨਾਂ ਦੀ ਬੇਟੀ ਹੈਲੋ ਮੰਮੀ ਕਹਿੰਦੀ ਅਤੇ ਆਪਣੀਆਂ ਕਿਤਾਬਾਂ ਨਾਲ ਭਰੇ ਹੋਏ ਬਸਤੇ ਦੇ ਬੋਝ ਨੂੰ ਪਿੱਠ ਉੱਤੇ ਲੱਦਦੀ ਹੋਈ ਪੌੜੀਆਂ ਵੱਲ ਟੁਰ ਪਈ। ਆਉਣ-ਜਾਣ ਵਾਲਿਆਂ ਦੀ ਭੀੜ ਵਿਚ ਸੁਖਵੰਤ ਨੂੰ ਵੀ ਆਪਣਾ ਪਤੀ ਆਉਂਦਾ ਹੋਇਆ ਨਜ਼ਰ ਆਇਆ। ਉਸਨੇ ਦੂਰੋਂ ਹੀ ਸੁਖਵੰਤ ਨੁੰ ਆਪਣੀ ਉਡੀਕ ਵਿਚ ਖਲੋਤੀ ਦੇਖਿਆ ਤੇ ਉੱਥੋਂ ਹੀ ਬੁੱਲ੍ਹਾਂ ਨੂੰ ਹੱਥ ਲਾ ਕੇ ਲਹਿਰਾ ਦਿੱਤਾ। ਇਹ ਉਸਦਾ ਹਵਾਈ-ਚੰਮਾਂ ਹੁੰਦਾ ਸੀ। ਉਹੀ ਲੋਫਰਾਂ ਵਾਲਾ ਤਰੀਕਾ। ਪਤਾ ਨਹੀਂ ਕਿਸ ਕਿਸ ਨੇ ਆਪਣੇ ਫਲੈਟ ਵਿਚੋਂ ਇਹ ਹਰਕਤ ਦੇਖੀ ਹੋਣੀ ਏਂ। ਉਹ ਕੁਸੈਲਾ ਜਿਹਾ ਮੂੰਹ ਬਣਾ ਕੇ ਉੱਥੋਂ ਹਟ ਗਈ ਤੇ ਅੰਦਰ ਆ ਕੇ ਸਿੱਧੀ ਰਸੋਈ ਵਿਚ ਚਲੀ ਗਈ। ਗੈਸ ਉੱਪਰ ਉੱਬਲਨ ਲਈ ਪਾਣੀ ਰੱਖ ਕੇ ਫੌਰਨ ਉਸ ਕਮਰੇ ਵਿਚ ਆ ਗਈ, ਜਿਸ ਵਿਚ ਉਸਦੀ ਸੱਸ ਬੈਠੀ ਹੋਈ ਸੀ। ਉਹ ਨਹੀਂ ਸੀ ਚਾਹੁੰਦੀ ਕਿ ਬੇਅੰਤ ਉੱਪਰ ਆ ਕੇ ਉਸਨੂੰ ਲੱਭਦਾ ਹੋਇਆ ਸਿੱਧਾ ਰਸੋਈ ਵਿਚ ਪਹੁੰਚ ਜਾਵੇ ਤੇ ਉਸਦੀ ਉਹ ਗਤ ਬਣਾ ਧਰੇ ਜਿਸ ਦੀ ਕਲਪਨਾ ਨਾਲ ਹੀ ਉਸ ਦੇ ਪੂਰੇ ਪ੍ਰਾਣ ਖੁਸ਼ਕ ਹੋ ਜਾਂਦੇ ਹਨ।

ਉਹ ਅੰਦਰ ਆ ਗਿਆ ਪਰ ਸੁਖਵੰਤ ਉਸ ਵੱਲ ਧਿਆਨ ਦੇਣ ਦੀ ਬਜਾਏ ਡੱਬਿਆਂ ਵਿਚੋਂ ਬਿਸਕੁਟ ਵਗ਼ੈਰਾ ਕੱਢਣ ਵਿਚ ਰੁੱਝ ਗਈ। ਉਸ ਨੇ ਉਸਦੀ ਪੈੜਚਾਲ ਤੋਂ ਹੀ ਅੰਦਾਜ਼ਾ ਲਾ ਲਿਆ ਸੀ ਕਿ ਉਹ ਬੜੀ ਬੇਚੈਨੀ ਨਾਲ ਇਧਰ-ਉਧਰ ਘੁੰਮ ਰਿਹਾ ਹੈ। ਆਪਣੀ ਮਾਂ ਨਾਲ ਤਾਂ ਉਸਨੇ ਰਸਮੀ ਤੌਰ 'ਤੇ ਇਕ ਦੋ ਗੱਲਾਂ ਹੀ ਕੀਤੀਆਂ ਸਨ। ਅਸਲ ਗੱਲ ਤਾਂ ਉਸਨੇ ਇਕਾਂਤ ਵਿਚ ਉਸ ਨਾਲ ਹੀ ਕਰਨੀ ਸੀ। ਇਕ ਦੋ ਵਾਰ ਤਾਂ ਉਸਨੇ ਹੱਥ ਵਧਾਅ ਕੇ ਬਿਸਕੁਟ ਚੁੱਕੇ ਅਤੇ ਸੁਖਵੰਤ ਵੱਲ ਅਤੀ ਡੂੰਘੀਆਂ ਨਜ਼ਰਾਂ ਨਾਲ ਤੱਕਿਆ ਵੀ, ਪਰ ਉਹ ਕਾਹਲ ਨਾਲ ਪਲੇਟਾਂ ਰੱਖ ਕੇ ਰਸੋਈ ਵੱਲ ਜਾਂਦੀ ਹੋਈ ਬੋਲੀ, "ਕੱਪੜੇ ਨਹੀਂ ਬਦਲਣੇ ਅੱਜ ? ਜ਼ਰਾ ਮੂੰਹ ਹੱਥ ਤਾਂ ਧੋ ਲੈਂਦੇ।"

ਉਸਦੇ ਵੱਸ ਹੁੰਦਾ ਤਾਂ ਉਹਨਾਂ ਪਲਾਂ ਵਿਚ ਰਸੋਈ ਵਿਚ ਕਦੀ ਨਾ ਜਾਂਦੀ ਕਿਉਂਕਿ ਉਹ ਜਾਣਦੀ ਸੀ ਕਿ ਉਹ ਉਸਦੇ ਪਿੱਛੇ ਜ਼ਰੂਰ ਆਏਗਾ ਤੇ ਇੰਜ ਹੀ ਹੋਇਆ। ਉਹ ਉਬਲਦੇ ਹੋਏ ਪਾਣੀ ਵਿਚ ਚਾਹ ਦੀ ਪੱਤੀ ਪਾ ਰਹੀ ਸੀ ਕਿ ਉਸਨੇ ਪਿੱਛੋਂ ਦੀ ਆ ਕੇ ਉਸ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿਚ ਜਕੜ ਲਿਆ। "ਮੈਂ ਕਿਹਾ ਸੋਹਣਿਓਂ, ਅੱਜ ਤਾਂ ਇੰਜ ਲਗਦੈ ਕਿ ਜੇ ਕਿਤੇ ਤੁਹਾਨੂੰ ਕੋਈ ਹੋਰ ਦੇਖ ਲਏ ਤਾਂ ਅਸੀਂ ਕਿਤੇ ਤੁਹਾਥੋਂ ਹੱਥ ਈ ਨਾ ਧੋ ਬੈਠੀਏ।"

"ਓਹੋ, ਹੁਣ ਹਟੋ ਵੀ। ਮੈਂ ਕਹਿੰਦੀ ਆਂ ਚਾਹ ਡੁੱਲ੍ਹ ਜਾਏਗੀ। ਉੱਤੋਂ ਦੇਖਦੇ ਨਹੀਂ ਪਏ ਕਿੰਨੀ ਗਰਮੀ ਏਂ।"

"ਪਰ ਅੱਜ ਤੂੰ ਬਣ ਸੰਵਰ ਕੇ ਏਧਰ ਜਿਹੜੀ ਗਰਮੀ ਭਰ ਦਿੱਤੀ ਏ, ਉਸ ਦਾ ਕੀ ਕਰੀਏ ?"

ਉਹ ਬੜੇ ਯਤਨਾਂ ਨਾਲ ਚਾਹ ਵਾਲੀ ਕੇਤਲੀ ਚੁੱਕ ਕੇ ਉਸਦੇ ਘੇਰੇ ਵਿਚੋਂ ਨਿਕਲ ਸਕੀ।

ਘੁੱਟ-ਘੁੱਟ ਚਾਹ ਸੁੜਕਦਾ ਹੋਇਆ ਵੀ ਉਹ ਮਾਂ ਦੀਆਂ ਨਜ਼ਰਾਂ ਬਚਾ ਕੇ ਉਸ ਵੱਲ ਤੱਕਦਾ ਰਿਹਾ। ਉਸਦੀ ਮਾਂ ਨੇ ਆਪਣੇ ਦੀਵਾਨ ਕੋਲ ਹੀ ਇਕ ਤਿਪਾਈ ਉੱਤੇ, ਆਪਣੀ ਚਾਹ ਰਖਵਾ ਲਈ ਸੀ। ਪਤਾ ਨਹੀਂ ਉਹ ਉਹਨਾਂ ਵੱਲ ਦੇਖ ਵੀ ਰਹੀ ਸੀ ਜਾਂ ਨਹੀਂ ਪਰ ਸੁਖਵੰਤ ਨੀਵੀਂ ਪਾ ਕੇ ਚਾਹ ਪੀਂਦੀ ਰਹੀ। ਉਸ ਨੂੰ ਆਪਣੀ ਦਿਲਕਸ਼ੀ ਉੱਤੇ ਪੂਰਾ ਭਰੋਸਾ ਸੀ। ਉਹ ਜਾਣਦੀ ਸੀ ਕਿ ਜੇ ਉਹ ਬੇਅੰਤ ਵੱਲ ਧਿਆਨ ਵੀ ਨਾ ਦੇਵੇ ਤਾਂ ਵੀ ਉਹ ਉਸ ਉੱਪਰੋਂ ਨਜ਼ਰਾਂ ਨਹੀਂ ਹਟਾ ਸਕਦਾ।

ਅਚਾਨਕ ਬੇਅੰਤ ਨੇ ਧੀਮੀ ਆਵਾਜ਼ ਵਿਚ ਪੁੱਛਿਆ, "ਅੱਜ ਕਿਤੇ ਬਾਹਰ ਚੱਲੀਏ ? ਕੋਈ ਫ਼ਿਲਮ ਈ ਦੇਖ ਆਈਏ।"

ਉਸਦੇ ਪਤੀ ਦੇ ਸ਼ੌਕ ਬੜੇ ਸੀਮਿਤ ਸਨ। ਘਰ, ਘਰੋਂ ਬਾਹਰ ਪਿਕਚਰ ਹਾਲ ਤੱਕ ਜਾਂ ਕਦੇ-ਕਦਾਈਂ ਕਿਸੇ ਜਾਣ-ਪਛਾਣ ਵਾਲੇ ਦੇ ਘਰ…ਤੇ ਬਸ। ਜਦੋਂ ਉਹ ਚੰਡੀਗੜ ਹੁੰਦੀ ਸੀ ਤਾਂ ਆਰਟਗੇਲਰੀਆਂ, ਸੈਮੀਨਾਰਾਂ ਜਾਂ ਥਿਏਟਰ ਦੇ ਪ੍ਰੋਗ੍ਰਾਮਾਂ ਵਿਚ ਰੁੱਝੀ ਰਹਿੰਦੀ ਸੀ। ਸਵੇਰ ਦਾ ਅਖ਼ਬਾਰ ਦੇਖਦਿਆਂ ਹੀ ਉਹ ਫੈਸਲਾ ਕਰ ਲੈਂਦੀ ਕਿ ਅੱਜ ਦੀ ਸ਼ਾਮ ਕਿੱਥੇ ਬਿਤਾਉਣੀ ਹੈ। ਸੱਦਾ-ਪੱਤਰ ਵਸੁਲ ਕਰਨਾ ਉਸਦੇ ਖੱਬੇ ਹੱਥ ਦੀ ਖੇਡ ਹੁੰਦੀ। ਆਪਣੀਆਂ ਸਹੇਲੀਆਂ ਨੂੰ ਫ਼ੋਨ ਕਰ ਲੈਂਦੀ ਤੇ ਉਹਨਾਂ ਦੇ ਝੁਰਮਟ ਵਿਚ ਚਹਿਕਦੀ ਹੋਈ ਹਰ ਜਗ੍ਹਾ ਪਹੁੰਚ ਜਾਂਦੀ, ਪਰ ਉਸ ਮਰਦ ਨਾਲ ਸ਼ਾਦੀ ਕਰਵਾਉਣ ਪਿੱਛੋਂ ਜਿਵੇਂ ਉਸਦੀ ਹਰ ਪਸੰਦ, ਸ਼ੌਕ ਤੇ ਸਰਗਰਮੀ ਠੁੱਸ ਹੋ ਕੇ ਰਹਿ ਗਈ ਹੋਵੇ। ਇਕ ਚੰਗਾ ਤੇ ਆਜ਼ਾਦ ਖ਼ਿਆਲ ਘਰਾਣਾ ਤਾਂ ਮਿਲ ਗਿਆ ਪਰ ਉਸ ਦੇ ਨਾਲ ਸਿਰਫ ਜਿਸਮ ਤੇ ਸਸਤੀ ਤਾਰੀਫ਼ ਤੋਂ ਬਿਨਾਂ ਹੋਰ ਕੋਈ ਕਲਪਨਾ ਜੁੜੀ ਨਹੀਂ ਸੀ ਹੋਈ। ਪਿਛਲੀ ਵਾਰ ਉਹ ਪੇਕੇ ਗਈ ਸੀ ਤਾਂ ਉੱਥੋਂ ਆਪਣੀ ਪਸੰਦ ਦੀਆਂ ਖਰੀਦੀਆਂ ਹੋਈਆਂ ਕਿਤਾਬਾਂ ਦੇ ਭੰਡਾਰ ਵਿਚੋਂ ਕੁਝ ਕਿਤਾਬਾਂ ਚੁੱਕ ਲਿਆਈ ਸੀ ਜਿਹੜੀਆਂ ਉਹਨਾਂ ਬੈਡਰੂਮ ਵਿਚ ਬਣੇ ਰੈਕ ਵਿਚ ਸਜੀਆਂ ਹੋਈਆਂ ਹਨ। ਘਰ ਵਿਚ ਐਨਾ ਕੰਮ ਰਹਿੰਦਾ ਹੈ ਕਿ ਉਸਨੂੰ ਉਹਨਾਂ ਕਿਤਾਬਾਂ ਨੂੰ ਖੋਹਲ ਕੇ ਦੇਖਣ ਦਾ ਮੌਕਾ ਵੀ ਨਹੀਂ ਮਿਲਦਾ। ਪੜ੍ਹਨ ਦਾ ਥੋੜ੍ਹਾ ਜਿੰਨਾ ਸ਼ੌਕ ਵੀ ਬੇਅੰਤ ਸਿੰਘ ਨੂੰ ਹੁੰਦਾ ਤਾਂ ਉਹ ਉਸ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਅੱਤ ਦੀ ਖੁਸ਼ੀ ਮਹਿਸੂਸ ਕਰਦੀ…ਪਰ ਉਹ ਤਾਂ ਅਖ਼ਬਾਰ ਵੀ ਬੜੀ ਬੇਦਿਲੀ ਜਿਹੀ ਨਾਲ ਦੇਖਦਾ ਹੈ। ਜਦੋਂ ਟੀ.ਵੀ. ਤੇ ਖ਼ਬਰਾਂ ਆਉਣ ਲੱਗਦੀਆਂ ਹਨ ਅਕਸਰ ਸਵਿੱਚ ਹੀ ਆਫ ਕਰ ਦੇਂਦਾ ਹੈ। ਕਹਿੰਦਾ ਹੈ, 'ਕੀ ਪਿਐ ਦੁਨੀਆਂ ਭਰ ਦੇ ਝਗੜੇ-ਟੰਟਿਆਂ ਵਿਚ ? ਕੁਝ ਵੀ ਬਦਲਣ ਵਾਲਾ ਨਹੀਂ, ਜੇ ਬਦਲ ਵੀ ਗਿਆ ਤਾਂ ਵੀ ਸਾਨੂੰ ਦਾਲ-ਫੁਲਕਾ ਤਾਂ ਮਿਲਦਾ ਹੀ ਰਹੇਗਾ। ਇਹ ਸਾਥੋਂ ਕੋਈ ਨਹੀਂ ਖੋਹ ਸਕਦਾ।'

ਬੇਅੰਤ ਸਿੰਘ ਨੇ ਫੇਰ ਘੁੰਮ-ਫਿਰ ਆਉਣ ਦੀ ਪੇਸ਼ਕਸ਼ ਕੀਤੀ ਤਾਂ ਉਹ ਇਨਕਾਰ ਨਹੀਂ ਸੀ ਕਰ ਸਕੀ। ਥੋੜ੍ਹੀ ਜਿਹੀ ਤਬਦੀਲੀ ਤਾਂ ਮਹਿਸੂਸ ਹੋਏਗੀ। ਉਸ ਨੇ ਹੌਲੀ ਜਿਹੀ 'ਹੂੰ' ਕਹਿ ਕੇ ਆਪਣੀ ਸੱਸ ਵੱਲ ਦੇਖਿਆ ਹੈ। ਬੇਅੰਤ ਸਿੰਘ ਉਸਦਾ ਇਸ਼ਾਰਾ ਸਮਝ ਕੇ ਆਪਣੀ ਮਾਂ ਕੋਲ ਚਲਾ ਗਿਆ ਤੇ ਬੋਲਿਆ, "ਬੇਬੇ ਅਸੀਂ ਕੁਝ ਚਿਰ ਲਈ ਘੁੰਮਣ-ਫਿਰਨ ਲਈ ਚੱਲੇ ਆਂ, ਖਾਣਾ ਖਾ ਕੇ ਹੀ ਆਵਾਂਗੇ, ਤੇਰੇ ਲਈ ਕੀ ਲੈ ਆਈਏ…ਤੰਦੂਰੀ ਰੋਟੀਆਂ ਤੇ ਸੁੰਦਰ ਦਾਸ ਦੀ ਦੁਕਾਨ ਤੋਂ ਮੱਛੀ ? ਤੂੰ ਕਈ ਦਿਨਾਂ ਦੀ ਮੱਛੀ ਨਹੀਂ ਖਾਧੀ…ਛੇਤੀ ਈ ਮੁੜ ਆਵਾਂਗੇ।"

ਉਸਦੀ ਮਾਂ ਨੇ ਹਾਂ ਜਾਂ ਨਾਂਹ ਕੁਝ ਵੀ ਨਾ ਕਿਹਾ। ਕੁਝ ਯਾਦ ਕਰਕੇ ਬੋਲੀ, "ਸਤਿੰਦਰ ਪੁੱਤਰ ਦਾ ਕੋਈ ਖ਼ਤ ਨਹੀਂ ਆਇਆ…ਬੜੇ ਦਿਨਾਂ ਦਾ, ਵਾਹਿਗੁਰੂ ਕਰੇ ਸੁੱਖ ਹੋਵੇ…"

ਅਚਾਨਕ ਆਪਣੇ ਛੋਟੇ ਭਰਾ ਦਾ ਜ਼ਿਕਰ ਸੁਣ ਕੇ ਉਹ ਹੈਰਾਨੀ ਨਾਲ ਤ੍ਰਬਕਿਆ, ਪਰ ਸਹਿਜ ਨਾਲ ਬੋਲਿਆ, "ਉਹ ਠੀਕ ਈ ਹੋਏਗਾ ਬੇਬੇ, ਫਿਕਰ ਵਾਲੀ ਕੋਈ ਗੱਲ ਨਹੀਂ…ਕੱਲ੍ਹ ਈ ਉਸ ਨੂੰ ਚਿੱਠੀ ਪਾ ਦਿਆਂਗਾ ਕਿ ਸਾਨੂੰ ਸਾਰਿਆਂ ਨੂੰ ਆ ਕੇ ਮਿਲ ਜਾਓ, ਕਿਸੇ ਦਿਨ, ਬੇਬੇ ਬੜੀ ਯਾਦ ਕਰਦੀ ਹੈ…।"

ਸੁਖਵੰਤ ਨੇ ਮਹਿਸੂਸ ਕੀਤਾ ਉਸ ਦੀ ਸੱਸ ਨੂੰ ਘਰੇ ਇਕੱਲੀ ਰਹਿ ਜਾਣਾ ਚੰਗਾ ਨਹੀਂ ਲੱਗਦਾ। ਉਹ ਉਹਨਾਂ ਨੂੰ ਹਰ ਪਲ ਅੱਖਾਂ ਸਾਹਮਣੇ ਰੱਖਣਾ ਚਾਹੁੰਦੀ ਹੈ…ਪਰ ਉਹ ਆਪਣੇ ਪਤੀ ਨਾਲ ਬਾਹਰ ਨਿਕਲ ਆਈ। ਬੇਅੰਤ ਨੇ ਸ਼ਹਿਰ ਜਾਣ ਲਈ ਇਕ ਲੰਮਾ ਰਾਹ ਹੀ ਫੜਿਆ। ਚੌੜੀ ਤੇ ਲੰਮੀ ਰਿੰਗ ਰੋਡ ਉੱਤੇ ਹੋਰ ਕਈ ਗੱਡੀਆਂ ਵੀ ਫੁੱਲ ਸਪੀਡ 'ਤੇ ਦੌੜੀਆਂ ਜਾ ਰਹੀਆਂ ਸਨ। ਹਵਾ ਬੜੀ ਚੰਗੀ ਲੱਗੀ। ਖੁਲ੍ਹੀ, ਠੰਡੀ ਤੇ ਤਾਜ਼ੀ ਹਵਾ। ਉਸਨੇ ਸਕੂਟਰ ਪਿੱਛੇ ਬੈਠੀ ਨੇ, ਆਪਣੇ ਉੱਡਦੇ ਹੋਏ ਦੁਪੱਟੇ ਨੂੰ ਚੰਗੀ ਤਰ੍ਹਾਂ ਆਪਣੀ ਧੌਣ ਦੁਆਲੇ ਵਲੇਟ ਲਿਆ। ਬੇਅੰਤ ਨੇ ਸਕੂਟਰ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਿਦਆਂ ਹੋਇਆਂ ਗਰਦਨ ਭੁਆਂ ਕੇ ਕਿਹਾ, "ਮੱਖਣੋਂ ਆਪਣੀਆਂ ਬਾਹਾਂ ਸਾਡੇ ਲੱਕ ਦੁਆਲੇ ਕੱਸ ਲਓ, ਕਿਤੇ ਉੱਡ ਈ ਨਾ ਜਾਇਓ…ਦੱਸ ਰਿਹਾਂ।"

ਸੁਖਵੰਤ ਨੇ ਇੰਜ ਹੀ ਕੀਤਾ। ਉਦੋਂ ਉਹ ਬੜੀ ਖੁਸ਼ ਨਜ਼ਰ ਆ ਰਹੀ ਸੀ---ਉਂਜ ਵੀ ਆਪਣੇ ਆਦਮੀ ਦੇ ਪਿੱਛੇ, ਸਕੂਟਰ ਉੱਤੇ ਬੈਠ ਕੇ ਕਿਤੇ ਜਾਣਾ ਉਸਨੂੰ ਬੜਾ ਚੰਗਾ ਲੱਗਦਾ ਸੀ। ਉਸਦੀ ਮਜ਼ਬੂਤ ਕਾਠੀ ਉਸ ਲਈ ਢਾਲ ਜਿਹੀ ਬਣ ਜਾਂਦੀ…ਜਿਸ ਨਾਲ ਚਿਪਕ ਕੇ ਉਸਦੀ ਪਿੱਠ ਉੱਤੇ ਸਿਰ ਟਿਕਾਅ ਦੇਣ ਪਿੱਛੋਂ ਉਸਨੂੰ ਅਥਾਹ ਸ਼ਾਂਤੀ ਪ੍ਰਾਪਤ ਹੁੰਦੀ ਸੀ। ਉਸਨੂੰ ਸਿਰਫ ਉਸਦੀਆਂ ਗੱਲਾਂ ਤੇ ਗੱਲਾਂ ਵਿਚਲੇ ਤੀਜੇ ਦਰਜੇ ਦੇ ਅਲੰਕਾਰ ਕਤਈ ਨਹੀਂ ਸਨ ਭਾਉਂਦੇ, ਪਰ ਉਹਨਾਂ ਅਲੰਕਾਰਾਂ ਤੋਂ ਬਚਿਆ ਵੀ ਤਾਂ ਨਹੀਂ ਜਾ ਸਕਦਾ ਸੀ।

ਸਿਨੇਮਾ ਹਾਲ ਵਿਚ ਵੀ ਬੇਅੰਤ ਭੁੱਲਰ ਹੁਰਾਂ ਦਾ ਉਹੀ ਹਾਲ ਰਹਿੰਦਾ…ਉਹ ਉਪਰਲੇ ਦਰਜੇ ਵਿਚ ਬੈਠ ਕੇ ਵੀ, ਸਸਤੇ ਕਿਸਮ ਦੇ ਦਰਸ਼ਕਾਂ ਵਾਂਗ ਫ਼ਿਲਮ ਦੇਖਦਾ ਸੀ…ਜ਼ੋਰਦਾਰ ਡਾਇਲਾਗ ਸੁਣ ਕੇ ਤਾੜੀਆਂ ਵਜਾਉਣ ਲੱਗਦਾ, ਰੁਮਾਂਟਿਕ ਜਾਂ ਉਤੇਜਨਾਂ ਭਰਪੂਰ ਦ੍ਰਿਸ਼ਾਂ ਨੂੰ ਵੇਖ ਕੇ 'ਹਾਏ-ਹਾਏ' ਕਹਿ ਉੱਠਦਾ। ਇਹ ਉਸਦੇ ਵਿਸ਼ੇਸ਼ ਸ਼ੌਕ ਸਨ। ਉਹ ਮੂਹਰਲੀਆਂ ਸੀਟਾਂ ਉੱਤੇ ਬੈਠੇ ਦਰਸ਼ਕਾਂ ਵਾਂਗ ਨੱਚ-ਨੱਚ ਕੇ ਗਾਉਂਦੀ ਹੋਈ ਹੀਰੋਇਟ ਉੱਤੇ ਭਾਨ ਵੀ ਸੁੱਟ ਸਕਦਾ ਸੀ, ਜੇ ਕਿਤੇ ਉਹ ਸਕਰੀਨ ਦੇ ਨੇੜੇ ਬੈਠਾ ਹੁੰਦਾ…ਹਨੇਰੇ ਦਾ ਲਾਭ ਉਠਾਅ ਕੇ ਉਹ ਕਈ ਵਾਰੀ ਉਸਨੂੰ ਦਬੋਚ ਵੀ ਲੈਂਦਾ।

ਉਸ ਦਿਨ ਸੁਖਵੰਤ ਨੇ ਉਸਨੂੰ ਕਿਸੇ ਗੱਲ ਤੋਂ ਨਾ ਰੋਕਿਆ। ਉਹ ਬੜੇ ਸਬਰ ਨਾਲ ਉਸਦੀ ਹਰੇਕ ਹਰਕਤ ਨੂੰ ਬਰਦਾਸ਼ਤ ਕਰਦੀ ਰਹੀ। ਉਂਜ ਉਹ ਸੋਚ ਰਹੀ ਸੀ ਕਿ ਉਹ ਆਪਣੇ ਆਦਮੀ ਦੀਆਂ ਆਦਤਾਂ ਨੂੰ ਕਿਵੇਂ ਬਦਲ ਸਕਦੀ ਹੈ ? ਉਸ ਵਿਚ ਇਹੋ ਜਿਹੀ ਕੀ ਕਮੀ ਹੈ ਕਿ ਉਹ ਸਾਰੇ ਹੱਦ-ਬੰਨੇ ਟੱਪ ਜਾਂਦਾ ਹੈ। ਠੀਕ ਕਿ ਉਸਦੇ ਪਲਣ-ਪਰਵਾਨ ਚੜ੍ਹਨ ਵਿਚ ਉਹਨਾਂ ਦੇ ਜੱਦੀ ਪਿੰਡ ਦੇ ਮਾਹੌਲ ਦਾ ਬੜਾ ਵੱਡਾ ਹੱਥ ਸੀ ਪਰ ਪਿੰਡਾਂ ਵਿਚ ਜੰਮੇ-ਪਲੇ ਸਾਰੇ ਲੋਕ ਅਜਿਹੇ ਹੀ ਤਾਂ ਨਹੀਂ ਹੁੰਦੇ। ਉਸਨੇ ਆਪਣੀ ਤਾਲੀਮ ਦਾ ਇਕ ਹਿੱਸਾ ਦਿੱਲੀ ਵਰਗੇ ਸ਼ਹਿਰ ਵਿਚ ਰਹਿ ਕੇ ਪੂਰਾ ਕੀਤਾ ਹੈ ਤੇ ਉਸੇ ਸ਼ਹਿਰ ਵਿਚ ਉਸਨੂੰ ਇਕ ਮੁਨਾਸਿਬ ਨੌਕਰੀ ਵੀ ਮਿਲੀ ਹੋਈ ਹੈ। ਫੇਰ ਸ਼ਾਇਦ ਇਸ ਲਈ ਕਿ ਉਸਦੀ ਆਪਣੀ ਕੋਈ ਭੈਣ ਨਹੀਂ। ਉਹਨਾਂ ਦੇ ਖਾਨਦਾਨ ਵਿਚ ਚਾਚੇ-ਜਾਈਆਂ, ਭੂਆ ਜਾਈਆਂ ਤੇ ਮਾਸੀ-ਜਾਈਆਂ ਭੈਣਾ ਦੀ ਵੀ ਕਮੀ ਹੀ ਸੀ। ਇਹ ਕਮੀ ਸੁਖਵੰਤ ਨੇ ਵੀ ਉਸ ਘਰ ਵਿਚ ਆ ਕੇ ਮਹਿਸੂਸ ਕੀਤੀ ਸੀ। ਉਹ ਉਸ ਦੀ ਝੋਲੀ ਵਿਚ ਇਕ ਅਜਿਹੀ ਨਿਹਮਤ ਬਣ ਕੇ ਡਿੱਗੀ ਸੀ ਜਿਸ ਦੀ ਸ਼ਾਇਦ ਉਸਨੂੰ ਉਮੀਦ ਨਹੀਂ ਸੀ। ਉਸਨੇ ਆਪਣੇ ਵਤੀਰੇ ਉੱਪਰ ਵੀ ਗੌਰ ਕੀਤਾ, ਉਹ ਇਕ ਸੁਬਾਈ ਰਾਜਧਾਨੀ ਵਿਚ ਪਲ ਕੇ ਵੱਡੀ ਹੋਈ ਸੀ। ਉਸਦੀ ਤਾਲੀਮ ਅਜਿਹੇ ਮਾਹੌਲ ਵਿਚ ਹੋਈ ਸੀ ਜਿੱਥੇ ਮੁੰਡੇ ਤੇ ਕੁੜੀਆਂ ਦਾ ਇਕ ਦੂਜੇ ਨਾਲ ਮਿਲਣਾ-ਜੁਲਣਾ ਕੋਈ ਅਜੀਬ, ਖਾਸ ਗੱਲ ਨਹੀਂ ਸੀ। ਉਸਦੇ ਡੈਡੀ ਰਿਟਾਇਰਡ ਜੱਜ ਸਨ, ਜਿਹਨਾਂ ਦੇ ਸੁਭਾਅ ਵਿਚ ਸ਼ਾਂਤੀ, ਦ੍ਰਿੜ੍ਹਤਾ, ਸੰਜੀਦਗੀ ਤੇ ਚਿੰਤਨ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹ ਤਿੰਨ ਭਰਾਵਾਂ ਤੇ ਚਾਰ ਭੈਣਾ ਨਾਲੋਂ ਛੋਟੀ ਸੀ। ਆਰਟ ਤੇ ਅਦਬ ਦੇ ਸ਼ੌਕ ਨੇ ਉਸ ਅੰਦਰਲੀ ਉਸ ਸ਼ੋਖ਼ੀ ਨੂੰ ਇਕ ਅਰਸਾ ਪਹਿਲਾਂ ਖਤਮ ਕਰ ਦਿੱਤਾ ਸੀ ਜਿਹੜੀ ਉਸਨੂੰ ਸਭ ਤੋਂ ਨਿੱਕੀ ਤੇ ਸਭ ਤੋਂ ਲਾਡਲੀ ਹੋਣ ਸਦਕਾ ਸਹਿਜ-ਸੁਭਾਅ ਮਿਲ ਗਈ ਸੀ। ਸ਼ਾਦੀ ਪਿੱਛੋਂ ਉਸ ਨੂੰ ਜਿਸ ਤਰ੍ਹਾਂ ਦੇ ਤਜ਼ੁਰਬਿਆਂ ਵਿਚੋਂ ਲੰਘਣਾ ਪੈ ਰਿਹਾ ਸੀ…ਉਹਦੀ ਉਸਨੇ ਪਹਿਲਾਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਆਪਣੇ ਆਪ ਨੂੰ ਉਸ ਨਵੇਂ ਮਾਹੌਲ ਵਿਚ ਕਿੱਦਾਂ ਸੈੱਟ ਕਰੇ ! ਜਿਹੜਾ ਇਸ ਘਰ ਦੀ ਦੇਣ ਹੈ। ਇਹ ਘਰ ਬੜਾ ਆਰਾਮ ਦੇਹ ਹੈ ਪਰ ਹੈਰਤਨਾਕ ਤੌਰ 'ਤੇ ਸੁੰਨਾ-ਸੁੰਨਾ ਜਿਹਾ ਵੀ। ਇਸ ਵਿਚ ਇਕ ਵਿਧਵਾ ਸੱਸ ਹੈ, ਜਿਹੜੀ ਆਪਣੇ ਖੁਸ਼ਹਾਲ ਵਜ਼ੂਦ ਦੇ ਬਾਵਜੂਦ ਵੀ, ਖਤਰਨਾਕ ਬੁਢਾਪੇ ਦੀ ਪਰਛਾਈ ਵਧੇਰੇ ਲੱਗਦੀ ਹੈ। ਉਸਦਾ ਛੋਟਾ ਪੁੱਤਰ ਪੰਜਾਬ ਦੇ ਇਕ ਜਿਲ੍ਹਾ-ਸ਼ਹਿਰ ਵਿਚ ਟਰੱਕਾਂ ਦੇ ਸਪੇਅਰ ਪਾਰਟਸ ਦੀ ਇਕ ਨਿੱਕੀ ਜਿਹੀ ਦੁਕਾਨ ਕਰਦਾ ਹੈ, ਉਸਦਾ ਵੱਡਾ ਪੁੱਤਰ ਸਰਕਾਰੀ ਨੌਕਰ ਹੈ। ਇਕ ਜ਼ਿੰਮੇਵਾਰ ਅਹੁਦੇ ਉੱਪਰ ਲੱਗਿਆ ਹੋਣ ਦੇ ਬਾਵਜੂਦ ਨਿੱਜੀ ਜੀਵਨ ਵਿਚ ਬੜਾ ਹਲਕਾ ਸਿੱਧ ਹੋਇਆ ਹੈ। ਜਿਵੇਂ ਉਸ ਦੇ ਲੜਕਪਨ ਦੀ ਉਮਰ ਲੋੜ ਨਾਲੋਂ ਵੱਧ ਲੰਮੀ ਹੋ ਗਈ ਹੋਵੇ।

ਉਹ ਰਾਤ ਨੂੰ ਘੇਰੇ ਪਹੁੰਚੇ ਤਾਂ ਭੁੱਲਰ ਹਮੇਸ਼ਾ ਵਾਂਗ ਸ਼ੋਖ਼ ਹੋਇਆ ਹੋਇਆ ਸੀ। ਆਪਣੇ ਫਲੈਟ ਦੇ ਦਰਵਾਜ਼ੇ ਉੱਪਰ ਹੀ ਉਸਨੇ ਸੁਖਵੰਤ ਨੂੰ ਦਬੋਚ ਲਿਆ ਸੀ। ਪੀੜ ਨਾਲ ਉਸਦੇ ਅੱਥਰੂ ਨਿਕਲ ਆਏ ਸਨ ਤੇ ਉਸਦੀ ਚੀਕ ਭੁੱਲਰ ਦੀ ਮਾਂ ਨੇ ਵੀ ਜ਼ਰੂਰ ਸੁਣੀ ਹੋਏਗੀ। ਜਦੋਂ ਉਹ ਅੰਦਰ ਪਹੁੰਚੇ ਤਾਂ ਬੇਬੇ ਬਹੁਤ ਉਦਾਸ ਨਜ਼ਰ ਆਈ। ਉਸਦੇ ਹੱਥ ਵਿਚ ਇਕ ਤਾਰ ਫੜੀ ਹੋਈ ਸੀ। ਜਿਸਦਾ ਮਜ਼ਮੂਨ ਉਸਨੇ ਕਿਸੇ ਗੁਆਂਢੀ ਤੋਂ ਪੜ੍ਹਵਾ ਲਿਆ ਸੀ। ਬੇਅੰਤ ਤੇ ਸੁਖਵੰਤ ਤਾਰ ਪੜ੍ਹ ਕੇ ਹੱਕੇ-ਬੱਕੇ ਰਹਿ ਗਏ। ਬੇਅੰਤ ਦੇ ਛੋਟੇ ਭਰਾ ਸਤਵੰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਤਾਰ ਉਸਦੀ ਪਤਨੀ ਬਲਜੀਤ ਕੌਰ ਨੇ ਕੀਤੀ ਸੀ ਕਿ ਬੇਬੇ ਨੂੰ ਫੌਰਨ ਭੇਜ ਦਿੱਤਾ ਜਾਏ।

ਸੁਖਵੰਤ ਜਦੋਂ ਪਿਛਲੀ ਵਾਰ ਜਲੰਧਰ ਗਈ ਸੀ ਤਾਂ ਉਸਨੇ ਆਪਣੇ ਦਿਓਰ ਦੀਆਂ ਸਰਗਰਮੀਆਂ ਨੂੰ ਖਾਸ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਸੀ…ਇਕ ਤਾਂ ਉਹ ਬਹੁਤ ਸਾਰੇ ਅਖ਼ਬਾਰ, ਰਸਾਲੇ ਪੜ੍ਹਨ ਲੱਗ ਪਿਆ ਸੀ ਤੇ ਦੂਜਾ ਕਈ ਲੋਕ ਉਸਨੂੰ ਰਾਤ ਨੂੰ ਛੁਪ-ਛੁਪ ਮਿਲਣ ਆਉਂਦੇ ਸਨ। ਜਿਹਨਾਂ ਨਾਲ ਉਹ ਲੰਮੀਆਂ ਲੰਮੀਆਂ ਸਿਆਸੀ ਬਹਿਸਾਂ ਵੀ ਕਰਦਾ ਸੀ ਤੇ ਉਹਨਾਂ ਨੂੰ ਚੰਦਾ ਵੀ ਦੇਂਦਾ ਸੀ।

ਜਲੰਧਰ ਲਈ ਆਖ਼ਰੀ ਗੱਡੀ ਨਿਕਲ ਚੁੱਕੀ ਸੀ। ਰਾਤ ਨੂੰ ਕੋਈ ਬੱਸ ਵੀ ਪੰਜਾਬ ਨਹੀਂ ਸੀ ਜਾਂਦੀ। ਆਖ਼ਰ ਫੈਸਲਾ ਹੋਇਆ ਕਿ ਸਵੇਰੇ ਪਹਿਲੀ ਗੱਡੀ ਬੇਅੰਤ ਸਿੰਘ ਬੇਬੇ ਨੂੰ ਲੈ ਕੇ ਚਲਾ ਜਾਏਗਾ।

ਉਹ ਰਾਤ ਬੇਬੇ ਨੇ ਪਾਠ ਕਰਦਿਆਂ ਬਿਤਾਈ। ਬੇਅੰਤ ਵੀ ਪੂਰੀ ਰਾਤ ਸੌਂ ਨਹੀਂ ਸੀ ਸਕਿਆ। ਚੁੱਪਚਾਪ ਲੇਟਿਆ ਛੱਤ ਵੱਲ ਤੱਕਦਾ ਰਿਹਾ ਸੀ। ਸੁਖਵੰਤ ਉਸਦੇ ਨਾਲ ਹੀ ਪਈ ਸੀ, ਉਸੇ ਡਬਲ-ਬੈਡ ਉੱਪਰ। ਉਹ ਹੈਰਾਨ ਸੀ ਕਿ ਉਸਦਾ ਸਾਰਾ ਜੋਸ਼ ਤੇ ਖਰਮਸਤੀਆਂ ਕਿੰਨੀਆਂ ਸ਼ਾਂਤ ਹੋ ਗਈਆਂ ਹਨ। ਉਸਨੇ ਇਕ ਦੋ ਵਾਰ ਪਹਿਲ ਕਰਕੇ ਉਸਦੀ ਬਾਂਹ ਨੂੰ ਛੂਹਿਆ ਤੇ ਉਸ ਨੂੰ ਜੱਫੀ ਵਗ਼ੈਰਾ ਵੀ ਪਾਈ, "ਕੀ ਸੋਚ ਰਹੇ ਓ…"

"ਮੇਰਾ ਖ਼ਿਆਲ ਏ, ਹੁਣ ਉਸ ਦੀ ਜ਼ਮਾਨਤ ਵੀ ਨਹੀਂ ਹੋ ਸਕੇਗੀ। ਸਰਕਾਰ ਮੰਜ਼ੂਰ ਹੀ ਨਹੀਂ ਕਰੇਗੀ। ਮੈਂ ਜਾਣਦਾਂ…ਹੋ ਸਕਦਾ ਏ ਸੀ.ਆਈ.ਡੀ. ਨੇ ਸਾਡਾ ਪਤਾ ਵੀ ਉਸ ਤੋਂ ਲੈ ਲਿਆ ਹੋਵੇ। ਮੇਰੀ ਸਰਵਿਸ ਖਤਰੇ ਵਿਚ ਪੈ ਸਕਦੀ ਐ। ਬੇਬੇ ਨੂੰ ਉੱਥੇ ਨਾ ਪਹੁੰਚਾਉਣਾ ਹੁੰਦਾ ਤਾਂ ਮੈਂ ਉੱਥੇ ਜਾਣ ਹੀ ਨਹੀਂ ਸੀ। ਕੋਸ਼ਿਸ਼ ਕਰਾਂਗਾ ਥੋੜ੍ਹੀ ਦੇਰ ਰੁਕ ਕੇ ਹੀ ਵਾਪਸ ਆ ਜਾਵਾਂ…।"

…ਤੇ ਜਿਸ ਦਿਨ ਬੇਅੰਤ ਸਿੰਘ ਨੇ ਵਾਪਸ ਆਉਣਾ ਸੀ, ਉਸੇ ਦਿਨ ਮਿਸੇਜ਼ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ। ਰਾਤ ਪੈਣ ਤੋਂ ਪਹਿਲਾਂ ਹੀ ਦਿੱਲੀ ਸ਼ਹਿਰ ਫਸਾਦਾਂ ਦੀ ਲਪੇਟ ਵਿਚ ਆ ਗਿਆ। ਅਰਚਨਾ ਸ੍ਰੀ ਨਿਵਾਸ ਭੱਜੀ ਆਈ ਤੇ ਸੁਖਵੰਤ ਨੂੰ ਕਹਿਣ ਲੱਗੀ, "ਤੁਮ ਯਹਾਂ ਅਕੇਲੇ ਮਤ ਰਹੋ, ਬੜਾ ਖਤਰਾ ਹੈ…ਚਲੋ ਹਮਾਰੇ ਘਰ, ਵਹਾਂ ਕੋਈ ਤੁਮਕੋ ਹਾਥ ਤਕ ਨਹੀਂ ਲਗਾ ਸਕਤਾ...।"


ਸੁਖਵੰਤ ਕੌਰ ਨੂੰ ਇਹ ਤਾਂ ਪਤਾ ਸੀ ਕਿ ਪੰਜਾਬ ਵਿਚ ਦਹਿਸ਼ਤਗਰਦਾਂ ਦੇ ਕੁਝ ਗਿਰੋਹ ਖਾਸ ਖਾਸ ਹਿੰਦੂਆਂ ਤੇ ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੰਦੇ ਹਨ। ਇਹ ਸਿਲਸਿਲਾ ਨਿੱਤ ਦਾ ਕੰਮ ਹੋ ਗਿਆ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਇਕ ਦਿਨ ਅਚਾਨਕ ਸਾਰੇ ਫਿਰਕੇ ਉੱਤੇ ਇਹ ਕਹਿਰ ਟੁੱਟ ਪਵੇਗਾ। ਕਈ ਕਲੋਨੀਆਂ ਨੂੰ ਅੱਗ ਲਾ ਦਿੱਤੀ ਜਾਏਗੀ। ਕਰਫ਼ਿਊ ਲੱਗ ਜਾਵੇਗਾ ਤੇ ਫ਼ੌਜ ਭੇਜ ਦਿੱਤੀ ਜਾਵੇਗੀ। ਰਾਤ ਦੇ ਕਿਸੇ ਪਹਿਰ ਉਸ ਦੇ ਫਲੈਟ ਵਿਚ ਦੰਗਾਈ ਵੜ ਆਏ ਤੇ ਸਾਰਾ ਸਾਮਾਨ ਚੁੱਕ ਕੇ ਲੈ ਗਏ। ਫਰਿਜ, ਟੀ.ਵੀ., ਭਾਂਡੇ ਤੇ ਕੱਪੜਿਆਂ ਦੇ ਭਰੇ ਟਰੰਕ ਤੇ ਹੋਰ ਵੀ ਬੜਾ ਕੁਝ। ਜੋ ਬਚਿਆ ਉਸ ਨੂੰ ਜਾਂਦੇ ਹੋਏ ਮਾਚਸ ਦੀ ਤੀਲੀ ਵਿਖਾਅ ਗਏ।

ਉਦੋਂ ਉਹ ਅਰਚਨਾ ਸ੍ਰੀ ਨਿਵਾਸ ਕੇ ਸਟੋਰ ਵਿਚ ਲੁਕੀ ਬੈਠੀ ਸੀ। ਅਰਚਨਾ ਪਲ ਪਲ ਦੀ ਖ਼ਬਰ ਦੇ ਜਾਂਦੀ। ਇਹ ਵਿਸ਼ਵਾਸ ਵੀ ਦਿਵਾਉਂਦੀ ਕਿ ਤੁਮਾਰੀ ਮੌਜ਼ੂਦਗੀ ਕੀ ਕਿਸੇ ਕੋ ਕੋਈ ਖ਼ਬਰ ਨਹੀਂ…ਯਹ ਅੱਛਾ ਹੁਆ ਤੁਮ ਰਾਤ ਪੜਤੇ ਹੀ ਚਲੀ ਆਈ, ਨਹੀਂ ਤੋ ਵੋਹ ਲੋਕ ਕੁਛ ਭੀ ਕਰ ਦੇਤਾ, ਕਿਆ ਪਤਾ ਆਗ ਮੇਂ ਹੀ ਝੋਂਕ ਦੇਤਾ…।"

ਸ੍ਰੀ ਨਿਵਾਸ ਨੇ ਕਿਹਾ, "ਸੀਨ ਤੋ ਹੂ-ਬ-ਹੂ ਵੈਸਾ ਥਾ ਜੈਸਾ ਪਾਕਿਸਤਾਨ ਬਨਤੇ ਵਕਤ ਦੇਖਾ ਗਿਆ ਥਾ। ਮੈਨੇ ਉਸ ਜ਼ਮਾਨੇ ਕੀ ਹਿਸਟਰੀ ਪੜ੍ਹੀ ਹੈ। ਹਿੰਦੂ, ਮੁਸਲਮਾਨ ਏਕ ਦੂਸਰੇ ਕੋ ਗਾਜਰ-ਮੂਲੀ ਕੀ ਤਰ੍ਹਾ ਕਾਟਤਾ ਰਹਾ। ਕਿਤਨੀ ਗਾਡੀ ਏਕਦਮ ਮੁਸਾਫ਼ਿਰੋਂ ਸੇ ਭਰੀ ਹੂਈ ਖ਼ਤਮ ਕਰ ਦੀਂ। ਸਾਰੇ ਵਰਡ ਮੇਂ ਤਹਲਕਾ ਮਚ ਗਯਾ ਥਾ, ਹਮ ਕੋ ਮਾਲੂਮ ਹੈ…।"

"ਹਮ ਸੇ ਨਹੀਂ ਦੇਖਾ ਜਾਤਾ ਯਹ ਸਬ, ਇਟ ਇਜ਼ ਇਨ-ਹਿਊਮਨ, ਇਟ ਇਜ਼ ਹਾਰੇਬਲ।"

"ਲਗਤਾ ਹੈ ਆਦਮੀ ਲੋਗ ਪਾਗਲ ਹੋ ਗਿਆ…ਬਿਲਕੁਲ ਜੰਗਲੀ ਕੇ ਮਾਫ਼ਿਕ।"

"ਜਬ ਹਮ ਆਜ਼ਾਦ ਹੁਆ ਥਾ, ਲਾਖੋਂ ਲੋਗ ਕੀ ਜਾਨ ਐਸੇ ਹੀ ਗਯਾ ਥਾ। ਪਹਿਲੇ ਇੰਡੀਆ ਚਾਇਨਾ ਵਾਰ, ਫਿਰ ਪਾਕਿਸਤਾਨ ਸੇ ਪੈਂਸਠ ਕੀ ਵਾਰ। ਉਸਕੇ ਬਾਅਦ ਬੰਗਲਾ ਦੇਸ਼ ਅਬ ਪੰਜਾਬ ਕਾ ਨਯਾ ਇਸਤ੍ਰਗਲ।"

"ਔਰ ਭੀ ਤੋ ਰੋਜ਼ ਹੀ ਕਹੀਂ ਨਾ ਕਹੀਂ ਝਗੜਾ-ਫਸਾਦ ਹੋਤਾ। ਹਾਯ, ਤਿਰਪੁਰੀ ਸ਼ਾਂਤੀ ਕਬ ਮਿਲੇਗਾ…"
"ਦੇਖੋ ਅਰਚਨਾ ਤੁਮ ਨੇ ਹਿਸਟਰੀ ਨਹੀਂ ਪੜਾ, ਜਬ ਧਰਤੀ ਪਰ ਇਨਸਾਨ ਆਇਆ, ਉਸੀ ਸਮੇਂ ਸੇ ਉਸਨੇ ਲੜਨਾ ਭੀ ਸੀਖਾ, ਸਬ ਸੇ ਪਹਿਲੇ ਦੂਸਰੇ ਕੇ ਹਾਥ ਸੇ ਨਿਵਾਲਾ ਛੀਨਾ---ਵੋ ਅਭੀ ਤਕ ਨਿਵਾਲਾ ਹੀ ਛੀਣਾ-ਛਪਟੀ ਕਰ ਰਹਾ ਹੈ। ਚਾਹੇ ਉਸਕਾ ਨਾਮ ਬਦਲ ਗਿਆ ਹੈ…ਧਰਮ, ਜ਼ਮੀਨ ਆਈਡਿਆਲੋਜੀ, ਰੰਗ ਭੇਦ, ਯਹ ਸਬ ਬਹਾਨਾ ਹੈ, ਵਹੀ ਰੋਟੀ ਕਾ ਟੁਕੜਾ ਛੀਨਨੇ ਕਾ।"

ਗੋਡਿਆਂ ਉੱਪਰ ਸਿਰ ਰੱਖੀ ਬੈਠੀ ਸੁਖਵੰਤ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ। ਜਿੰਨੇ ਆਦਮੀ ਹੁਣ ਤਕ ਮਾਰੇ ਜਾ ਚੁੱਕੇ ਹਨ, ਉਹਨਾਂ ਵਿਚ ਉਸ ਦੇ ਆਦਮੀ ਵਾਂਗਰ ਟੁੱਟ ਕੇ ਪਿਆਰ ਕਰਨ ਵਾਲਾ ਵੀ ਕੋਈ ਹੋਵੇਗਾ ? ਉਹ ਉਸ ਲਈ ਕਿੰਨਾ ਭੁੱਖਾ ਤੇ ਦੀਵਾਨਾ ਹੈ। ਜਿੱਚ ਹੋ ਕੇ ਉਹ ਉਸਨੂੰ ਪਰ੍ਹਾਂ ਧਰੀਕ ਦੇਂਦੀ ਸੀ। ਕਦੀ ਕਦੀ ਤਾਂ ਚੱਕ ਵੀ ਵੱਢ ਖਾਂਦੀ ਸੀ ਪਰ ਉਹ ਤਦ ਵੀ ਬਾ'ਜ ਨਹੀਂ ਸੀ ਆਉਂਦਾ ਹੁੰਦਾ। ਉਹ ਹੁਣ ਤਕ ਆਇਆ ਕਿਉਂ ਨਹੀਂ…ਪਹਿਲੇ ਹੀ ਦਿਨ ਦੀ ਉਸਦੇ ਮਨ ਵਿਚ ਇਕ ਗੱਲ ਰੜਕ ਰਹੀ ਹੈ, ਉਹ ਹੁਣ ਜਿਊਂਦਾ ਨਹੀਂ ਹੈ। ਉਹ ਉਹੀ ਸੀ ਜਿਹੜਾ ਗਲੇ ਵਿਚ ਅੱਗ ਦੀ ਮਾਲਾ ਲਟਕਾਈ ਬੇ-ਤਹਾਸ਼ਾ ਨੱਸਿਆ ਫਿਰਦਾ ਸੀ। ਅਰਚਨਾ ਨੇ ਝੂਠ ਕਿਹਾ ਸੀ ਕਿ ਉਹ ਕੋਈ ਹੋਰ ਹੈ। ਮੈਂ ਉਸਨੂੰ ਕਿਉਂ ਨਹੀਂ ਬਚਾਅ ਸਕੀ। ਇਹ ਦੁਖ ਜ਼ਿੰਦਗੀ ਭਰ ਮੇਰਾ ਖਹਿੜਾ ਨਹੀਂ ਛੱਡੇਗਾ।

ਅੱਜ ਤੀਜਾ ਦਿਨ ਹੈ ਹੁਣ ਤਾਂ ਸਾਰੀਆਂ ਖ਼ਬਰਾਂ ਵੀ ਪੁਰਾਣੀਆਂ ਲੱਗਣ ਲੱਗ ਪਈਆਂ ਹਨ। ਜੋ ਹੋਣਾ ਸੀ, ਉਹ ਹੋ ਚੁੱਕਿਆ ਹੈ। ਹੁਣ ਤਾਂ ਥਾਂ-ਥਾਂ ਅਮਨ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ। ਜਲੂਸ ਨਿਕਲ ਰਹੇ ਨੇ, ਨਾਅਰੇ ਗੂੰਜ ਰਹੇ ਨੇ 'ਹਿੰਦੂ, ਮੁਸਲਿਮ, ਸਿੱਖ, ਇਸਾਈ…ਸਾਰੇ ਲੋਕ ਹੈਂ ਭਾਈ-ਭਾਈ।' ਸਹਾਇਤਾ ਕੈਂਪ ਖੋਲ੍ਹ ਦਿੱਤੇ ਗਏ ਨੇ। ਲੋਕ ਆਪੋ-ਆਪਣੇ ਘਰੀਂ ਪਰਤ ਰਹੇ ਨੇ। ਅੱਜ ਸੁਖਵੰਤ ਵੀ ਗੁਆਂਢੀਆਂ ਦਾ ਫਲੈਟ ਛੱਡ ਕੇ ਆਪਣੇ ਫਲੈਟ ਵਲ ਵਾਪਸ ਆ ਰਹੀ ਹੈ। ਇਹ ਦੇਖਣ ਲਈ ਕਿ ਕੀ ਕੁਝ ਲੁਟ ਚੁੱਕਿਆ ਹੈ ਤੇ ਕੀ ਕੁਝ ਬਾਕੀ ਬਚਿਆ ਹੈ।

ਬਾਹਰਲਾ ਦਰਵਾਜ਼ਾ ਮੂੰਹ ਅੱਡੀ ਖੜ੍ਹਾ ਉਸਨੂੰ ਦੇਖ ਰਿਹਾ ਹੈ। ਉਸਨੇ, ਡਰਦਿਆਂ ਡਰਦਿਆਂ ਪੈਰ ਅੰਦਰ ਰੱਖਿਆ। ਪਿਚਕੀਆਂ ਹੋਈਆਂ ਬਾਲਟੀਆਂ ਤੇ ਟੱਬ, ਕੜਾਹੀਆਂ ਤੇ ਜੱਗ। ਇਕ ਪੁਰਾਣੇ ਬੂਟੇ ਵਿਚੋਂ ਝਾਕਦਾ ਹੋਇਆ ਇਕ ਚਮਚ। ਰਬੜ ਪਲਾਂਟ, ਮਾਰਨਿੰਗ ਕਲੋਰੀ, ਕੋਠਾ, ਇਸ਼ਕ-ਪੇਚਾ, ਪਾਰਚੂਲੇਟਾ ਤੇ ਕੈਲਡਮ ਤੇ ਸਫੈਦ ਗੁਲਾਬ ਦੇ ਟੁੱਟੇ ਹੋਏ ਗਮਲੇ ਤੇ ਤੇਜ਼ ਹਵਾ ਦੇ ਨਾਲ ਵਰਕਾ ਵਰਕਾ ਹੋ ਕੇ ਗੇਲਰੀ ਵਿਚ ਜਗਾਹ-ਜਗਾਹ ਉਡਦੇ ਫਿਰਦੇ ਪੁਰਾਣੇ ਅਖ਼ਬਾਰਾਂ ਨੇ ਉਸਦਾ ਸਵਾਗਤ ਕੀਤਾ।

ਜਿਸ ਰੈਕ ਵਿਚ ਉਸਦੀ ਪਸੰਦ ਦੀਆਂ ਕਿਤਾਬਾਂ ਸਜੀਆਂ ਹੁੰਦੀਆਂ ਸੀ, ਉਹ ਫ਼ਰਸ਼ ਉੱਤੇ ਉਲਟਿਆ ਪਿਆ ਸੀ।

ਏ ਟੇਲ ਆਫ ਟੂ ਸਿਟੀਜ਼, ਡਾਕਟਰ ਜਿਵਾਗੋ, ਗੋਰਕੀ, ਚੈਖ਼ਵ, ਝੂਠਾ ਸੱਚ, ਹੀਰ ਵਾਰਸ਼ ਸ਼ਾਹ, ਪੈਰਾਡਾਈਜ਼ ਲਾਸਟ, ਸਾਰੀਆਂ ਕਿਤਾਬਾਂ ਹੀ ਏਧਰ-ਉਧਰ ਖਿੱਲਰੀਆਂ ਪਈਆਂ ਹਨ ਜਿਵੇਂ ਕੋਈ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਪੈਰਾਂ ਹੇਠ ਮਿੱਧਦਾ-ਕੁਚਲਦਾ ਰਿਹਾ ਹੋਵੇ।

ਉਹ ਕਿਸੇ ਚੀਜ਼ ਨੁੰ ਵੀ ਨਹੀਂ ਛੂਹ ਰਹੀ। ਕਿਸੇ ਨੂੰ ਉਲਟ-ਪਲਟ ਕੇ ਨਹੀਂ ਦੇਖ ਰਹੀ। ਜਿਵੇਂ ਇੰਜ ਕਰਨ ਦੀ ਹਰ ਖਾਹਿਸ਼ ਮਰ ਗਈ ਹੋਵੇ। ਉਹ ਸਿਰਫ ਦੇਖ ਰਹੀ ਹੈ, ਪਰ ਹੈਰਾਨ ਨਹੀ ਹੈ। ਬਿਲਕੁਲ ਗਵਾਚੀ ਜਿਹੀ, ਹੌਲੀ ਹੌਲੀ ਕਦਮ ਪੁੱਟਦੀ, ਦੂਜੇ ਕਮਰੇ ਵਿਚ ਜਾ ਖੜ੍ਹੀ ਹੋਈ ਹੈ।

ਹਾਂ, ਇਹ ਸਾਡਾ ਡਰਾਇੰਗ ਰੂਮ ਹੀ ਤਾਂ ਸੀ, ਛੋਟਾ ਜਿਹਾ ਖੂਬਸੂਰਤ ਕਾਲੀਨ, ਮੇਰੀ ਮਾਸੀ ਕਨੇਡਾ ਤੋਂ ਲੈ ਕੇ ਆਈ ਸੀ। ਸੋਫਾ, ਡਾਇਨਿੰਗ ਟੇਬਲ, ਕੁਰਸੀਆਂ ਤੇ ਸ਼ੋਅ ਕੇਸ ਮੇਰੇ ਭਰਾਵਾਂ ਨੇ ਮਿਲ ਕੇ ਤੋਹਫੇ ਵਜੋਂ ਦਿੱਤੇ ਸਨ ਤੇ ਉਹ ਨਰਮ ਨਰਮ ਗੱਦਿਆਂ ਵਾਲਾ ਦੀਵਾਨ, ਜਿਸ ਉੱਤੇ ਬੈਠ ਕੇ ਬੇਬੇ ਸਵੇਰੇ ਪਾਠ ਕਰਦੀ ਸੀ ਤੇ ਸੌਂ ਵੀ ਜਾਂਦੀ ਹੁੰਦੀ ਸੀ, ਕੌਣ ਲੈ ਗਿਆ ਉਹ ਸਭ ਕੁਝ…

ਫਰਸ਼ ਉੱਤੇ ਬੁੱਧ ਦੀ ਮੂਰਤੀ ਡਿੱਗੀ ਹੋਈ ਸੀ। ਸਿਰ ਅਲੱਗ, ਧੜ ਅਲੱਗ…ਅਹਿੰਸਾ ਪਰਮੋਧਰਮਾਂ ਦੇ ਖ਼ਿਲਾਫ਼ ਜਿਵੇਂ ਦੂਜੀ ਵੰਡੀ ਜੰਗ ਏਸੇ ਕਮਰੇ ਵਿਚ ਲੜੀ ਗਈ ਹੋਵੇ। ਬੁੱਧ-ਮਤ ਨੂੰ ਕਈ ਸਦੀਆਂ ਬਾਅਦ ਫੇਰ ਆਪਣਾ ਗਵਾਚਿਆ ਹੋਇਆ ਵਕਾਰ ਪ੍ਰਾਪਤ ਹੋਣ ਲੱਗ ਪਿਆ ਸੀ। ਪਰ ਬੁੱਧ ਏਥੇ ਕਦੀ ਨਹੀਂ ਆਏਗਾ ਹੁਣ। ਸਦੀਆਂ ਪਹਿਲਾਂ ਵੀ ਉਸਦੀਆਂ ਮੂਰਤੀਆਂ ਨੂੰ ਤਹਿਸ-ਨਹਿਸ ਕਰਕੇ ਉਸ ਨੂੰ ਇਸੇ ਦੇਸ਼ ਵਿਚ ਜਲੀਲ ਕੀਤਾ ਗਿਆ ਸੀ।

ਅਚਾਨਕ ਉਸਦੀ ਨਿਗਾਹ ਕੰਧ ਉੱਤੇ ਉਲਟੀ ਲਟਕ ਰਹੀ ਇਕ ਫੋਟੋ ਉੱਤੇ ਜਾ ਪਈ ਹੈ। ਉਹ ਕਾਹਲ ਨਾਲ ਅੱਗੇ ਵਧ ਕੇ ਉਸਨੂੰ ਸਿੱਧੀ ਕਰਦੀ ਹੈ ਤੇ ਗੌਰ ਨਾਲ ਦੇਖਣ ਲੱਗ ਪਈ ਹੈ। ਉਹ ਦੋਵੇਂ ਚਿਹਰੇ ਕਿੰਨੇ ਜਾਣੇ-ਪਛਾਣੇ ਲੱਗ ਰਹੇ ਨੇ। ਖੁਸ਼ ਤੇ ਸੰਤੁਸ਼ਟ। ਇਕ ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਉਂਦੇ ਹੋਏ।

"ਸੋਹਣਿਓਂ ਤੱਕੋਗੇ ਕਿ ਮਾਰ ਕੇ ਈ ਛੱਡੋਗੇ…"

ਆਪਣੇ ਪਿੱਛੇ ਇਕ ਆਹਟ ਸੁਣ ਕੇ ਉਸਨੂੰ ਯਾਦ ਆ ਜਾਂਦਾ ਹੈ ਕਿ ਅਰਚਨਾ ਨੇ ਕਿਹਾ ਸੀ, "ਤੁਮ ਚਲੋ ਮੈਂ ਪੀਛੇ ਆਤੀ ਹੂੰ, ਦੋਨੇ ਮਿਲ ਕਰ ਝਾੜੂ ਲਗਾਏਂਗੇ। ਘਰ ਕੋ ਫਿਰ ਸੇ ਚਮਕਾਅ ਦੇਂਗੇ।"

ਸੁਖਵੰਤ ਫੋਟੋ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ, "ਅਰਚਨਾ ਦੇਖ, ਤਾਂ ਮੇਰੇ ਸਰਦਾਰ ਜੀ ਮੇਰੀ ਤਰਫ਼ ਕਿੰਜ ਮੁਹੱਬਤ ਨਾਲ ਵੇਖ ਰਹੇ ਨੇ।"

ਜੁਆਬ ਨਾ ਮਿਲਣ 'ਤੇ ਗਰਦਨ ਭੁਆਂ ਕੇ ਦੇਖਦੀ ਹੈ ਤੇ ਹੱਕੀ ਬੱਕੀ ਰਹਿ ਜਾਂਦੀ ਹੈ।

ਇਹ ਤਾਂ ਕੋਈ ਹੋਰ ਈ ਏ, ਅਰਚਨਾ ਨੇ ਕਿਸਨੂੰ ਭੇਜ ਦਿੱਤਾ ? ਇਕ ਲੰਮਾ-ਝੰਮਾ ਕਲੀਨ ਸ਼ੇਵਡ ਭਰੇ-ਪੂਰੇ ਜਿਸਮ ਦਾ ਨੌਜਵਾਨ…ਉਹ ਇੰਜ ਚੁੱਪਚਾਪ ਕਿਉਂ ਖੜ੍ਹਾ ਹੈ ? ਏਨੀ ਖ਼ਾਮੋਸ਼ੀ ਨਾਲ ਉਸ ਵੱਲ ਕਿਉਂ ਵੇਖ ਰਿਹਾ ਹੈ ? ਜਿਸ ਦਿਨ ਬੇਅੰਤ ਸਿੰਘ ਭੁੱਲਰ ਜਲੰਧਰ ਗਿਆ ਸੀ, ਉਹ ਵੀ ਇਸ ਤਰ੍ਹਾਂ ਖ਼ਾਮੋਸ਼ ਸੀ। ਕੀ ਦੋ ਆਦਮੀਆਂ ਦੀ ਖ਼ਾਮੋਸ਼ੀ ਇਕੋ ਜਿਹੀ ਹੋ ਸਕਦੀ ਹੈ ?

ਉਸਦੀਆਂ ਦੋਵਾਂ ਬਾਹਵਾਂ ਉੱਤੇ ਪੱਟੀਆਂ ਬੱਧੀਆਂ ਹੋਈਆਂ ਨੇ। ਇਕ ਬਾਂਹ ਗਲੇ ਵਿਚ ਲਟਕਾਏ ਵੰਗਣੇ ਵਿਚ ਝੂਲ ਰਹੀ ਹੈ।

ਉਹ ਉਸਨੂੰ ਘੂਰਦੀ ਹੋਈ ਉਸ ਵੱਲ ਵਧਦੀ ਹੈ ; ਐਨ ਉਸਦੇ ਸਾਹਮਣੇ ਜਾ ਖੜ੍ਹੀ ਹੁੰਦੀ ਹੈ। ਉਸਦੀਆਂ ਗਲ੍ਹਾਂ ਵਿਚ ਪੈਂਦੇ ਹੋਏ ਟੋਇਆਂ ਨੂੰ ਦੇਖਦੀ ਹੋਈ ਅਚਾਨਕ ਰੁਕ ਕੇ ਪੁੱਛਦੀ ਹੈ, "ਇਹ ਸਭ ਕੀ ਹੋ ਗਿਆ ਜੀ ? ਤੁਸੀਂ ਇੰਜ ਕਿਉਂ ਕੀਤਾ ?"

ਉਹ ਬੜੀ ਔਖ ਨਾਲ ਪੱਟੀਆਂ ਵਿਚ ਜਕੜੀ ਹੋਈ ਬਾਂਹ ਨੂੰ ਉੱਤੇ ਚੁੱਕਦਾ ਹੈ ਤੇ ਹੱਥ ਉਸ ਦੇ ਮੋਢੇ ਉੱਤੇ ਰੱਖ ਦੇਂਦਾ ਹੈ।

"ਹੋਰ ਕੋਈ ਚਾਰਾ ਵੀ ਨਹੀਂ ਸੀ ਬੱਲੀਏ। ਤੇਰੀ ਖ਼ੈਰ-ਖ਼ਬਰ ਪਤਾ ਕਰਨ ਲਈ ਜਿਉਂਦੇ ਰਹਿ ਗਏ। ਬਸ ਇਹੀ ਬੜੀ ਕਿਰਪਾ ਮੰਨ ਵਾਹਿਗੁਰੂ ਦੀ।"

ਪਰ ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ, ਇਸ ਬਾਜ਼ੂ ਵਿਚ ਉਹ ਗਰਮੀ ਕਿਉਂ ਨਹੀਂ ? ਪਹਿਲਾਂ ਵਾਲਾ ਜੋਸ਼ ਕਿੱਥੇ ਗਿਆ ? ਉਸਨੂੰ ਠੀਕ ਤਰ੍ਹਾਂ ਪਛਾਣਨ ਲਈ ਉਹ ਫੇਰ ਸਿਰ ਚੁੱਕ ਕੇ ਦੇਖਦੀ ਹੈ। ਸਿੰਧੀ ਉਸਦੀਆਂ ਅੱਖਾਂ ਵਿਚ ਤੇ ਫੇਰ ਉਸਨੂੰ ਜੱਫੀ ਪਾ ਕੇ ਰੋਣ ਲੱਗ ਪੈਂਦੀ ਹੈ।

Wednesday, May 6, 2009

ਗਿਰਗਟ :: ਲੇਖਕ : ਵਿਜੈ , ਸੰਪਰਕ : 09313301435.

ਹਿੰਦੀ ਕਹਾਣੀ : ਗਿਰਗਟ :: ਲੇਖਕ : ਵਿਜੈ , ਸੰਪਰਕ : 09313301435.
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

----------------------------------------------------------
ਇਹ ਕਹਾਣੀ ਸਰੋਕਾਰ : 36.---ਅਪ੍ਰੈਲ-ਜੂਨ 2009. ਵਿਚ ਛਪੀ ਹੈ। ਸਰੋਕਾਰ ਦਾ ਸੰਪਰਕ ਨੰਬਰ ਹੈ = 01672-250346.
----------------------------------------------------------

ਕਾਰ ਜੀ.ਟੀ. ਰੋਡ ਉੱਤੇ ਦੌੜ ਰਹੀ ਸੀ। ਵਧੇਰੇ ਲੋਕਾਂ ਦੇ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਜੀ.ਟੀ. ਰੋਡ ਸ਼ੇਰਸ਼ਾਹ ਸੂਰੀ ਦੀ ਦੇਣ ਹੈ। ਪੈਦਲ ਜਾਂ ਕਿਸੇ ਵਾਹਣ ਉੱਤੇ ਸਵਾਰ ਲੋਕਾਂ ਨੂੰ ਤਾਂ ਸਿਰਫ਼ ਆਪਣੀ ਮੰਜ਼ਿਲ ਤੀਕ ਪਹੁੰਚਣ ਦਾ ਮਤਲਬ ਹੁੰਦਾ ਹੈ। ਜਿਹਨਾਂ ਜੰਮਦਿਆਂ ਹੀ ਸੜਕ ਨੂੰ ਆਪਣਾ ਘਰ ਮੰਨ ਲਿਆ ਹੈ, ਉਹਨਾਂ ਨੂੰ ਵੀ ਇਤਿਹਾਸ ਨਾਲ ਰਿਸ਼ਤੇ ਜੋੜਨ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ। ਕੀ ਕਾਰ ਵਿਚ ਸਵਾਰ ਸੂਰਜ ਨੂੰ ਪਤਾ ਹੋਵੇਗਾ ਕਿ ਕੋਈ ਇਤਿਹਾਸਕ ਪੁਰਸ਼ ਇਸ ਸੜਕ ਨਾਲ ਜੁੜਿਆ ਹੋਇਆ ਹੈ ? 'ਮੈਨੂੰ ਨਹੀਂ ਪਤਾ'---ਇਹ ਸ਼ਬਦ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਪਛਾਣ ਹੈ ! ਜਾਣਕਾਰੀ ਉਸੇ ਗੱਲ ਦੀ ਰੱਖੀ ਜਾਂਦੀ ਹੈ, ਜਿਸ ਨਾਲ ਕੁਝ ਕਮਾਈ ਹੋਵੇ। ਸੜਕ---ਚੌੜੀ, ਸਾਫ-ਸੁਥਰੀ, ਖੁੱਲ੍ਹੀ-ਡੁੱਲ੍ਹੀ ਤੇ ਸੁਰੱਖਿਅਤ ਹੋਵੇ ਤਾਂਕਿ ਮੰਜ਼ਿਲ ਉੱਤੇ ਛੇਤੀ ਤੋਂ ਛੇਤੀ ਪਹੁੰਚਿਆ ਜਾ ਸਕੇ…ਤੇ ਮੰਜ਼ਿਲ ਉੱਤੇ ਪਹੁੰਚਣ ਦਾ ਅਰਥ ਹੋਵੇ ਕਮਾਈ ; ਸਿਰਫ ਤੇ ਸਿਰਫ ਕਮਾਈ ! ਸ਼ੇਰਸ਼ਾਹ ਸੂਰੀ ਨੂੰ ਯਾਦ ਰੱਖਣ ਦੀ ਕੋਈ ਲੋੜ ਨਹੀਂ ; ਲੋੜ ਹੁੰਦੀ ਤਾਂ ਫਿਲਮਾਂ ਜਾਂ ਟੀ.ਵੀ. ਵਾਲੇ ਉਹਨੂੰ ਭੁੱਲੇ ਰਹਿੰਦੇ !

ਸੂਰਜ ਨੂੰ ਅਚਾਨਕ ਕੁਝ ਯਾਦ ਆ ਗਿਆ ਹੈ। ਉਹ ਜੇਬ ਵਿਚ ਹੱਥ ਪਾ ਕੇ ਮੁਬਾਇਲ ਬਾਹਰ ਕੱਢਦਾ ਹੈ। ਨੰਬਰ ਮਿਲਾਉਣ ਲੱਗਦਾ ਹੈ---ਪਰ ਫੇਰ ਝੱਟ ਹੀ ਫ਼ੋਨ ਬੰਦ ਕਰ ਦੇਂਦਾ ਹੈ। ਟ੍ਰੈਫ਼ਿਕ ਪੁਲਿਸ ਦੀ ਚਿਤਾਵਨੀ ਚੇਤੇ ਆ ਗਈ ਲੱਗਦੀ ਹੈ---'ਵਾਹਣ ਚਾਲਉਂਦੇ ਹੋਏ ਫ਼ੋਨ ਉੱਤੇ ਗੱਲ ਕਰਨੀ ਮਨ੍ਹਾਂ ਹੈ।' ਉਹ ਦੇਖਦੇ ਹੀ ਰੋਕ ਲੈਣਗੇ। ਕੜਕ ਕੇ ਲਾਇਸੈਂਸ ਤੇ ਰਜਿਸਟ੍ਰੇਸ਼ਨ ਬੁੱਕ ਦਿਖਾਉਣ ਦਾ ਹੁਕਮ ਦੇਣਗੇ। ਮਿੰਨਤਾਂ ਕਰਾ ਕੇ ਚਲਾਣ ਭਾਵੇਂ ਨਾ ਹੀ ਕੱਟਣ---ਪਰ ਸੌ, ਦੋ ਸੌ ਰੋਪਈਏ ਜ਼ਰੂਰ ਮਾਂਠ ਲੈਣਗੇ। ਵੀਹ-ਪੱਚੀ ਮਿੰਟ ਬਰਬਾਦ ਹੋਣਗੇ, ਸੋ ਵੱਖਰੇ। ਇਹੋ ਕਾਰਨ ਹੈ ਕਿ ਪੁਲਿਸ ਦਾ ਹਰੇਕ ਸਿਪਾਹੀ ਟ੍ਰੈਫ਼ਿਕ ਪੁਲਿਸ ਵਿਚ ਜਾਣਾ ਚਾਹੁੰਦਾ ਹੈ। ਟ੍ਰੈਫ਼ਿਕ ਪੁਲਿਸ ਵਿਚ ਹੋਣ ਦਾ ਅਰਥ ਹੈ---ਚੋਰਾਂ, ਡਾਕੂਆਂ ਜਾਂ ਉਚੱਕਿਆਂ ਪਿੱਛੇ ਭੱਜਣ ਜਾਂ ਝੂਠੇ ਕੇਸ ਬਣਾਉਣ ਦੀ ਕੋਈ ਲੋੜ ਨਹੀਂ---ਚਾਲਕ, ਆਪੁ ਹੀ, ਰਿਸ਼ਵਤ ਮੁੱਠੀ ਵਿਚ ਫੜਾਅ ਕੇ ਗਾਇਬ ਹੋ ਜਾਣਾ ਚਾਹੁੰਦਾ ਹੈ।

ਸੂਰਜ ਗੱਡੀ ਹੌਲੀ ਕਰਕੇ, ਖੱਬੇ, ਕੱਚੇ ਵਿਚ ਲਾਹ ਕੇ, ਰੋਕ ਲੈਂਦਾ ਹੈ। ਮੁਬਾਇਲ ਉਪਰ ਉਂਗਲਾਂ ਚੱਲਦੀਆਂ ਨੇ ਤੇ ਉਹ ਕੰਨ 'ਤੇ ਪਹੁੰਚ ਜਾਂਦਾ ਹੈ।

ਮੀਨਾ ਦੀ ਸੁਰੀਲੀ ਆਵਾਜ਼ ਸੁਣ ਕੇ ਖਿੜ-ਪੁੜ ਜਾਂਦਾ ਹੈ ਤੇ ਚਹਿਕਦਾ ਹੋਇਆ ਕਹਿੰਦਾ ਹੈ, "ਮੀਨਾ ਦਿੱਲੀ ਤੋਂ ਸੂਰਜ ! ਅੱਜ ਦੁਪਹਿਰੇ ਦੋ ਵਜੇ ਦੀ ਫਲਾਇਟ 'ਤੇ ਕੋਲਕਾਤਾ ਆ ਰਿਹਾਂ। ਫ਼ਰੀ ਏਂ ਨਾ ?"

"ਝੂਠੇ।…ਬਣਾਅ ਰਹੇ ਓ ਨਾ !"

"ਨਹੀਂ…ਸੱਚ ਕਹਿ ਰਿਹਾਂ…।"

"ਪੂਰੇ ਦੋ ਮਹੀਨਿਆਂ ਦੀ, ਵਾਇਦੇ ਸੁਣਦੀ ਆ ਰਹੀ ਆਂ।"

"ਅੱਜ ਵਾਇਦਾ ਨਹੀਂ, ਪੱਕੀ ਗੱਲ ਏ ਇਹ, ਹਾਂ।"

"ਕਿੱਥੇ ਠਹਿਰੋਗੇ ?"

"ਉੱਥੇ ਈ, ਨੰਦਨ 'ਚ। ਹੈ ਤਾਂ ਥਰੀ-ਸਟਾਰ ਈ ਪਰ ਸਰਵਿਸ ਤੇ ਖਾਣਾ ਬੜਾ ਵਧੀਆ ਹੁੰਦਾ ਏ, ਉਹਨਾਂ ਦਾ। ਨਾਲੇ ਐਸਪਲੇਨੇਡ ਨੇੜੇ ਈ ਏ।"

"ਕਿਸੇ ਵੱਡੇ ਕੰਮ ਆ ਰਹੇ ਹੋਵੋਗੇ !"

"ਬਸ ਦੋ ਚਾਰ ਘੰਟਿਆਂ ਦਾ ਕੰਮ ਏਂ, ਤੇ ਰੁਕਾਂਗਾ ਪੂਰੇ ਤਿੰਨ ਦਿਨ।"

ਇਕ ਗੁੰਦਵੀਂ ਬੰਗਾਲੀ ਦੇਹ ਸੂਰਜ ਨੂੰ ਉਤੇਜਿਤ ਕਰ ਰਹੀ ਸੀ। ਮੀਨਾ ਕਹਿ ਰਹੀ ਸੀ, ਦੋ ਢਾਈ ਘੰਟਿਆਂ ਦੀ ਫਲਾਈਟ ਏ। ਚਾਰ ਜਾਂ ਸਾਢੇ ਚਾਰ ਵਜੇ ਤਕ ਪਹੁੰਚ ਜਾਵੇਗੀ। ਮੈਂ ਹੋਟਲ ਦੀ ਟੈਕਸੀ ਵਿਚ ਪਹੁੰਚ ਜਾਵਾਂਗੀ।

ਓ.ਕੇ. ਫ਼ੋਨ ਬੰਦ ਕਰਕੇ ਸੂਰਜ ਗੱਡੀ ਸੜਕ ਉੱਤੇ ਭਜਾਅ ਲੈਂਦਾ ਹੈ।

***
ਮੀਨਾ ਸੋਚਣ ਲੱਗਦੀ ਹੈ---'ਜੇ ਸੂਰਜ ਤਿੰਨ ਦਿਨ ਵੀ ਰਕਿਆ ਤਾਂ ਉਹ ਇਕ ਸੈਕੇਂਡਹੈਂਡ ਗੱਡੀ ਤਾਂ ਖਰੀਦ ਈ ਸਕੇਗੀ। ਪਰ ਘਰ ਵਾਲੇ! ਐਂਜਵਾਏ ਕਰਨ ਦੀ ਬਜਾਏ ਈਸ਼ਵਰ ਚੰਦਰ ਵਿਧਾਸਾਗਰ ਬਣ ਜਾਣਗੇ।…'ਨਾ! ਕੀ ਕਾਰ ਬੜੀ ਜ਼ਰੂਰੀ ਸੀ?' ਕੋਲਕਾਤਾ ਅੱਜ ਵੀ ਔਰਤਾਂ ਦੇ ਮਾਮਲੇ 'ਚ ਪੁਰਾਤਨ-ਪੰਥੀ ਏ। ਫੇਰ, 'ਪੈਸੇ! ਕਿੱਥੋਂ ਆਏ ਤੇਰੇ ਕੋਲ ?'…'ਕੋਈ ਦੋਸਤ ਕਿਉਂ ਤੋਹਫ਼ਾ ਦਵੇਗਾ ?'…'ਅੱਜ ਦੀ ਦੁਨੀਆਂ ਵਿਚ ਲੈਣ ਨੂੰ ਦੇਣ ਹੁੰਦਾ ਏ ਜੀ।…ਤੂੰ ਕਿਤੇ! ਓ-ਮਾਂ, ਅਸੀਂ ਤਾਂ ਸਮਾਜ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਾਂਗੇ।'

'ਨਹੀਂ, ਉਹ ਇਵੇਂ ਨਹੀਂ ਜਿਊਂ ਸਕਦੀ, ਜਿਵੇਂ ਆਮ ਆਦਮੀ ਜਿਊਂ ਰਿਹਾ ਹੈ। ਆਇਸਤਾ! ਆਹਿਸਤਾ! ਕੀ ਇਹ ਉੱਚੀਆਂ ਇਮਾਰਤਾਂ ਦੇ ਮਾਲਿਕ ਈਮਾਨਦਾਰ ਨੇ ? ਸਰਕਾਰੀ ਅਮਲਾ ਐਵੇਂ ਈ ਰਿਸ਼ਵਤਖ਼ੋਰ ਨਹੀਂ ਬਣ ਗਿਆ। ਅਮੀਰ ਉਸਨੂੰ ਹੱਸ ਕੇ ਰਿਸ਼ਵਤ ਦੇਂਦਾ ਏ ਤੇ ਗਰੀਬ ਤੋਂ ਉਹ ਵਸੂਲ ਕਰ ਲੈਂਦੇ ਨੇ! ਪਾਰਲੀਮੈਂਟ ਵਿਚ ਸਵਾਲ ਉਠਾਉਣ ਲਈ ਵੀ ਸਾਂਸਦ ਪੈਸੇ ਦਾ ਲੈਣ-ਦੇਣ ਕਰਨ ਲੱਗ ਪਏ ਨੇ। ਹਵਾਈ ਯਾਤਰਾ ਵਿਚ ਕਿਸੇ ਹੋਰ ਨੂੰ ਪਤਨੀ ਬਣਾ ਕੇ ਲੈ ਜਾਂਦੇ ਨੇ। ਹਰ ਮੰਤਰੀ ਤੇ ਸੰਤਰੀ ਨੂੰ ਕਮਿਸ਼ਨ ਪਹੁੰਚਾਉਂਦੇ ਰਹਿੰਦੇ ਨੇ, ਉਹਨਾਂ ਦੇ ਦਲਾਲ! ਦੇਸ਼ ਦੀ ਸੰਸਕ੍ਰਿਤੀ, ਦਲਾਲ ਸੰਸਕ੍ਰਿਤੀ ਬਣ ਕੇ ਰਹਿ ਗਈ ਏ। ਈਮਾਨਦਾਰੀ ਹੈ ਕਿੱਥੇ ?...ਲੋਅਰ ਮਿਡਲ ਕਲਾਸ ਦਾ ਝੂਠਾ ਨਸ਼ਾ ਏ ਈਮਾਨਦਾਰੀ! ਮੰਦਰ ਬਣਾਉਣ ਵਾਲਾ ਸੇਠ ਬੇਈਮਾਨ ਏ, ਪੁਜਾਰੀ ਚੜ੍ਹਾਵੇ ਦੇ ਹਿਸਾਬ ਨਾਲ ਭਗਵਾਨ ਦਾ ਅਸ਼ੀਰਵਾਦ ਦੇਂਦਾ ਏ ਤੇ ਹਰੇਕ ਸਰਕਾਰ ਦਾ ਖਜਾਨਾ ਸ਼ਰਾਬ ਦੀ ਵਿੱਕਰੀ 'ਤੇ ਨਿਰਭਰ ਰਹਿੰਦਾ ਏ। ਹਰ ਚੀਜ਼ ਪੈਸੇ ਨਾਲ ਖਰੀਦੀ ਜਾ ਸਕਦੀ ਏ। ਰਿਸ਼ਵਤ ਵਿਚ ਚੱਲਦਾ ਏ---ਪੈਸਾ, ਸ਼ਰਾਬ ਤੇ ਔਰਤ! ਪੈਸਾ ਬੇਈਮਾਨ ਦੀ ਜੇਬ ਵਿਚ ਜਾਂਦਾ ਏ, ਸ਼ਰਾਬ ਦੀ ਵਿਕਰੀ ਨਾਲ ਸਰਕਾਰਾਂ ਚੱਲਦੀਆਂ ਨੇ ਤਾਂ ਔਰਤ ਕਿਉਂ ਨਾ ਆਪੁ ਆਪਣੀ ਕੀਮਤ ਵਸੂਲ ਕਰੇ! ਪੈਸਾ ਹੋਵੇ ਤਾਂ ਚੰਗੇ ਤੋਂ ਚੰਗਾ ਪਤੀ ਮਿਲ ਜਾਂਦਾ ਏ। ਪੈਸੇ ਨਾਲ ਕੀ ਨਹੀਂ ਖਰੀਦਿਆ ਜਾ ਸਕਦਾ…'

***
ਸੂਰਜ ਬਾਰਡਰ ਤੋਂ ਸੱਜੇ ਮੁੜ ਕੇ ਵਿਵੇਕ ਵਿਹਾਰ ਦਾ ਰਸਤਾ ਫੜ੍ਹ ਲੈਂਦਾ ਹੈ। ਵਿਵੇਕ ਵਿਹਾਰ ਵਿਚ ਤੇਜੀ ਨਾਲ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ। ਪਿਤਾ ਚੰਦੂ ਲਾਲ ਉੱਥੋਂ ਦਾ ਕੰਮ ਦੇਖਣ ਆਏ ਹੋਏ ਸਨ। ਸੂਰਜ ਨੂੰ ਦੇਖਦੇ ਹੀ ਬੋਲੇ, "ਦਿੱਲੀ ਦਾ ਕੰਮ ਕਿੰਨਾ ਮਹੱਤਵਪੂਰਨ ਏਂ, ਸਮਝ ਰਿਹਾ ਏਂ ਨਾ ? ਹਜ਼ਾਰਾਂ, ਕਰੋੜਾਂ ਦਾ ਕੰਮ ਏਂ। ਦੋ ਹਜ਼ਾਰ ਦਸ ਵਿਚ ਕਾਮਨਵੈਲਥ ਖੇਡਾਂ ਹੋਣੀਆਂ ਨੇ, ਇਸ ਲਈ ਪਹਿਲਾਂ ਕੰਮ ਈ ਕੰਮ ਏਂ---ਫਲਾਈ ਓਵਰਜ਼, ਮਾਲਜ਼, ਹੋਟਲ ਤੇ ਸੜਕ ਦੋ ਦੋਵੇਂ ਪਾਸੇ ਯੂਰੋਪ ਵਰਗਾ ਮਾਹੌਲ। ਕਮਾਈ ਦਾ ਅਸਲੀ ਵਕਤ ਏ, ਬੇਟਾ ਜੀ।…ਹਾਂ, ਕੰਮ ਹੋਵੇ ਐਸਾ ਕਿ ਤਿੰਨ ਚਾਰ ਸਾਲ ਤਕ ਕੋਈ ਇੱਟ ਨਾ ਖਿਸਕੇ, ਏਸੇ ਲਈ ਪੈਸੇ ਵੀ ਮਨ ਚਾਹੇ ਮਿਲ ਰਹੇ ਨੇ।"

"ਪਰ ਕੀ ਦਿੱਲੀ ਓਨੀ ਸਾਫ-ਸੁਥਰੀ ਰਹਿ ਸਕਦੀ ਏ ? ਜਿੱਥੇ ਹਰ ਸਾਲ ਚਾਰ-ਪੰਜ ਲੱਖ ਬੇਰੁਜ਼ਗਾਰਾਂ ਦੀ ਭੀੜ ਵਧ ਜਾਂਦੀ ਏ; ਹਵਾ 'ਚ ਧੂੰਆਂ ਤੇ ਧੂੜ ਉੱਡਦੀ ਰਹਿੰਦੀ ਏ, ਉੱਥੇ ਯੂਰੋਪੀਅਨ ਵਾਤਾਵਰਨ ਕਿਵੇੱ ਬਣਿਆ ਰਹਿ ਸਕਦਾ ਏ ?"

"ਬਹਿਸ ਨਾ ਕਰ ਸੂਰਜ ! ਸ਼ਾਦੀ-ਵਿਆਹ ਵੇਲੇ ਕੇਡੀ ਸਜਾਵਟ ਹੁੰਦੀ ਏ ਕਿ ਲੋਕੀ ਦੇਖਦੇ ਰਹਿ ਜਾਂਦੇ ਨੇ। ਬਾਅਦ 'ਚ ਕੂੜਾ ਉੱਥੇ ਪਿਆ ਰਹਿ ਜਾਂਦਾ ਏ, ਪਰ ਕੋਈ ਦੇਖਣ ਨਹੀਂ ਆਉਂਦਾ। ਤੂੰ ਸਿਵਲ ਇੰਜੀਨੀਅਰ ਏਂ, ਤੇਰਾ ਕੰਮ ਇਮਾਰਤ ਖੜ੍ਹੀ ਕਰਨਾ ਏ। ਪਰ ਅਸੀਂ ਕੰਸਟ੍ਰਕਸ਼ਨ ਬਿਜਨੇਸ ਵਿਚ ਵੀ ਆਂ। ਸਾਨੂੰ ਅੱਖਾਂ ਖੋਹਲ ਕੇ ਰਹਿਣਾ ਚਾਹੀਦਾ ਏ ਤੇ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਏ। ਇਸ ਲਈ ਮੈਂ ਤੈਨੂੰ ਤਿੰਨ-ਚਾਰ ਦਿਨਾਂ ਲਈ ਕੋਲਕਾਤਾ ਭੇਜ ਰਿਹਾਂ।"

"ਉੱਥੋਂ ਦਾ ਕੰਮ ਤਾਂ ਨੀਲਮਣੀ ਕੰਸਟ੍ਰਕਸ਼ਨਜ਼ ਵਾਲਿਆਂ ਨੇ ਲਿਆ ਹੋਇਆ ਏ। ਅਸੀਂ ਤਾਂ ਸਿਰਫ ਇਕ ਤਿਹਾਈ ਦੇ ਪਾਰਟਨਰ ਆਂ ਨਾ ?"

"ਹਾਂ, ਪਰ ਇਸ ਇਕ ਤਿਹਾਈ ਪਾਰਟਨਰ ਸ਼ਿਪ ਵਿਚ ਲਾਭ ਹੋਣਾ ਚਾਹੀਦਾ ਏ ਜਾਂ ਨੂਕਸਾਨ ?"

"ਲਾਭ ਤਾਂ ਨੀਲਮਣੀ ਦਾ ਵੀ ਉਦੇਸ਼ ਏ।"

"ਪਰ ਨੀਲਮਣੀ ਬੰਗਾਲੀ ਏ। ਬੰਗਾਲੀ ਵਰਕਰ ਉੱਤੇ ਤੁਸੀਂ ਜਾਂ ਕੋਈ ਹੋਰ ਵਿਸ਼ਵਾਸ ਕਰ ਸਕਦਾ ਏ ਭਲਾ ? ਸਿੰਗੂਰ ਨੇ ਮਾਰਕਵਾਦੀ ਸਰਕਾਰ ਨੂੰ ਕਰਾਰੀ ਸੱਟ ਮਾਰੀ ਏ। ਕਿਸਾਨ ਉਸਦੇ ਹੱਥੋਂ ਨਿਕਲ ਰਿਹਾ ਏ; ਇਸ ਲਈ ਉਹ ਮਜ਼ਦੂਰ ਉਪਰ ਅੱਖ ਗੱਡੀ ਰੱਖੇਗੀ। ਹਾਲਾਂਕਿ ਪੂੰਜੀਵਾਦਦੇ ਪ੍ਰਤੀ ਉਦਾਰ ਹੋਈ ਹੋਈ ਏ ਬੰਗਾਲ ਸਰਕਾਰ, ਪਰ ਆਪਣਾ ਵੋਟ ਤਾਂ ਨਹੀਂ ਘਟਾਉਣਾ ਚਾਹੇਗੀ ਨਾ ? ਮੈਂ ਚਾਹੁੰਦਾ ਆਂ ਬਈ, ਤੂੰ ਨੀਲਮਣੀ ਨੂੰ ਸਮਝਾਅ ਆ ਕਿ ਮਜ਼ਦੂਰ-ਮਿਸਤਰੀਆਂ ਤੇ ਕਾਰੀਗਰਾਂ ਵਿਚ ਬੰਗਾਲੀ ਇਕ ਤਿਹਾਈ ਤੋਂ ਵੱਧ ਨਾ ਹੋਣ। ਗ਼ੈਰ-ਬੰਗਾਲੀ ਮਜ਼ਦੂਰ ਜਾਂ ਕਾਰੀਗਰ ਉੱਥੋਂ ਦੀ ਸਰਕਾਰ ਦਾ ਵੋਟ ਬੈਂਕ ਨਹੀਂ…ਬੰਗਾਲੀ ਲੇਬਰ ਘੱਟ ਹੋਵੇਗੀ ਤਾਂ ਕਮਿਊਨਿਸਟ ਪਾਰਟੀ ਉਧਰ ਧਿਆਨ ਨਹੀਂ ਦਵੇਗੀ। ਇਕ ਸਾਲ ਬਾਅਦ ਚੋਣਾ ਵੀ ਤਾਂ ਹੋਣੀਆਂ ਨੇ…"

"ਗ਼ੈਰ-ਬੰਗਾਲੀ !"

"ਦਿੱਲੀ 'ਚ ਯੂ.ਪੀ., ਰਾਜਸਥਾਨ, ਮੱਧ-ਪ੍ਰਦੇਸ਼ ਦੇ ਲੋਕ ਕੰਮ ਲਈ ਭੌਂਦੇ ਫਿਰਦੇ ਨੇ ਤੇ ਬੰਗਾਲ ਵਿਚ ਬਿਹਾਰੀ ਤੇ ਉੜੀਆ ਮਜ਼ਦੂਰ-ਮਿਸਤਰੀਆਂ ਦੀ ਕਮੀ ਨਹੀਂ। ਸਰਕਾਰੀ ਮਸ਼ੀਨਰੀ ਇੱਥੋਂ ਦੀ ਹੋਵੇ ਭਾਵੇਂ ਕਿਤੋਂ ਦੀ, ਹਰ ਜਗ੍ਹਾ ਉਹਨਾਂ ਦੀਆਂ ਜੇਬਾਂ ਖਾਲੀ ਰਹਿੰਦੀਆਂ ਨੇ, ਜਿਹੜੀਆਂ ਅਸੀਂ ਲੋਕ ਭਰਦੇ ਆਂ।"

"ਓ-ਅ…!"

"ਹਾਂ ਸੂਰਜ ! ਮੈਨੇਜ਼ਮੈਂਟ ਪੜ੍ਹ ਕੇ ਆਏ ਮੁੰਡੇ ਜਦੋਂ ਕਾਰਖ਼ਾਨਿਆਂ ਵਿਚ ਕੰਮ ਕਰਦੇ ਨੇ, ਓਦੋਂ ਉਹਨਾਂ ਨੂੰ ਪਤਾ ਲੱਗਦਾ ਏ ਬਈ ਸਾਮ, ਦਾਮ, ਦੰਡ ਤੇ ਭੇਦ…ਇਹਨਾਂ ਚਾਰ ਅਸੂਲਾਂ ਦੇ ਇਲਾਵਾ ਪੰਜਵੇਂ ਦੀ ਉਹਨਾਂ ਨੂੰ ਲੋੜ ਨਹੀਂ। ਅੰਗਰੇਜ਼ ਤਾਂ ਗੋਰੀ ਤੇ ਕਾਲੀ ਚਮੜੀ ਵਿਚ ਫਰਕ ਕਰਦਾ ਸੀ, ਹੁਣ 'ਡਿਵਈਡ' ਯਾਨੀ ਵੰਡਣ ਲਈ ਭਾਸ਼ਾ, ਸੂਬਾ, ਧਰਮ ਤੇ ਜਾਤ ਵਰਗੇ ਕਈ ਅਸਤਰ ਮੌਜ਼ੂਦ ਨੇ। ਬੰਗਾਲੀ ਖ਼ੁਦ ਨੂੰ ਕਰਾਂਤੀਵੀਰ ਤੇ ਸਭਿਅਤਾ ਦਾ ਬਾਦਸ਼ਾਹ ਸਮਝਦਾ ਏ। ਦੂਜਿਆਂ ਨੂੰ ਹਿਕਾਰਤ ਦੀ ਨਿਗਾਹ ਨਾਲ ਵੇਖਦਾ ਏ…ਇਸ ਲਈ ਏਨੇ ਸਾਲਾਂ ਤੋਂ ਮਾਰਕਸਵਾਦੀ ਸਰਕਾਰ ਹੁੰਦਿਆਂ ਹੋਇਆਂ ਵੀ ਸਰਵਹਾਰਾ ਸਮਾਜ ਦੀ ਸਥਾਪਨਾਂ ਨਹੀਂ ਹੋ ਸਕੀ ਉੱਥੇ।"

ਸੂਰਜ ਨੂੰ ਲੱਗਿਆ ਕਿ ਵਪਾਰ ਬਾਰੇ ਉਸਨੂੰ ਪਿਤਾ ਕੋਲੋਂ ਖਾਸਾ ਕੁਝ ਸਿੱਖਣਾ ਪਏਗਾ। ਅੱਜ ਦਾ ਮਨੁੱਖ ਮਨੋਵਿਗਿਆਨ, ਰਾਜਨੀਤੀ ਤੇ ਸਮੇਂ ਨੂੰ ਪਰਖਣ ਲੱਗ ਪਿਆ ਹੈ ਇਸ ਲਈ ਨੁਕਸਾਨ ਦੀ ਗੁੰਜਾਇਸ਼ ਘੱਟ ਹੋ ਗਈ ਹੈ ਤੇ ਦੇਸ਼ ਦੀ ਸਮਰਿਧੀ, ਸਟਾਕ ਐਕਸਚੇਂਜ਼ ਦੇ ਆਂਕੜੇ ਉੱਚੇ ਉਠਣ ਨਾਲ ਮਾਪੀ ਜਾਂਦੀ ਹੈ। ਬੀ.ਜੇ.ਪੀ. ਦਾ ਮੱਧ ਪ੍ਰਦੇਸ਼ ਹੋਵੇ, ਕਾਂਗਰਸ ਦਾ ਹਰਿਆਣਾ ਜਾਂ ਮਾਰਕਸੀਆਂ ਦਾ ਬੰਗਾਲ, ਪ੍ਰਗਤੀ ਦਾ ਬੋਧ, ਉਦਯੋਗ ਬਣਿਆ ਹੋਇਆ ਹੈ। ਕਹਿਣ ਨੂੰ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪਰ ਵਿਧਰਵ ਹੋਵੇ ਜਾਂ ਪੰਜਾਬ ਜਾਂ ਫੇਰ ਮਹਾਰਾਸ਼ਟਰ, ਕਿਸਾਨ ਆਤਮ-ਹੱਤਿਆ ਕਰ ਰਿਹਾ ਹੈ। ਸਰਕਾਰ ਉਹਨਾਂ ਦੀ ਦੁਰਗਤੀ ਰੋਕਣ ਦੀ ਯੋਜਨਾ ਬਣਾਉਂਦੀ ਰਹਿੰਦੀ ਹੈ ਪਰ ਦੁਰਗਤੀ ਕਿੱਥੇ ਰੁਕਦੀ ਹੈ ! ਕੱਲ੍ਹ ਗੰਢਿਆਂ ਦਾ ਆਕਾਲ ਸੀ, ਅੱਜ ਨਾਸਕ ਦੇ ਆਸਪਾਸ ਬੰਪਰ ਫਸਲ ਹੋਈ ਤਾਂ ਗੰਢੇ ਸੜਕਾਂ ਤੇ ਇਕ ਰੁਪਏ ਕਿੱਲੋ ਵਿਕਣ ਲੱਗ ਪਏ। ਕੱਲ੍ਹ ਦਾ ਭੁੱਖਾ ਕਿਸਾਨ ਅੱਜ ਨੰਗਾ ਵੀ ਹੋ ਗਿਆ ਹੈ। ਮੱਥੇ ਉੱਤੇ ਹੱਥ ਰੱਖੀ ਬੈਠਾ ਹੈ ਵਿਚਾਰਾ…ਕਿੱਥੇ ਸੁੱਟੇ ਏਨੇ ਗੰਢਿਆਂ ਨੂੰ ! (ਤੁਹਾਨੂੰ ਚੇਤਾ ਹੋਵੇਗਾ, ਪੰਜਾਬ ਵਿਚ ਵੀ ਇਕ ਵਾਰੀ ਆਲੂਆਂ ਤੇ ਟਮਾਟਰਾਂ ਨਾਲ ਇਵੇਂ ਹੀ ਹੋਇਆ ਸੀ---ਅਨੁ.) ਫਸਲ ਘੱਟ ਹੋਵੇ ਤਾਂ ਕਿਸਾਨ ਮਰਦਾ ਹੈ ਤੇ ਜੇ ਬਹੁਤੀ ਹੋ ਜਾਵੇ ਤਾਂ ਵੀ ਕਿਸਾਨ ਹੀ ਮਰਦਾ ਹੈ। ਇਹ ਸਾਂਸਦ, ਵਿਧਾਨ ਸਭਾ, ਪੱਤਰਕਾਰ ਤੇ ਸਰਕਾਰ ਦਾ ਹਰ ਮਹਿਕਮਾ, ਉਦਯੋਗਪਤੀਆਂ ਦੀ ਕਾਢ ਜੋ ਹੈ।

ਹਵਾਈ ਜਹਾਜ਼ ਵਿਚ ਬੈਠੇ ਸੂਰਜ ਦੇ ਦਿਮਾਗ਼ ਵਿਚ ਇਹੋ ਪ੍ਰਸ਼ਨ ਉਭਰ ਰਹੇ ਸਨ ਕਿ ਜਹਾਜ਼ ਦਮਦਮ ਪਹੁੰਚ ਗਿਆ। ਡਿੱਕੀ ਵਿਚੋਂ ਛੋਟਾ ਸੂਟਕੇਸ ਕੱਢਦਿਆਂ ਹੋਇਆਂ ਉਸਨੂੰ ਪਿਤਾ ਦੇ ਹੋਰ ਉਪਦੇਸ਼ ਚੇਤੇ ਆਉਣ ਲੱਗੇ…'ਇਸ ਮੁਲਕ ਵਿਚ ਬੁੱਧੀਜੀਵੀ ਬਾਜ਼ਾਰਵਾਦ ਦੀ ਲਗਾਤਾਰ ਬੁਰਾਈ ਕਰਦੇ ਰਹਿੰਦੇ ਨੇ ਤੇ ਸ਼ਹਿਰਾਂ ਵਿਚ ਰਹਿ ਕੇ ਬਾਜ਼ਾਰਵਾਦ ਤੋਂ ਸਭ ਤੋਂ ਵੱਧ ਲਾਭ ਉਠਾਉਂਦੇ ਨੇ। ਬਾਜ਼ਾਰਵਾਦ ਨੇ ਹਿੰਦੁਸਤਾਨੀ ਸ਼ਹਿਰਾਂ ਨੂੰ ਆਬਾਦ ਕੀਤਾ ਏ, ਰੌਣਕ ਵਧਾਈ ਏ, ਰੋਜ਼ਗਾਰ ਦਿੱਤਾ ਏ, ਲੋਅਰ ਮਿਡਲ ਕਲਾਸ ਨੂੰ ਅੱਪਰ ਮਿਡਲ ਕਲਾਸ ਤੇ ਉੱਚ ਮੱਧ ਵਰਗ ਨੂੰ ਕਾਰਪੋਰੇਟ ਜਗਤ ਦੀਆਂ ਉਚਾਈਆਂ ਦਿੱਤੀਆਂ ਨੇ। ਅੱਜ ਰਿਕਸ਼ੇਵਾਲੇ ਕੋਲ ਮੁਬਾਇਲ ਹੈ। ਇਸ ਵਿਚ ਬਿਜਨਸ ਕਰਨ ਵਾਲਾ ਵੀ ਖ਼ੂਬ ਕਮਾਅ ਰਿਹੈ। ਦਿੱਲੀ ਤੇ ਹੋਰ ਮੈਟਰੋਜ਼ ਵਿਚ ਕਾਰਾਂ ਵਧੀਆਂ ਨੇ ਤਾਂ ਸੜਕਾਂ, ਜਨਤਕ ਪਰਿਵਾਹਣਾ ਤੇ ਇਨਵਾਇਰਮੈਂਟ ਉੱਤੇ ਵੀ ਸੋਚ ਜਾਗੀ ਏ। ਇਕ ਸਕਾਈਸਕਰੈਪਰ ਬਣਦਾ ਏ ਤਾਂ ਹਜ਼ਾਰਾਂ ਨੂੰ ਕੰਮ ਮਿਲਦਾ ਏ, ਬਾਜ਼ਾਰ ਵਿਚ ਗਤੀ ਆਉਂਦੀ ਏ, ਫਾਇਰ ਫਈਟਿੰਗ ਦੀ ਨਵੀਂ ਤਕਨੀਕ ਆਉਂਦੀ ਏ ਤੇ ਬੇਕਾਰ ਪਈ ਗੰਦੀ ਜਗ੍ਹਾ ਉਪਰ ਪਾਰਕ ਉੱਗ ਆਉਂਦੇ ਨੇ।'

ਅਚਾਨਕ ਮੋਹਕ-ਮੁਸਕਾਨ ਦੇ ਨਾਲ ਨਮਸਕਾਰ ਦੀ ਮੁਦਰਾ ਵਿਚ ਹੱਥ ਜੋੜੀ ਖੜ੍ਹੀ ਏਅਰ ਹੋਸਟੇਸ ਨੂੰ ਦੇਖ ਕੇ ਉਸਨੂੰ ਫੇਰ ਮੀਨਾ ਯਾਦ ਆ ਜਾਂਦੀ ਹੈ। ਇਕ ਗੁਦਾਜ਼ ਦੇਹ, ਮਿੱਠੀ ਹਾਸੀ, ਬਾਂਕੀ ਚਿਤਵਨ ਤੇ ਕੋਈ ਸੰਕੋਚ ਵੀ ਨਹੀਂ। ਖਰਚ ਸਾਰਥਕ ਲੱਗਦਾ ਹੈ।

ਬਾਹਰ ਮੀਨਾ ਉਡੀਕ ਕਰ ਰਹੀ ਸੀ। ਹੋਟਲ ਦੀ ਟੈਕਸੀ ਦਾ ਡਰਾਈਵਰ ਪਛਾਣ-ਫੱਟੀ ਕੱਛ 'ਚ ਮਾਰ ਕੇ ਸੂਰਜ ਦਾ ਅਟੈਚੀ ਫੜ੍ਹ ਲੈਂਦਾ ਹੈ। ਟੈਕਸੀ ਦੇ ਬਾਹਰ ਖੜ੍ਹੀ ਮੀਨਾ ਉਸਨੂੰ ਦੇਖਦਿਆਂ ਹੀ ਲਿਪਟ ਜਾਂਦੀ ਹੈ, "ਮਾਂ-ਨੀਂ ! ਇਹ ਅੱਧੇ ਘੰਟੇ ਦੀ ਉਡੀਕ ਹਿਮਾਲਿਆ ਜਿੱਡੀ ਹੋ ਗਈ ਸੀ। ਪਾਰ ਹੋਣ ਵਿਚ ਈ ਨਹੀਂ ਸੀ ਆ ਰਹੀ।"

ਸੂਰਜ ਅੰਦਰ ਬੈਠਦਾ ਹੈ ਤਾਂ ਮੀਨਾ ਸਿਰ, ਉਸਦੇ ਮੋਢੇ ਨਾਲ ਜੋੜ ਲੈਂਦੀ ਹੈ। ਬਿਨਾਂ ਗਲੈਸਰੀਨ ਦੇ ਵੀ ਪਰਲ-ਪਰਲ ਅੱਥਰੂ ਵਹਾਉਣੇ ਆਉਂਦੇ ਨੇ ਉਸਨੂੰ। ਇਕ, ਡੇਢ ਸਾਲ ਪਹਿਲਾਂ ਜਦੋਂ ਸੂਰਜ ਕੋਲਕਾਤਾ ਆਇਆ ਸੀ ਤਾਂ ਮੀਨਾ ਨਵੀਂ-ਨਵੀਂ ਇਸ ਹੋਟਲ ਦੀ ਐਲਬਮ ਵਿਚ ਵੜੀ ਸੀ। ਮੋਨਾ ਤੋਂ ਮੀਨਾ ਬਣ ਗਈ ਸੀ। ਮੀਨਾ ਸੂਰਜ ਨੂੰ ਬੜੀ ਚੰਗੀ ਲੱਗੀ ਸੀ। ਆਪਣਾ ਸੰਪੂਰਣ ਦੇ ਕੇ ਵੀ ਅਛੂਤੀ ਜਿਹੀ। ਕੁਝ ਪੁੱਛਣ 'ਤੇ ਝੂਠ ਨਹੀਂ ਸੀ ਬੋਲਦੀ…'ਮੈਂ ਸੜਕਾਂ ਉਪਰ ਪੈਦਲ ਨਹੀਂ ਘਿਸਟਨਾ ਚਾਹੁੰਦੀ, ਇਸ ਲਈ ਆਪਣਾਇਆ ਏ ਇਹ ਜੀਵਨ। ਤੁਹਾਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰ ਸਕਾਂਗੀ, ਇਹ ਵਿਸ਼ਵਾਸ ਏ, ਮੈਨੂੰ।"

"ਕੋਲਕਾਤਾ ਪ੍ਰੇਮੀ ਸੱਜਨਾਂ ਨਾਲ ਭਰਿਆ ਹੋਇਆ ਏ, ਕਿਤੇ ਤੂੰ ਵੀ ਤਾਂ ਮੈਨੂੰ…?"

"ਬੰਗਾਲੀ ਅਲੀਗੰਜ ਲੇਕ ਉੱਤੇ ਹਨੇਰਾ ਹੁੰਦਿਆਂ ਈ ਪ੍ਰੇਮਿਕਾ ਨੂੰ ਗੋਦ ਵਿਚ ਬਿਠਾਅ ਲੈਂਦਾ ਏ। ਆਸੇ-ਪਾਸੇ ਸਿਪਾਹੀ ਨਾ ਦਿਸੇ ਤਾਂ ਚੰਮ ਵੀ ਲੈਂਦਾ ਏ---ਜਿਸ ਲਈ ਉਹ ਪਹਿਲਾਂ ਹੀ ਉਸਨੂੰ ਰਿਸ਼ਵਤ ਦੇ ਚੁੱਕਿਆ ਹੁੰਦਾ ਏ। ਥਿਏਟਰ ਦੇ ਬਾਹਰ ਜਾਂ ਕਿਤੇ ਹੋਰ ਚਾਟ ਪਕੌੜੇ ਖੁਆ ਲਿਆਇਆ ਹੁੰਦਾ ਏ। ਜਾਸਤੀ (ਵੱਧ) ਖਰਚ ਉਸਦੀ ਪਾਕੇਟ ਬਰਦਾਸ਼ਤ ਨਹੀਂ ਕਰ ਸਕਦੀ। ਵੇਲਾ ਆਉਂਦਿਆਂ ਈ ਸ਼ਾਦੀ ਹੋ ਜਾਂਦੀ ਏ। ਪਰ ਹਿੰਦੁਸਤਾਨੀ ਸ਼ੁਰੂ ਤੋਂ ਈ ਕਮਾਉਂਦਾ ਤੇ ਖਰਚ ਕਰਦਾ ਏ। ਇਹ ਮਾਰਵਾੜੀ ਛੋਕਰੇ ਕੁੜੀ ਨੂੰ ਘੁਮਾਉਣ ਵਿਚ ਈ ਹਜ਼ਾਰਾ ਖਰਚ ਕਰ ਦੇਂਦੇ ਨੇ। ਬੰਗਲਾ ਵਿਚ ਕਵਿਤਾ ਤੇ ਕਥਾ-ਕਹਾਣੀਆਂ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਨੇ। ਬੰਗਾਲੀ ਉਹਨਾਂ ਨੂੰ ਗੁਣਗੁਣਾਉਂਦਾ ਤੇ ਜਿਊਂਦਾ ਰਹਿੰਦਾ ਏ---ਇਸ ਲਈ ਉਸਦੀ ਉਮਰ ਵਿਚ ਲੋੜਾਂ-ਥੁੜਾਂ ਹਮੇਸ਼ਾ ਰਹਿੰਦੀਆਂ ਨੇ। ਕੋਲਕਾਤਾ ਵਿਚ ਵੱਡੀਆਂ ਕੋਠੀਆਂ ਮਾਰਵਾੜੀਆਂ ਜਾਂ ਨਾਰਥ ਇੰਡੀਅਨਜ਼ ਦੀਆਂ ਈ ਨੇ। ਉਹ ਐਸ਼ ਕਰਨ ਤੇ ਕਰਾਉਣ ਜਾਣਦੇ ਨੇ। ਹਰ ਲੋਕਲ ਸਟੇਸ਼ਨ ਦੇ ਹਿੰਦੀ ਨਾਵਾਂ ਉੱਤੇ ਫਾਈਵਰ-ਬਰਾਂਡ ਬੰਗਾਲੀਆਂ ਨੇ ਕੋਲਤਾਰ ਪੋਚ ਦਿੱਤੀ ਏ, ਪਰ ਕੁੜੀਆਂ ਜਿਹਨਾਂ ਨੂੰ ਬਿਹਤਰ ਜ਼ਿੰਦਗੀ ਚਾਹੀਦੀ ਏ, ਉਹ ਫਰਾਟੇਦਾਰ ਹਿੰਦੀ ਬੋਲਦੀਆਂ ਨੇ। ਓ ਬਾਊਜੀ, ਵਧੇਰੇ ਕਰਕੇ ਟੈਕਸੀ ਵਾਲੇ ਨਾਨ ਬੰਗਾਲੀ ਜਾਂ ਸਰਦਾਰ ਜੀ ਈ ਹੈਨ।"

"ਤਾਂ ਤੂੰ ਪਿਆਰ ਨਹੀਂ ਕਰਦੀ ਕਿਸੇ ਨਾਲ ?" ਸੂਰਜ ਨੇ ਪੱਛਿਆ ਸੀ।

"ਪਿਆਰ ਇਕ ਐਬਸਟ੍ਰੈਕਟ ਸੋਚ ਏ ਡਿਅਰ। ਜਦੋਂ ਤਕ ਦੇਹ ਐ, ਪਿਆਰ ਐ। ਪਰ ਜਿਊਣ ਲਈ, ਸ਼ਾਨ ਨਾਲ ਜਿਊਣ ਲਈ, ਪਹਿਲਾਂ ਰੁਪਈਏ ਚਾਹੀਦੇ ਨੇ। ਰਾਵਿੰਦਰ ਨਾਥ ਸ਼ਾਂਤੀ ਨਿਕੇਤਨ ਬਣਵਾ ਗਏ ਤੇ ਸ਼ਰਤ ਚੰਦਰ ਪ੍ਰੇਮ ਦੀ ਲੁਕਣ-ਮੀਚੀ ਖੇਡਦੇ ਰਹਿ ਗਏ…ਤੇ, ਤਸਲੀਮਾ ਨਸਰੀਨ ਨੂੰ ਕੋਲਕਾਤਾ ਸ਼ਰਣ ਤਾਂ ਦੇਂਦਾ ਏ, ਪਰ ਪੂਰੇ ਹਿੰਦੁਸਤਾਨ ਵਿਚ ਫੈਲਣ ਲਈ ਉਹਨੂੰ ਵੀ ਹਿੰਦੀ ਦੇ ਕਿਸੇ ਵੱਡੇ ਪ੍ਰਕਾਸ਼ਕ ਉੱਤੇ ਨਿਰਭਰ ਹੋਣਾ ਪੈਂਦਾ ਐ।"

ਅਚਾਨਕ ਸੂਰਜ ਦੀ ਸੋਚ ਲੜੀ ਟੁੱਟ ਗਈ ਏ। ਹਿੱਕ ਨਾਲ ਜੁੜੀ ਮੀਨਾ ਨੂੰ ਉਹ ਵੱਖ ਕਰਦਾ ਏ। ਡਰਾਈਵਰ ਕਾਫੀ ਦੇਰ ਦਾ ਨਾਟਕ ਦੇਖ ਰਿਹਾ ਸੀ। ਮੀਨਾ ਕਾਰ ਦੇ ਸ਼ੀਸ਼ੇ ਦੇ ਬਾਹਰ ਦੇਖਦੀ ਏ। ਮੀਂਹ ਪੈ ਕੇ ਰੁਕ ਚੁੱਕਿਆ ਸੀ ਤੇ ਇਸ ਲਈ ਲੋਕਾਂ ਦੇ ਹੱਥਾਂ ਵਿਚ ਛਤਰੀਆਂ ਈ ਨਹੀਂ ਸਨ, ਹੁੰਮਸ ਤੋਂ ਪ੍ਰੇਸ਼ਾਨ ਹੋ ਕੇ ਮੂੰਹ ਪੂੰਝਣ ਲਈ ਰੁਮਾਲ ਵੀ ਸਨ।

ਮੀਨਾ ਕਹਿੰਦੀ ਹੈ, "ਕਾਰ 'ਚੋਂ ਬਾਹਰ, ਬਰਸਾਤ ਦਾ ਦ੍ਰਿਸ਼ ਬੜਾ ਚੰਗਾ ਲੱਗਦਾ ਏ।"

"ਕੀ ਮੀਂਹ 'ਚ ਭਿੱਜਣਾ ਚੰਗਾ ਲਗਦੈ, ਤੈਨੂੰ ?"

"ਨਾ ਬਾਬਾ, ਮੀਂਹ 'ਚ ਭਿੱਜੋ ਤੇ ਫੇਰ ਗਰਮੀ 'ਚ ਭੁੱਜੋ। ਬੀ.ਏ. ਫਾਈਨਲ ਦਾ ਇਮਤਿਹਾਨ ਦਿੱਤਾ ਏ। ਰਾਤੀਂ ਬਿਸਤਰੇ ਵਿਚ ਟੇਬਲ ਲੈਂਪ ਕੋਲ ਵੀ ਪਿਆਜ਼ ਰੱਖ ਕੇ ਪੜ੍ਹਨਾ ਪੈਂਦਾ ਸੀ। ਕੂਲਰ ਸਿਰਫ ਆਵਾਜ਼ਾਂ ਕੱਢਦਾ ਏ ; ਹਾਰੇਬਲ…।"

"ਤੇ ਘਰਵਾਲੇ !"

"ਘੋੜੇ ਵੇਚ ਕੇ ਸੁੱਤੇ ਰਹਿੰਦੇ ਸੀ।"

"ਕਿਵੇਂ ?"

"ਸ਼ਾਇਦ ਉਹਨਾਂ ਦੀਆਂ ਅੱਖਾਂ ਵਿਚ ਗਰਮੀ ਜਾਂ ਸਰਦੀ ਦਾ ਸੁਪਨਾ ਨਹੀਂ ਸਿਰਫ ਨੀਂਦ ਹੁੰਦੀ ਏ। ਮੈਂ ਚਾਹ ਕੇ ਵੀ ਏ.ਸੀ. ਨਹੀਂ ਲਗਵਾ ਸਕਦੀ। ਮੇਰੇ ਕੋਲ ਐਨੇ ਪੈਸੇ ਹੈਨ, ਪਰ, ਘਰ ਪਤਾ ਲੱਗ ਜਾਏ ਤਾਂ ਸਾਰੇ ਐਡਵੋਕੇਟ ਬਣ ਬਹਿਣਗੇ।"

ਹੱਸਿਆ ਸੀ ਸੂਰਜ…ਆਪਣੇ ਨਾਲੋਂ ਚਾਰ-ਪੰਜ ਸਾਲ ਛੋਟੀ ਕੁੜੀ ਦੀਆਂ ਗੱਲਾਂ ਸੁਣ ਕੇ, "ਤੂੰ ਕੀ ਚਾਹੁੰਦੀ ਏਂ ?"

"ਪੈਸਾ, ਸ਼ਾਨਦਾਰ ਘਰ, ਕਾਰ, ਨੌਕਰ-ਚਾਕਰ…ਤੇ ਮੌਜ਼-ਮਸਤੀ।"

"ਮੇਰੀ ਮਾਂ ਅਮੀਰ ਘਰ ਦੀ ਸੀ। ਪਰ ਸ਼ਾਦੀ ਹੋਈ, ਦੋ ਬੱਚਿਆਂ ਤੇ ਘਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਸ ਉੱਤੇ ਆਣ ਪਈ। ਮੈਂ ਬਿਮਾਰ ਹੋ ਜਾਂਦਾ ਤਾਂ ਸਾਰੀ ਸਾਰੀ ਰਾਤ ਜਾਗਦੀ ਰਹਿੰਦੀ।"

"ਹਰੇਕ ਕੁੜੀ ਇਕ ਆਦਮੀ ਦਾ ਸੁਪਨਾ ਦੇਖਦੀ ਏ। ਚਾਹੁੰਦੀ ਏ, ਉਸਦਾ ਵਰਤਮਾਨ ਤੇ ਭਵਿੱਖ ਸੁਖਾਵਾਂ ਤੇ ਸੁਹਾਵਾਂ ਹੋਵੇ। ਸੁਖ ਦੇ ਸਕੇ, ਤਾਂ ਲੈ ਵੀ ਸਕੇ। ਜੋ ਚਾਹੇ, ਖਰੀਦ ਵੀ ਸਕੇ।"

"ਖਰੀਦ ਦੀ ਤਾਕਤ ਨਾਲ ਨਾ ਕਦੇ ਵਰਤਮਾਨ, ਤੇ ਨਾ ਹੀ ਕਦੇ ਭਵਿੱਖ ਸੁਖਾਵਾਂ ਜਾਂ ਸੁਹਾਵਾਂ ਹੋਇਆ ਏ। ਜਿਹੜਾ ਆਦਮੀ ਬਿਜਨੇਸ ਕਰਦਾ ਏ, ਲਾਭ ਖੱਟਦਾ-ਖੱਟਦਾ, ਘਾਟੇ ਵਿਚ ਵੀ ਜਾ ਸਕਦਾ ਏ।"

"ਤੁਸੀਂ ਸ਼ਾਇਦ ਗਰੀਬੀ ਨਹੀਂ ਦੇਖੀ, ਏਸੇ ਲਈ ਯਥਾਰਥ ਨੂੰ ਨਹੀਂ ਸਮਝ ਸਕਦੇ।"

"ਤਾਂ ਫਾਹ ਲੈ ਕਿਸੇ ਅਮੀਰ ਬਾਊ ਨੂੰ।"

ਹੱਸੀ ਮੀਨਾ, "ਏਨਾ ਜਾਣਦੀ ਆਂ ਬਈ ਉਹ ਤੁਸੀਂ ਨਹੀਂ ਹੋ ਸਕਦੇ। ਖ਼ੈਰ, ਭੁੱਲ ਜਾਓ ਸਾਰੀਆਂ ਗੱਲਾਂ। ਅੱਜ ਤੋਂ ਤਿੰਨ ਦਿਨ ਸਿਰਫ ਮੌਜ਼-ਮਸਤੀ ਬਾਰੇ ਈ ਸੋਚਾਂਗੇ।"

ਸੂਰਜ ਵੀ ਮਹਿਸੂਸ ਕਰਦਾ ਹੈ ਕਿ ਹਰੇਕ ਵਿਅਕਤੀ ਆਪਣੇ ਪੈਂਤਰਿਆਂ ਨਾਲ ਵਿਊ ਦੀ ਰਚਨਾਂ ਕਰਦਾ ਹੈ। ਸਿਆਣਾ ਉਹੀ ਅਖਵਾਂਦਾ ਹੈ ਜਿਹੜਾ ਅਭਿਮੰਨਿਊ ਨਹੀਂ ਬਣਦਾ। ਉਸਨੂੰ ਕੀ ? ਤਿੰਨ ਰਾਤਾਂ ਨੇ, ਤਿੰਨਾਂ ਰਾਤਾਂ ਵਿਚ ਜਿੰਨਾ ਵਸੂਲਿਆ ਗਿਆ, ਵਸੂਲ ਲਵੇਗਾ। ਭੁੱਲ ਗਿਆ ਸੂਰਜ ਕਿ ਔਰਤ-ਮਰਦ ਵਿਚਕਾਰ ਵੱਧ ਤੋਂ ਵੱਧ ਦੇਣ ਨਾਲ ਰਿਸ਼ਤਾ ਬਣਦਾ ਹੈ…ਤੇ ਜਿੱਥੇ ਦੇਣ ਤੋਂ ਪਹਿਲਾਂ ਲੈ-ਲੈਣ ਦੇ ਪੜਤੇ ਲਾਏ ਜਾ ਰਹੇ ਹੋਣ, ਉੱਥੇ ਰਿਸ਼ਤੇ ਦਾ ਸਵਾਲ ਹੀ ਨਹੀਂ ਹੁੰਦਾ।

ਮੀਨਾ ਜਾਣਦੀ ਹੈ ਕਿ ਉਸਨੇ ਖ਼ੁਦ ਨੂੰ ਜਿੰਨਾ ਹੋ ਸਕੇ, ਬਚਾਉਣਾ ਹੈ ਕਿਉਂਕਿ ਜਿਹੜਾ ਖਰੀਦਦਾਰ ਹੁੰਦਾ ਹੈ ਉਹ ਵੱਧ ਤੋਂ ਵੱਧ ਵਸੂਲਣਾ ਚਾਹੁੰਦਾ ਹੈ।

ਆਪੋ ਆਪਣੀਆਂ ਸੋਚਾਂ ਵਿਚ ਰਾਤਾਂ ਲੰਘਦੀਆਂ ਰਹੀਆਂ। ਨੀਲਮਣੀ ਖ਼ੁਦ ਏਅਰਪੋਰਟ ਉੱਤੇ ਛੱਡਣ ਆਇਆ ਤੇ ਬੋਲਿਆ, "ਜਿਸ ਤਰ੍ਹਾਂ ਅੰਗਰੇਜ਼ ਗਊ ਤੇ ਸੂਰ ਦੋਵੇਂ ਖਾਂਦੇ ਨੇ ਓਵੇਂ ਈ ਇਹ ਨਵਾਂ ਬਾਜ਼ਾਰ ਏ, ਵਪਾਰ ਦਾ। ਇਸ ਵਿਚ ਨਾ ਕੋਈ ਬੰਗਾਲੀ ਏ, ਨਾ ਪੰਜਾਬੀ ਤੇ ਨਾ ਹੀ ਵਿਦੇਸ਼ੀ। ਤੁਸਾਂ ਜਿਹੜੀ ਸਟ੍ਰੇਟਜੀ ਦੱਸੀ ਏ, ਉਹੀ ਸਾਡੇ ਕੰਮ ਦੇ ਅਨੁਕੂਲ ਏ।"

ਸੂਰਜ ਹੱਥ ਘੁੱਟਦਾ ਹੈ ਨੀਲਮਣੀ ਦਾ…ਤੇ ਲਾਊਜ਼ ਵੱਲ ਤੁਰ ਜਾਂਦਾ ਹੈ---ਜਿੱਥੋਂ ਉਸਨੇ ਹਵਾਈ ਜਹਾਜ਼ ਤਕ ਪਹੁੰਚਣਾ ਹੈ। ਦਮਦਮ ਏਅਰ ਪੋਰਟ ਸੂਰਜ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਨਾਲੋਂ ਵੱਧ ਸਾਫ-ਸੁਥਰਾ ਤੇ ਆਰਾਮਦਾਈ ਲੱਗਿਆ।

***
ਦੋ ਸਾਲ ਕਿਵੇਂ ਬੀਤ ਗਏ ਪਤਾ ਹੀ ਨਹੀਂ ਲੱਗਿਆ। ਸੂਰਜ ਦਾ ਵਿਆਹ ਚਾਂਦਨੀ ਚੌਕ ਦੇ ਮਸ਼ਹੂਰ ਵਪਾਰੀ ਦੀ ਧੀ ਨਾਲ ਹੋ ਗਿਆ। ਕੁੜੀ ਦਿੱਵਯਾ ਪੋਸਟ ਗਰੇਜੂਏਟ ਸੀ। ਪਰ ਸੁਹਾਗਰਾਤ ਨੂੰ ਸੇਜ ਉੱਤੇ ਉਹ ਵੀ ਛੂਈ-ਮੂਈ ਬਣੀ ਬੈਠੀ ਸੀ। ਸੂਰਜ ਮਹਿਸੂਸ ਕਰਦਾ ਹੈ ਕਿ ਆਦਿਮ-ਸੁਪਨਾ ਖ਼ੁਦ ਕਦੀ ਨਹੀਂ ਬਦਲਦਾ, ਸਿਰਫ ਸੁਪਨੇ ਦੇ ਰੰਗ, ਖੁਸ਼ਬੂ ਤੇ ਨੁਹਾਰ ਬਦਲਦੇ ਨੇ। ਪਾਗਲਾਂ ਵਾਂਗ ਕਲਾਵੇ ਵਿਚ ਭਰ ਲੈਂਦਾ ਹੈ। ਜਦੋਂ ਸਾਹ ਸਥਿਰ ਹੋ ਜਾਂਦੇ ਨੇ ਤਾਂ ਪੁੱਛਦਾ ਹੈ, "ਮੈਨੂੰ ਤੇਰੇ ਲਈ ਕਿਉਂ ਚੁਣਿਆ, ਤੇਰੇ ਪਿਤਾਜੀ ਨੇ ?"

"ਹਰ ਪਿਤਾ ਚਾਹੁੰਦਾ ਏ ਕਿ ਉਸਦੀ ਧੀ ਰੱਜੇ-ਪੁੱਜੇ ਘਰ ਜਾਵੇ, ਜਿਸ ਵਿਚ ਭਵਿੱਖ ਸੁਰੱਖਿਅਤ ਹੋਵੇ।"

ਸੂਰਜ ਨੂੰ ਅਚਾਨਕ ਮੀਨਾ ਯਾਦ ਆ ਗਈ ਹੈ। ਉਹ ਵੀ ਤਾਂ ਇਹੀ ਚਾਹੁੰਦੀ ਸੀ। ਪਰ ਇਕ ਦਾ ਸੁਪਨਾ ਪੱਕੇ-ਪੈਰੀਂ ਸੀ; ਦੂਜੀ ਦਾ ਡਾਵਾਂ-ਡੋਲ।

"ਕੀ ਸੋਚ ਰਹੇ ਓ ?" ਦਿੱਵਯਾ ਪੁੱਛਦੀ ਹੋਈ ਬੁੱਲ੍ਹੀਆਂ ਨੇੜੇ ਲੈ ਆਉਂਦੀ ਹੈ। ਪਾਗਲਾਂ ਵਾਂਗ ਚੁੰਮਣ ਲੱਗ ਪੈਂਦਾ ਹੈ ਸੂਰਜ। ਮਹਿਸੂਸ ਕਰਦਾ ਹੈ---ਠੱਗੀ ਹਮੇਸ਼ਾ ਔਰਤ ਹੀ ਜਾਂਦੀ ਹੈ। ਕੀ ਦਿੱਵਯਾ ਨੂੰ ਕੁਆਰਾ ਪਤੀ ਮਿਲਿਆ ? ਕੀ ਮੀਨਾ ਨੂੰ ਆਪਣਾ ਪਤੀ ਮਿਲੇਗਾ ? ਲੱਖਾਂ ਵਿਚੋਂ ਇਕ ਕੁੜੀ ਹੁੰਦੀ ਹੈ, ਜਿਹੜੀ ਆਪਣੇ ਪਤੀ ਨੂੰ ਧੋਖਾ ਦੇਂਦੀ ਹੈ…ਪਰ ਮਰਦਾਂ ਵਿਚ ਇੰਜ ਕਿਉਂ ਨਹੀਂ ? ਬਿਗਾਨੀ ਦੇਹ ਦਾ ਭੋਗ ਉਸਦੀ ਮਰਦਾਨਗੀ ਮੰਨਿਆਂ ਜਾਂਦਾ ਹੈ। ਇਕ ਦਿਨ ਉਹ ਖ਼ੁਦ ਸਭ ਕੁਝ ਦਿੱਵਯਾ ਨੂੰ ਦੱਸ ਦਵੇਗਾ।

***
ਦੋ ਸਾਲ ਬੀਤ ਗਏ ਸਨ। ਦਿੱਲੀ ਤੇ ਐਨ.ਸੀ.ਆਰ. ਵਿਚ ਕਈ ਮਾਲ, ਫਲਾਈ ਓਵਰ ਤੇ ਮੈਟਰੋ ਦਾ ਜਾਲ ਵਿਛ ਗਿਆ ਸੀ…ਪਰ ਗੰਦਗੀ ਮਿਟਾਉਣਾ, ਪਾਣੀ ਤੇ ਆਵਾਜਾਵੀ ਦੇ ਸਾਧਨ ਇਕ ਚੈਲੰਜ ਬਣੇ ਹੋਏ ਸਨ।

ਨੀਲਮਣੀ ਦਾ ਫ਼ੋਨ ਆਇਆ ਕਿ 'ਮਾਲ ਤੇ ਸਕਾਈਸਕ੍ਰੈਪਰ ਸੁਸਾਇਟੀ ਤਿਆਰ ਹੋ ਗਈ ਹੈ। ਉਦਘਾਟਨ ਇਕ ਮੰਤਰੀ ਕਰਨਗੇ।'

ਪਿਤਾ ਨੇ ਫੇਰ ਸੂਰਜ ਨੂੰ ਹੀ ਕੋਲਕਾਤਾ ਜਾਣ ਦਾ ਹੁਕਮ ਦਿੱਤਾ, "ਅੱਛਾ ਮੁਨਾਫ਼ਾ ਕਮਾਇਆ ਏ ਨੀਲਮਣੀ ਦੀ ਕੰਪਨੀ ਨੇ। ਮਾਲ ਦੀ ਹਰੇਕ ਦੁਕਾਨ ਤੇ ਸੁਸਾਇਟੀ ਦੇ ਵਧੇਰੇ ਫਲੈਟ ਨਿਸ਼ਚਿਤ ਰੇਟਾਂ ਨਾਲੋਂ ਤਿੰਨ ਗੁਣਾ ਵਧ ਕੇ ਵਿਕ ਗਏ ਨੇ। ਪ੍ਰਾਪਰਟੀ ਸਭ ਤੋਂ ਵੱਧ ਹਾਲਕੇਕ ਸਿੱਧ ਹੋਈ ਏ। ਤੂੰ ਉਦਘਾਟਨ ਹੀ ਨਹੀਂ ਹਿਸਾਬ-ਕਿਤਾਬ ਵੀ ਪੂਰਾ ਦੇਖ ਕੇ, ਆਪਣਾ ਪੂਰਾ-ਪੂਰਾ ਹਿੱਸਾ ਲਿਆਉਣਾ ਏਂ ਬੇਟਾ।"

ਸੂਰਜ ਨੁੰ ਫੇਰ ਮੀਨਾ ਯਾਦ ਆ ਗਈ। ਪਲੇਨ ਫੜ੍ਹਨ ਤੋਂ ਪਹਿਲਾਂ ਮੀਨਾ ਦਾ ਨੰਬਰ ਮਿਲਾਉਣਾ ਚਾਹਿਆ, ਪਰ ਓਧਰ ਰਿੰਗਟੋਨ ਨਹੀਂ ਗਈ। ਸਮਝ ਗਿਆ ਸੂਰਜ, ਮੀਨਾ ਨੇ ਫ਼ੋਨ ਬਦਲ ਲਿਆ ਹੈ। ਹਵਾਈ ਅੱਡੇ ਉੱਤੇ ਖ਼ੁਦ ਨੀਲਮਣੀ ਆਇਆ ਹੋਇਆ ਸੀ, "ਬੜਾ ਰਿੱਚ ਡਿਵੀਡੈਂਟ (ਨਫ਼ਾ) ਮਿਲਿਆ ਏ ਇਸ ਪ੍ਰੋਜੈਕਟ ਦਾ। ਅੱਗੋਂ ਕੰਪਨੀ ਹੋਰ ਵੀ ਵੱਡੇ ਪ੍ਰੋਜੈਕਟ ਲੈ ਸਕੇਗੀ।"

ਸੂਰਜ ਮੁਸਕੁਰਾ ਰਿਹਾ ਹੈ, "ਇਹ ਵਿਕਾਸ ਦਾ ਯੁੱਗ ਏ ਮਿਸਟਰ ਨੀਲਮਣੀ। ਆਦਮੀ ਆਸਮਾਨ ਨੂੰ ਛੂਹਣਾ ਚਾਹੁੰਦਾ ਏ। ਇਹੋ ਸਮਾਂ ਕਮਾਈ ਦਾ ਏ।"

"ਹਾਂ, ਮੈਂ ਆਦਮੀ ਦੀ ਬੌਧਿਕਤਾ ਦੀ ਸਟੱਡੀ ਕੀਤੀ ਏ, ਨਾਲੋ ਨਾਲ। ਆਦਮੀ ਜਿਊਣਾ ਨਹੀਂ ਚਾਹੁੰਦਾ---ਬਸ ਆਪਣਾ ਵਿਕਾਸ ਜਾਂ ਪ੍ਰਗਤੀ ਚਾਹੁੰਦਾ ਏ। ਜਦਕਿ ਕਦੀ ਸੁਸਾਇਟੀ ਯਾਨੀ ਸਾਮਾਜ ਦੀ ਸਥਾਪਨਾ ਜ਼ਿੰਦਗੀ ਜਿਊਣ ਖਾਤਰ ਹੋਈ ਸੀ। ਸ਼ੇਅਰ, ਯਾਨੀ ਰਲ-ਮਿਲ ਕੇ ਰਹਿਣ, ਜਿਊਣ ਲਈ ਹੋਈ ਸੀ। ਅੱਜ ਸਾਰੇ ਆਪੋ-ਆਪਣੀ ਢੇਰੀ (ਨਿੱਜੀ) ਚਾਹੁੰਦੇ ਨੇ। ਪਜ਼ੈਸ਼ਨ ਦੀ ਚਾਹ ਵਿਚ, ਜ਼ਿੰਦਗੀ ਜਿਊਣ ਦੀ ਸਾਦਗੀ ਲੁਪਤ ਹੋ ਗਈ ਏ।

"ਸਾਨੂੰ ਕੀ ! ਅਸੀਂ ਆਪਣੀ ਜ਼ਿੰਦਗੀ ਉਹਨਾਂ ਦੀ ਚਾਹਤ ਸਦਕਾ ਹੀ ਜਿਊਂ ਰਹੇ ਆਂ---ਮਿਸਟਰ ਨੀਲਮਣੀ।"

"ਕੀ ਅਸੀਂ ਇਸ ਕਮਾਈ ਨਾਲ ਜਿਊਂ ਵੀ ਰਹੇ ਆਂ ?" ਨੀਲਮਣੀ ਦਾ ਸਵਾਲ ਸੀ।

ਸੂਰਜ ਬਾਹਰ ਦੇਖਣ ਲੱਗ ਪਿਆ। ਫੁਟਪਾਥ ਉੱਤੇ ਤੁਰਦੀ ਭੀੜ ਪੈਦਲ ਭੱਜੀ ਜਾ ਰਹੀ ਹੈ, ਜਦੋਂ ਕਿ ਉਹ ਕਾਰ ਵਿਚ ਬੈਠਾ ਤੇਜੀ ਨਾਲ ਮੰਜ਼ਿਲ ਵੱਲ ਵਧ ਰਿਹਾ ਹੈ। ਗਤੀ ਦਾ ਅੰਤਰ ਹੈ ਤੇ ਸ਼ਾਇਦ ਰਹੇਗਾ ਵੀ। ਨੀਲਮਣੀ ਬੰਗਾਲੀ ਹੈ। ਭਾਵੁਕਤਾ ਕਦੀ ਕਦੀ ਉਸ ਵਿਚ ਜਾਗ ਪੈਂਦੀ ਹੈ। ਪੈਸਾ ਕਮਾਉਣ ਦਾ ਮੂਲ-ਮੰਤਰ ਸਿੱਖ ਕੇ ਵੀ ਦਿਮਾਗ਼ ਨਾਲ ਸੋਚਣ ਦੀ ਜਗ੍ਹਾ, ਇਹ ਲੋਕ ਦਿਲ ਨਾਲ ਸੋਚਣ ਲੱਗ ਪੈਂਦੇ ਨੇ। ਦੁਰਗਾ ਪੂਜਾ ਸਮੇਂ ਵਿਸ਼ਾਲ ਮੰਡਲ ਤੇ ਅਧੁਨਿਕ ਟੈਕਨੀਕ ਦੇ ਇਸਤੇਮਾਲ ਦੇ ਬਾਵਜੂਦ, ਮੂਰਤੀ ਮਿੱਟੀ ਦੀ ਬਣਾਉਣਗੇ ਤੇ ਪੂਰੀ ਸ਼ਰਧਾ ਨਾਲ ਪ੍ਰਣਾਮ ਕਰਨਗੇ। ਇਹ ਭਾਵਾਤਮਕਤਾ ਸੰਸਕ੍ਰਿਤੀ ਵਿਚ ਪ੍ਰਾਣ ਤਾਂ ਪੂਰਦੀ ਹੈ, ਪਰ ਵਿਜ਼ਡਮ ਆਫ ਮਾਰਕੀਟ ਨੂੰ ਵੀ ਰੋਕਦੀ ਹੈ।

ਅਚਾਨਕ ਉਸਨੂੰ ਮੀਨਾ ਯਾਦ ਆ ਜਾਂਦੀ ਹੈ। ਮਨ ਹੀ ਮਨ ਮੁਸਕੁਰਾਉਂਦਾ ਹੈ…ਮੀਨਾ ਨਹੀਂ ਤਾਂ ਨੀਨਾ ਸਹੀ। ਪੈਸੇ ਨਾਲ ਕੀ ਨਹੀਂ ਮਿਲ ਸਕਦਾ ! ਉਦਯੋਗ ਕ੍ਰਿਕਟ ਨੂੰ ਸਪਾਂਸਰ ਕਰਦੇ ਨੇ, ਕਿਉਂ ? ਪੈਸੇ ਨਾਲ ਪੈਸਾ ਜੋ ਬਣਾ ਹੈ। ਉਂਜ, ਕੀ ਕੋਈ ਉਦਯੋਗਪਤੀ ਕਮੇਂਟਰੀ ਜਾਂ ਸੇਲ-ਵਿਗਿਆਪਣ ਸੁਣਨ ਜਾਂ ਵੇਖਣ ਲਈ ਰੇਡੀਓ ਜਾਂ ਟੀ.ਵੀ. ਸਾਹਮਣੇ ਬੈਠਾ ਹੈ ਕਦੀ ? ਹਾਂ, ਉਹਨਾਂ ਦਾ ਮੀਡੀਆ ਜ਼ਰੂਰ ਲੋਕਾਂ ਦੇ ਦਿਲ ਉਛਾਲਦਾ ਰਹਿੰਦਾ ਹੈ। ਜੋਸ਼ ਨੂੰ ਭੜਕਾਈ ਰੱਖਦਾ ਹੈ। ਨਹੀਂ ਤਾਂ, ਜਿਸ ਮੁਲਕ ਵਿਚ ਪੁਲਸ ਮੁਜ਼ਰਮਾਂ ਨੂੰ ਸਿਰ ਮੱਥੇ ਬਿਠਾਉਂਦੀ ਹੈ, ਅਦਾਲਤਾਂ ਪੈਸਾ ਚੂਸਣ ਵਾਲੇ ਵਕੀਲਾਂ ਨਾਲ ਚੱਲਦੀਆਂ ਨੇ, ਹਸਪਤਾਲਾਂ ਵਿਚ ਇਲਾਜ਼ ਪੈਸੇ ਦੇ ਹਿਸਾਬ ਨਾਲ ਹੁੰਦਾ ਹੈ ਤੇ ਚੰਗੇ ਸਕੂਲਾਂ ਵਿਚ ਦਾਖ਼ਲਾ ਡੋਨੇਸ਼ਨ ਉੱਤੇ ਨਿਰਭਰ ਹੈ---ਉੱਥੇ ਕਰਾਂਤੀ ਆਉਣ ਵਿਚ ਕੀ ਦੇਰ ਲੱਗਦੀ ਹੈ ! ਇੰਟਰਨੈਟ ਨੂੰ ਲਾਈਫ਼ ਇਸੇ ਲਈ ਸਿੱਧ ਕੀਤਾ ਹੋਇਆ ਹੈ, ਬਾਜ਼ਾਰ ਨੇ---ਕਿ ਸੁਖ ਲੱਭੋ, ਹਰ ਸੁਖ ਪੈਸੇ ਨਾਲ ਮਿਲਦਾ ਹੈ।

***
ਮਾਲ ਤੇ ਸੁਸਾਇਟੀ ਦੇ ਵਿਚਕਾਰ ਪੰਡਾਲ ਵਿਚ ਉਤਸਵ ਦਾ ਮਾਹੌਲ ਸੀ। ਜੋ ਖਾਣਾ ਚਾਹੋ, ਖਾਓ ਤੇ ਜੋ ਪੀਣਾ ਚਾਹੋ, ਪੀਓ। ਨੀਲਮਣੀ ਖਾਸ-ਖਾਸ ਲੋਕਾਂ ਨਾਲ ਸੂਰਜ ਨੂੰ ਮਿਲਵਾ ਰਿਹਾ ਹੈ। ਅਚਾਨਕ ਅਟਕ ਜਾਂਦਾ ਹੈ, ਸੂਰਜ। ਨੀਲਮਣੀ ਮਿਲਵਾਉਂਦਾ ਹੈ, "ਸਤੀਸ਼ ਸੂਰੀ! ਕੋਲਕਾਤਾ ਦੇ ਭੱਦਰ ਸਮਾਜ ਦੇ ਸੂਰਜ…ਤੇ ਇਹ ਮੋਨਾ ਸੂਰੀ।"

ਸੂਰਜ, ਸਤੀਸ਼ ਸੂਰੀ ਨਾਲ ਹੱਥ ਮਿਲਾਉਂਦਾ ਹੋਇਆ ਮੋਨਾ ਨੂੰ ਨਮਸਕਾਰ ਕਰਦਾ ਹੈ। ਨੀਲਮਣੀ ਕਹਿ ਰਿਹਾ ਹੈ, "ਮਾਲ ਦਾ ਪੂਰਾ ਇਕ ਫਲੋਰ ਤੇ ਸੁਸਾਇਟੀ ਵਿਚ ਚਾਰ ਫਲੈਟ ਇਹਨਾਂ ਨੇ ਖ਼ਰੀਦੇ ਨੇ। ਇਹਨਾਂ ਦੇ ਖ਼ਰੀਦਦਿਆਂ ਈ, ਖ਼ਰੀਦਦਾਰਾਂ ਦੀ ਲਾਈਨ ਲੱਗ ਗਈ ਜੀ।"

ਮੋਨਾ ਦੇ ਚਿਹਰੇ ਉੱਤੇ ਮੁਸਕੁਰਾਹਟ ਸੀ।

ਸੂਰਜ ਪੰਡਾਲ ਵਿਚ ਇਕ ਪਾਸੇ ਬੈਠ ਗਿਆ। ਫੇਰ ਮੋਨਾ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਤ੍ਰਭਕ ਪਿਆ। ਮੋਨਾ ਨੇ ਕੋਲ ਆਉਂਦਿਆਂ ਈ ਕਿਹਾ, "ਹੈਰਾਨੀ ਹੋਈ ਨਾ, ਮੈਨੂੰ ਦੇਖ ਕੇ…"

"ਹਾਂ, ਸੁੱਝ ਨਹੀਂ ਰਿਹਾ ਕਿ ਮੀਨਾ ਕਹਾਂ ਜਾਂ ਮੋਨਾ !"

ਅੱਖਾਂ ਵਿਚ ਝਾਕਦੀ ਹੋਈ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ, "ਗਿਰਗਟ ! ਹਿੰਦੀ ਦਾ ਸ਼ਬਦ ਏ। ਤੁਸੀਂ ਗੁੰਡਿਆਂ ਨੂੰ ਚੋਣ ਜਿਤਾਅ ਕੇ ਆਮ ਆਦਮੀ ਨੂੰ ਹਰਾਉਂਦੇ ਓ। ਮੈਂ ਔਰਤ ਦੁਆਲੇ ਵਗਲੀ ਲਛਮਣ-ਰੇਖਾ 'ਤੇ ਪੈਰ ਰੱਖ ਕੇ, ਪਿਓਰ ਬੰਗਾਲੀ ਕੁੜੀ ਬਣ ਕੇ, ਇਕ ਧਨਾਡ ਪਤੀ ਫਾਹ ਲਿਆ ਏ। ਤੁਸੀਂ ਪੂਰੇ ਭਾਰਤੀ ਸਮਾਜ ਨੂੰ ਠੱਗ ਰਹੇ ਓ; ਮੈਂ ਸਿਰਫ ਇਕ ਵਿਅਕਤੀ ਨੂੰ ਠੱਗਿਆ ਏ।"

"ਦੱਸ ਦਿਆਂ ਸੂਰੀ ਸਾਹਬ ਨੂੰ ਕਿ ਤੂੰ ਕਦੀ ਮੀਨਾ ਵੀ ਰਹੀ ਏਂ..."

"ਉਲਟਾ ਤੁਸੀਂ ਝੂਠੇ ਸਿੱਧ ਹੋ ਜਾਓਗੇ। ਸ਼ਾਇਦ ਇੱਥੋਂ ਦੀ ਕਮਾਈ ਵੀ ਘਰ ਨਾ ਲਿਜਾਅ ਸਕੋਂ, ਕਿਉਂਕਿ ਜਿਹੜਾ ਮੰਤਰੀ ਉਦਘਾਟਨ ਕਰਨ ਆ ਰਿਹਾ ਏ, ਉਹ ਮੇਰੇ ਪਤੀ ਦਾ ਮਿੱਤਰ ਏ।"

"ਤਾਂ ਹਿੰਦੀ ਏਸੇ ਲਈ ਸਿੱਖੀ ਸੀ ?"

"ਹਾਂ, ਤੇ ਅੱਗੋਂ ਨੀਲਮਣੀ ਕੰਸਟ੍ਰਕਸ਼ਨਜ਼ ਨੂੰ ਤੁਹਾਡੀ ਲੋੜ ਵੀ ਨਹੀਂ ਪਵੇਗੀ। ਤੁਹਾਡੀ ਜਗ੍ਹਾ ਹੁਣ ਸੂਰੀ ਇੰਡਸਟ੍ਰੀਜ਼ ਨੀਲਮਣੀ ਦੀ ਪਾਰਟਨਰ ਹੋਵੇਗੀ।"

ਉਦੋਂ ਹੀ ਪੰਡਾਲ ਵਿਚ ਖਲਬਲੀ ਜਿਹੀ ਮੱਚ ਗਈ। ਔਰਤਾਂ ਨੇ ਸਾੜ੍ਹੀਆਂ ਦੇ ਵੱਟ ਠੀਕ ਕਰਨੇ ਸ਼ੁਰੂ ਕਰ ਦਿੱਤੇ ਤੇ ਮਰਦਾਂ ਨੇ ਕਮੀਜ਼ਾਂ ਤੇ ਕੋਟਾਂ ਦੇ ਕਾਲਰ ਠੀਕ-ਠਾਕ ਕੀਤੇ---ਮੰਤਰੀ ਜੀ ਜੋ ਪਧਾਰ ਰਹੇ ਸੀ।

ਸੂਰਜ ਦੇਖਦਾ ਹੈ ਕਿ ਮੰਤਰੀ ਜੀ ਦੇ ਨਾਲ ਨੀਲਮਣੀ ਤੇ ਸਤੀਸ਼ ਸੂਰੀ ਸਨ। ਇਸ਼ਾਰਾ ਮਿਲਦਿਆਂ ਹੀ ਮੋਨਾ ਮੰਤਰੀ ਜੀ ਦੇ ਕੋਲ ਜਾ ਪਹੁੰਚਦੀ ਹੈ। ਉਸਦੇ ਮੋਢੇ ਉੱਤੇ ਹੱਥ ਰੱਖਦੇ ਹੋਏ ਮੰਤਰੀ ਜੀ ਭਾਸ਼ਣ ਵਾਲੇ ਮੰਚ ਉੱਤੇ ਪਹੁੰਚ ਜਾਂਦੇ ਨੇ।

ਮੰਤਰੀ ਜੀ ਬੜਾ ਸੰਖੇਪ ਜਿਹਾ ਭਾਸ਼ਣ ਦੇਂਦੇ ਨੇ, ਜਿਸਦਾ ਅਰਥ ਇਹ ਨਿਕਲਦਾ ਸੀ ਕਿ ਬੰਗਾਲ ਨੂੰ ਦੇਸ਼ ਦੀ ਤਰੱਕੀ ਦੇ ਨਾਲ, ਕਦਮ ਨਾਲ ਕਦਮ ਰਲਾਅ ਕੇ ਚੱਲਣਾ ਚਾਹੀਦਾ ਹੈ, ਪਰ ਉਸ ਵਿਚ ਕਿਰਤੀ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਨੀਲਮਣੀ ਕੰਸਟ੍ਰਕਸ਼ਨਜ਼ ਦੀ ਖਾਸੀਅਤ ਰਹੀ ਹੈ ਕਿ ਕਿਰਤੀਆਂ ਨੂੰ ਪੂਰਾ-ਪੂਰਾ ਹੱਕ ਮਿਲਿਆ ਹੈ। ਇਕ ਵਾਰੀ ਵੀ ਯੂਨੀਅਨ ਨੂੰ ਹੜਤਾਲ ਦਾ ਨੋਟਿਸ ਨਹੀਂ ਦੇਣਾ ਪਿਆ।

ਸੂਰਜ ਸੋਚਦਾ ਹੈ…ਉਸਦਾ ਦੱਸਿਆ ਬ੍ਰਹਮ-ਅਸਤਰ ਨੀਲਮਣੀ ਨੇ ਅਪਣਾਅ ਲਿਆ, ਪਰ ਹੁਣ ਪਾਰਟਨਰ ਸ਼ਿੱਪ ਸੂਰੀ ਨਾਲ ਕਰੇਗਾ। ਮੀਨਾ ਉਰਫ਼ ਮੋਨਾ ਨੇ ਸਹੀ ਸ਼ਬਦ ਦਾ ਇਸਤੇਮਾਲ ਕੀਤਾ ਸੀ---ਗਿਰਗਟ। ਸ਼ਾਇਦ ਅੱਜ ਦੇ ਆਦਮੀ ਲਈ ਇਹੀ ਉਪਮਾ ਸਹੀ ਹੈ।

ਮਨ ਹੀ ਮਨ ਹੱਸਦਾ ਹੈ ਸੂਰਜ…ਕੁਝ ਵੀ ਕਹੋ---ਸਮਾਂ ਸਾਡਾ ਹੈ। ਵੇਦ-ਸ਼ਾਸਤਰ ਭਾਵੇਂ ਜਿੰਨਾ ਮਰਜ਼ੀ ਆਖੀ ਜਾਣ ਕਿ ਸਮਾਂ ਕਿਸੇ ਦਾ ਨਹੀਂ ਹੁੰਦਾ।

ਯਾਦ ਆਇਆ, ਭਗਵਾਨ ਨੇ ਮੱਛ, ਕੱਛ ਤੇ ਬਰਾਹ ਰੂਪ ਵਿਚ ਅਵਤਾਰ ਧਾਰਿਆ ਸੀ---ਹੁਣ ਗਿਰਗਟ ਹੀ ਸਹੀ।

ਮੁਸਕੁਰਾਉਂਦਾ ਹੈ ਸੂਰਜ ; ਆਪਣੀ ਸੋਚ ਉੱਪਰ।

ਮੋਨਾ ਵੀ ਮੁਸਕੁਰਾ ਰਹੀ ਸੀ ; ਆਪਣੀ ਸੋਚ ਉੱਤੇ।

Sunday, May 3, 2009

ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ :: ਲੇਖਕ : ਵਿਜੈ ਕੁਮਾਰ

ਹਿੰਦੀ ਵਿਅੰਗ : ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ :: ਲੇਖਕ : ਵਿਜੈ ਕੁਮਾਰ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

------------------------------
ਇਹ ਵਿਅੰਗ ਨਵਾਂ ਜ਼ਮਾਨਾ : 9 ਨਵੰਬਰ 2008. ਵਿਚ ਛਪਿਆ ਹੈ।
------------------------------
ਛੁੱਟੀ ਦਾ ਦਿਨ ਉਂਜ ਤਾਂ ਹੁਣ ਹਰ ਦੂਜੇ ਚੌਥੇ ਦਿਨ ਆ ਜਾਂਦਾ ਹੈ, ਫੇਰ ਵੀ ਐਤਵਾਰ ਦਾ ਆਪਣਾ ਹੀ ਆਨੰਦ ਹੁੰਦਾ ਹੈ। ਸਵੇਰੇ ਆਰਾਮ ਨਾਲ ਉੱਠਣਾ, ਦੋ ਤਿੰਨ ਰਾਊਂਡ ਚਾਹ ਪੀਂਦਿਆਂ ਹੋਇਆਂ ਅਖ਼ਬਾਰ ਪੜ੍ਹਨਾ, ਠੰਡ ਹੋਵੇ ਤਾਂ ਧੁੱਪ ਵਿਚ ਬੈਠ ਕੇ ਤੇਲ ਮਾਲਸ਼ ਤੇ ਫੇਰ ਖੁੱਲ੍ਹੇ ਇਸ਼ਨਾਨ ਦਾ ਵੱਖਰਾ ਹੀ ਮਜ਼ਾ ਹੈ।

ਪਰ ਸਵੇਰੇ ਚਾਹ ਪੀਂਦਿਆਂ ਹੋਇਆਂ ਵਰਮਾ ਜੀ ਆ ਧਮਕੇ। ਰਾਮ-ਰਾਮ ਨਾ ਸ਼ਾਮ-ਸ਼ਾਮ, ਆਉਂਦੇ ਹੀ ਮੇਰੇ ਉੱਪਰ ਵਰ੍ਹ ਗਏ। 'ਤੈਥੋਂ ਅਜਿਹੀ ਉਮੀਦ ਨਹੀਂ ਸੀ ਕੁਮਾਰ। ਤੂੰ ਸਾਰਾ ਦਿਨ ਅਖ਼ਬਾਰਾਂ 'ਚ ਡੁੱਬਿਆ ਰਹਿੰਦਾ ਏਂ, ਇਸ ਲਈ ਮੈਨੂੰ ਲੱਗਿਆ ਸੀ ਬਈ ਤੈਨੂੰ ਸਾਹਿਤ ਦੀ ਮਾੜੀ-ਮੋਟੀ ਸਮਝ ਹੋਵੇਗੀ, ਪਰ ਤੂੰ ਮੇਰੇ ਬੇਟੇ ਨੂੰ ਅਹਿ ਕੀ ਦੱਸਿਆ ਕਿ ਨਿਬੰਧ ਪ੍ਰਤੀਯੋਗਤਾ ਵਿਚ ਉਸ ਦੇ ਸਭ ਨਾਲੋਂ ਘੱਟ ਨੰਬਰ ਆਏ ਨੇ?'

ਹੁਣ ਜਾ ਕੇ ਗੱਲ ਮੇਰੀ ਸਮਝ ਵਿਚ ਆਈ, ਵਰਮਾ ਜੀ ਦਾ ਬੇਟਾ ਚਿੰਟੂ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ। ਉਸਦੇ ਸਕੂਲ ਵਿਚ ਪਿਛਲੇ ਦਿਨੀਂ ਨਿਬੰਧ ਪ੍ਰਤੀਯੋਗਤਾ ਹੋਈ। ਉਸਦਾ ਵਿਸ਼ਾ ਸੀ 'ਅਨੇਕਤਾ ਵਿਚ ਏਕਤਾ, ਭਾਰਤ ਦੀ ਵਿਸ਼ੇਸ਼ਤਾ।' ਵਰਮਾ ਜੀ ਹੋਏ ਵਪਾਰੀ ਬੰਦੇ, ਉਹਨਾਂ ਨੁੰ ਸਾਰਾ ਦਿਨ ਨੋਟ ਗਿਣਨ ਤੋਂ ਵਿਹਲ ਨਹੀਂ ਸੀ ਮਿਲਦੀ, ਸੋ ਉਹਨਾਂ ਚਿੰਟੂ ਨੂੰ ਮੇਰੇ ਕੋਲ ਭੇਜ ਦਿੱਤਾ ਸੀ।

ਉਂਜ ਤਾਂ ਇਸ ਵਿਸ਼ੇ ਉੱਤੇ ਮੈਂ ਬਚਪਨ ਵਿਚ ਇਕ ਨਿਬੰਧ ਲਿਖਿਆ ਸੀ, ਪਰ ਮੈਂ ਸੋਚਿਆ ਕਿ ਹੁਣ ਸਮਾਂ ਬਦਲ ਗਿਆ ਹੈ। ਸਿਧਾਂਤਕ ਗੱਲਾਂ ਦੀ ਜਗ੍ਹਾ ਜੇ ਕੁਝ ਵਿਹਾਰਕ ਗੱਲਾਂ ਲਿਖੀਆਂ ਜਾਣ ਤਾਂ ਸ਼ਾਇਦ ਅਧਿਆਪਕ ਇਸ ਨੂੰ ਵਧੇਰੇ ਪਸੰਦ ਕਰਨਗੇ। ਪਰ ਫੈਸਲੇ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਭਲਾ ਹੀ ਅੱਗੇ ਵਧ ਗਈ ਹੋਵੇ, ਅਧਿਆਪਕ ਅੱਜ ਵੀ ਉੱਥੇ ਦੇ ਉੱਥੇ ਹੀ ਹਨ।

ਮੈਂ ਜਿਹੜੇ ਨੁਕਤੇ ਚਿੰਟੂ ਨੂੰ ਦੱਸੇ ਸਨ, ਉਹਨਾਂ ਦੇ ਕੁਝ ਅੰਸ਼ ਪੇਸ਼ ਕਰ ਰਿਹਾ ਹਾਂ। ਇਹਨਾਂ ਨੂੰ ਪੜ੍ਹ ਕੇ ਤੁਸੀਂ ਹੀ ਦੱਸੋ ਬਈ ਮੇਰਾ ਗਰੀਬ ਦਾ ਕੀ ਦੋਸ਼ ਹੈ?

ਭਾਰਤ ਇਕ ਪ੍ਰਾਚੀਨ ਦੇਸ਼ ਹੈ। ਇਸ ਵਿਚ ਜਿੰਨੇ ਵੀ ਰਾਜ ਨੇ, ਉਹ ਸਾਰੇ ਆਪਣੇ ਆਪ ਨੂੰ ਅਤਿ ਪ੍ਰਾਚੀਨ ਦੱਸਦੇ ਨੇ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ, ਬੋਲੀਆਂ ਤੇ ਲਿੱਪੀਆਂ ਵੀ ਖ਼ੁਦ ਨੂੰ ਅਤਿਅੰਤ ਪ੍ਰਾਚੀਨ ਕਹਿੰਦੀਆਂ ਨੇ। ਕੁਝ ਤਾਂ ਆਪਣਾ ਜਨਮ ਆਪਣੀ ਮਾਂ ਨਾਲੋਂ ਵੀ ਪਹਿਲਾਂ ਦਾ ਦੱਸਦੀਆਂ ਨੇ। ਇਸ ਨਾਲ ਸਪਸ਼ਟ ਹੈ ਕਿ ਭਾਰਤ ਦੇ ਸਭ ਰਾਜਾਂ ਵਿਚ ਅਨੇਕਤਾ ਹੋਣ 'ਤੇ ਵੀ ਏਕਤਾ ਹੈ।

ਭਾਸ਼ਾਵਾਂ ਪ੍ਰਾਚੀਨ ਹੋਣ ਜਾਂ ਨਵੀਨ, ਪਰ ਉਹਨਾਂ ਵਿਚਕਾਰ ਆਪਸੀ ਝਗੜਾ ਹਰੇਕ ਪ੍ਰਦੇਸ਼ ਵਿਚ ਹੁੰਦਾ ਹੈ---ਅਸਾਮ ਵਿਚ ਹਿੰਦੀ ਭਾਸ਼ੀਆਂ ਨੂੰ ਗੋਲੀ ਮਾਰੀ ਜਾਂਦੀ ਹੈ ਤੇ ਮੁੰਬਈ ਦੇ ਇਕ ਨੇਤਾ ਸਾਰਿਆਂ ਨੂੰ ਸਿਰਫ ਮਰਾਠੀ ਬੋਲਣ ਦਾ ਹੀ ਆਦੇਸ਼ ਦੇਂਦੇ ਨੇ। ਤਾਮਿਲ ਵਿਚ ਹਿੰਦੀ ਬੋਲਣ ਵਾਲੇ ਹੀਣ ਸਮਝੇ ਜਾਂਦੇ ਨੇ ਅਤੇ ਦੂਰਦਰਸ਼ਨ ਉੱਤੇ ਆਉਣ ਵਾਲੇ ਫੂਹੜਤਾ ਭਰੇ ਪ੍ਰਸਾਰਨ ਵਿਚ ਸਿੰਧੀ, ਹਰਿਆਨਵੀ, ਤੇਲਗੂ ਆਦਿ ਦਾ ਮਜ਼ਾਕ ਉਡਾਇਆ ਜਾਂਦਾ ਹੈ, ਪਰ ਆਪਣੀ ਭਾਸ਼ਾ ਉੱਤੇ ਏਨਾ ਵਧੇਰੇ ਮਾਣ ਕਰਨ ਦੇ ਬਾਵਜੂਦ ਸਾਰਿਆਂ ਦਾ ਅੰਗਰੇਜ਼ੀ ਦੇ ਪ੍ਰਤੀ ਬਰਾਬਰ ਦਾ ਮੋਹ ਹੈ। ਉਹ ਉਸਨੂੰ ਆਪਣੀ ਪ੍ਰਗਤੀ ਦਾ ਸਭ ਤੋਂ ਵੱਡਾ ਆਧਾਰ ਮੰਨਦੇ ਨੇ।

ਇਸ ਲਈ ਗੱਲਬਾਤ ਵਿਚ ਅੰਗਰੇਜ਼ੀ ਦੇ ਕੁਝ ਸ਼ਬਦ ਜਾਂ ਵਾਕ ਘੁਸੇੜਨਾ ਲੋਕ ਆਪਣੀ ਸ਼ਾਨ ਸਮਝਦੇ ਨੇ। ਅਖ਼ਬਾਰਾਂ, ਰਸਾਲਿਆਂ ਤੇ ਦੂਰਦਰਸ਼ਨ ਦੀ ਭਾਸ਼ਾ ਵਿਚ ਅੰਗਰੇਜ਼ੀ ਸ਼ਬਦ, ਨਾਂਅ ਤੇ ਮੁਹਾਵਰੇ ਧੜਲੇ ਨਾਲ ਵਰਤੇ ਜਾ ਰਹੇ ਨੇ। ਉਰਦੂ ਤੇ ਅਰਬੀ-ਫਾਰਸੀ ਤਕ ਘੁਸਪੈਠ ਕਰ ਚੁੱਕੀ ਹੈ। ਸਭ ਪਾਸੇ ਖਿਚੜੀ ਭਾਸ਼ਾ ਦੀ ਇਸ ਵੰਨਗੀ ਤੋਂ ਸਾਫ ਹੁੰਦਾ ਹੈ ਕਿ ਭਾਰਤ ਵਿਚ 'ਅਨੇਕਤਾ ਵਿਚ ਏਕਤਾ' ਹੈ।

ਵਿਦਿਅਕ ਅਦਾਰਿਆਂ ਵਿਚ ਅਨੁਸ਼ਾਸਨ ਤੇ ਸਿੱਖਿਆ ਨਾਲੋਂ ਵੱਧ ਟਿਊਸ਼ਨ ਤੇ ਕੋਚਿੰਗ ਦਾ ਜੋਰ ਹੈ। ਵਿਦਿਆਰਥੀ ਆਪਣੀ ਕਲਾਸ ਵਿਚ ਨਹੀਂ, ਆਪਣੇ ਕੱਪੜਿਆਂ ਉੱਪਰ ਵਿਦੇਸ਼ੀ ਕੰਪਨੀਆਂ ਦੇ ਵਿਗਿਆਪਨ ਚਿਪਕਾਈ, ਬਾਜ਼ਾਰਾਂ ਵਿਚ ਫੈਸ਼ਨ ਪ੍ਰੇਡ ਕਰਦੇ ਨਜ਼ਰ ਆਉਂਦੇ ਨੇ। ਕਿਤਾਬਾਂ ਭਾਵੇਂ ਨਾ ਹੋਣ, ਪਰ ਮੋਬਾਇਲ ਹਰੇਕ ਕੋਲ ਜ਼ਰੂਰ ਹੋਵੇਗਾ। ਵਿਦਿਆਰਥੀ ਰਾਜਨੀਤੀ ਵਿਚ ਵੀ ਦੇਸ਼ ਤੇ ਪ੍ਰਦੇਸ਼ ਵਾਂਗ ਹੀ ਜਾਤੀਵਾਦ, ਖੇਤਰਵਾਦ, ਹੱਤਿਆ-ਹਿੰਸਾ ਦੇ ਗੁਣ ਆ ਗਏ ਨੇ। ਇਹ ਮਾਹੌਲ ਪੂਰੇ ਦੇਸ਼ ਵਿਚ ਬਿਰਾਜਮਾਨ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਦੇਸ਼ 'ਅਨੇਕਤਾ ਵਿਚ ਏਕਤਾ' ਦੀ ਸੁੰਦਰ ਉਦਹਾਰਨ ਹੈ।

ਕੇਰਲ ਹੋਵੇ ਜਾਂ ਕਰਨਾਟਕ, ਪੰਜਾਬ ਹੋਵੇ ਜਾਂ ਜੰਮੂ-ਕਸ਼ਮੀਰ, ਦਿੱਲੀ ਹੋਵੇ ਭਾਵੇਂ ਮੁੰਬਈ, ਆਤੰਕਵਾਦ ਨੇ ਸਾਰੇ ਪਾਸੇ ਜੜਾਂ ਫੈਲਾਅ ਲਈਆਂ ਨੇ। ਹਰ ਸੂਬੇ ਵਿਚ ਧਮਾਕੇ ਹੁੰਦੇ ਰਹਿੰਦੇ ਨੇ। ਹਰ ਦਿਨ ਹਥਿਆਰ ਫੜ੍ਹੇ ਜਾ ਰਹੇ ਨੇ---ਜਿਹੜੇ ਜਲ, ਥਲ ਤੇ ਹਵਾ; ਭਾਵ ਹਰੇਕ ਮਾਰਗ ਰਾਹੀਂ ਆ ਰਹੇ ਹੁੰਦੇ ਨੇ। ਆਤੰਕਵਾਦੀਆਂ ਨੂੰ ਛੁਡਾਉਣ ਤੇ ਉਹਨਾਂ ਦੀ ਫਾਂਸੀ ਮੁਆਫ਼ ਕਰਵਾਉਣ ਦੀ ਮੁਹਿੰਮ ਸਭ ਪਾਸੇ ਚੱਲ ਪੈਂਦੀ ਹੈ। ਇਕ ਨਹੀਂ ਅਨੇਕਾਂ ਦਲ ਇਸ ਵਿਚ ਸ਼ਾਮਲ ਨੇ। ਲੇਖਕ, ਪ੍ਰਾ-ਅਧਿਆਪਕ, ਨੇਤਾ, ਸਰਕਾਰੀ ਅਧਿਕਾਰੀ, ਪੱਤਰਕਾਰ ਸਾਰੇ ਰਾਸ਼ਪਤੀ ਮਹੱਤਵ ਦੇ ਇਸ ਕੰਮ 'ਚ ਲੱਗ ਜਾਂਦੇ ਨੇ। ਇਸ ਨਾਲ ਵੀ 'ਅਨੇਕਤਾ ਵਿਚ ਏਕਤਾ' ਦੀ ਧਾਰਨਾ ਨੂੰ ਬਲ ਮਿਲਦਾ ਹੈ।

ਭ੍ਰਿਸ਼ਟਾਚਾਰ ਹਰ ਨਗਰ, ਜ਼ਿਲ੍ਹੇ, ਦਫ਼ਤਰ ਤੇ ਕੁਰਸੀ ਉੱਤੇ ਬਿਰਾਜਮਾਨ ਹੈ। ਨੇਤਾ ਹੋਵੇ ਜਾਂ ਅਭਿਨੇਤਾ, ਸਾਂਸਦ ਹੋਵੇ ਜਾਂ ਮੰਤਰੀ, ਪੈਸਾ ਸਾਰੇ ਲੈ ਰਹੇ ਨੇ। ਪਹਿਲਾਂ ਹਰ ਸੌਦੇ ਲਈ 'ਸੈਵਨ ਪ੍ਰਸੈਟ' ਦੀ ਲਕੀਰ ਸੀ, ਹੁਣ ਹਰ ਕੰਮ ਦੀ ਵੱਖਰੀ ਫੀਸ ਹੈ। ਨੰਬਰ ਦੋ ਦਾ ਧੰਦਾ ਪੂਰੀ ਇਮਾਨਦਾਰੀ ਨਾਲ ਚੱਲ ਰਿਹਾ ਹੈ। ਸਿਧਾਂਤਹੀਣ ਗਠਬੰਧਨ ਹਰ ਪਾਸੇ ਬਣਨ ਲੱਗ ਪਏ ਨੇ।

ਸਾਰੀਆਂ ਸਰਕਾਰਾਂ ਦੀ ਉਮਰ ਉੱਪਰ ਬੇ-ਪ੍ਰਤੀਤੀ ਦੇ ਬੱਦਲ ਮੰਡਲਾਉਂਦੇ ਰਹਿੰਦੇ ਨੇ। 'ਅਨੇਕਤਾ ਵਿਚ ਏਕਤਾ' ਦੀ ਇਸ ਨਾਲੋਂ ਵੱਡੀ ਉਦਾਹਰਨ ਹੋਰ ਕਿਹੜੀ ਮਿਲ ਸਕਦੀ ਹੈ-ਜੀ?

ਕੀ ਰੇਲਾਂ, ਕੀ ਬੱਸਾਂ---ਪਹਿਲਾਂ ਹੀ ਸਮੇਂ ਸਿਰ ਨਹੀਂ ਸੀ ਚੱਲਦੀਆਂ, ਹੁਣ ਹਵਾਈ ਜਹਾਜ਼ ਵੀ ਇਸੇ ਸ਼੍ਰੇਣੀ ਵਿਚ ਸ਼ਾਮਲ ਹੋ ਗਏ ਨੇ। ਉੱਤਰ ਹੋਵੇ ਜਾਂ ਦੱਖਣ, ਪੂਰਬ ਹੋਵੇ ਜਾਂ ਪੱਛਮ, ਪੂਰੇ ਭਾਰਤ ਵਿਚ ਗੰਦਗੀ, ਜਾਮ, ਸੜਕਾਂ ਉੱਪਰ ਨਾਜਾਇਜ਼ ਕਬਜੇ ਨਜ਼ਰ ਆਉਂਦੇ ਨੇ। ਪੈਦਲ ਬੰਦਾ ਕਿੱਥੇ ਤੁਰੇ, ਇਹ ਦੱਸਣ ਵਾਲਾ ਕੋਈ ਨਹੀਂ। ਸਵੇਰ ਦੇ ਚਾਰ ਵੱਜਦਿਆਂ ਹੀ, ਜਾਇਜ਼ ਨਾਜਾਇਜ਼ ਕਬਜਿਆਂ ਵਾਲੇ ਧਾਰਮਿਕ ਸਥਾਨਾਂ ਉੱਤੇ ਸਪੀਕਰ ਵੱਜਣ ਲੱਗ ਪੈਂਦੇ ਨੇ। ਟ੍ਰੈਫਿਕ ਦਾ ਸ਼ੋਰ ਤੇ ਧੂੰਆਂ ਹਰ ਸ਼ਹਿਰ ਵਿਚ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਬੱਚੇ ਭਾਵੇਂ ਭੁੱਲ ਗਏ ਹੋਣ, ਪਰ ਬਿਜਲੀ ਲੁਕਣ-ਮੀਟੀਆਂ ਖੇਡਦੀ ਰਹਿੰਦੀ ਹੈ। ਇਹ 'ਅਨੇਕਤਾ ਵਿਚ ਏਕਤਾ ਨਹੀਂ' ਤਾਂ ਹੋਰ ਕੀ ਹੈ?

ਸ਼ਰਾਬ, ਸ਼ਬਾਬ ਤੇ ਕਬਾਬ ਦਾ ਰੁਝਾਨ ਦੇਸ਼ ਭਰ ਵਿਚ ਵਧ ਰਿਹਾ ਹੈ। ਰਾਮ, ਕ੍ਰਿਸ਼ਨ ਤੇ ਬੁੱਧ ਤੋਂ ਬਾਅਦ ਹੁਣ ਗਾਂਧੀਗਿਰੀ ਦੀ ਪਾਲਿਸ਼ ਉਤਾਰੀ ਜਾ ਰਹੀ ਹੈ। ਕਿਸਾਨ ਆਤਮ-ਹੱਤਿਆ ਕਰ ਰਹੇ ਨੇ, ਹੁਣ ਵਾਰੀ ਛੋਟੇ ਵਪਾਰੀ ਦੀ ਹੈ। ਭਾਰਤੀ, ਅੰਬਾਨੀ ਤੋਂ ਲੈ ਕੇ ਵਾਲ ਮਾਰਟ ਵਰਗੀਆਂ ਕੰਪਨੀਆਂ ਆਪਣੇ ਰਾਕਸ਼ਸ਼ੀ ਮੂੰਹ ਖੋਲ੍ਹ ਰਹੀਆਂ ਨੇ। ਪੂਰੇ ਦੇਸ਼ ਵਿਚ ਫੈਲੇ ਉਹਨਾਂ ਦੇ ਜਾਲ ਨੂੰ ਵੇਖ ਕੇ ਵੀ 'ਅਨੇਕਤਾ ਵਿਚ ਏਕਤਾ' ਬਾਰੇ ਕੀ ਕੋਈ ਸ਼ੱਕ ਰਹਿ ਜਾਂਦਾ ਹੈ?

ਦਾਦਰੀ, ਸਿੰਗੂਰ ਜਾਂ ਫੇਰ ਨੰਦੀਗ੍ਰਾਮ, ਗਰੀਬ ਦੀ ਲੰਗੋਟੀ ਤੇ ਕਿਸਾਨ ਦੀ ਸੁੱਕੀ ਰੋਟੀ ਉੱਤੇ ਸਾਰਿਆਂ ਦੀ ਨਜ਼ਰ ਹੈ। ਉਹਨਾਂ ਨੂੰ ਲਾਲਚ ਤੇ ਧਮਕੀ ਦੇ ਕੇ ਆਪਣੀ ਜ਼ਮੀਨ ਛੱਡਣ ਲਈ ਕਿਹਾ ਜਾ ਰਿਹਾ ਹੈ। ਉਹ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਰਹੇ ਨੇ। ਕੁਝ ਲੋਕ ਵਧੇਰੇ ਖਾ ਕੇ, ਤੇ ਕੁਝ ਭੁੱਖ ਨਾਲ ਮਰ ਰਹੇ ਨੇ। ਦੇਸ਼ ਉੱਤੇ ਮਰਨ ਵਾਲਿਆਂ ਨੂੰ ਕੋਈ ਨਹੀਂ ਜਾਣਦਾ, ਪਰ ਅਭਿਨੇਤਾ ਤੇ ਕ੍ਰਿਕਟ ਖਿਡਾਰੀਆਂ ਨੂੰ ਸਾਰੇ ਹੀ ਪਛਾਣਦੇ ਨੇ।

ਕੁੜੀਆਂ ਦੇ ਤਨ ਦੇ ਕੱਪੜੇ ਪੂਰੇ ਦੇਸ਼ ਵਿਚ ਘੱਟ ਹੋ ਰਹੇ ਨੇ। ਫਿਲਮਾਂ ਵਿਚ ਨੰਗਾਪਨ ਵਧ ਰਿਹਾ ਹੈ। ਦੂਰਦਰਸ਼ਨ ਵਾਲੇ ਐੱਸ ਐੱਮ ਐੱਸ ਰਾਹੀਂ ਵੋਟਾਂ ਲੈਣ ਦੀ ਦੌੜ ਵਧਾ ਕੇ, ਦਰਸ਼ਕਾਂ ਨੂੰ ਉੱਲੂ ਬਣਾ ਰਹੇ ਨੇ। ਬੱਚਿਆਂ ਤੇ ਬੱਚੀਆਂ ਦੇ ਅਪਹਰਣ, ਬਲਾਤਕਾਰ ਤੇ ਹੱਤਿਆਵਾਂ ਜਗ੍ਹਾ-ਜਗ੍ਹਾ ਹੋ ਰਹੀਆਂ ਨੇ। ਨੋਏਡਾ ਹੋਵੇ ਜਾਂ ਦਿੱਲੀ, ਕਵਿਤਾ ਹੋਵੇ ਜਾਂ ਮਧੂਮਿਤਾ, ਜੈਸਿਕਾ ਲਾਲ ਹੋਵੇ ਜਾਂ ਸ਼ਿਵਾਨੀ ਭਟਨਾਗਰ, ਹਰ ਰਾਜ ਇੱਕ ਨਾਲੋਂ ਅੱਗੇ ਜਾ ਰਿਹਾ ਹੈ। ਕੀ ਇਸ ਵਿਚ 'ਅਨੇਕਤਾ ਵਿਚ ਏਕਤਾ' ਨਹੀਂ ਝਲਕਦੀ ?

ਅਜਿਹੀਆਂ ਅਨੇਕਾਂ ਵਿਹਾਰਕ ਗੱਲਾਂ ਮੈਂ ਚਿੰਟੂ ਨੂੰ ਦੱਸੀਆਂ ਸਨ, ਫੇਰ ਵੀ ਉਸਦੇ ਲੇਖ ਨੂੰ ਸਭ ਨਾਲੋਂ ਘੱਟ ਨੰਬਰ ਮਿਲੇ, ਤਾਂ ਇਸ ਵਿਚ ਮੇਰੀ ਕੀ ਗਲਤੀ ਹੈ? ਸੋ ਪਾਠਕ ਵੀਰੋ, ਮੇਰੇ ਪਿਓਵੋ-ਭਰਾਵੋ, ਫੈਸਲਾ ਤੁਹਾਡੇ ਹੱਥ ਵਿਚ ਹੈ, ਆਪਣਾ ਫੈਸਲਾ ਸੰਪਾਦਕ ਜੀ ਨੂੰ ਦੱਸ ਦੇਣ, ਮੈਂ ਉਹਨਾਂ ਤੋਂ ਪੁੱਛ ਲਵਾਂਗਾ।

Friday, May 1, 2009

ਮਾਰੀਆ :: ਲੇਖਕਾ : ਜ਼ਕਿਯਾ ਜ਼ੁਬੈਰੀ

ਪ੍ਰਵਾਸੀ ਹਿੰਦੀ ਕਹਾਣੀ : ਮਾਰੀਆ :: ਲੇਖਕਾ : ਜ਼ਕਿਯਾ ਜ਼ੁਬੈਰੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.

------------------------------------
ਇਹ ਕਹਾਣੀ ਧਰਤੀ ਦਾ ਸੂਰਜ : 61.---ਮਈ, 2009. ਵਿਚ ਛਪੀ ਹੈ।
------------------------------------

ਸਾਰੇ ਹੀ ਇਕ ਦੂਜੇ ਤੋਂ ਅੱਖਾਂ ਚੁਰਾਅ ਰਹੇ ਸੀ।

ਅਜੀਬ ਜਿਹਾ ਮਾਹੌਲ ਸੀ। ਹਰ ਇਨਸਾਨ, ਕਿਸੇ ਅਖ਼ਬਾਰ-ਰਸਾਲੇ ਨੂੰ ਏਨਾ ਉੱਚਾ ਚੁੱਕ ਕੇ ਪੜ੍ਹ ਰਿਹਾ ਕਿ ਇਕ ਨੂੰ ਦੂਜੇ ਦਾ ਚਿਹਰਾ ਤਕ ਨਜ਼ਰ ਨਹੀਂ ਸੀ ਆ ਰਿਹਾ। ਸਿਰਫ ਕੱਪੜਿਆਂ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਕਿਹੜਾ ਏਸ਼ੀਅਨ ਏ, ਤੇ ਕਿਹੜਾ ਬ੍ਰਿਟਿਸ਼---ਵਰਨਾਂ ਚਿਹਰੇ ਤਾਂ ਸਾਰਿਆਂ ਨੇ ਲਕੋਏ ਹੋਏ ਸਨ।…ਤੇ ਜਿਹੜੇ ਮੁਜਰਿਮ ਸੀ, ਉਹ ਸ਼ਾਂਤ ਦੇ ਬੇਫਿਕਰ ਬੈਠੇ ਸਨ---ਜਿਵੇਂ ਉਹਨਾਂ ਦਾ ਕੋਈ ਕਸੂਰ ਹੀ ਨਾ ਹੋਵੇ। ਕਸੂਰਵਾਰ ਤਾਂ ਸਿਰਫ ਮੁਜਰਿਮ ਪੈਦਾ ਕਰਨ ਵਾਲੀਆਂ ਮਾਵਾਂ ਸਨ।

ਕੁਝ ਸਿਰ ਫਿਰੇ ਤਾਂ ਇੱਥੋਂ ਤੀਕ ਕਹਿ ਦੇਂਦੀ ਸੀ ਕਿ ਭਗਵਾਨ ਵੀ ਤਾਂ ਕਸੂਰਵਾਰ ਹੈ, ਜਿਸਨੇ ਇਸ ਸਰਿਸ਼ਟੀ ਦੀ ਰਚਨਾਂ ਕੀਤੀ ਹੈ---ਕੀ ਮਿਲਆ ਉਸਨੂੰ ? ਕੀ ਹਾਸਿਲ ਹੋਇਆ। ਹਰ ਪਲ, ਹਰੇਕ ਛਿਣ ਆਪਣੇ ਬਾਗ਼ੀ ਬੰਦਿਆਂ ਹੱਥੋਂ ਜਲੀਲ ਹੀ ਹੁੰਦਾ ਰਹਿੰਦਾ ਏ! ਹਰ ਘੜੀ ਉਸਨੂੰ ਚੈਲੇਂਜ ਕੀਤਾ ਜਾਂਦਾ ਹੈ, ਲਲਕਾਰਿਆ ਜਾਂਦਾ ਹੈ। ਭਲਾ, ਕਿੰਨੇ ਲੋਕ ਸੱਚੇ ਦਿਲੋਂ, ਬਿਨਾਂ ਕਿਸੇ ਸਵਾਰਥ ਦੇ ਉਸਨੂੰ ਯਾਦ ਕਰਦੇ ਹੋਣਗੇ?...ਸਿਰਫ ਸ਼ਿਕਾਇਤਾਂ, ਫਰਿਆਦਾਂ ਲਈ ਜਾਂ ਫੇਰ ਮੁਸੀਬਤ ਸਮੇਂ ਹੀ ਉਸਨੂੰ ਯਾਦ ਕੀਤਾ ਜਾਂਦਾ ਹੈ।

ਐਨ ਓਵੇਂ ਹੀ ਮਾਰੀਆ ਦੀ ਮਾਂ ਮਾਰਥਾ ਵੀ ਆਪਣੀ ਕੁਆਰੀ ਧੀ ਦੇ ਗਰਭ-ਵਤੀ ਹੋ ਜਾਣ ਦੀ ਨਮੋਸ਼ੀ ਕਾਰਨ ਭਾਰੇ ਹੋਏ ਕਦਮਾਂ ਨਾਲ ਕਲੀਨਿਕ ਵਿਚੋਂ ਬਾਹਰ ਨਿਕਲ ਰਹੀ ਸੀ। ਜਾਂਦਿਆਂ ਜਾਂਦਿਆਂ ਆਪਣੀ ਹੀ ਤਰ੍ਹਾਂ ਦੀਆਂ ਦੋ ਤਿੰਨ ਮਾਵਾਂ ਨਾਲ ਉਸਦਾ ਸਾਹਮਣਾ ਹੋ ਗਿਆ। ਹਰੇਕ ਨੇ ਨਜ਼ਰਾਂ ਝੁਕਾਅ ਲਈਆਂ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕਬਰਸਤਾਨ ਵਿਚ ਮੁਰਦੇ ਦੱਬਨ ਜਾ ਰਹੀਆਂ ਹੋਣ। ਸਭ ਦੇ ਚਿਹਰੇ ਉਦਾਸ, ਬੇਰੌਣਕ, ਮੁਰਝਾਏ ਜਿਹੇ ਲੱਗ ਰਹੇ ਸਨ---ਜਿਵੇਂ ਸਭ ਕੁਝ ਲੁੱਟਿਆ-ਪੱਟਿਆ ਗਿਆ ਹੋਵੇ, ਕੁਝ ਵੀ ਬਾਕੀ ਨਾ ਰਿਹਾ ਹੋਵੇ।

ਮਾਰਥਾ ਵੀ ਜਿੱਧਰ ਨੂੰ ਪੈਰ ਲੈ ਗਏ ਤੁਰਦੀ ਗਈ…ਕੋਈ ਧਿਆਨ ਨਹੀਂ ਸੀ ਕਿੱਧਰ ਜਾ ਰਹੀ ਹੈ। ਪਤਲੀ ਜਿਹੀ ਇਕ ਪਗਡੰਡੀ ਸੀ ਜਿਸਦੇ ਦੋਵੇਂ ਪਾਸੇ ਸ਼ਾਹ-ਬਲੂਤ ਦੇ ਰੁੱਖ ਆਪਣੇ ਹਰੇ ਹਰੇ ਪੱਤਿਆਂ ਤੋਂ ਮੁਕਤੀ ਪਾ ਚੁੱਕੇ ਸਨ। ਰੁੰਡ-ਮੁੰਡ ਟਾਹਣੀਆਂ ਸਮੇਤ, ਨੰਗੇ ਧੜ, ਸ਼ਰਮਿੰਦਾ ਹੋਏ ਖੜ੍ਹੇ ਸਨ। ਪੀਲੇ ਤੇ ਅੱਗ ਦੇ ਰੰਗ ਵਿਚ ਬਦਲੇ ਹੋਏ ਪੱਤੇ ਮਾਰਥਾ ਦੇ ਪੈਰਾਂ ਹੇਠ ਆ ਕੇ ਕਰਾਹ ਰਹੇ ਸਨ, ਜਿਵੇਂ ਕਿਸੇ ਬੱਚੇ ਦਾ ਗਲਾ ਘੁੱਟਿਆ ਜਾ ਰਿਹਾ ਹੋਵੇ। ਜਿਹੜਾ ਹੱਥ ਪੈਰ ਮਾਰਦਾ ਸਹਾਇਤਾ ਮੰਗ ਰਿਹਾ ਹੋਵੇ, ਕੁਰਲਾਅ ਰਿਹਾ ਹੋਵੇ, ਪ੍ਰਾਥਨਾ ਕਰ ਰਿਹਾ ਹੋਵੇ ਕਿ ਮੈਨੂੰ ਬਚਾਓ, ਬਚਾਓ…ਮੇਰਾ ਕੀ ਕਸੂਰ ਹੈ? ਮੈਂ ਕੀ ਅਪਰਾਧ ਕੀਤਾ ਏ? ਮੈਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ? ਮਾਰਥਾ ਘਬਰਾ ਕੇ ਤੇਜ਼ ਤੇਜ਼ ਤੁਰਨ ਲੱਗ ਪਈ। ਪਰ ਆਵਾਜ਼ ਵੀ ਓਨੀ ਹੀ ਤੇਜ਼ ਹੋ ਗਈ। ਮਾਰਥਾ ਦਾ ਗੱਚ ਭਰ ਆਇਆ। ਪੈਰ ਰੁਕ ਗਏ ਤੇ ਨੇੜੇ ਪਈ ਇਕ ਬੈਂਚ ਉੱਤੇ ਜਾ ਬੈਠੀ। ਅੱਖਾਂ ਸਿੱਜਲ ਹੋ ਗਈਆਂ ਸਨ ਤੇ ਸਭ ਕੁਝ ਧੁੰਦਲਾ-ਧੁੰਦਲਾ ਜਿਹਾ ਨਜ਼ਰ ਆ ਰਿਹਾ ਸੀ। ਫੇਰ ਅੱਖਾਂ ਵਿਚੋਂ ਮੋਟੇ ਮੋਟੇ ਤੇ ਗਰਮ ਗਰਮ ਅੱਥਰੂ ਵਹਿਣ ਲੱਗੇ, ਜਿਵੇਂ ਇਸ ਸਾਰੀ ਦੁਨੀਆਂ, ਸਾਰੇ ਸੰਸਾਰ ਨੂੰ ਰੋੜ੍ਹ ਕੇ ਲੈ ਜਾਣਗੇ, ਗਰਕ ਕਰ ਦੇਣਗੇ। ਅੱਖਾਂ ਬੰਦ ਸਨ ਪਰ ਸਭ ਕੁਝ ਦੇਖ ਰਹੀ ਸੀ ਉਹ। ਰੁੱਖਾਂ ਦੀ ਓਟ ਵਿਚ ਕਲੀਨਿਕ ਦੀ ਇਮਾਰਤ ਨਜ਼ਰ ਆ ਰਹੀ ਸੀ। ਪਰ ਮਾਰਥਾ ਵਾਰੀ ਵਾਰੀ ਉਸ ਭਵਨ ਤੋਂ ਨਜ਼ਰਾਂ ਹਟਾਅ ਲੈਂਦੀ ਸੀ, ਅੱਖਾਂ ਚੁਰਾਅ ਰਹੀ ਸੀ ਕਿ ਕਿਤੇ ਕੋਈ ਇਹ ਨਾ ਬੁੱਝ ਲਵੇ ਕਿ ਮਾਰੀਆ ਨੂੰ ਉਸਨੇ ਉੱਥੇ ਭਰਤੀ ਕਰਵਾਇਆ ਹੋਇਆ ਹੈ। ਫੇਰ ਹਰ ਆਦਮੀ ਦੇ ਦਿਲ-ਦਿਮਾਗ਼ ਵਿਚ ਹਜ਼ਾਰਾਂ ਸਵਾਲ ਉੱਠਣਗੇ, ਬੁੱਲ੍ਹਾਂ ਤਕ ਆਉਣਗੇ ਤੇ ਉਹਨਾਂ ਦਾ ਪ੍ਰਚਾਰ ਕੀਤਾ ਜਾਵੇਗਾ। ਮਾਰਥਾ ਕਿਸ ਕਿਸ ਨੂੰ ਜਵਾਬ ਦਵੇਗੀ? ਕਿੰਨੇ ਝੂਠ ਬੋਲੇਗੀ? ਇਕ ਝੂਠ ਪਿੱਛੋਂ ਸੈਂਕੜੇ ਝੂਠ ਹੋਰ ਘੜਨੇ ਪੈਂਦੇ ਨੇ। ਪਰ ਸੱਚ ਬੋਲਿਆ ਕਿੰਜ ਜਾਵੇ? ਬੜਾ ਕੌੜਾ ਹੁੰਦਾ ਏ ਸੱਚ! ਇਸ ਨਾਗ ਦੇ ਵਿਸ਼ ਵਰਗੇ ਕੌੜੇ ਸੱਚ ਨੂੰ ਉਗਲਿਆ ਜਾਂ ਨਿਗਲਿਆ ਕਿੰਜ ਜਾਵੇ? ਵਿਚਾਰੀ ਮਾਰਥਾ ਇਸੇ ਉਧੇੜ-ਬੁਣ ਵਿਚ ਬੈਠੀ ਹੁਭਕੀਂ ਰੋਂਦੀ ਰਹੀ। ਪਤਝੜ ਦੀ ਮਾਰ ਖਾਧੇ ਪੱਤਿਆਂ ਨੂੰ ਆਉਂਦੇ-ਜਾਂਦੇ ਰਾਹੀ-ਪਾਂਧੀ ਮਿੱਧ-ਮਿੱਧ ਲੰਘਦੇ ਰਹੇ। ਮਾਰਥਾ ਬੈਠੀ ਪੱਤਿਆਂ ਦਾ ਕੁਰਲਾਹਟ ਸੁਣਦੀ ਰਹੀ। …ਘੜੀ ਦੇਖੀ, ਅਜੇ ਬੜਾ ਸਮਾਂ ਪਿਆ ਸੀ। ਕੀ ਕਰੇ? ਕਿੱਧਰ ਜਾਵੇ?

ਪ੍ਰਕ੍ਰਿਤੀ ਦਾ ਤਮਾਸ਼ਾ ਵੀ ਖ਼ੂਬ ਹੈ। ਸਿਰਜਣ ਵਿਚ ਸਮਾਂ ਲੱਗਦਾ ਹੈ, ਜਦਕਿ ਵਿਨਾਸ਼, ਪਲਾਂ-ਛਿਣਾ ਵਿਚ ਹੋ ਜਾਂਦਾ ਹੈ। ਦਮ ਘੁਟ ਰਿਹਾ ਸੀ। ਖੁੱਲ੍ਹੇ ਆਸਮਾਨ ਹੇਠ ਵੀ ਸਾਹ ਲੈਣਾ ਦੁੱਭਰ ਹੋਇਆ ਹੋਇਆ ਸੀ। ਮਾਰਥਾ ਦਾ ਜੀਅ ਘਬਰਾਉਣ ਲੱਗਾ ਤੇ ਦਿਲ ਚਾਹੁਣ ਲੱਗਾ ਕਿ ਹਨੇਰੇ ਕਮਰੇ ਵਿਚ ਜਾ ਕੇ, ਕਿਸੇ ਦੀ ਬੁੱਕਲ ਵਿਚ ਮੂੰਹ ਲਕੋਅ ਕੇ ਆਪਣਾ ਸਾਰਾ ਦੁੱਖ ਉਸਦੀ ਸਫੇਦ ਟੀ-ਸ਼ਰਟ ਦੀ ਝੋਲੀ ਵਿਚ ਉਲਟ ਦੇਵੇ। ਉਹ ਆਪਣਾ ਸੱਜਾ ਹੱਥ ਮਾਰਥਾ ਦੇ ਵਾਲਾਂ ਵਿਚ ਫੇਰਦਾ ਰਹੇ, ਮੱਥਾ ਚੰਮਦਾ ਰਹੇ ਤੇ ਕਹਿੰਦਾ ਰਹੇ, 'ਸਭ ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ।'

ਮਾਰਥਾ ਸਾਹ ਰੋਕੀ ਉਸਦੀ ਬੁੱਕਲ ਵਿਚ ਬੱਚਿਆਂ ਵਾਂਗ ਲੇਟੀ ਰਹਿੰਦੀ। ਸੁਰੱਖਿਆ ਦਾ ਅਹਿਸਾਸ ਕਿੰਨਾ ਆਤਮ-ਵਿਸ਼ਵਾਸ ਪੈਦਾ ਕਰਦਾ ਹੈ! ਪਿਆਰ ਵਿਚ ਕੇਡੀ ਪੱਕਿਆਈ ਪੈਦਾ ਹੋ ਜਾਂਦੀ ਹੈ, ਚਾਹਤ ਕਿਹੜੇ ਹੱਦ-ਬੰਨੇ ਛੂਹ ਲੈਂਦੀ ਹੈ! ਇਹ ਸਿਰਫ ਦੋ ਸੱਚੀ ਮੁਹੱਬਤ ਤੇ ਇਕ ਦੂਜੇ ਨੂੰ ਪਿਆਰ ਕਰਨ ਵਾਲੇ ਤੇ ਇਕ ਦੂਜੇ ਉੱਪਰ ਵਿਸ਼ਵਾਸ ਕਰਨ ਵਾਲੇ ਹੀ ਸਮਝ ਸਕਦੇ ਨੇ। ਕਦੀ ਮਾਰਥਾ ਦਾ ਸਿਰ ਉਸਦੇ ਮੋਢੇ ਉੱਪਰ ਹੁੰਦਾ ਤੇ ਉਸਦਾ ਸਿਰ ਮਾਰਥਾ ਕੀ ਗੋਦ ਵਿਚ। ਇੰਜ ਮਹਿਸੂਸ ਹੁੰਦਾ ਜਿਵੇਂ ਉਸਦਾ ਆਪਣਾ ਬੱਚਾ ਗੋਦ ਵਿਚ ਪਿਆ ਹੋਵੇ। ਭਰਾ ਹੋਵੇ, ਪਿਓ ਹੋਵੇ…ਪਤੀ ਹੋਵੇ ਜਾਂ ਪ੍ਰੇਮੀ---ਔਰਤ ਤਾਂ ਇਕ ਮਾਂ ਹੁੰਦੀ ਏ। ਉਹ ਹਰ ਪਲ ਹਰ ਮੌਕੇ ਮਮਤਾ ਨਿਛਾਵਰ ਕਰਨ ਲਈ ਤਤਪਰ ਹੁੰਦੀ ਹੈ। ਐਨ ਇਸੇ ਭਾਵ ਹਿੱਤ ਉਹ ਸਾਰੀ ਸਾਰੀ ਰਾਤ ਉਸਦਾ ਸੰਘਣੇ, ਚਮਕੀਲੇ ਵਾਲਾਂ ਵਾਲਾ ਸਿਰ ਆਪਣੀ ਛਾਤੀ ਉੱਪਰ ਰੱਖੀ ਬੈਠੀ ਰਹਿੰਦੀ। ਵਾਲਾਂ ਵਿਚ ਉਂਗਲਾਂ ਫੇਰਦੀ, ਮੱਥਾ ਚੁੰਮਦੀ ਤੇ ਠੋਡੀ ਤੇ ਗਰਦਨ ਨੂੰ ਮਹਿਸੂਸ ਕਰਦੀ ਰਹਿੰਦੀ। ਕਦੀ ਕਦੀ ਉਹ ਨੀਂਦ ਵਿਚ ਹੀ ਆਵਾਜ਼ ਦੇਂਦਾ; ਮਾਰਥਾ ਜਵਾਬ ਵਿਚ ਪਿਆਰ ਕਰਦੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਤੇ ਬੱਚਿਆਂ ਵਾਂਗ ਹੀ ਉਸਦੇ ਸਿਰ ਨੂੰ ਘੁੱਟ ਕੇ ਹਿੱਕ ਨਾਲ ਲਾ ਲੈਂਦੀ ਤੇ ਸੰਵਾਅ ਦੇਂਦੀ। ਉਹ ਫੇਰ ਕਿਸੇ ਮਾਸੂਮ ਬੱਚੇ ਵਾਂਗ ਨਿਸ਼ਚਿੰਤ ਹੋ ਜਾਂਦਾ ਕਿ ਮਾਰਥਾ ਗਈ ਨਹੀਂ। ਤੇ ਫੇਰ ਗੂੜ੍ਹੀ ਨੀਂਦ ਸੌਂ ਜਾਂਦਾ। ਅਚਾਨਕ ਅਲਾਰਮ ਦੀ ਘੰਟੀ ਨਾਲ ਦੋਵੇਂ ਜਾਗ ਜਾਂਦੇ ਤੇ ਇਕ ਦੂਜੇ ਨਾਲ ਲਿਪਟ ਜਾਂਦੇ…ਇਹ ਜੁਦਾਈ ਦੀ ਘੜੀ ਕਿੰਜ ਬਰਦਾਸ਼ਤ ਕਰਾਂਗੇ? ਥੋੜ੍ਹੀ ਦੇਰ ਵਿਚ ਕਾਰ ਰਵਾਨਾ ਹੋ ਰਹੀ ਹੁੰਦੀ ਤੇ ਉਹ ਖਿੜਕੀ ਵਿਚ ਖੜ੍ਹਾ ਹੁੰਦਾ; ਇਕ ਕੈਦੀ ਵਾਂਗ। ਚਾਹੁੰਦਾ ਹੋਇਆ ਵੀ ਉਹ ਉਸਨੂੰ ਵਿਦਾਅ ਨਹੀਂ ਕਹਿ ਸਕਦਾ ਸੀ। ਹਨੇਰੇ ਵਿਚ ਮਾਰਥਾ ਨੂੰ ਜਾਂਦਿਆਂ ਦੇਖਦਾ ਤਾਂ ਘਬਰਾ ਜਾਂਦਾ…ਮਿੰਨਤ ਕਰਦਾ ਕਿ ਥੋੜ੍ਹਾ ਚਾਨਣ ਹੋ ਜਾਵੇ, ਫੇਰ ਚਲੀ ਜਾਵੀਂ। ਉਹ ਜਿਸ ਹਨੇਰੇ ਦੀ ਗੱਲ ਕਾਰਦਾ ਸੀ, ਉਹ ਸਿਰਫ ਉਸਦੇ ਨਾ ਹੋਣ ਕਾਰਕੇ ਹੀ ਹੁੰਦਾ ਸੀ। ਜਿੱਥੇ ਉਹ ਹੁੰਦਾ ਚਾਨਣ ਹੀ ਚਾਨਣ ਹੁੰਦਾ। ਉਸ ਤੋਂ ਦੂਰੀ ਹਨੇਰੇ ਗੂੜੇ ਕਰ ਦੇਂਦੀ; ਭਾਵੇਂ ਸੂਰਜ ਕਿੰਨਾ ਵੀ ਤੇਜ ਕਿਉਂ ਨਾ ਚਮਕ ਰਿਹਾ ਹੁੰਦਾ। ਜੇ ਉਹ ਨਹੀਂ ਤਾਂ ਕੁਝ ਵੀ ਨਹੀਂ।…ਤੇ ਗੱਡੀ ਸੜਕ 'ਤੇ ਦੌੜਨ ਲੱਗਦੀ। ਮਾਰਥਾ ਸ਼ੀਸ਼ਾ ਹੇਠਾਂ ਕਰਕੇ ਹੱਥ ਹਿਲਾਉਂਦੀ। ਹੱਥਾਂ ਦੇ ਇਸ਼ਾਰੇ ਨਾਲ ਚੁੰਮਣਾ ਦੀ ਝੜੀ ਲਾ ਦੇਂਦੀ। ਜਦ ਤਕ ਉਹ ਅੱਖਾਂ ਤੋਂ ਓਹਲੇ ਨਾ ਹੋ ਜਾਂਦੀ ਉਹ ਵੀ ਹੱਥ ਹਿਲਾਉਂਦਾ ਰਹਿੰਦਾ ਤੇ ਅਗਲੇ ਪਲ ਹੀ ਫ਼ੋਨ ਦੀ ਘੰਟੀ ਵੱਜਦੀ। ਉਂਘਲਾਈ ਜਿਹੀ ਆਵਾਜ਼ ਕੰਨਾਂ ਵਿਚ ਰਸ ਘੋਲ ਰਹੀ ਹੁੰਦੀ---"ਹੁਣ ਕਿੱਥੇ ਪਹੁੰਚ ਗਈ ਏਂ?...ਕੈਸੀ ਏਂ? ਠੀਕ ਏਂ ਨਾ?...ਡਰ ਤਾਂ ਨਹੀਂ ਰਹੀ?..."

ਮਾਰਥਾ ਆਪਣੀ ਆਵਾਜ਼ ਵਿਚ ਵਿਸ਼ਵਾਸ ਪੈਦਾ ਕਰਿਦਆਂ ਕਹਿੰਦੀ ਨਹੀਂ, "ਡਰ ਕਿਸ ਗੱਲ ਦਾ? ਤੁਸੀਂ ਜੋ ਓ…!"

ਜਦੋਂ ਤਕ ਘਰ ਨਾ ਪਹੁੰਚ ਜਾਂਦੀ ਉਹ ਫ਼ੋਨ ਉੱਤੇ ਤਸੱਲੀਆਂ ਦੇਂਦਾ ਰਹਿੰਦਾ, ਗਾਣਾ ਸੁਣਾਉਂਦਾ ਰਹਿੰਦਾ ਤੇ ਵਾਰੀ ਵਾਰੀ ਪੁੱਛਦਾ ਕਿ ਹੁਣ ਉਹ ਕਿੱਥੇ ਕੁ ਪਹੁੰਚ ਗਈ ਹੈ?

ਮਾਰਥਾ ਦੱਸਦੀ ਕਿ ਉਹ ਘਰ ਵਿਚ ਪ੍ਰਵੇਸ਼ ਕਰਨ ਲੱਗੀ ਹੈ ਤਾਂ ਉਹ ਉਦਾਸ ਹੋ ਜਾਂਦਾ ਤੇ ਕਹਿੰਦਾ, "ਤੂੰ ਬੜੀ ਯਾਦ ਆ ਰਹੀ ਏਂ।" ਤੇ ਜ਼ਿਦ ਕਰਦਾ ਕਿ ਛੱਡ ਕੇ ਨਾ ਜਾਇਆ ਕਰ, ਬਸ ਹੁਣ ਹਮੇਸ਼ਾ ਲਈ ਆ ਜਾ।

ਮਾਰਥਾ ਉਸਨੂੰ ਦਿਲਾਸਾ ਦੇਂਦੀ, ਪੁਚਕਾਰਦੀ-ਪਿਆਰਦੀ ਤੇ ਘਰ ਅੰਦਰ ਵੜਦੀ ਹੋਈ ਉਸਨੂੰ ਤੁਰੰਤ ਸੌਂ ਜਾਣ ਦੀ ਹਦਾਇਤ ਦੇਂਦੀ। ਭਰੜਾਈ ਹੋਈ ਆਵਾਜ਼ ਵਿਚ ਸ਼ੁਭ-ਰਾਤਰੀ ਕਹਿੰਦੀ ਤੇ ਫ਼ੋਨ ਬੰਦ ਕਰ ਦੇਂਦੀ।

ਜਦੋਂ ਵੀ ਦੋਵੇਂ ਮਿਲਦੇ, ਹਰੇਕ ਛਿਣ ਜੀਅ ਭਰ ਕੇ ਪਿਆਰ ਕਰਦੇ। ਮਾਰਥਾ ਉਸ ਉਤੋਂ ਵਾਰੀ-ਘੋਲੀ ਜਾਂਦੀ…ਤੇ ਜਦੋਂ ਵਿਛੜਦੇ ਤਾਂ ਉਦਾਸ ਹੋ ਜਾਂਦੀ। ਇਕ ਅਨਿਸ਼ਚਿਤ ਅਹਿਸਾਸ ਕਿ ਪਤਾ ਨਹੀਂ ਕੱਲ੍ਹ ਕੀ ਹੋਵੇਗਾ?...ਇਵੇਂ ਜੀ ਦੋਵਾਂ ਇਕ ਸਾਲ ਨਾਲ ਨਾਲ ਬਿਤਾਇਆ, ਤੇ ਅੱਜ ਜਦੋਂ ਕਿ ਮਾਰਥਾ ਬਗ਼ੈਰ ਪੱਤਿਆਂ ਵਾਲੇ ਰੁੱਖ ਹੇਠ ਇਕੱਲੀ ਤੇ ਉਦਾਸ ਬੈਠੀ ਹੋਈ ਹੈ, ਉਸਨੂੰ ਇਹ ਰੁੱਖ ਵੀ ਆਪਣੀ ਜ਼ਿੰਦਗੀ ਦਾ ਪ੍ਰਤੀਕ ਨਜ਼ਰ ਆਉਣ ਲੱਗ ਪਏ ਨੇ…ਜਿਹੜੇ ਜ਼ਿੰਦਗੀ ਦੀ ਬਹਾਰ ਵੇਖਣ ਪਿੱਛੋਂ, ਪਤਝੱੜ ਹੱਥੇ ਚੜ੍ਹ ਚੁੱਕੇ ਨੇ। ਹੁਣ ਸਿਰਫ ਪੀਲੇ, ਭੂਰੇ-ਭੂਸਲੇ ਤੇ ਨਾਰੰਗੀ ਪੱਤੇ ਹੀ ਬਹਾਰ ਗੁਜਰ ਜਾਣ ਦੀ ਕਹਾਣੀ ਸੁਣਾ ਰਹੇ ਨੇ।

ਮਾਰਥਾ ਬੜੀ ਬੈਚੇਨੀ ਨਾਲ ਮਾਰੀਆਂ ਦੀ ਉਡੀਕ ਕਰ ਰਹੀ ਸੀ। ਇੰਤਜ਼ਾਰ ਦੀ ਭਟਕਣ ਨਾਲ ਵਾਰੀ ਵਾਰੀ ਉਸਦਾ ਖ਼ਿਆਲ ਆ ਰਿਹਾ ਸੀ। ਉਸਦੀ ਕਮੀ ਮਹਿਸੂਸ ਹੋ ਰਹੀ ਸੀ। ਇਕੱਲਾਪਣ ਖਾਣ ਨੂੰ ਆ ਰਿਹਾ ਸੀ। ਕਿੰਨਾ ਸਹਾਰਾ ਹੁੰਦਾ ਸੀ ਉਸਦਾ, ਜਦੋਂ ਉਹ ਮੁਸ਼ਕਿਲ ਵਿਚ ਹੁੰਦੀ ਸੀ! ਜ਼ਰਾ ਵੀ ਪ੍ਰੇਸ਼ਾਨ ਹੁੰਦੀ ਤਾਂ ਉਹ ਝੱਟ ਕਹਿੰਦਾ, "ਤੂੰ ਐਵੇਂ ਕਿਉਂ ਪ੍ਰੇਸ਼ਾਨ ਹੁੰਦੀ ਏਂ…ਮੈਂ ਹਾਂ ਨਾ।" ਤੇ ਅੱਜ ਜਦੋਂ ਮਾਰਥਾ ਨੂੰ ਕਿਸੇ ਆਪਣੇ ਦੇ ਸਹਾਰੇ ਦੀ ਲੋੜ ਹੈ ਤਾਂ ਉਹ ਬਿਲਕੁਲ ਇਕੱਲੀ ਬੈਠੀ ਹੋਈ ਹੈ।

ਮਾਰੀਆ ਉਸਦੀ ਆਪਣੀ ਬੱਚੀ…ਜਿਸਨੂੰ ਉਹ ਹਮੇਸ਼ਾ ਆਪਣੀ ਦੋਸਤ, ਆਪਣਾ ਸਾਥੀ ਤੇ ਆਪਣਾ ਸਹਾਰਾ ਸਮਝਦੀ ਰਹੀ ਸੀ, ਉਹ ਆਪਣੀ ਮਾਂ ਨੂੰ ਦੱਸੇ ਬਗ਼ੈਰ ਇਹ ਕੁਝ ਕਰ ਬੈਠੀ! ਮਾਂ ਦੇ ਵਿਸ਼ਵਾਸ ਨੂੰ ਕੇਡੀ ਠੋਕਰ ਮਾਰੀ ਸੀ ਉਸਨੇ! ਏਸ ਪੀੜ ਨੂੰ ਸਿਰਫ ਉਹੀ ਸਮਝ ਸਕਦੀ ਸੀ। ਮਾਰਥਾ ਨੂੰ ਫੇਰ ਉਹ ਯਾਦ ਆਉਂਣ ਲੱਗ ਪਿਆ…ਅੱਥਰੂ ਹੱਦਾਂ-ਬੰਨੇ ਤੋੜ ਕੇ ਬਾਹਰ ਆਉਣ ਲਈ ਬੇਤਾਬ ਹੋ ਗਏ।

ਅਚਾਨਕ ਘੜੀ 'ਤੇ ਨਜ਼ਰ ਗਈ, ਸਮਾਂ ਹੋ ਗਿਆ ਸੀ। ਮਾਰਥਾ ਕਾਹਲ ਨਾਲ ਉੱਠੀ ਤੇ ਕਾਹਲੇ ਪੈਰੀਂ ਕਲੀਨਿਕ ਵੱਲ ਤੁਰ ਪਈ। ਹੁਣ ਇਹ ਪੱਤੇ ਤੜਫ਼-ਵਿਲਕ ਕੇ ਖ਼ਾਮੋਸ਼ ਹੋ ਗਏ ਸਨ। ਮਾਰਥਾ ਦੀ ਚਾਲ ਵਿਚ ਵੀ ਠਹਿਰਾਅ ਆ ਗਿਆ ਸੀ। ਅੱਥਰੂ ਵੀ ਕਾਫੀ ਹੱਥ ਤਕ ਰੁਕ ਗਏ ਸਨ। ਕਲੀਨਿਕ ਦੀ ਘੰਟੀ ਵਜਾਂਦਿਆਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਮਾਰਥਾ ਨੇ ਅੰਦਰ ਵੜਦਿਆਂ ਹੀ ਰਿਸੈਪਸ਼ਨ 'ਤੇ ਬੈਠੀ ਇਕ ਟਰੇਂਡ ਨਰਸ ਨੂੰ ਪੁੱਛਿਆ, "ਮਾਰੀਆ ਕਿੱਥੇ...?...ਕੈਸੀ ਹੈ ਉਹ ?...ਠੀਕ-,ਠਾਕ ਏ ਨਾ ?...ਕੀ ਤੁਸੀਂ ਖ਼ੁਦ ਮਾਰੀਆ ਨੂੰ ਦੇਖਿਆ ਹੈ ?" ਮਾਰਥਾ ਲਗਾਤਾਰ ਸਵਾਲ ਕਰਦੀ ਰਹੀ, ਉਸ ਨਰਸ ਨੂੰ ਜਵਾਬ ਦੇਣ ਦਾ ਮੌਕਾ ਤਕ ਨਹੀਂ ਦਿਤਾ।

ਜਦ ਉਹ ਰੁਕੀ। ਸਮਾਂ ਮਿਲਿਆ ਤਾਂ ਨਰਸ ਨੇ ਪੁੱਛਿਆ, "ਮਾਰੀਆ ਦਾ ਪੂਰਾ ਨਾਂਅ ਕੀ ਏ?...ਤੇ ਉਹ ਕਿੰਨੀ ਕੁ ਉਮਰ ਦੀ ਏ ਮੈਡਮ?"

ਮਾਰੀਆ ਦਾ ਨਾਂ ਜਿਵੇਂ ਮਾਰਥਾ ਦੇ ਸੰਘ ਵਿਚ ਫਸ ਗਿਆ ਹੋਵੇ। ਉਸਦਾ ਅੰਦਰਲਾ ਕਹਿ ਰਿਹਾ ਸੀ, 'ਮਾਰੀਆ ਦਾ ਨਾਂ ਨਾ ਦੱਸੀਂ, ਮਤੇ ਇੱਥੇ ਬੈਠੀਆਂ ਸਾਰੀਆਂ ਔਰਤਾਂ ਨੂੰ ਪਤਾ ਲੱਗ ਜਾਵੇ ਕਿ ਮਾਰੀਆ ਨੇ ਕੀ ਕੀਤਾ ਈ…?' ਤੇ ਉਮਰ ਬਾਰੇ ਤਾਂ ਸੋਚ ਕੇ ਹੀ ਉਸਨੂੰ ਗਸ਼ੀ ਪੈਣ ਵਾਲੀ ਹੋ ਗਈ ਸੀ। ਪੰਦਰਾਂ ਸਾਲ ਦੀ ਕੁਆਰੀ ਮਾਂ! ਮਾਰਥਾ ਇਕ ਵਾਰੀ ਫੇਰ ਅੰਦਰ ਤਕ ਕੰਬ ਗਈ। ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਉਦੋਂ ਹੀ ਇਕ ਨਰਸ ਮਾਰੀਆ ਨੂੰ ਫੜ੍ਹ ਕੇ ਬਾਹਰ ਲਿਆ ਰਹੀ ਸੀ। ਮਾਂ, ਧੀ ਦੀਆਂ ਨਜ਼ਰਾਂ ਮਿਲੀਆਂ। ਦੋਵਾਂ ਦੀਆਂ ਅੱਖਾਂ ਸਿੱਜਲ ਹੋ ਗਈਆਂ। ਦੋਵਾਂ ਨੇ ਨਜ਼ਰਾਂ ਝੁਕਾਅ ਲਈਆਂ। ਮਾਂ ਨੇ ਉਸਦਾ ਹੱਥ ਫੜ੍ਹ ਲਿਆ। ਹੱਥ ਬਿਲਕੁਠ ਠੰਡਾ ਬਰਫ਼ ਹੋਇਆ ਹੋਇਆ ਸੀ। ਮਾਂ ਆਪਣੇ ਹੱਥਾਂ ਨਾਲ ਛੇਤੀ ਛੇਤੀ ਉਸਦੇ ਹੱਥ ਮਲਣ ਲੱਗ ਪਈ, ਗਰਮ ਕਰਨ ਲਈ। ਉਸਨੂੰ ਮਹਿਸੂਸ ਹੋਇਆ ਕਿ ਮਾਰੀਆ ਦਾ ਰੰਗ ਸੰਗਮਰਮਰ ਵਾਂਗ ਸਫੇਦ ਹੋਇਆ ਹੋਇਆ ਹੈ। ਬੁੱਲ੍ਹਾਂ ਦੀ ਗੁਲਾਬੀ ਰੰਗਤ ਫਿੱਕੀ ਪੈ ਚੁੱਕਿਆ ਸੀ। ਸੰਘਣੇ ਸੁਨਿਹਰੀ ਵਾਲ ਖਿੱਲਰ-ਪੁਲਰ ਕੇ ਮੋਢਿਆਂ ਤੇ ਗਰਦਨ ਦੁਆਲੇ ਲਿਪਟੇ ਹੋਏ ਸੀ। ਮਾਰੀਆ ਵਿਚ ਮਾਂ ਵਰਗੀ ਪਵਿੱਤਰਤਾ ਪੈਦਾ ਹੋ ਚੁੱਕੀ ਹੈ। ਮਾਂ ਉਸਨੂੰ ਫੜ੍ਹ ਕੇ ਹੌਲੀ ਹੌਲੀ ਤੌਰਦੀ ਹੋਈ ਕਾਰ ਤਕ ਲੈ ਆਈ। ਮਾਰਥਾ ਖ਼ੁਦ ਨੂੰ ਏਨਾ ਕਮਜ਼ੋਰ ਮਹਿਸੂਸ ਕਰ ਰਹੀ ਸੀ ਜਿਵੇਂ ਕਾਰ ਚਲਉਣ ਦੀ ਤਾਕਤ ਵੀ ਨਾ ਹੋਵੇ। ਉਸਨੇ ਹਿੰਮਤ ਕਰਕੇ ਮਾਰੀਆ ਨੂੰ ਪੁੱਛਿਆ ਕਿ ਉਹ ਕੌਣ ਸੀ ਜਿਸ ਲਈ ਮਾਰੀਆ ਇਹ ਕੁਰਬਾਨੀ ਦੇ ਗਈ?...ਮਾਂ ਨੇ ਮਾਂ ਨੂੰ ਕੋਈ ਉਤਰ ਨਾ ਦਿੱਤਾ ਤੇ ਉਸਦੀ ਗੋਦੀ ਵਿਚ ਮੂੰਹ ਲਕੋਅ ਲਿਆ।

ਮਾਂ ਹੋਰ ਉਦਾਸ ਹੋ ਗਈ। ਉਸਨੂੰ ਫੇਰ ਉਸਦਾ ਚੇਤਾ ਆ ਗਿਆ। ਉਹ ਵੀ ਮਾਰਥਾ ਦੀ ਗੋਦ ਵਿਚ ਇੰਜ ਹੀ ਮੂੰਹ ਲੁਕਾਅ ਲੈਂਦਾ ਹੁੰਦਾ ਸੀ।…ਘੰਟਿਆਂ ਬੱਧੀ ਪਿਆ ਰਹਿੰਦਾ ਤੇ ਕਹਿੰਦਾ , "ਮੇਰਾ ਜੀਅ ਕਰਦੈ, ਸਮਾਂ ਇੱਥੇ ਈ ਰੁਕ ਜਾਵੇ।"

ਮਾਰਥਾ ਦੀ ਗੋਦੀ ਵਿਚ ਉਸਨੂੰ ਬੜੀ ਸ਼ਾਂਤੀ ਮਿਲਦੀ। ਮਾਰਥਾ ਉਸਨੂੰ ਗੋਦ ਵਿਚ ਲਿਟਾਈ ਘੰਟਿਆਂ ਬੱਧੀ ਇਕੋ ਥਾਂ ਬੈਠੀ ਰਹਿੰਦੀ…ਹਿੱਲਦੀ ਤਕ ਨਹੀਂ ਸੀ…ਮਤੇ ਉਹ ਜਾਗ ਈ ਨਾ ਪਵੇ। ਮਾਰੀਆ ਦੇ ਵਾਲਾਂ ਵਿਚ ਉਂਗਲਾਂ ਫੇਰਦਿਆਂ ਹੋਇਆ ਮਾਂ ਨੇ ਫੇਰ ਪੁੱਛਿਆ, "ਮਾਰੀਆ ਅਜਿਹਾ ਕੌਣ ਈ, ਜਿਸਦੀ ਮੁਹੱਬਤ ਵਿਚ ਤੂੰ ਆਪਣੇ ਆਪਣੇ ਆਪ ਨੂੰ ਬਰਬਾਦ ਕਰ ਲਿਐ…?"

ਮਾਰੀਆ ਨੇ ਬੁੱਕਲ ਵਿਚ ਚਿਹਰਾ ਹੋਰ ਧਸਾਂਦਿਆਂ, ਭਿਚੀ ਜਿਹੀ ਆਵਾਜ਼ ਵਿਚ ਕਿਹਾ, "ਮਾਂ ਜਿਸ ਕੋਲ ਤੂੰ ਜਾਂਦੀ ਸੈਂ…!"