Sunday, December 20, 2009

ਅਹਿਸਾਸ ਦਾ ਬੋਝ... :: ਲੇਖਕ : ਸੱਯਦ ਪ੍ਰੇਮੀ

ਉਰਦੂ ਕਹਾਣੀ : ਅਹਿਸਾਸ ਦਾ ਬੋਝ... :: ਲੇਖਕ : ਸੱਯਦ ਪ੍ਰੇਮੀ
ਅਨੁਵਾਦ : ਮਹਿੰਦਰ ਬੇਦੀ, ਜੈਤੋ । ਮੋਬਾਇਲ : 9417730600.


ਹੁਣ ਉਸ ਵਿਚ ਪਾਸਾ ਪਰਤਨ ਦੀ ਹਿੰਮਤ ਵੀ ਨਹੀਂ ਸੀ---ਪਿੰਡਾ ਕਿਸੇ ਫੋੜੇ ਵਾਂਗ ਦੁਖ ਰਿਹਾ ਸੀ।
ਕਮਰੇ ਵਿਚ ਬਿਜਲੀ ਦਾ ਪੱਖਾਂ ਚੱਲ ਰਿਹਾ ਸੀ, ਪਰ ਉਸ ਦਾ ਬਲਾਊਜ਼ ਪਸੀਨੇ ਨਾਲ ਤਰ ਹੋ ਕੇ, ਉਸ ਦੇ ਸਰੀਰ ਦੇ ਉਭਾਰਾਂ ਨਾਲ ਚਿੰਬੜ ਗਿਆ ਸੀ। ਵਾਲ ਚਿਹਰੇ ਤੇ ਮੋਢਿਆਂ ਉੱਤੇ ਖਿੱਲਰੇ ਹੋਏ ਸਨ। ਅੱਖਾਂ ਉੱਤੇ ਪਲਕਾਂ ਦਾ ਭਾਰ ਵਧ ਗਿਆ ਜਾਪਦਾ ਸੀ। ਬੁੱਲ੍ਹ ਸੁੱਕ ਸੁੱਕ ਜਾਂਦੇ ਸਨ ਤੇ ਉਹ ਵਾਰੀ ਵਾਰੀ ਉਹਨਾਂ ਉੱਤੇ ਜੀਭ ਫੇਰ ਰਹੀ ਸੀ।
ਰਾਤ ਦੇ ਦੋ ਵੱਜ ਗਏ ਸਨ, ਪਰ ਉਹ ਸੌਂ ਨਹੀਂ ਸੀ ਸਕੀ। ਫੇਰ ਹਾਲ ਕਮਰੇ ਦੀ ਵੱਡੀ ਘੜੀ ਨੇ ਇਕ ਵਾਰ ਹੋਰ ਖੜਕ ਕੇ ਢਾਈ ਵੱਜ ਜਾਣ ਦਾ ਐਲਾਨ ਕਰ ਦਿੱਤਾ। ਉਸ ਨੇ ਬਿਸਤਰੇ 'ਤੋਂ ਉੱਠ ਕੇ ਆਪਣੇ ਕਮਰੇ ਦੀ ਬੱਤੀ ਬੁਝਾ ਦਿੱਤੀ...ਤੇ ਕੁਝ ਚਿਰ ਉੱਥੇ ਹਨੇਰੇ ਵਿਚ ਹੀ ਖੜ੍ਹੀ ਰਹੀ, ਜਿਵੇਂ ਕੁਝ ਸੋਚ ਰਹੀ ਹੋਵੇ। ਫੇਰ ਪੱਬਾਂ ਭਾਰ ਤੁਰਦੀ ਹੋਈ ਦਰਵਾਜ਼ੇ ਕੋਲ ਗਈ ਤੇ ਰਤਾ ਕੁ ਬੂਹਾ ਖੋਲ੍ਹ ਕੇ ਬਾਹਰ ਝਾਕਣ ਲੱਗ ਪਈ। ਵਰਾਂਡੇ ਵਿਚ ਨਿੱਕੇ ਬੱਲਬ ਦੀ ਮੱਧਮ ਰੌਸ਼ਨੀ ਹਨੇਰੇ ਵਿਚਕਾਰ ਇੰਜ ਸਹਿਕ ਰਹੀ ਸੀ, ਜਿਵੇਂ ਕੋਈ ਟੀ.ਬੀ. ਦਾ ਮਰੀਜ਼ ਜੀਵਨ ਦਾ ਪੱਲਾ ਫੜ੍ਹੀ ਰੱਖਣ ਲਈ ਜਦੋ-ਜਹਿਦ ਕਰ ਰਿਹਾ ਹੋਵੇ।
ਉਸ ਨੂੰ ਗੁੱਸਾ ਚੜ੍ਹਨ ਲੱਗ ਪਿਆ।
'ਅਹਿ ਕੰਬਖ਼ਤ ਅੰਮੀ, ਅੱਜ ਬੱਤੀ ਬੁਝਾਉਣਾ ਕਿੰਜ ਭੁੱਲ ਗਈ ?' ਵਰਾਂਡੇ ਦੀ ਮੱਧਮ ਪੀਲੀ ਰੌਸ਼ਨੀ ਵਿਚਕਾਰੋਂ ਲੰਘਦਿਆਂ ਉਹ ਡਰੀ, 'ਜੇ ਕਿਸੇ ਨੇ ਵੇਖ ਲਿਆ ਫੇਰ...?'
ਦਿਲ ਦੀਆਂ ਧੜਕਨਾਂ ਤੇਜ਼ ਹੋ ਗਈਆਂ ਤੇ ਉਹ ਨੱਸ ਕੇ ਬਿਸਤਰੇ ਉੱਤੇ ਆ ਡਿੱਗੀ। ਫੇਰ ਖਾਸਾ ਚਿਰ ਖਿੱਲਰੇ-ਪੁਲਰੇ ਸਿਰਹਾਣਿਆਂ ਵਿਚਕਾਰ ਸਿੱਥਲ ਲੇਟੀ ਰਹੀ ਤੇ ਜਦੋਂ ਧੜਕਨਾਂ ਕੁਝ ਮੱਠੀਆਂ ਪੈ ਗਈਆਂ, ਉਹ ਫੇਰ ਉੱਠ ਕੇ ਖਲੋ ਗਈ।...ਤੇ ਫੇਰ ਇਸ ਵਾਰ ਬੂਹਾ ਲੰਘ ਕੇ ਵਰਾਂਡੇ ਤੋਂ ਪਾਰ ਲੰਘ ਗਈ। ਪਸਰੇ ਹੋਏ ਹਨੇਰੇ ਨੇ ਉਸ ਨੂੰ ਆਪਣੇ ਵਿਚ ਲੁਕੋ ਲਿਆ। ਉਹ ਹੌਲੀ ਹੌਲੀ ਨੌਕਰਾਂ ਦੇ ਕੁਆਟਰਾਂ ਵੱਲ ਤੁਰ ਪਈ।
***
ਉਸ ਨੇ ਇਕ ਵਾਰ ਪਿਛਾਂਹ ਮੁੜ ਕੇ ਹਵੇਲੀ ਵੱਲ ਵੇਖਿਆ।
'ਸਲਮੀ ਪੁੱਤਰ ਇਹਨਾਂ ਨੂੰ ਆਦਾਬ ਕਹੋ। ਇਹ ਤੇਰੇ ਮਾਸੀ ਜੀ ਨੇ। ਜਦੋਂ ਤੂੰ ਨਿੱਕੀ ਹੁੰਦੀ ਸੈਂ ਨਾ, ਇਹ ਆਪਣੇ ਘਰ ਆਏ ਸਨ, ਇਕ ਵਾਰੀ। ਬਨਾਰਸ ਵਿਚ ਰਹਿੰਦੇ ਨੇ।'
'ਮਾਸ਼ਾ ਅੱਲਾ ! ਬਿਲਕੁਲ ਚੰਦ ਦਾ ਟੁਕੜਾ ਏ।'
'ਏਸ ਸਾਲ ਬੀ.ਏ. ਪਾਸ ਕੀਤੀ ਏ ਇਸ ਨੇ।' ਅੰਮੀ ਨੇ ਜਿਵੇਂ ਉਸ ਦੀ ਇਕ ਹੋਰ ਖਾਸੀਅਤ ਦੱਸੀ। ਉਹ ਕੁਝ ਚਿਰ ਉੱਥੇ ਬੈਠੀ ਰਹੀ। ਅੰਮੀ ਉਸ ਦੀ ਅਕਲਮੰਦੀ ਤੇ ਸਾਊਪੁਣੇ ਦੀਆਂ ਕਹਾਣੀਆਂ ਸੁਨਾਉਂਦੀ ਰਹੀ ; ਤੇ ਉਹ ਸੋਚਦੀ ਰਹੀ ਕਿ 'ਮਾਸੀ ਦਾ ਕੋਈ ਪੁੱਤਰ ਵੀ ਜ਼ਰੂਰ ਹੋਵੇਗਾ ਤੇ ਅੰਮੀ ਉਸ ਤੋਂ ਸਲਮੀ ਲਈ ਉਸ ਦਾ ਰਿਸ਼ਤਾ ਵੀ ਮੰਗੇਗੀ ਤੇ ਮਾਸੀ ਜਾ ਕੇ ਜਵਾਬ ਲਿਖ ਭੇਜਣ ਦਾ ਇਕਰਾਰ ਕਰਕੇ ਚਲੀ ਜਾਏਗੀ।
...ਤੇ ਮਾਸੀ ਦਾ ਜਵਾਬ ਕਦੀ ਨਹੀਂ ਆਵੇਗਾ। ਇੰਜ ਪਤਾ ਨਹੀਂ ਕਿੰਨੀ ਕੁ ਵਾਰੀ ਹੋਇਆ ਸੀ, ਔਰਤਾਂ ਆਉਂਦੀਆਂ ਸਨ, ਉਸ ਨੂੰ ਟੋਹ-ਟਾਹ ਕੇ ਵਿੰਹਦੀਆਂ ਸਨ ਤੇ ਜਾਣ ਪਿੱਛੋਂ ਕਦੀ ਨਹੀਂ ਸੀ ਮੁੜੀਆਂ।
ਹਨੇਰੇ ਵਿਚ ਉਸ ਨੂੰ ਠੇਡਾ ਲੱਗਾ ਤੇ ਉਹ ਲੜਖੜਾ ਗਈ। ਇਕ ਨਿੱਕਾ ਪੱਥਰ ਦੂਰ ਤਕ ਰਿੜ੍ਹਦਾ ਚਲਾ ਗਿਆ।
***
ਫੇਰ ਸ਼ੀਸ਼ਾ ਫਰਸ਼ ਉੱਤੇ ਡਿੱਗ ਕੇ ਟੁੱਟ ਗਿਆ...ਇਕ ਝਣਕਾਰ ਜਿਹੀ ਹੋਈ ਤੇ ਜਿਵੇਂ ਉਸ ਦੇ ਨਾਲ ਹੀ ਉਸ ਦਾ ਆਪਣਾ ਚਿਹਰਾ ਵੀ ਟੁੱਟ-ਭੱਜ ਗਿਆ ਹੋਵੇ। ਸ਼ੀਸ਼ੇ ਦੇ ਹਰ ਟੁਕੜੇ ਵਿਚ ਚਿਹਰੇ ਦਾ ਇਕ ਟੁੱਕੜਾ ਦਿਸਦਾ ਸੀ : ਕਿਸੇ ਵਿਚ ਅੱਖ, ਕਿਸੇ ਵਿਚ ਬੁੱਲ੍ਹ, ਕਿਸੇ ਵਿਚ ਗੱਲ੍ਹਾਂ, ਕਿਸੇ ਵਿਚ ਰੰਗ, ਕਿਸੇ ਵਿਚ ਰੂਪ।
ਉਸ ਦੀ ਅੰਮੀ ਨੱਸ ਕੇ ਕਮਰੇ ਵਿਚ ਆਈ, ''ਕੀ ਹੋਇਆ ?''
''ਅੰਮੀ ਇਹ ਸ਼ੀਸ਼ਾ...'' ਫੇਰ ਉਸ ਦਾ ਗੱਚ ਭਰ ਆਇਆ ਸੀ ਤੇ ਉਹ ਆਪਣੀ ਅੰਮੀ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਸੀ।
''ਮੇਰੀ ਬੱਚੀ...!''
ਅੰਮੀ ਨੇ ਉਸ ਨੂੰ ਬੁੱਕਲ ਵਿਚ ਲੈ ਲਿਆ ਤੇ ਉਸ ਦੀ ਪਿੱਠ ਉੱਤੇ ਹੱਥ ਫੇਰਨ ਲੱਗ ਪਈ। ਪਰ ਅਚਾਨਕ ਪਿੱਠ ਦੀ ਉਭਰੀ ਹੋਈ ਹੱਡੀ ਉੱਤੇ ਹੱਥ ਬਿੰਦ ਦਾ ਬਿੰਦ ਰੁਕ ਗਿਆ। ਇਹ ਉਹੀ ਕੁੱਬ ਸੀ, ਜਿਸ ਕਰਕੇ ਸਲਮੀ ਅੱਜ ਤੱਕ ਕੁਆਰੀ ਬੈਠੀ ਹੋਈ ਸੀ। ਏਨੀ ਹੁਸੀਨ ਸ਼ਕਲ ਦੇ ਕੇ ਖ਼ੁਦਾ ਨੇ ਇਹ ਬਿੱਜ ਕਿਉਂ ਪਾ ਦਿੱਤਾ ? ਆਖ਼ਰ ਕਿਉਂ ? ਤੇ ਫੇਰ ਆਪਣੇ ਇਸ ਖ਼ਿਆਲ ਉੱਤੇ ਉਸ ਨੂੰ ਖਿਝ ਚੜ੍ਹ ਗਈ। ਨਾਲ ਦੀ ਨਾਲ ਉਸ ਨੇ ਉੱਥੋਂ ਹੱਥ ਪਰ੍ਹੇ ਖਿੱਚ ਲਿਆ ਤੇ ਉਸ ਨੂੰ ਹੌਸਲਾ ਦੇਣ ਲੱਗ ਪਈ।
ਸਲਮੀ ਭਾਵੇਂ ਕੁੱਬੀ ਸੀ ਪਰ ਉਸ ਦੀ ਇਹ ਬਿੱਜ ਬਹੁਤੀ ਨਹੀਂ ਸੀ। ਫੇਰ ਵੀ ਕਿਸਮਤ ਸੀ ਕਿ ਹਰ ਚਾਲ ਮਾਤ ਪੈ ਜਾਂਦੀ ਸੀ।
ਉਹ ਨੌਕਰਾਂ ਦੇ ਕੁਅਟਰਾਂ ਦੇ ਨੇੜੇ ਜਾ ਪਹੁੰਚੀ ਸੀ। ਰਹਿਮਤ ਦੇ ਕਮਰੇ ਦਾ ਦਰਵਾਜ਼ਾ ਸਾਹਮਣੇ ਹੀ ਸੀ। ਕੁਝ ਚਿਰ ਖਲੋ ਕੇ ਉਸ ਨੇ ਚਾਰੇ ਪਾਸੇ ਵੇਖਿਆ। ਉੱਥੇ ਕੋਈ ਨਹੀਂ ਸੀ। ਦੂਰ ਨੇੜੇ ਦਾ ਖੜਾਕ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਸਭ ਪਾਸੇ ਚੁੱਪ ਵਰਤੀ ਹੋਈ ਸੀ। ਕੋਲ ਪਹੁੰਚ ਕੇ ਉਸ ਨੇ ਹੌਲੀ ਹੌਲੀ ਬੂਹਾ ਖੜਕਾਇਆ।
***
ਸਲਮੀ ਦੀ ਅੱਖ ਖੁੱਲ੍ਹ ਗਈ ਸੀ। ਕੋਈ ਬੂਹਾ ਖੜਕਾ ਰਿਹਾ ਸੀ। ਉਸ ਨੇ ਉੱਠ ਕੇ ਕੁੰਡੀ ਖੋਲ੍ਹ ਦਿੱਤੀ। ਸਾਹਮਣੇ ਰਹਿਮਤ ਖੜ੍ਹਾ ਸੀ।
ਰਹਿਮਤ ਉਹਨਾਂ ਦਾ ਨਵਾਂ ਨੌਕਰ ਸੀ। ਮਾਤਾ ਦੇ ਦਾਗਾਂ ਨਾਲ ਭਰਿਆ ਚਿਹਰਾ, ਕਾਲਾ ਰੰਗ, ਬੁੱਲ੍ਹਾਂ ਤੋਂ ਬਾਹਰ ਦਿਸਦੇ ਹੋਏ ਦੰਦ ਪਰ ਸੀ ਬੜਾ ਨਰੌਆ। ਤਣੀ ਹੋਈ ਛਾਤੀ, ਗਠੀਲੀਆਂ ਬਾਹਾਂ, ਲੰਮਾਂ-ਉੱਚਾ। ਸਲਮੀ ਅਕਸਰ ਉਸ ਦੇ ਜਿਸਮ ਵੱਲ ਵਿਹੰਦੀ ਰਹਿੰਦੀ ਤੇ ਉਸ ਦੇ ਦਿਲ ਵਿਚ ਅਜੀਬ ਓਪਰੇ ਖ਼ਿਆਲ ਆਉਂਦੇ। ਪਰ ਉਸੇ ਵੇਲੇ ਇਹਨਾਂ ਖ਼ਿਆਲਾਂ ਤੋਂ ਖਹਿੜਾ ਛੁਡਾਉਣ ਦਾ ਯਤਨ ਕਰਦਿਆਂ ਸੋਚਦੀ...'ਰਹਿਮਤ ਇਕ ਨੌਕਰ ਹੈ, ਮਾਮੂਲੀ ਨੌਕਰ !'
''ਕੀ ਗੱਲ ਏ ?'' ਸਲਮੀ ਨੇ ਪੁੱÎਛਿਆ।
''ਬੀ-ਬੀ-ਜੀ...ਕਮਰਾ ਸਾਫ ਕਰਨਾ।''
ਰਹਿਮਤ ਨੇ ਉਸ ਵੱਲ ਅੱਖਾਂ ਪਾੜ-ਪਾੜ ਝਾਕਦਿਆਂ ਕਿਹਾ ਤੇ ਫੇਰ ਉਸ ਦੀਆਂ ਨਜ਼ਰਾਂ ਸਲਮੀ ਦੇ ਚਿਹਰੇ ਤੋਂ ਹੇਠਾਂ ਵੱਲ ਤਿਲ੍ਹਕ ਗਈਆਂ। ਸਲਮੀ ਝੱਟ ਬੂਹੇ ਵਿਚਕਾਰੋਂ ਪਰ੍ਹਾਂ ਹਟ ਗਈ।
ਰਹਿਮਤ ਅਗਾਂਹ ਲੰਘ ਗਿਆ। ਸਲਮੀ ਨੇ ਆਪਣੇ ਆਪ ਵੱਲ ਵੇਖਿਆ...ਪੱਲਾ ਆਪਣੇ ਫਰਜ਼ ਤੋਂ ਬੇਮੁੱਖ ਹੋਇਆ ਹੋਇਆ ਸੀ। ਉਸ ਨੇ ਕਾਹਲੀ ਨਾਲ ਚੁੰਨੀ ਠੀਕ ਕੀਤੀ ਤੇ ਕਮਰੇ ਵਿਚੋਂ ਨਿਕਲ ਕੇ ਗੁਸਲਖ਼ਾਨੇ ਵਿਚ ਜਾ ਵੜੀ। ਅੰਦਰ ਵੀ ਉਹ ਨੂੰ ਇੰਜ ਹੀ ਲੱਗਦਾ ਰਿਹਾ ਜਿਵੇਂ ਰਹਿਮਤ ਦੀਆਂ ਅੱਖਾਂ ਹੁਣ ਵੀ ਉਸ ਦੇ ਬੇ ਤਰਤੀਬ ਪੱਲੇ ਵੱਲ ਅੱਡੀਆਂ ਹੋਈਆਂ ਨੇ। ਉਸ ਨੇ ਸੋਚਿਆ...
'ਬੜਾ ਬਦਮਾਸ਼ ਏ ! ਅੱਜ ਹੀ ਅੱਬਾ ਕੋਲ ਇਸ ਦੀ ਸ਼ਿਕਾਇਤ ਕਰਾਂਗੀ ਤੇ ਨੌਕਰੀ ਤੋਂ ਹਟਵਾ ਦਿਆਂਗੀ।'
ਪਰ ਪਤਾ ਨਹੀਂ ਕਿਉਂ ਉਹ ਰਹਿਮਤ ਦੀ ਸ਼ਿਕਾਇਤ ਨਹੀਂ ਸੀ ਕਰ ਸਕੀ ਤੇ ਰਹਿਮਤ ਟੁੱਟੇ ਛਿੱਤਰ ਵਾਂਗ ਵਧਦਾ ਹੀ ਗਿਆ ਸੀ।
***
ਇਕ ਵਾਰੀ ਫੇਰ ਉਸ ਨੇ ਬੂਹਾ ਖੜਕਾਇਆ ; ਪਰ ਦੂਜੇ ਪਲ ਉਹ ਸਹਿਮ ਗਈ...'ਕਿਤੇ ਕੋਈ ਸੁਣ ਹੀ ਨਾ ਲਵੇ ?'
ਪਰ ਫੇਰ ਉਸ ਨੂੰ ਚੇਤਾ ਆਇਆ ਕਿ ਸਾਰੇ ਕਮਰੇ ਤਾਂ ਖ਼ਾਲੀ ਨੇ...ਕੁਝ ਹੌਸਲਾ ਹੋਇਆ ਤੇ ਉਸ ਨੇ ਰਤਾ ਜ਼ੋਰ ਨਾਲ ਬੂਹਾ ਖੜਕਾਇਆ।
''ਕੌਣ ਆਂ ?'' ਅੰਦਰੋਂ ਆਵਾਜ਼ ਆਈ।
ਅਚਾਨਕ ਸਲਮੀ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਉਸ ਕੁਝ ਆਖਣਾ ਚਾਹਿਆ...'ਇਹ ਤਾਂ...'
ਰਹਿਮਤ ਬੂਹਾ ਖੋਲ੍ਹ ਚੁੱÎਕਿਆ ਸੀ ਤੇ ਹਨੇਰੇ ਵਿਚ ਉਸ ਨੇ ਸਲਮੀ ਨੂੰ ਪਛਾਣ ਲਿਆ ਸੀ, ''ਸਲਮੀ ਬੀ-ਬੀ...''
ਸਲਮੀ ਚੁੱਪ ਰਹੀ ; ਉਸ ਨੂੰ ਧੱਕਾ ਦੇ ਕੇ ਅੰਦਰ ਵੜ ਆਈ ; ਧੜਕਨਾ ਦੀ ਆਵਾਜ਼ ਬਾਹਰ ਰਹਿ ਗਈ ; ਰਹਿਮਤ ਵੀ ਕੁਝ ਸਮਝਿਆ, ਕੁਝ ਨਾ ਸਮਝ ਸਕਿਆ ਪਰ ਉਸ ਨੇ ਬੂਹਾ ਬੰਦਾ ਕਰ ਦਿੱਤਾ। ਹਨੇਰੇ ਵਿਚ ਹਨੇਰਾ ਲੁਕ ਗਿਆ ਤੇ ਕਰਾਹੁਣ ਲੱਗ ਪਿਆ।
***
ਜਦੋਂ ਸਲਮੀ ਰਹਿਮਤ ਦੇ ਕਮਰੇ ਵਿਚੋਂ ਬਾਹਰ ਨਿਕਲੀ, ਰਾਤ ਦੀ ਕਾਲੋਂ ਹੋਰ ਵਧ ਚੁੱਕੀ ਸੀ ; ਜਾਂ ਇਹ ਉਸ ਦਾ ਆਪਣਾ ਭਰਮ ਸੀ। ਉਹ ਬੜੀ ਮੁਸ਼ਕਿਲ ਨਾਲ ਤੁਰ ਰਹੀ ਸੀ। ਦੋ ਮਿੰਟ ਦਾ ਰਸਤਾ ਜਿਵੇਂ ਦੋ ਜੁੱਗਾਂ ਦਾ ਪੈਂਡਾ ਬਣ ਗਿਆ ਸੀ। ਔਖੇ ਸੁਖਾਲੇ ਪੈਰ ਧਰੀਕਦੀ ਉਹ ਆਪਣੇ ਕਮਰੇ ਵਿਚ ਆਈ ਤੇ ਸਾਹ-ਸਤ-ਹੀਣ ਜਿਹੀ ਹੋ ਕੇ ਆਪਣੇ ਬਿਸਤਰੇ ਉੱਤੇ ਡਿੱਗ ਪਈ।
ਹੁਣ ਉਹ ਪਹਿਲਾਂ ਨਾਲੋਂ ਵਧੇਰੇ ਬੇਚੈਨ ਸੀ। ਮਨ ਅੰਦਰ ਅਜੀਬ ਭਿਆਨਕ ਦਵੰਦ ਛਿੜਿਆ ਹੋਇਆ ਸੀ ...'ਆਹ, ਇਹ ਮੈਂ ਕੀ ਕਰ ਬੈਠੀ ?'
ਹਨੇਰੇ ਕਮਰੇ ਵਿਚ ਕਈ ਭਿਆਨਕ ਪ੍ਰਛਾਵੇਂ ਤੈਰਨ ਲੱਗੇ।
'ਹੰਝੂ...'
'ਨਮੋਸ਼ੀ...'
'ਕੁਰਲਾਹਟ...'
'ਤਾਹਨੇ-ਮਿਹਣੇ...'
'ਨਫ਼ਰਤ...'
ਉਸ ਨੇ ਆਪਣਾ ਚਿਹਰਾ ਸਿਰਹਾਣਿਆਂ ਵਿਚ ਲੁਕੋ ਲਿਆ...ਤੇ ਉਸ ਦੀਆਂ ਭੁੱਬਾਂ ਨਿਕਲ ਗਈਆਂ। 'ਹਾਏ ਅੰਮੀਏਂ, ਮੇਰੇ ਅੱਬਾ, ਮੈਂ...ਮੈਂ...ਮੈਨੂੰ ਮਾਅ...' ਅਗਾਂਹ ਉਸ ਦੀ ਆਵਾਜ਼ ਨਾ ਨਿਕਲੀ, ਸ਼ਬਦ ਜਿਵੇਂ ਹੰਝੂਆਂ ਵਿਚ ਡੁੱਬ ਗਏ ਸਨ।
***
ਜਦੋਂ ਸਵੇਰ ਦੇ 10 ਵਜੇ ਤੱਕ ਸਲਮੀ ਦੇ ਕਮਰੇ ਦਾ ਬੂਹਾ ਅੰਦਰੋਂ ਬੰਦ ਰਿਹਾ, ਤਾਂ ਅੰਮੀ ਨੂੰ ਚਿੰਤਾ ਹੋਈ। ਇੰਜ ਅੱਗੇ ਕਦੀ ਨਹੀਂ ਸੀ ਹੋਇਆ। ਉਹਨਾਂ ਆਪ ਬੂਹਾ ਖੜਕਾਇਆ, ਪਰ ਅੰਦਰ ਚੁੱਪ ਵਰਤੀ ਰਹੀ। ਉਹ ਕਾਫੀ ਜ਼ੋਰ ਨਾਲ ਬੂਹੇ ਭੰਨਣ ਲੱਗੀ। ਘਰ ਦੇ ਸਾਰੇ ਮੈਂਬਰ ਬੂਹੇ ਅੱਗੇ ਆ ਖੜ੍ਹੇ ਹੋਏ। ਉਹਨਾਂ ਵੀ ਕਈ ਆਵਾਜ਼ਾਂ ਮਾਰੀਆਂ...ਫੇਰ ਵੀ ਸਲਮੀ ਨੇ ਬੂਹਾ ਨਹੀਂ ਖੁਲ੍ਹਿਆ। ਆਖ਼ਰ ਉਸ ਦੇ ਅੱਬਾ ਨੇ ਬੂਹਾ ਤੋੜ ਦਿੱਤਾ।
ਸਾਹਮਣੇ ਫਰਸ਼ ਉੱਤੇ ਇਕ ਮੇਜ਼ ਉਲਟਿਆ ਪਿਆ ਸੀ...ਤੇ ਸਲਮੀ ਆਪਣੀ ਸਾੜ੍ਹੀ ਦਾ ਪੱਲਾ ਗਲ ਵਿਚ ਪਾ ਕੇ ਪੱਖੇ ਨਾਲ ਝੂਲ ਰਹੀ ਸੀ।
੦੦੦

ਤੀਸਰਾ ਖ਼ਤ :: ਆਬਿਦ ਸੁਹੇਲ

ਉਰਦੂ ਕਹਾਣੀ : ਤੀਸਰਾ ਖ਼ਤ :: ਲੇਖਕ : ਆਬਿਦ ਸੁਹੇਲ
ਅਨੁਵਾਦ : ਮਹਿੰਦਰ ਬੇਦੀ, ਜੈਤੋ । ਮੋਬਾਇਲ : 9417730600.


ਚਾਚੇ ਮੌਜੂ ਦਾ ਇਹ ਤੀਸਰਾ ਖ਼ਤ ਸੀ :
'ਸ਼ੱਬਨ ਨੇ ਸਾਂਝੀ ਕੰਧ ਵਾਲੇ ਮਕਾਨ ਵਿਚ ਆਟਾ ਚੱਕੀ ਲਾ ਲਈ ਹੈ...ਮਕਾਨ ਸਾਰਾ ਦਿਨ ਹਿੱਲਦਾ ਰਹਿੰਦਾ ਹੈ...ਇਕ ਪਲ ਲਈ ਵੀ ਚੈਨ ਨਹੀਂ ਮਿਲਦਾ ਤੇ ਉਸਦੀ ਆਵਾਜ਼ ਸਾਰੀ-ਸਾਰੀ ਰਾਤ ਕੰਨਾਂ ਵਿਚ ਗੂੰਜਦੀ ਰਹਿੰਦੀ ਹੈ। ਪੂਰੀ ਰਾਤ ਜਾਗਦਿਆਂ ਤੇ ਖੰਘਦਿਆਂ ਹੀ ਬੀਤ ਜਾਂਦੀ ਹੈ। ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆ ਕੇ ਘੱÎਟੋਘੱਟ ਇਸ ਮੁਸੀਬਤ ਤੋਂ ਤਾਂ ਖਹਿੜਾ ਛੁਡਾਅ ਜਾ। ਚੱਕੀ ਕਿਤੇ ਹੋਰ ਵੀ ਲਾਈ ਜਾ ਸਕਦੀ ਹੈ। ਉਹ, ਤਲਾਅ ਦੇ ਪਰਲੇ ਪਾਸੇ, ਮੇਰਾ ਦੋ ਕਮਰਿਆਂ ਦਾ ਮਕਾਨ ਖ਼ਾਲੀ ਪਿਆ ਹੈ ਜਿਹੜਾ, ਉਸ ਵਿਚ ਲਾ ਲਏ...ਮੈਂ ਕੋਈ ਕਿਰਾਇਆ ਵੀ ਨਹੀਂ ਲਵਾਂਗਾ...ਘੱਟੋਘੱਟ ਜ਼ਿੰਦਗੀ ਦੇ ਬਚੇ-ਖੁਚੇ ਦਿਨ ਤਾਂ ਇਹ ਧੁੱਕ-ਧੁੱਕ ਸੁਣੇ ਬਗ਼ੈਰ, ਸ਼ਾਂਤੀ ਨਾਲ, ਲੰਘਣ...।'
ਇਸ ਤੋਂ ਅੱਗੇ ਮੇਰੀ ਪਤਨੀ ਲਈ ਅਸ਼ੀਰਵਾਦ ਸੀ ਤੇ ਬੱਚਿਆਂ ਲਈ ਪਿਆਰ...ਤੇ ਮੇਰੀ ਤਰੱਕੀ ਤੇ ਕਾਮਯਾਬੀ ਉੱਤੇ ਖੁਸ਼ੀ ਪ੍ਰਗਟ ਕੀਤੀ ਗਈ ਸੀ। ਪਰ ਖ਼ਤ ਖ਼ਤਮ ਕਰਨ ਲੱÎਗਿਆਂ ਨੂੰ ਕੁਝ ਹੋਰ ਵੀ ਚੇਤੇ ਆ ਗਿਆ ਸੀ-
'ਤੇ ਉਹ ਨਿੱਕਾ ਹੈ ਨਾ? ਉਹੀ ਜਿਸਦਾ ਪਿਓ ਆਪਣੇ ਜੌਆਂ ਵਾਲੇ ਖੇਤ ਦੀ ਰਾਖੀ ਕਰਦਾ ਹੁੰਦਾ ਸੀ...ਜਿਸ ਨੂੰ...' ਤੇ ਏਸ ਪਿੱਛੋਂ ਉਹਨਾਂ ਨੇ ਕੁਝ ਲਿਖ ਕੇ ਇੰਜ ਕੱਟਿਆ ਹੋਇਆ ਸੀ ਕਿ ਮੈਂ ਪੜ੍ਹ ਨਾ ਸਕਾਂ। ਪਰ ਮੈਂ ਸਭ ਕੁਝ ਪੜ੍ਹ ਲਿਆ ਸੀ...'ਮੈਂ ਦੋ ਵਾਰੀ ਸੁਨੇਹਾ ਭੇਜਿਆ, ਪਰ ਉਹ ਆਇਆ ਹੀ ਨਹੀਂ। ਉਸਦੀ ਜ਼ਮੀਨ ਮੇਰੀ ਆਤਮਾਂ ਉਪਰ ਬੋਝ ਬਣੀ ਹੋਈ ਏ ਹੁਣ। ਇੰਜ ਲੱਗਦਾ ਏ ਜਿਵੇਂ ਕੋਈ ਛਾਤੀ ਉਤੇ ਹਲ ਚਲਾ ਰਿਹਾ ਹੋਵੇ। ਬੇਟੇ ਆਖ਼ਰ ਉਹ ਆਪਣੀ ਜ਼ਮੀਨ ਵਾਪਸ ਕਿਉਂ ਨਹੀਂ ਲੈ ਲੈਂਦਾ? ਉਹ ਆਪਣੀ ਜ਼ਮੀਨ ਵਾਪਸ ਲੈ ਲਏ ਤੇ ਮੇਰੇ ਸੀਨੇ ਦਾ ਭਾਰ ਹੌਲਾ ਹੋ ਜਾਏ ਤੇ ਫਾਲੇ ਵਾਂਗ ਮੇਰੀ ਛਾਤੀ ਦੇ ਵਿਚ ਤਾਂ ਨਾ ਚੁੱਭੇ...ੇ' ਇਸ ਪਿੱਛੋਂ ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ, ਪਰ ਵਾਕ ਉੱਖੜੇ-ਪੁੱਖੜੇ ਜਿਹੇ ਸਨ। ਫੇਰ ਉਹਨਾਂ ਮੈਨੂੰ ਚੇਤਾ ਕਰਵਾਇਆ ਸੀ-
'ਤੂੰ ਨਾਰਾਜ਼ ਹੋ ਕੇ ਚਲਾ ਗਿਆ ਸੈਂ...ਗੱਲ ਇੰਜ ਹੋਈ ਸੀ ਕਿ ਬੀ ਅੰਮਾਂ ਦੀ ਸੋਨੇ ਦੀ ਹੰਸਲੀ ਗੁਆਚ ਗਈ ਸੀ, ਸਾਰੇ ਇਹੀ ਕਹਿੰਦੇ ਸਨ ਕਿ ਉਹ ਹੰਸਲੀ ਉਹਨਾਂ ਵੱਡੀ ਭਾਬੀ ਨੂੰ ਦੇ ਦਿੱਤੀ ਹੈ...ਸੋ ਮੈਂ ਤੇਰਾ ਸਾਮਾਨ ਦੇਣ ਤੋਂ ਨਾਂਹ ਕਰ ਦਿੱਤੀ ਸੀ। ਗੱਲ ਤਾਂ ਬੀ ਅੰਮਾਂ ਦੀ ਮੌਤ ਤੋਂ ਕਈ ਸਾਲ ਬਾਅਦ ਖੁੱਲ੍ਹੀ (ਉਹਨਾਂ ਅਧਰੰਗ ਹੋ ਜਾਣ ਪਿੱਛੋਂ ਕਈ ਸਾਲ ਗੂੰਗਿਆਂ ਵਾਂਗ ਹੀ ਬਿਤਾਏ ਸਨ) ਕਿ ਉਹ ਹੰਸਲੀ ਵੇਚ ਕੇ ਉਹਨਾਂ ਬਜਰੀਏ ਵਾਲੀ ਮਸਜਿਦ ਦਾ ਫ਼ਰਸ਼ ਪੱਕਾ ਕਰਵਾ ਦਿੱਤਾ ਸੀ ਤੇ ਉਸ ਦੀਆਂ ਕੰਧਾਂ ਦੀ ਮੁਰੰਮਤ ਵੀ! ਉਸ ਪਿੱਛੋਂ ਮੈਂ ਤੇਨੂੰ ਕਈ ਖ਼ਤ ਪਾਏ...ਕੋਈ ਤਿੰਨ ਸਾਲ ਪਹਿਲਾਂ ਜਦ ਤੂੰ ਪਿੰਡ ਆਇਆ ਸੈਂ, ਆਖਿਆ ਵੀ ਸੀ ਬਈ ਆਪਣਾ ਸਾਮਾਨ ਲੈ ਜਾ। ਭਾਈ ਸਾਹਬ ਦੇ ਚਲਾਣਾ ਕਰ ਜਾਣ ਮਗਰੋਂ ਜਦੋਂ ਭਾਬੀ ਭੁਪਾਲ ਵਿਚ ਇਦੱਤ ਦੇ ਦਿਨ ਬਿਤਾਅ ਰਹੀ ਸੀ, ਮੈਂ ਤੁਹਾਡੇ ਘਰੋਂ ਸਾਰਾ ਸਾਮਾਨ ਏਸ ਕਰਕੇ ਚੁਕਵਾ ਲਿਆਇਆ ਸੀ ਕਿ ਤੁਸੀਂ ਹੁਣ ਏਥੇ ਹੀ ਰਹੋਗੇ। ਫੇਰ ਜਦ ਤੂੰ ਇਲਾਹਾਬਾਦ ਵਿਚ ਦਾਖ਼ਲਾ ਲੈ ਲਿਆ ਸੀ ਤੇ ਆਪਣਾ ਸਾਮਾਨ ਲੈਣ ਆਇਆ ਸੈਂ, ਇਹ ਪਹਾੜ ਜਿੱਡੇ ਪਲੰਘ, ਪਾਣੀ ਵਾਲੀਆਂ ਟੈਂਕੀਆਂ, ਪੁਰਾਣੇ ਡਜ਼ਾਇਨ ਦੇ ਚੀਨੀ ਦੇ ਬਰਤਨ...ਜਿਨ੍ਹਾਂ ਉਤੇ ਗੂੜੇ ਰੰਗ ਦੇ ਫੁੱਲ ਬੂਟੇ ਬਣੇ ਨੇ ਤੇ ਲੱਕੜ ਦੇ ਉਹ ਵੱਡੇ ਵੱਡੇ ਸੰਦੂਕ, ਬਕਸੇ ਜਿਨ੍ਹਾਂ ਵਿਚ ਬਾਕੀ ਸਾਮਾਨ ਹੁਣ ਤਕ ਬੰਦ ਪਿਆ ਹੈ, ਰੱਖਣ ਜੋਗੀ ਜਗ੍ਹਾ ਨਹੀਂ। ਤੇਰਾ ਮਕਾਨ ਬੜਾ ਹੀ ਛੋਟਾ ਜਿਹਾ ਹੈ। ਪਰ ਬੇਟੇ ਹੁਣ ਲੈ ਵੀ ਜਾ, ਮੈਂ ਭਲਾ ਕਦੋਂ ਤਕ ਸਾਂਭਦਾ ਰਹਾਂਗਾ? ਹੁਣ ਤਾਂ ਮੈਨੂੰ ਉਸ ਕੋਲੋਂ ਭੈ ਆਉਣ ਲੱਗ ਪਿਆ ਹੈ...ਜਾਪਦਾ ਹੈ, ਜਿਵੇਂ ਉਸ ਦੁਆਲੇ ਸੱਪ-ਠੂੰਹੇਂ ਤੁਰੇ ਫਿਰਦੇ ਨੇ ਤੇ ਕਦੀ ਕਦੀ ਮੇਰੇ ਪਲੰਘ ਦੇ ਇਰਦ-ਗਿਰਦ ਆ ਪਹੁੰਚਦੇ ਨੇ...।'
ਇਸ ਪਿੱÎਛੋਂ ਤਿੰਨ ਚਾਰ ਵਾਕ ਹੋਰ ਅਜਿਹੇ ਹੀ ਸਨ ਤੇ ਫੇਰ ਫੱਜਨ ਤੇ ਨਿੱਕੇ ਦਾ ਜ਼ਿਕਰ ਸੀ ਤੇ ਫੇਰ ਅੱਬਾ ਵਾਲੇ ਬਾਗ ਦਾ ਕਿੱਸਾ। ਉਸ ਫਸਲ ਦਾ ਜ਼ਿਕਰ ਜੋ ਹੁਣ ਵੀ ਉਹਨਾਂ ਦੇ ਨਾਂ ਸੀ ਤੇ ਜਿਸਨੂੰ ਉਹ ਮੇਰੇ ਨਾਂ ਕਰਵਾ ਦੇਣਾ ਚਾਹੁੰਦੇ ਸਨ। ਫੇਰ ਉਸ ਘਟਨਾ ਦਾ ਜ਼ਿਕਰ ਸੀ ਜਦੋਂ ਜ਼ਿਮੀਂਦਾਰੀ ਦੇ ਖਾਤਮੇ ਸਮੇਂ ਚੁਤਾਲੀ ਹਜ਼ਾਰ ਦੇ ਬਾਊਂਡ ਮੁਆਵਜ਼ੇ ਵਜੋਂ ਮਿਲੇ ਸਨ ਤੇ ਮੈਂ ਪੈਸੇ ਪੈਸੇ ਦਾ ਮੁਥਾਜ ਹੁੰਦਾ ਸਾਂ। ਉਹ ਪੈਸਾ ਤਾਂ ਪਤਾ ਨਹੀਂ ਕਦੋਂ ਦਾ ਖ਼ਤਮ ਵੀ ਹੋ ਗਿਆ ਸੀ, ਪਰ ਜ਼ਮੀਨ ਜਾਇਦਾਦ ਜੋ ਵੀ ਬਾਕੀ ਸੀ ਮੇਰੇ ਨਾਂ ਕਰ ਦੇਣ ਬਾਰੇ ਲਿਖਿਆ ਸੀ...'ਬੇਟਾ, ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿਚ ਆਵੀਂ ਜ਼ਰੂਰ। ਬਹੂ ਤੇ ਬੱÎਚਿਆਂ ਨੂੰ ਵੀ ਨਾਲ ਹੀ ਲਿਆਵੀਂ...ਸ਼ੱਬਨ ਤੇਰੀ ਗੱਲ ਮੰਨ ਲਵੇਗਾ ਤੇ ਨਿੱਕਾ ਵੀ...।'
ਅਖ਼ੀਰ ਵਿਚ ਲਿਖਿਆ ਸੀ-'ਪਿੱਛਲੇ ਸਾਲ ਅੰਬਾਂ ਦੀ ਖਾਸੀ ਫਸਲ ਖ਼ਰਾਬ ਹੋ ਗਈ ਸੀ, ਇਸ ਵਾਰ ਜ਼ਰੂਰ ਚੰਗੀ ਹੋਵੇਗੀ। ਸ਼ਹਿਰ ਵਿਚ ਅੰਬ ਕੀ ਸਵਾਹ ਮਿਲਦੇ ਹੋਣੇ ਨੇ, ਤੇਰੇ ਬਾਗ਼ ਵਰਗਾ ਲੰਗੜਾ ਉੱਥੇ ਕਿੱਥੇ ਮਿਲਦਾ ਹੋਏਗਾ?'
ਚਾਚੇ ਮੌਜੂ ਦਾ ਇਹ ਖ਼ਤ ਕੋਈ ਚਾਰ ਪੰਜ ਦਿਨ ਪਹਿਲਾਂ ਆਇਆ ਸੀ ਤੇ ਮੈਂ ਅੱਠ ਵਾਰੀ ਪੜ੍ਹ ਚੁੱਕਿਆ ਸਾਂ। ਸੋਚਿਆ ਸੀ ਇਸ ਵਾਰੀ ਉਹਨਾਂ ਨੂੰ ਖ਼ਤ ਜ਼ਰੂਰ ਲਿਖਾਂਗਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਵਾਂਗਾ ਕਿ ਉਹ ਸਾਰਾ ਸਾਮਾਨ ਜਿਸ ਨੂੰ ਰੱਖਣ ਵਾਸਤੇ ਮੇਰੇ ਇਸ ਦੋ ਕਮਰਿਆਂ ਦੇ ਮਕਾਨ ਵਿਚ ਸੱਚਮੁੱਚ ਜਗ੍ਹਾ ਨਹੀਂ, ਜ਼ਰੂਰ ਲੈ ਜਾਵਾਂਗਾ...ਭਾਵੇਂ ਉਹ ਛਿੱਛਪੱਤ ਕਿਸੇ ਨੂੰ ਦੇਣਾ ਹੀ ਕਿਉਂ ਨਾ ਪਏ।
੦੦੦²
ਮਾਜਿਦ ਚਾਚਾ ਜੀ ਆਪਣੇ ਵੱਡੇ ਸਾਰੇ ਮਕਾਨ ਦੇ ਬਾਹਰ, ਜਿਸਨੂੰ ਪਿੰਡ ਦੇ ਲੋਕੀ ਹਵੇਲੀ ਕਹਿੰਦੇ ਸਨ, ਇਕ ਵੱਡੇ ਸਾਰੇ ਤਖ਼ਤਪੋਸ਼ ਉੱਤੇ, ਜਿਸ ਉੱਤੇ ਇਕ ਦੁੱਧ–ਚਿੱਟੀ ਚਾਦਰ ਵਿਛੀ ਹੋਈ ਹੈ, ਗੋਲ ਸਿਰਹਾਣੇ ਨਾਲ ਢੋਅ ਲਾਈ ਬੈਠੇ ਨੇ। ਬਸ ਪੇਚਵਾਨ ਦੀ ਸਿਗਰਟ ਉਹਨਾਂ ਦੀਆਂ ਉਂਗਲਾਂ ਵਿਚ ਸੁਲਗ ਰਹੀ ਹੈ। ਅੱਖਾਂ ਏਨੀਆਂ ਲਾਲ ਨੇ ਕਿ ਉਹਨਾਂ ਉੱਤੇ ਦੋ ਵਾਰ ਪੋਲਾ ਜਿਹਾ ਹੱਥ ਫੇਰਿਆ ਜਾਏ ਤਾਂ ਖ਼ੂਨ ਤ੍ਰਿਪਨ ਲੱਗ ਪਏ। ਕਤਰੀਆਂ ਕਾਲੀਆਂ ਮੁੱਛਾਂ ਤੇ ਸਿਆਹ–ਕਾਲੇ ਘੁੰਗਰਾਲੇ ਵਾਲਾਂ ਨੇ ਉਹਨਾਂ ਦੇ ਲਾਲ ਸੁਰਖ਼ ਚਿਹਰੇ ਨੂੰ ਅਤੀ ਰੋਅਬਦਾਰ ਬਣਾ ਦਿੱਤਾ ਹੈ। ਤਖ਼ਤ ਕੋਲ ਇਕ ਮੂੜਾ ਰੱÎਖਿਆ ਹੋਇਆ ਹੈ। ਚੁਫੇਰੇ ਕਰਿੰਦੇ ਵੱਡੀਆਂ ਵੱਡੀਆਂ ਡਾਂਗਾਂ ਚੁੱਕੀ ਖੜ੍ਹੇ ਨੇ।
ਮਾਜਿਦ ਚਾਚਾ ਜੀ ਨੇ ਇਕ ਲੰਮਾਂ ਕਸ਼ ਖਿੱÎਚਿਆ ਤੇ ਸਿਰ ਨੂੰ ਛੋਟਾ ਜਿਹਾ ਝਟਕਾ ਦੇ ਕੇ ਬੋਲੇ-
''ਮਹਿਕੂ...ਈਦਗਾਹ ਦੇ ਪਰਲੇ ਪਾਸੇ ਵਾਲੇ ਖੇਤਾਂ ਦਾ ਚੱਲਾ ਕੋਠਾਰ ਪਹੁੰਚਾ ਦਿਤੈ?''
''ਹਾਂ ਸਰਕਾਰ।'' ਮਹਿਕੂ ਨੇ ਕੰਮ ਪੂਰਾ ਹੋ ਜਾਣ ਦੀ ਇਤਲਾਹ ਵੀ ਡਰਦਿਆਂ–ਡਰਦਿਆਂ ਹੀ ਦਿੱਤੀ ਸੀ।
''ਤੇ ਬਾਜਰੇ ਵਾਲੇ ਖੇਤਾਂ ਦੀ ਫਸਲ?''
''ਉਹ ਵੀ ਕੱਟੀ ਜਾ ਚੁੱਕੀ ਐ ਸਰਕਾਰ।'' ਮਹਿਕੂ ਕੰਬਣ ਲੱਗਾ।
''ਪਰ ਗੱਲਾ ਅਜੇ ਕੋਠਾਰ ਨਹੀਂ ਪਹੁੰਚਿਆ...ਕਿਉਂ?''
ਕਿਸੇ ਨੇ ਕੋਈ ਉਤਰ ਨਹੀਂ ਦਿੱਤਾ।
ਮਹਿਕੂ ਜਿਸ ਦੀਆਂ ਅੱਖਾਂ ਧਰਤੀ ਉਤੇ ਗੱਡੀਆਂ ਹੋਈਆਂ ਸਨ, ਆਪਣੀ ਡਾਂਗ ਦੀਆਂ ਗੰਢਾਂ ਉੱਤੇ ਉਂਗਲਾਂ ਫੇਰਨ ਲੱÎਗ ਪਿਆ, ਪਰ ਕਿਸੇ ਕਰਿੰਦੇ ਨੇ ਉਸਦੀ ਇਹ ਹਰਕਤ ਵੇਖੀ ਨਹੀਂ, ਕਿਉਂਕਿ ਉਹਨਾਂ ਦੀਆਂ ਅੱਖਾਂ ਵੀ ਧਰਤੀ ਉਤੇ ਗੱਡੀਆਂ ਹੋਈਆਂ ਸਨ।
''ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ...।'' ਮਾਜਿਦ ਚਾਚੇ ਹੁਰੀਂ ਕੜਕੇ, ਇੰਜ ਲੱÎਗਿਆ ਜਿਵੇਂ ਬਿਜਲੀ ਕੜਕੀ ਹੋਵੇ ਤੇ ਉਹਨਾਂ ਦੀ ਆਵਾਜ਼ ਬੱਦਲਾਂ ਨਾਲ ਟਕਰਾਅ ਰਹੀ ਹੋਵੇ।
ਮਾਜਿਦ ਚਾਚਾ ਜੀ ਨੇ ਸਿਗਰੇਟ ਸਿਰਹਾਣੇ ਪਈ ਸ਼ੀਸ਼ੇ ਦੀ ਤਸਤਰੀ ਵਿਚ ਰੱਖ ਦਿੱਤੀ। ਰਾਮ ਭਰੋਸੇ ਵੱਲ ਦੇਖਿਆ ਤਾਂ ਤੇਲ ਚੋਪੜੀ ਉਸਦੀ ਡਾਂਗ ਉਸਦੇ ਹੱÎਥੋਂ ਡਿੱਗ ਪਈ।
ਪਰ ਇੰਜ ਲੱÎਗਿਆ ਜਿਵੇਂ ਕਿਸੇ ਨੇ ਉਸਦੇ ਦੇ ਡਿੱਗਣ ਦਾ ਖੜਾਕ ਸੁਣਿਆ ਹੀ ਨਾ ਹੋਵੇ। ਉਹ ਹੱਥ ਜੋੜ ਕੇ ਬੋਲਿਆ, ''ਹਜ਼ੂਰ ਕੰਮ 'ਤੇ ਸਿਰਫ ਦੋ ਬੰਦੇ ਆਏ ਸੀ।''
''ਹੂੰ,'' ਮਾਜਿਦ ਚਾਚਾ ਜੀ ਨੇ ਜਿਵੇਂ ਗੁੱਸਾ ਪੀਣ ਦੀ ਕੋਸ਼ਿਸ਼ ਕੀਤੀ।
''ਹਜ਼ੂਰ,'' ਰਾਮ ਭਰੋਸੇ ਨੇ ਕੰਬਦੀ ਆਵਾਜ਼ ਕਿਹਾ, ''ਇਕ ਬੰਦਾ ਸ਼ੱਬਨ ਨੂੰ ਬੁਲਾਉਣ ਗਿਆ ਸੀ, ਪਰ ਉਸਦੀ ਮਾਂ ਕਹਿੰਦੀ, ਬਿਮਾਰ ਐ, ਬੇਗਾਰ ਨਹੀਂ ਕਰ ਸਕੇਗਾ।''
''ਹੂੰ...'' ਮਾਜਿਦ ਚਾਚਾ ਦੇ ਸੰਘਣੇ ਭਰਵੱਟੇ ਇਕ ਦੂਜੇ ਨਾਲ ਜੁੜ ਕੇ ਫਰਕਣ ਲੱਗ ਪਏ ਤੇ ਕਰਿੰਦਿਆਂ ਵਿਚ ਭੈ ਦੀ ਲਹਿਰ ਦੌੜ ਗਈ। ਉਸ ਵੇਲੇ ਉਹ ਪੂਰੇ ਗੁੱਸੇ ਵਿਚ ਸਨ।
''ਹਜ਼ੂਰ ਜਿੱਦੈਂ ਦੀ ਉਸਦੇ ਭਰਾ ਨੇ ਸ਼ਹਿਰੋਂ ਪੈਸੇ ਭੇਜ ਕੇ ਉਸਨੂੰ ਆਟਾ ਚੱਕੀ ਲੁਆ ਕੇ ਦਿੱਤੀ ਐ, ਉਹ ਬੇਗਾਰ ਤੋਂ ਕੰਨੀਂ ਕਤਰਾਉਣ ਲੱਗ ਪਿਐ ਜੀ।''
''ਕੱਲ੍ਹ ਤੋਂ ਚੱਕੀ ਦੀ ਆਵਾਜ਼ ਮੇਰੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ।'' ਉਹਨਾਂ ਸਿਗਰੇਟ ਬੁੱਲ੍ਹਾਂ ਨੂੰ ਲਾਈ। ਇਕ ਲੰਮਾਂ ਸੂਟਾ ਖਿੱÎਚਿਆ ਤੇ ਜਦੋਂ ਤਖ਼ਤਪੋਸ਼ ਤੋਂ ਹੇਠਾਂ ਪੈਰ ਲਮਕਾਏ ਤਾਂ ਕਿਸੇ ਨੇ ਦੇਖਿਆ ਕਿ ਇਕ ਸਲੀਪਰ ਤਖ਼ਤਪੋਸ਼ ਦੇ ਹੇਠਾਂ ਖਿਸਕਿਆ ਹੋਇਆ ਹੈ ਤੇ ਉਸਨੇ ਡਰਦਿਆਂ–ਡਰਦਿਆਂ ਉਹ ਉਹਨਾਂ ਦੇ ਪੈਰ ਕੋਲ ਕਰ ਦਿੱਤਾ। ਮਾਜਿਦ ਚਾਚਾ ਜੀ ਨੇ ਇਕ ਵਾਰੀ ਫੇਰ ਲਠੈਤਾਂ ਵੱਲ ਵੇਖਿਆ ਤੇ ਆਪਣੀ ਗੱਲ ਦੁਹਰਾਈ-
'' ਕੱਲ੍ਹ ਤੋਂ ਚੱਕੀ ਦੀ ਆਵਾਜ਼ ਕੰਨੀਂ ਨਹੀਂ ਪੈਣੀ ਚਾਹੀਦੀ...''
ਰਾਤੋ–ਰਾਤ ਨੇੜੇ–ਤੇੜੇ ਦੀਆਂ ਬਸਤੀਆਂ ਤੇ ਪਿੰਡਾਂ ਵਿਚ ਮੁਨਾਦੀ ਕਰਵਾ ਦਿਤੀ ਗਈ, 'ਕੱਲ੍ਹ ਤੋਂ ਚੱਕੀ 'ਤੇ ਆਟਾ ਪਿਸਵਾਉਣ ਕੋਈ ਨਹੀਂ ਜਾਏਗਾ, ਜਿਸਨੂੰ ਲੋੜ ਹੋਵੇ, ਕਣਕ ਲੈ ਆਵੇ ਤੇ ਹਵੇਲੀ ਦੇ ਪਿੱਛਲੇ ਦਰਵਾਜ਼ੇ ਤੋਂ ਓਨਾ ਹੀ ਆਟਾ ਲੈ ਜਾਵੇ...ਕੋਈ ਪਿਸਾਈ ਨਹੀਂ ਲੱਗੇਗੀ।'
ਅਗਲੇ ਦਿਨ ਪਿੰਡ ਵਿਚ ਮੌਤ ਵਰਗੀ ਚੁੱਪ ਵਾਪਰੀ ਹੋਈ ਸੀ।
ਸ਼ੱਬਨ ਡਰਦਾ–ਡਰਦਾ ਆਪਣੇ ਕੱਚੇ ਮਕਾਨ ਵਿਚੋਂ ਬਾਹਰ ਨਿਕਲਿਆ। ਚੱਕੀ ਪੰਜਾਹ ਸੱਠ ਕਰਮਾਂ 'ਤੇ ਸੀ। ਰਸਤੇ ਵਿਚ ਕਈ ਜਣੇ ਮਿਲੇ...ਉਸਨੇ ਰੋਜ਼ ਵਾਂਗ ਸਲਾਮ, ਬੰਦਗੀ ਤੇ ਰਾਮ ਰਾਮ ਕੀਤੀ, ਪਰ ਕਿਸੇ ਦਾ ਜੁਆਬ ਨਾ ਮਿਲਿਆ। ਕਿਸੇ ਨੇ ਉਸ ਨਾਲ ਅੱਖ ਵੀ ਨਹੀਂ ਮਿਲਾਈ। ਚੱਕੀ ਭਾਂ–ਭਾਂ ਕਰ ਰਹੀ ਸੀ। ਕਣਕ ਦੀ ਇਕ ਗਠੜੀ ਵੀ ਨਹੀਂ ਸੀ ਆਈ। ਕੰਡੇ ਦੇ ਪੱਲੜੇ ਵਿਚ ਵੱਟੇ ਰੱਖ ਕੇ, ਦੂਜੇ ਨੂੰ ਉਹ ਆਪਣੀ ਕਿਸਮਤ ਵਾਂਗ ਹੀ ਹਵਾ ਵਿਚ ਡੋਲਦਾ ਵੇਖਦਾ ਰਿਹਾ। ਜਦੋਂ ਸੂਰਜ ਤਲਾਅ ਵਾਲੇ ਵੱਡੇ ਬੋਹੜ ਪਿੱÎਛੋਂ ਸਿਰ ਕੱਢ ਕੇ ਸਾਰੇ ਪਿੰਡ ਉੱਤੇ ਆ ਪਹੁੰਚਿਆ ਪਰ ਆਟਾ ਪਿਸਵਾਉਣ ਕੋਈ ਨਾ ਆਇਆ ਤਾਂ ਉਸ ਸੋਚਿਆ ਘਰ ਵਾਪਸ ਚਲਾ ਜਾਏ। ਅਜੇ ਉਸਨੇ ਸੋਚਿਆ ਹੀ ਸੀ ਕਿ ਜੋਖਾ ਸਿਰ ਉੱਤੇ ਇਕ ਵੱਡੀ ਸਾਰੀ ਪੰਡ ਚੁੱਕੀ ਆ ਪਹੁੰਚਿਆ। ਜੋਖੇ ਨੇ ਪੰਡ ਜ਼ਮੀਨ ਉੱਤੇ ਰੱਖ ਦਿਤੀ...ਸ਼ੱਬਨ ਨੇ ਉਸ ਵੱਲ ਲਲਚਾਈਆਂ ਅੱਖਾਂ ਨਾਲ ਵੇਖਿਆ ਜਿਵੇਂ ਕਿਸੇ ਪਰਾਈ ਜਨਾਨੀ ਨੂੰ ਵੇਖ ਰਿਹਾ ਹੋਵੇ-ਪਰ ਡਰਦਿਆਂ–ਡਰਦਿਆਂ।
ਦੋਏ ਚੁੱਪ ਸਨ। ਅਖ਼ੀਰ ਸ਼ੱਬਨ ਨੇ ਕਿਹਾ, ''ਅੱਜ ਚੱਕੀ ਨਹੀਂ ਚੱਲੇਗੀ।''
''ਕਿਉਂ? ਡਰ ਗਿਐਂ?''
''ਨਹੀਂ, ਪਰ ਚੱਕੀ ਨਹੀਂ ਚੱਲਣੀ।''
''ਫਿੱÎਟੇ ਮੂੰਹ ਤੇਰੇ...ਮੈਂ ਤਾਂ ਤੈਨੂੰ ਮਰਦ ਬੱਚਾ ਸਮਝਦਾ ਸੀ, ਪਰ ਤੂੰ ਤਾਂ ਨਿਰਾ ਉਹ ਨਿਕਲਿਆ ਓਇ।''
ਦੋਹਾਂ ਨੇ ਇਕ ਵਾਰੀ ਫੇਰ ਇਕ ਦੂਜੇ ਵੱਲ ਤੱÎਕਿਆ।
ਜੋਖਾ ਵੀ ਸ਼ੱਬਨ ਵਾਂਗ ਨਰੋਆ, ਜਵਾਨ ਗਭਰੂ ਸੀ। ਦੋ ਚਾਰ ਸਾਲ ਵੱਡਾ ਹੋਊ ਤਾਂ ਕੀ? ਪਰ ਅੱਜ ਤਕ ਉਸਨੇ ਵਾਲਾਂ ਨੂੰ ਮਹਿੰਦੀ ਨਹੀਂ ਸੀ ਲਾਈ। ਦੋ ਜੁਆਕ ਸਨ ਤੇ ਦੋਏ ਕੁੜੀਆਂ। ਅਸਲ ਵਿਚ ਸ਼ੱਬਨ ਆਪਣੇ ਨਾਲੋਂ ਵੱਧ ਉਸ ਬਾਰੇ ਸੋਚ ਰਿਹਾ ਸੀ। 'ਮੀਆਂ ਉਸਨੂੰ ਨੌਕਰੀ ਤੋਂ ਹਟਾਅ ਦੇਣਗੇ, ਫੇਰ ਵੀ ਬਾਅਜ਼ ਨਾਲ ਆਇਆ ਤਾਂ ਘਰ ਸੜਵਾ ਦੇਣਗੇ। ਕੱਚੀ ਕਬੀਲਦਾਰੀ ਐ, ਕੀ ਬਣੂੰਗਾ ਇਸ ਦਾ?' ਇਹੀ ਸੋਚ ਕੇ ਉਸਨੇ ਆਟਾ ਪੀਸਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸ਼ੱਬਨ ਦੇ ਚੱਕੀ ਚਲਾਉਣ ਜਾਂ ਨਾ ਚਲਾਉਣ ਨਾਲ ਕੋਈ ਫ਼ਰਕ ਨਾ ਪਿਆ...ਜੋਖੇ ਨੂੰ ਨੌਕਰੀਓਂ ਹਟਾਅ ਦਿੱਤਾ ਗਿਆ ਸੀ ਤੇ ਉਸਦਾ ਚਾਰ ਬਿਸਵਿਆਂ ਦਾ ਖੇਤ, ਜਿਹੜਾ ਮੀਆਂ ਦੇ ਖੇਤਾਂ ਨਾਲ ਲੱਗਦਾ ਸੀ, ਰਾਤੋ ਰਾਤ ਖਾਲ ਦੇ ਅੰਦਰਲੇ ਪਾਸੇ ਕਰ ਦਿੱਤਾ ਗਿਆ ਸੀ।
ਪਿੰਡ ਵਿਚ ਦੋ ਚਾਰ ਦਿਨ ਰਤਾ ਤਣਾਅ ਜਿਹਾ ਰਿਹਾ, ਗੁੱਝੀ ਚਰਚਾ ਛਿੜੀ ਤੇ ਚੁੱਪ ਵਾਪਰ ਗਈ...ਸਭ ਕੁਝ ਫੇਰ ਪਹਿਲਾਂ ਵਾਂਗ ਹੀ ਹੋਣ ਲੱਗਾ, ਪਰ ਚੱਕੀ ਦੀ ਆਵਾਜ਼ ਕਦੀ ਕਿਸੇ ਨੂੰ ਨਹੀਂ ਸੁਣਾਈ ਦਿੱਤੀ। ਕਈ ਸਾਲ ਤਕ ਗੱÎਡਿਆਂ ਉੱਤੇ ਸ਼ਹਿਰੋਂ ਪਿਸਵਾ ਕੇ ਆਟਾ ਲਿਆਂਦਾ ਜਾਂਦਾ ਰਿਹਾ ਤੇ ਹਵੇਲੀ ਦੇ ਪਿੱਛਲੇ ਦਰਵਾਜ਼ੇ ਤੋਂ ਲੋਕ ਦਾਣਿਆਂ ਬਰਾਬਰ ਆਟਾ ਲੈ ਜਾਂਦੇ ਰਹੇ। ਪਿੰਡ ਵਾਲੇ ਖ਼ੁਸ਼ ਸਨ ਕਿ ਚਲੋ ਦੋ ਪੈਸੇ ਪਿਸਾਈ ਬਚ ਜਾਂਦੀ ਹੈ, ਉਹਨਾਂ ਦੋ ਪੈਸਿਆਂ ਦੇ ਤੇਲ ਨਾਲ ਦੋ ਦਿਨ ਘਰ ਵਿਚ ਰੌਸ਼ਨੀ ਹੋ ਜਾਂਦੀ ਹੈ।
੦੦੦
ਉਸ ਚੁੱਪ ਤੇ ਫੇਰ ਸਭ ਕੁਝ ਪਹਿਲਾਂ ਵਰਗਾ ਹੋ ਜਾਣ ਅਤੇ ਚਾਚੇ ਮੌਜੂ ਦੇ ਇਹਨਾਂ ਖ਼ਤਾਂ ਵਿਚਕਾਰ ਘੱਟੋਘੱਟ ਵੀਹ ਸਾਲ ਦਾ ਫਾਸਲਾ ਹੈ। ਸਮੇਂ ਨੇ ਮਾਜਿਦ ਚਾਚਾ ਨੂੰ ਮੌਜੂ ਮੀਆਂ ਬਣਾ ਦਿੱਤਾ ਹੈ। ਉਹ ਇਕ ਹੱਥ ਵਿਚ ਲੋਹੇ ਦਾ ਗੜਵਾ ਤੇ ਦੂਜੇ ਹੱਥ ਵਿਚ ਸੋਟੀ, ਜਿਹੜੀ ਉਹਨਾਂ ਦੇ ਬੁਢਾਪੇ ਦਾ ਇੱÎਕੋ ਇੱਕ ਸਹਾਰਾ ਹੈ, ਫੜ੍ਹੀ ਮਸਜਿਦ ਅੰਦਰ ਦਾਖ਼ਲ ਹੁੰਦੇ, ਗੜਵਾ ਮਸਜਿਦ ਦੇ ਫ਼ਰਸ਼ ਉਤੇ ਰੱਖਦੇ (ਜਿਹੜਾ ਜਗ੍ਹਾ ਜਗ੍ਹਾ ਤੋਂ ਤਿੜਕ ਚੁੱÎਕਿਆ ਸੀ) ਤੇ ਸੋਟੀ ਕੰਧ ਨਾਲ ਲਾ ਦਿੰਦੇ ਨੇ, ਪਰ ਪਹਿਲਾਂ ਵਾਂਗ ਕੋਈ ਉਹਨਾਂ ਨੂੰ ਮੂਹਰਲੀ ਕਤਾਰ ਵਿਚ ਆ ਜਾਣ ਲਈ ਨਹੀਂ ਕਹਿੰਦਾ...ਉਹ ਆਖ਼ਰੀ ਜਾਂ ਉਸ ਤੋਂ ਅਗਲੀ ਕਤਾਰ ਵਿਚ ਖਲੋ ਕੇ ਜਾਂ ਕਦੀ ਬੈਠ ਕੇ ਨਮਾਜ਼ ਪੜ੍ਹਦੇ ਤੇ ਫੇਰ ਸੋਟੀ ਟੇਕਦੇ ਹੋਏ ਹਵੇਲੀ ਪਰਤ ਆਉਂਦੇ ਨੇ, ਜਿਸਦੇ ਚਬੂਤਰੇ ਦੀਆਂ ਪੌੜੀਆਂ ਦੀਆਂ ਇੱਟਾਂ ਪਤਾ ਨਹੀਂ ਕਿੱÎਦੇਂ ਦੀਆਂ ਅਲੋਪ ਹੋਈਆਂ ਹੋਈਆਂ ਨੇ। ਉਹ ਵਾਰੀ ਵਾਰੀ ਝੁਕ ਕੇ ਸੋਟੀ ਤੇ ਗੜਵਾ ਚਬੂਤਰੇ ਉੱਤੇ ਰੱਖਦੇ, ਫੇਰ ਦੋਏ ਹਥੇਲੀਆਂ ਨਾਲ ਕੰਧ ਦਾ ਸਹਾਰਾ ਲੈ ਕੇ ਉੱਤੇ ਚੜ੍ਹਦੇ। ਚਿੱਪ–ਚਿੱਪ ਕਰਦੀਆਂ ਗਿੱਡਲ ਅੱਖਾਂ ਨਾਲ ਚਾਰੇ ਪਸੇ ਵੇਖਦੇ ਤਾਂ ਕੋਈ ਡਾਂਗ ਜ਼ਮੀਨ ਉੱਤੇ ਨਹੀਂ ਡਿੱਗਦੀ, ਕਿਸੇ ਦੇ ਹੱਥ ਨਹੀਂ ਕੰਬਦੇ।
ਉਹਨਾਂ ਦਾ ਖ਼ਤ ਹੁਣ ਵੀ ਮੇਰੇ ਸਾਹਮਣੇ ਪਿਆ ਹੈ, ਮੈਂ ਜਵਾਬ ਵਿਚ ਦੋ ਲਾਈਨਾ ਵੀ ਲਿਖੀਆਂ ਨੇ-
'ਅਤਿ ਸਤਿਕਾਰ ਯੋਗ ਚਚਾ ਜਾਨ,
ਬਹੁਤ ਬਹੁਤ ਸਲਾਮ!
ਤੁਹਾਡਾ ਖ਼ਤ ਮਿਲਿਆ। ਸੁੱਖ ਸਾਂਦ ਦਾ ਪਤਾ ਲੱÎਗਿਆ। ਖ਼ੁਦਾ ਤੁਹਾਡਾ ਸਾਇਆ ਚਿਰਾਂ ਤਕ ਸਾਡੇ ਸਿਰਾਂ ਉੱਤੇ ਰੱਖੇ। ਤੁਹਾਡਾ ਅਸ਼ੀਰਵਾਦ ਲੈਣ ਲਈ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਜ਼ਰੂਰ ਆਵਾਂਗਾ। ਜੇ ਤੁਹਾਡੀ ਇਹ ਇੱਛਾ ਹੈ ਤਾਂ ਸਾਮਾਨ ਵੀ ਲੈ ਜਾਵਾਂਗ...।'
ਇਸ ਪਿੱÎਛੋਂ ਮੇਰਾ ਕਲਮ ਰੁਕ ਗਿਆ...ਹੋਰ ਲਿਖਦਾ ਵੀ ਕੀ? ਉਸ ਚੱਕੀ ਬਾਰੇ, ਜਿਸਦਾ ਕੋਈ ਨਾਂ–ਨਿਸ਼ਾਨ ਵੀ ਨਹੀਂ ਸੀ...ਤੇ ਜੋਖੇ ਦੇ ਪੁੱਤਰ ਨਿੱਕੇ ਨੂੰ, ਜਿਸਦਾ ਹੁਣ ਆਪਣਾ ਪੱਕਾ ਦੋ ਮੰਜਿਲਾ ਮਕਾਨ ਹੈ... ਟਿਊਬਵੈÎੱਲ ਤੇ ਸਾਈਕਲ ਸਪੇਅਰ ਪਾਰਟਸ ਦੀ ਦੁਕਾਨ ਹੈ...ਭਲਾ ਕਿੰਜ ਇਸ ਗੱਲ ਉੱਤੇ ਰਾਜ਼ੀ ਕਰ ਸਕਦਾ ਹਾਂ ਕਿ ਉਹ ਆਪਣੀ ਦੋ ਚਾਰ ਬਿਸਵੇ ਜ਼ਮੀਨ ਲੈ ਲਵੇ। ਉਹ ਚਾਰ ਬਿਸਵੇ ਜ਼ਮੀਨ ਜਿਸ ਨੂੰ ਮਾਜਿਦ ਚਾਚੇ ਦੇ ਮੁੰਡੇ ਕਈ ਸਾਲ ਪਹਿਲਾਂ ਗਹਿਣੇ ਕਰਕੇ ਭੁੱਲ ਵੀ ਚੁੱਕੇ ਹੋਣੇ ਨੇ।
ਮਾਜਿਦ ਚਾਚੇ ਦਾ ਇਹ ਖ਼ਤ ਮੇਜ਼ ਉੱਤੇ ਪਿਆ ਹੈ ਤੇ ਮੇਰਾ ਲਿਖਿਆ ਅਧੂਰਾ ਖ਼ਤ ਵੀ...ਇੰਜ ਹੀ ਪਹਿਲੇ ਦੋ ਖ਼ਤਾਂ ਨਾਲ ਹੋਈ ਸੀ।

Saturday, October 3, 2009

ਗ੍ਰਹਿਣ :: ਰਾਜਿੰਦਰ ਸਿੰਘ ਬੇਦੀ : राजिंदर सिंह बेदी

ਉਰਦੂ ਕਹਾਣੀ : ਗ੍ਰਹਿਣ :: ਲੇਖਕ : ਰਾਜਿੰਦਰ ਸਿੰਘ ਬੇਦੀ : राजिंदर सिंह बेदी : Rajinder Singh Bedi.
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.


ਰੂਪੋ, ਸ਼ਿੱਬੂ, ਕੁੱਥੂ ਤੇ ਮੁੰਨਾਂ-ਹੋਲੀ ਨੇ ਅਸਾੜੀ ਦੇ ਕਾਇਸਥਾਂ ਨੂੰ ਚਾਰ ਬੱਚੇ ਦਿੱਤੇ ਸਨ ਤੇ ਪੰਜਵਾਂ ਕੁਝ ਮਹੀਨਿਆਂ ਵਿਚ ਹੀ ਜੰਮਣ ਵਾਲੀ ਸੀ। ਉਸਦੀਆਂ ਅੱਖਾਂ ਦੁਆਲੇ ਗੂੜ੍ਹੇ–ਕਾਲੇ ਘੇਰੇ ਪੈ ਗਏ ਸਨ, ਗੱਲ੍ਹਾਂ ਦੀਆਂ ਹੱਡੀਆਂ ਉਭਰ ਆਈਆਂ ਸਨ ਤੇ ਮਾਸ ਉਹਨਾਂ ਵਿਚ ਪਿਚਕ ਗਿਆ ਸੀ। ਉਹ ਹੋਲੀ, ਜਿਸਨੂੰ ਪਹਿਲੋਂ–ਪਹਿਲ ਮਈਆ ਪਿਆਰ ਨਾਲ ਚਾਂਦਨੀ ਕਹਿ ਕੇ ਬੁਲਾਉਂਦੀ ਸੀ ਤੇ ਰਸੀਲਾ ਜਿਸਦੀ ਸਿਹਤ ਤੇ ਰੂਪ ਦਾ 'ਵੈਰੀ' ਸੀ, ਝੜੇ ਹੋਏ ਪੱਤੇ ਵਾਂਗ ਪੀਲੀ ਤੇ ਮੁਰਝਾਈ ਹੋਈ ਸੀ।
ਅੱਜ ਰਾਤੀਂ ਚੰਦ ਗ੍ਰਹਿਣ ਲੱਗਣਾ ਸੀ। ਸ਼ਾਮ ਹੁੰਦਿਆਂ ਹੀ ਚੰਦ ਗ੍ਰਹਿਣ ਦਾ ਲਗਨ ਸ਼ੁਰੂ ਹੋ ਜਾਣਾ ਹੈ, ਹੋਲੀ ਨੂੰ ਹੁਕਮ ਨਹੀਂ ਕਿ ਉਹ ਕੋਈ ਕਪੜਾ ਪਾੜੇ-ਪੇਟ ਵਿਚਲੇ ਬੱਚੇ ਦਾ ਨੱਕ–ਕੰਨ ਪਾਟ ਜਾਵੇਗਾ; ਉਹ ਸਿਉਂ ਨਹੀਂ ਸੀ ਸਕਦੀ-ਮੂੰਹ ਸਿਉਂਤਾ ਬੱਚਾ ਪੈਦਾ ਹੋਵੇਗਾ। ਆਪਣੇ ਪੇਕੇ ਖ਼ਤ ਨਹੀਂ ਸੀ ਲਿਖ ਸਕਦੀ-ਉਸ ਦੇ ਟੇਢੇ–ਮੇਢੇ ਅੱਖਰ ਬੱਚੇ ਚਿਹਰੇ 'ਤੇ ਝਰੀਟੇ ਜਾਣਗੇ-ਤੇ ਆਪਣੇ ਪੇਕਿਆਂ ਨੂੰ ਖ਼ਤ ਲਿਖਣ ਦਾ ਉਸਨੂੰ ਬੜਾ ਚਾਅ ਸੀ।
ਪੇਕਿਆਂ ਦੀ ਯਾਦ ਆਉਂਦਿਆਂ ਹੀ ਉਸਦੀ ਸਾਰੀ ਦੇਹ ਇਕ ਅਣਜਾਣ ਜਜ਼ਬੇ ਨਾਲ ਕੰਬਨ ਲੱਗ ਪੈਂਦੀ। ਉਹ ਪੇਕੇ ਹੁੰਦੀ ਸੀ ਤਾਂ ਉਸਨੂੰ ਸਹੁਰਿਆਂ ਦਾ ਕਿੰਨਾ ਚਾਅ ਹੁੰਦਾ ਸੀ। ਪਰ ਹੁਣ ਸਹੁਰਿਆਂ ਤੋਂ ਏਨੀ 'ਨਿਹਾਲ' ਹੋ ਚੁੱਕੀ ਸੀ ਉਹ ਕਿ ਉੱਥੋਂ ਭੱਜ ਜਾਣਾ ਚਾਹੁੰਦੀ ਸੀ। ਇੰਜ ਕਰਨ ਦੀ ਉਸਨੇ ਕਈ ਵਾਰੀ ਕੋਸ਼ਿਸ਼ ਵੀ ਕੀਤੀ, ਪਰ ਹਰ ਵੇਰ ਅਸਫਲ ਰਹੀ। ਉਸਦਾ ਪੇਕਾ ਪਿੰਡ, ਅਸਾੜੀ ਪਿੰਡ ਤੋਂ ਕੋਈ ਪੰਜਾਹ ਕੁ ਮੀਲ ਦੇ ਫਾਸਲੇ 'ਤੇ ਸੀ। ਸਮੁੰਦਰ ਕਿਨਾਰੇ ਹਰਫੂਲ ਬੰਦਰਗਾਹ ਤੋਂ ਸ਼ਾਮ ਵੇਲੇ ਸਟੀਮਰ ਲਾਂਚ ਮਿਲ ਜਾਂਦੀ ਸੀ ਤੇ ਕਿਨਾਰੇ ਦੇ ਨਾਲ ਨਾਲ ਡੇਢ ਦੋ ਘੰਟਿਆਂ ਦੇ ਸਫ਼ਰ ਪਿੱਛੋਂ ਉਸਦੇ ਪੇਕੇ–ਪਿੰਡ ਦੇ ਵੱਡੇ ਮੰਦਰ ਦੇ ਜਰ–ਖਾਧੇ ਕਲਸ ਦਿਖਾਈ ਦੇਣ ਲੱਗ ਪੈਂਦੇ ਸੀ।
ਅੱਜ ਸ਼ਾਮ ਹੋਣ ਤੋਂ ਪਹਿਲਾਂ ਰੋਟੀ–ਟੁੱਕ ਤੇ ਚੌਂਕੇ–ਚੁੱਲ੍ਹੇ ਦੀ ਸਫਾਈ ਤੋਂ ਵਿਹਲਿਆਂ ਹੋਣਾ ਸੀ। ਮਈਆ ਕਹਿੰਦੀ ਸੀ ਗ੍ਰਹਿਣ ਤੋਂ ਪਹਿਲਾਂ ਰੋਟੀ ਵਗ਼ੈਰਾ ਖਾ ਲੈਣੀ ਚਾਹੀਦੀ ਹੈ ਵਰਨਾ ਹਰ ਹਰਕਤ ਢਿੱਡ ਦੀ ਡੱਡ ਦੇ ਸਰੀਰ ਅਤੇ ਕਿਸਮਤ 'ਤੇ ਪੈਂਦੀ ਹੈ। ਜਿਵੇਂ ਉਸ ਬਡਰੂਪ, ਚੌੜੀਆਂ ਨਾਸਾਂ ਵਾਲੀ, ਅੜੀਅਲ ਮਈਆ ਨੇ ਆਪਣੀ ਨੂੰਹ ਹਮੀਦਾ ਬਾਨੋ ਦੇ ਢਿੱਡੋਂ ਕਿਸੇ ਅਕਬਰ ਅਜ਼ੀਮ ਦੀ ਆਸ ਲਾਈ ਹੋਈ ਹੋਵੇ। ਚਾਰ ਬੱਚਿਆਂ, ਤਿੰਨ ਆਦਮੀਆਂ,ਦੋ ਤੀਵੀਂਆਂ, ਚਾਰ ਮੱਝਾਂ ਵਾਲਾ ਇਹ ਵੱਡਾ ਟੱਬਰ ਤੇ ਇਕੱਲੀ ਹੋਲੀ-ਦੁਪਹਿਰ ਤਾਈਂ ਤਾਂ ਹੋਲੀ ਭਾਂਡਿਆਂ ਦਾ ਢੇਰ ਮਾਂਜਦੀ ਰਹੀ। ਫੇਰ ਜਾਨਵਰਾਂ ਲਈ ਵੜੇਵੇਂ, ਖਲ ਤੇ ਛੋਲੇ ਭਿਓਂਣ ਚਲੀ ਗਈ। ਇੱਥੋਂ ਤਾਈਂ ਕਿ ਉਸਦਾ ਲੱਕ ਪੀੜ ਨਾਲ ਟੁੱਟਣ ਲੱਗ ਪਿਆ ਤੇ ਬਗ਼ਾਵਤ ਪਸੰਦ ਬੱਚਾ ਪੇਟ ਵਿਚ ਆਪਣੇ ਹੱਕ-ਪਰ ਹੋਲੀ ਨੂੰ ਤੜਫਾ ਦੇਣ ਵਾਲੀਆਂ ਹਰਕਤਾਂ-ਨਾਲ ਵਿਰੋਧ ਪ੍ਰਦਰਸ਼ਨ ਕਰਨ ਲੱਗ ਪਿਆ। ਹੋਲੀ ਹਾਰ ਮੰਨ ਕੇ ਫੱਟੀ ਉੱਤੇ ਬੈਠ ਗਈ ਪਰ ਦੇਰ ਤਾਈਂ ਫੱਟੀ ਜਾਂ ਫਰਸ਼ ਉੱਤੇ ਬੈਠਣ ਦੇ ਕਾਬਿਲ ਨਹੀਂ ਸੀ ਉਹ...ਨਾਲੇ ਮਈਆ ਦੇ ਖ਼ਿਆਲ ਅਨੁਸਾਰ ਚੌੜੀ ਫੱਟੀ ਉੱਤੇ ਦੇਰ ਤਾਈਂ ਬੈਠਣ ਨਾਲ ਬੱਚੇ ਦਾ ਸਿਰ ਚਪਟਾ ਹੋ ਜਾਂਦਾ ਹੈ। ਮੂੜ੍ਹਾ ਹੋਵੇ ਤਾਂ ਠੀਕ ਹੈ। ਕਦੀ ਕਦੀ ਹੋਲੀ ਮਈਆ ਤੇ ਕਾਇਸਥਾਂ ਦੀ ਅੱਖ ਬਚਾ ਕੇ ਮੰਜੀ ਉੱਤੇ ਸਿੱਧੀ ਲੇਟ ਜਾਂਦੀ ਤੇ ਸੂਣ ਵਾਲੀ ਕੁੱਤੀ ਵਾਂਗ ਲੱਤਾਂ ਪਸਾਰ ਕੇ ਭਰਪੂਰ ਅੰਗੜਾਈ ਲੈਂਦੀ ਤੇ ਫੇਰ ਉਦੋਂ ਹੀ ਕੰਬਦੇ ਹੋਏ ਹੱਥਾਂ ਨਾਲ ਆਪਣੇ ਨੰਨ੍ਹੇ ਜਿਹੇ ਨਰਕ ਨੂੰ ਪਲੋਸਣ ਲੱਗ ਪੈਂਦੀ।
ਇਹ ਖ਼ਿਆਲ ਆਉਂਦਿਆਂ ਹੀ ਕਿ ਉਹ ਸੀਤਲ ਦੀ ਧੀ ਹੈ, ਉਹ ਆਪਣੇ ਆਪ ਨੂੰ ਰੋਕ ਨਾ ਸਕਦੀ-ਸੀਤਲ ਸਾਰੰਗਦੇਵ ਪਿੰਡ ਦਾ ਇਕ ਮਾਲਦਾਰ ਸਾਹੂਕਾਰ ਸੀ ਤੇ ਸਾਰੰਗਦੇਵ ਪਿੰਡ ਦੇ ਚਾਰੇ ਪਾਸੇ ਵੱਸਦੇ ਵੀਹ ਪਿੰਡਾਂ ਦੇ ਕਿਸਾਨ ਉਸਤੋਂ ਵਿਆਜੂ ਰਕਮ ਲੈਂਦੇ ਹੁੰਦੇ ਸਨ; ਉਸਦੇ ਬਾਵਜੂਦ ਉਸਨੂੰ ਕਾਇਸਥਾਂ ਦੇ ਇੱਥੇ ਜਲੀਲ ਕੀਤਾ ਜਾਂਦਾ ਸੀ। ਹੋਲੀ ਨਾਲ ਕੁੱਤਿਆਂ ਨਾਲੋਂ ਵੀ ਮਾੜਾ ਸਲੂਕ ਹੁੰਦਾ ਸੀ। ਕਾਇਸਥਾਂ ਨੂੰ ਤਾਂ ਬੱਚੇ ਚਾਹੀਦੇ ਨੇ, ਹੋਲੀ ਪਵੇ ਢੱਠੇ ਖ਼ੂਹ 'ਚ। ਕੀ ਸਾਰੇ ਗੁਜਰਾਤ ਵਿਚ ਇਹ ਕਇਸਥ ਹੀ ਕੁਲਬਧੂ ਦਾ ਸਹੀ ਮਤਲਬ ਸਮਝਦੇ ਸੀ!
ਹਰ ਸਾਲ, ਡੇਢ ਸਾਲ ਬਾਅਦ ਉਹ ਇਕ ਨਵਾਂ ਕੀੜਾ ਘਰੇ ਰੀਂਘਦਾ ਹੋਇਆ ਦੇਖ ਕੇ ਖੁਸ਼ ਹੁੰਦੇ ਸਨ ਤੇ ਬੱਚੇ ਕਰਕੇ ਖਾਧਾ ਪੀਤਾ ਹੋਲੀ ਦੇ ਜਿਸਮ ਨੂੰ ਨਹੀਂ ਸੀ ਲੱਗਦਾ। ਸ਼ਾਇਦ ਉਸਨੂੰ ਰੋਟੀ ਵੀ ਇਸੇ ਲਈ ਦਿੱਤੀ ਜਾਂਦੀ ਸੀ ਕਿ ਢਿੱਡ ਵਿਚ ਬੱਚਾ ਮੰਗਦਾ ਹੈ ਤੇ ਇਸੇ ਲਈ ਉਸਨੂੰ ਹਮਲ ਦੇ ਮੁੱਢਲੇ ਦਿਨਾਂ ਵਿਚ ਚਾਟ ਤੇ ਹੁਣ ਫਲ ਖੁੱਲ੍ਹੇ ਦਿਲ ਨਾਲ ਦਿੱਤੇ ਜਾਂਦੇ ਸਨ।
'ਦਿਓਰ ਐ ਤਾਂ ਉਹ ਅੱਡ ਕੁੱਟ ਲੈਂਦੈ।' ਹੋਲੀ ਸੋਚਦੀ ਸੀ-'ਤੇ ਸੱਸ ਦੇ ਮਿਹਣੇ, ਕੁੱਟਮਾਰ ਤੋਂ ਕਿਤੇ ਵੱਧ ਭੇੜੇ ਹੁੰਦੇ ਐ ਤੇ ਵੱਡੇ ਕਾਇਸਥ ਜਦੋਂ ਝਾੜ ਪਾਉਣ ਲੱਗਦੇ ਐ ਤਾਂ ਪੈਰਾਂ ਹੇਠਲੀ ਜ਼ਮੀਨ ਹਿੱਲਣ ਲੱਗ ਪੈਂਦੀ ਐ। ਉਹਨਾਂ ਸਾਰਿਆਂ ਨੂੰ ਭਲਾ ਮੇਰੀ ਜਾਨ ਲੈਣ ਦਾ ਕੀ ਹੱਕ...? ਰਸੀਲੇ ਦੀ ਗੱਲ ਹੋਰ ਐ। ਸ਼ਾਸਤਰਾਂ ਨੇ ਉਸਨੂੰ ਪ੍ਰਮਾਤਮਾ ਦਾ ਦਰਜਾ ਦਿਤਾ ਹੋਇਐ। ਉਹ ਜਿਸ ਛੁਰੀ ਨਾਲ ਮਾਰੇ, ਉਸੇ ਛੁਰੀ ਦਾ ਭਲਾ!...ਪਰ ਕੀ ਸ਼ਾਸਤਰ ਕਿਸੇ ਔਰਤ ਨੇ ਬਣਾਏ ਐ? ਤੇ ਮਾਨਤਾ ਦੀ ਗੱਲ ਹੀ ਵੱਖਰੀ ਐ। ਸ਼ਾਸਤਰ ਕਿਸੇ ਔਰਤ ਨੇ ਲਿਖੇ ਹੁੰਦੇ ਤਾਂ ਆਪਣੀ ਜਾਤੀ ਉੱਤੇ ਇਸ ਨਾਲੋਂ ਵੀ ਵਧ ਪਾਬੰਦੀਆਂ ਲਾ ਦੇਂਦੀ...'
...ਰਾਹੂ ਆਪਣੇ ਨਵੇਂ ਭੇਸ ਵਿਚ ਬੈਠਾ ਮੌਜ ਨਾਲ ਅਮ੍ਰਿਤ ਪੀ ਰਿਹਾ ਸੀ। ਚੰਦ ਤੇ ਸੂਰਜ ਨੇ ਵਿਸ਼ਨੂੰ ਮਹਾਰਾਜ ਨੂੰ ਉਸਦੀ ਸ਼ਿਕਾਇਤ ਕਰ ਦਿਤੀ ਤੇ ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਰਾਹੂ ਦੇ ਦੋ ਟੁਕੜੇ ਕਰ ਦਿੱਤੇ। ਉਸਦਾ ਸਿਰ ਤੇ ਧੜ ਦੋਵੇਂ ਆਸਮਾਨ ਵਿਚ ਜਾ ਕੇ ਰਹੂ ਤੇ ਕੇਤੂ ਬਣ ਗਏ। ਸੂਰਜ ਤੇ ਚੰਦ ਦੋਵਾਂ ਨੇ ਉਹਦਾ ਕਰਜਾ ਦੇਣਾ ਹੈ। ਹੁਣ ਉਹ ਹਰ ਸਾਲ ਦੋ ਵਾਰੀ ਚੰਦ ਤੇ ਸੂਰਜ ਤੋਂ ਬਦਲਾ ਲੈਂਦੇ ਨੇ-ਤੇ ਹੋਲੀ ਸੋਚਦੀ ਸੀ, 'ਭਗਵਾਨ ਦੇ ਖੇਡ ਵੀ ਨਿਆਰੇ ਐ...ਤੇ ਰਾਹੂ ਦੀ ਸ਼ਕਲ ਕੇਡੀ ਅਜੀਬ ਐ! ਇਕ ਕਾਲਾ ਜਿਹਾ ਰਾਕਸ਼ਸ, ਸ਼ੇਰ ਉੱਤੇ ਚੜ੍ਹਿਆ ਹੋਇਆ, ਦੇਖ ਕੇ ਕਿੰਨਾ ਡਰ ਲਗਦੈ! ਰਸੀਲਾ ਵੀ ਤਾਂ ਸ਼ਕਲ ਪਖੋਂ ਰਹੂ ਈ ਤਾਂ ਲੱਗਦੈ। ਮੁੰਨੇ ਦੇ ਜੰਮਣ ਪਿੱਛੋਂ ਅਜੇ ਚਾਲ੍ਹੀਵਾਂ ਵੀ ਨਹੀਂ ਸੀ ਨਹਾਤੀ ਕਿ ਆ ਢਾਇਆ ਸੀ; ਮੈਂ ਵੀ ਤਾਂ ਉਸਦਾ ਕਰਜਾ ਈ ਦੇਣੈ...?
ਉਸੇ ਵੇਲੇ ਹੋਲੀ ਦੇ ਕੰਨਾਂ ਵਿਚ ਮਾਂ–ਪੁੱਤਰ ਦੇ ਆਉਣ ਦੀ ਬਿੜਕ ਪਈ। ਹੋਲੀ ਨੇ ਦੋਵਾਂ ਹੱਥਾਂ ਨਾਲ ਪੇਟ ਸੰਭਾਲਿਆ ਦੇ ਉਠ ਖੜ੍ਹੀ ਹੋਈ। ਤੇ ਕਾਹਲ ਨਾਲ ਤਵਾ, ਬਲ ਰਹੀ, ਮੱਠੀ ਮੱਠੀ ਅੱਗ ਉੱਤੇ ਰੱਖ ਦਿੱਤਾ। ਹੁਣ ਉਸ ਵਿਚ ਝੁਕਣ ਦੀ ਹਿੰਮਤ ਵੀ ਨਹੀਂ ਸੀ ਰਹੀ ਕਿ ਫੂਕਨੀ ਨਾਲ ਫੂਕ ਮਾਰ ਕੇ ਅੱਗ ਬਾਲ ਲਵੇ। ਉਸਨੇ ਕੋਸ਼ਿਸ਼ ਵੀ ਕੀਤੀ ਪਰ ਉਸਦੀਆਂ ਅੱਖਾਂ ਫੁੱਟ ਕੇ ਬਾਹਰ ਆਉਣ ਵਾਲੀਆਂ ਹੋ ਗਈਆਂ।
ਰਸੀਲਾ ਇਕ ਨਵਾਂ ਮੁਰੰਮਤ ਕੀਤਾ ਹੋਇਆ ਛੱਜ ਹੱਥ ਵਿਚ ਫੜ੍ਹੀ ਅੰਦਰ ਵੜਿਆ। ਉਸਨੇ ਜਲਦੀ ਜਲਦੀ ਹੱਥ ਧੋਤੇ ਤੇ ਮੂੰਹ ਵਿਚ ਕੁਝ ਬੁੜਬੁੜ ਕਰਨ ਲੱਗਾ। ਉਸਦੇ ਪਿੱਛੇ ਮਈਆ ਆਈ ਤੇ ਆਉਂਦੀ ਹੀ ਬੋਲੀ-“ਬਹੂ...ਅਨਾਜ ਕੱਢ ਕੇ ਰੱਖਿਐ ਨਾ?”
ਹੋਲੀ ਡਰਦੀ ਡਰਦੀ ਬੋਲੀ-“ਹਾਂ, ਹਾਂ ਰੱਖਿਐ-ਨਹੀਂ ਰੱਖਿਆ...ਯਾਦ ਨਹੀਂ ਰਿਹਾ, ਭੁੱਲ ਗਈ ਸੀ ਮਈਆ...”
“ਤੂੰ ਬੈਠੀ ਕਰਦੀ ਕੀ ਰਹੀ ਨੀਂ, ਨਵਾਬਜਾਦੀਏ?”
ਹੋਲੀ ਨੇ ਸਹਿਮੀਆਂ ਜਿਹੀਆਂ ਅੱਖਾਂ ਨਾਲ ਰਸੀਲੇ ਵੱਲ ਦੇਖਿਆ ਤੇ ਬੋਲੀ, “ਜੀ ਮੈਥੋਂ ਅਨਾਜ ਦੀ ਬੋਰੀ ਹਿਲਾਈ ਜਾਂਦੀ ਐ ਭਲਾਂ?”
ਮਈਆਂ ਨੂੰ ਕੋਈ ਜਵਾਬ ਨਾ ਆਇਆ। ਤੇ ਉਂਜ ਵੀ ਉਸਨੂੰ ਹੋਲੀ ਦੀ ਬਜਾਏ ਉਸਦੇ ਢਿੱਡ ਵਿਚਲੇ ਬੱਚੇ ਦੀ ਵਧੇਰੇ ਫਿਕਰ ਸੀ। ਸ਼ਾਇਦ ਇਸੇ ਲਈ ਹੋਲੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬੋਲੀ, “ਤੂੰ ਸੁਰਮਾ ਕਿਉਂ ਪਾਇਆ ਹੋਇਐ ਨੀਂ ਰੰਡੀਏ?-ਜਾਣਦੀ ਨਹੀਂ ਅੱਜ ਗ੍ਰਹਿਣ ਲੱਗਣੈ...ਜੇ ਬੱਚਾ ਅੰਨ੍ਹਾ ਹੋ ਗਿਆ ਤਾਂ ਤੇਰੇ ਵਰਗੀ ਰੰਡੀ ਉਸਨੂੰ ਪਾਲ ਲਊ...?”
ਹੋਲੀ ਚੁੱਪ ਰਹੀ ਤੇ ਨਜ਼ਰਾਂ ਜ਼ਮੀਨ ਉੱਤੇ ਗੱਡੀ ਰੱਖੀਆਂ।...ਫੇਰ ਮੂੰਹ ਵਿਚ ਬੁੜਬੁੜ ਕਰਨ ਲੱਗੀ। ਹੋਰ ਕੁਝ ਵੀ ਹੋ ਜਾਏ ਪਰ ਰੰਡੀ ਦੀ ਗਾਲ੍ਹ ਉਸ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ। ਉਸਨੂੰ ਬੁੜਬੁੜ ਕਰਦਿਆਂ ਦੇਖ ਕੇ ਮਈਆ ਹੋਰ ਭੜਕ ਗਈ ਤੇ ਬਕਦੀ ਝਕਦੀ ਹੋਈ ਚਾਬੀਆਂ ਵਾਲਾ ਗੁੱਛਾ ਲੱਭਣ ਲੱਗ ਪਈ। ਇਕ ਮੈਲੇ ਜਿਹੇ ਲੈਂਪ ਕੋਲ ਸੁਰਮਾ ਰਗੜਨ ਵਾਲੀ ਖਰਲ ਰੱਖੀ ਹੋਈ ਸੀ। ਉਸ ਹੇਠੋਂ ਚਾਬੀਆਂ ਵਾਲਾ ਗੁੱਛਾ ਕੱਢ ਕੇ ਉਹ ਦਾਣਿਆਂ ਵਾਲੇ ਕੋਠੇ ਵੱਲ ਤੁਰ ਗਈ। ਰਸੀਲੇ ਨੇ ਇਕ ਵਾਰੀ ਹਵਸ ਭਰੀਆਂ ਅੱਖਾਂ ਨਾਲ ਹੋਲੀ ਵੱਲ ਤੱਕਿਆ, ਉਸ ਵੇਲੇ ਹੋਲੀ ਇਕੱਲੀ ਸੀ। ਰਸੀਲੇ ਨੇ ਹੌਲੀ ਜਿਹੀ ਪੱਲੇ ਨੂੰ ਛੂਹਿਆ। ਹੋਲੀ ਨੇ ਡਰਦਿਆਂ ਡਰਦਿਆਂ ਹੱਥ ਝਟਕ ਦਿਤਾ ਤੇ ਆਪਣੇ ਦਿਓਰ ਨੂੰ ਆਵਾਜ਼ ਮਾਰੀ, ਜਿਵੇਂ ਦੂਜੇ ਆਦਮੀ ਦੀ ਮੌਜ਼ੂਦਗੀ ਚਾਹੁੰਦੀ ਹੋਵੇ। ਇਸ ਹਾਲਤ ਵਿਚ ਮਰਦ ਨੂੰ ਠੁਕਰਾਅ ਦੇਣਾ ਮਾਮੂਲੀ ਗੱਲ ਨਹੀਂ ਹੁੰਦੀ। ਰਸੀਲਾ ਸ਼ਬਦਾਂ ਨੂੰ ਚਿੱਥ–ਚਿੱਥ ਕੇ ਬੋਲਿਆ-
“ਮੈਂ ਪੁੱਛਦਾਂ, ਭਲਾ, ਏਨੀ ਜਲਦੀ ਕਾਹਦੀ ਸੀ?”
“ਜਲਦੀ ਕਿਹੜੀ?”
ਰਸੀਲਾ ਉਸਦੇ ਪੇਟ ਵੱਲ ਇਸ਼ਾਰਾ ਕਰਦਾ ਹੋਇਆ ਬੋਲਿਆ, “ਇਹੀ...ਤੂੰ ਵੀ ਤਾਂ ਕੁੱਤੀ ਐਂ, ਕੁੱਤੀ?”
ਹੋਲੀ ਨੇ ਬਿਨਾਂ ਵਿਚਾਰੇ ਰਸੀਲੇ ਨੂੰ ਵਹਿਸ਼ੀ, ਬਦਚਲਨ, ਕਾਮੀਨਾ-ਸਭੋ ਕੁਝ ਆਖ ਦਿੱਤਾ। ਵਾਰ ਥਾਵੇਂ ਲੱਗਿਆ। ਰਸੀਲੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਜਵਾਬ ਵਿਹੂਣੇ ਆਦਮੀ ਦਾ ਜਵਾਬ ਥੱਪੜ ਹੁੰਦਾ ਹੈ ਤੇ ਦੂਜੇ ਪਲ ਉਂਗਲਾਂ ਦੇ ਨਿਸ਼ਾਨ ਹੋਲੀ ਦੀ ਗੱਲ੍ਹ ਉੱਤੇ ਦਿਖਾਈ ਦੇਣ ਲੱਗੇ। ਉਦੋਂ ਹੀ ਮਈਆ ਮਾਸ਼ (ਪਸ਼ੂਆਂ ਦੇ ਦਾਣੇ ਵਾਲੀ ਟੋਕਰੀ) ਚੁੱਕੀ ਭੰਡਾਰ ਘਰ ਵਿਚੋਂ ਬਾਹਰ ਆਈ ਤੇ ਬਹੂ ਨਾਲ ਬਦਸਲੂਕੀ ਕਰਨ ਕਰਕੇ ਪੁੱਤਰ ਨੂੰ ਤਾੜਨ ਲੱਗੀ। ਹੋਲੀ ਨੂੰ ਰਸੀਲੇ ਉੱਤੇ ਤਾਂ ਗੁੱਸਾ ਨਹੀਂ ਸੀ ਆਇਆ-ਹਾਂ, ਮਈਆ ਦੀ ਇਸ ਆਦਤ ਉੱਤੇ ਬਲ–ਬੁਝੀ ਸੀ ਉਹ-'ਰੰਡੀ ਆਪ ਮਾਰੇ ਤਾਂ ਇਸ ਤੋਂ ਵੀ ਵੱਧ, ਜੇ ਪੁੱਤ ਕੁਸ਼ ਕਹੇ ਤਾਂ ਹਮਦਰਦੀਆਂ ਦਿਖਾਉਂਦੀ ਆ, ਵੱਡੀ ਆਈ...'
ਹੋਲੀ ਸੋਚਣ ਲੱਗੀ ਕਿ 'ਕੱਲ੍ਹ ਰਸੀਲੇ ਨੇ ਇਸ ਲਈ ਮਾਰਿਆ ਸੀ ਕਿ ਮੈਂ ਉਸਦੀ ਗੱਲ ਦਾ ਜਵਾਬ ਨਹੀਂ ਸੀ ਦਿੱਤਾ ਤੇ ਅੱਜ ਇਸ ਲਈ ਮਾਰਿਆ ਕਿ ਮੈਂ ਗੱਲ ਦਾ ਜਵਾਬ ਦਿੱਤਾ ਐ-ਮੈਂ ਜਾਣਦੀ ਹਾਂ ਉਹ ਮੇਰੇ ਨਾਲ ਕਿਉਂ ਨਾਰਾਜ਼ ਐ, ਕਿਉਂ ਗਾਲ੍ਹਾਂ ਕੱਢਦਾ ਰਹਿੰਦਾ ਐ। ਮੇਰੇ ਪਕਾਉਣ-ਖਾਣ, ਉਠਣ, ਬੈਠਣ ਵਿਚ ਕਿਉਂ ਉਸਨੂੰ ਨੁਕਸ ਨਜ਼ਰ ਆਉਂਦੇ ਐ...ਤੇ ਮੇਰੀ ਇਹ ਹਾਲਤ ਐ ਕਿ ਨੱਕ ਵਿਚ ਦਮ ਆ ਜਾਂਦਾ ਐ ਤੇ ਮਰਦ, ਔਰਤ ਨੂੰ ਮੁਸੀਬਤ ਵਿਚ ਧਰੀਕ ਕੇ ਆਪ ਪਾਸੇ ਹੋ ਜਾਂਦੇ ਐ; ਇਹ ਮਰਦ...!'
ਮਈਆ ਨੇ ਕੁਝ ਬਾਸਮਤੀ, ਦਾਲਾਂ ਤੇ ਲੂਣ ਰਸੋਈਂ ਵਿਚ ਢੇਰੀ ਕਰ ਦਿੱਤਾ ਤੇ ਫੇਰ ਇਕ ਭਿੱਜੀ ਹੋਈ ਤੱਕੜੀ ਵਿਚ ਉਸਨੂੰ ਤੋਲਨ ਲੱਗੀ। ਤੱਕੜੀ ਗਿੱਲੀ ਸੀ, ਇਹ ਮਈਆ ਵੀ ਦੇਖ ਰਹੀ ਸੀ ਤੇ ਜਦੋਂ ਬਾਸਮਤੀ ਚੌਲ ਪਾਲੜੇ ਨਾਲ ਚਿਪਕ ਗਏ ਤਾਂ-ਬਹੂ ਮੋਈ ਕੁੱਡਰ ਹੋ ਗਈ-ਤੇ ਆਪ ਏਨੀ ਸੁਘੜ ਕਿ ਨਵੇਂ ਦੁਪੱਟੇ ਨਾਲ ਪਾਲੜਾ ਸਾਫ ਕਰਨ ਲੱਗ ਪਈ। ਜਦੋਂ ਖਾਸਾ ਮੈਲਾ ਹੋ ਗਿਆ ਤਾਂ ਦੁਪੱਟੇ ਨੂੰ ਸਿਰ ਤੋਂ ਲਾਹ ਕੇ ਹੋਲੀ ਵੱਲ ਸੁੱਟ ਦਿੱਤਾ ਤੇ ਬੋਲੀ, “ਲੈ ਧੋ ਦੇਅ।”
ਹੁਣ ਵਿਚਾਰੀ ਹੋਲੀ ਇਹ ਨਹੀਂ ਜਾਣਦੀ ਕਿ ਉਹ ਪਹਿਲਾਂ ਰੋਟੀਆਂ ਪਕਾਏ ਜਾਂ ਦੁਪੱਟਾ ਧੋਵੇ-ਬੋਲੇ ਜਾਂ ਨਾ ਬੋਲੇ, ਹਿੱਲੇ ਜਾਂ ਨਾ ਹਿੱਲੇ-ਉਹ ਕੁੱਤੀ ਹੈ ਜਾਂ ਨਵਾਬਜਾਦੀ। ਉਸਨੇ ਦੁਪੱਟਾ ਧੋਣ ਵਿਚ ਹੀ ਭਲਾਈ ਸਮਝੀ। ਉਸ ਸਮੇਂ ਚੰਦ ਗ੍ਰਹਿਣ ਸ਼ੁਰੂ ਹੋਣ ਵਾਲਾ ਹੋਵੇਗਾ। ਜੇ ਬੱਚਾ ਧੋਤੇ ਹੋਏ ਕਪੜੇ ਵਾਂਗ ਵੱਟੋ–ਵੱਟ ਪੈਦਾ ਹੋਇਆ ਤੇ ਮਹੀਨੇ ਦੋ ਮਹੀਨੇ ਪਿੱਛੋਂ ਬੱਚੇ ਦਾ ਵਟਿਆਇਆ ਹੋਇਆ ਚਿਹਰਾ ਦੇਖ ਕੇ ਉਹਨੂੰ ਨੇਹਨਿਆਂ ਜਾਣ ਲੱਗਾ ਤਾਂ ਉਸ ਵਿਚ ਹੋਲੀ ਦਾ ਕੀ ਕਸੂਰ ਹੋਵੇਗਾ?...ਪਰ ਕਸੂਰ ਤੇ ਬੇਕਸੂਰ ਦੀ ਤਾਂ ਗੱਲ ਹੀ ਵੱਖਰੀ ਹੈ ਕਿਉਂਕਿ ਇਹ ਕੋਈ ਸੁਣਨ ਲਈ ਤਿਆਰ ਹੀ ਨਹੀਂ ਕਿ ਇਸ ਵਿਚ ਹੋਲੀ ਦਾ ਕਸੂਰ ਕਿੰਨਾ ਹੈ; ਸਾਰਾ ਕਸੂਰ ਹੋਲੀ ਦਾ ਹੀ ਹੋਵੇਗਾ।
ਉਸ ਸਮੇਂ ਹੋਲੀ ਨੂੰ ਸਾਰੰਗਦੇਵ ਪਿੰਡ ਚੇਤੇ ਆਇਆ-ਕਿਸ ਤਰ੍ਹਾਂ ਉਹ ਅੱਸੂ ਦੇ ਸ਼ੁਰੂ ਵਿਚ ਹੋਰ ਔਰਤਾਂ ਨਾਲ ਗਰਬਾ ਨੱਚਦੀ ਹੁੰਦੀ ਸੀ ਤੇ ਭਾਬੀ ਦੇ ਸਿਰ ਉੱਤੇ ਰੱਖੇ ਹੋਏ ਘੜੇ ਦੇ ਸੁਰਾਖ਼ਾਂ ਵਿਚੋਂ ਰੌਸ਼ਨੀ ਛਣ ਛਣ ਕੇ ਦਾਲਾਨ ਦੇ ਚਾਰੇ ਖੁੰਜਿਆਂ ਨੂੰ ਰੁਸ਼ਨਾਅ ਦੇਂਦੀ ਹੁੰਦੀ ਸੀ। ਉਦੋਂ ਸਾਰੀਆਂ ਔਰਤਾਂ ਆਪਣੇ ਮੇਂਹਦੀ ਰੰਗੇ ਹੱਥਾਂ ਨਾਲ ਤਾੜੀਆਂ ਵਜਾਉਂਦੀਆਂ ਸਨ ਤੇ ਗਾਉਂਦੀਆਂ ਹੁੰਦੀਆਂ ਸਨ-
ਮੇਂਹਦੀ ਤਾਂ ਆਵਦਾ ਈ ਮਾਲ ਵੇ
ਏਹ ਨੇ ਰੰਗ ਦਿਤਾ ਗੁਜਰਾਤ ਏ
ਮੇਂਹਦੀ ਰੰਗ ਲਿਆਈ ਏ
ਉਦੋਂ ਉਹ ਇਕ ਨੱਚਣ–ਕੁੱਦਣ ਵਾਲੀ ਅੱਲੜ੍ਹ ਕੁੜੀ ਹੁੰਦੀ ਸੀ; ਇਕ ਬਹਿਰ ਤੇ ਕਾਫ਼ੀਏ ਤੋਂ ਆਜ਼ਾਦ ਨਜ਼ਮ। ਜੋ ਚਾਹੁੰਦੀ ਸੀ, ਪੂਰਾ ਹੋ ਜਾਂਦਾ ਸੀ-ਘਰ ਵਿਚ ਸਾਰਿਆਂ ਨਾਲੋਂ ਛੋਟੀ ਜੋ ਸੀ। ਨਵਾਬਜਾਦੀ ਤਾਂ ਨਹੀਂ ਸੀ ਤੇ ਉਸਦੀਆਂ ਸਹੇਲੀਆਂ-ਉਹ ਵੀ ਆਪੋ ਆਪਣੇ ਕਰਜੇ ਲਾਹੁਣ ਜਾ ਚੁੱਕੀਆਂ ਹੋਣਗੀਆਂ।
...ਸਾਰੰਗਦੇਵ ਪਿੰਡ ਵਿਚ ਗ੍ਰਹਿਣ ਦੇ ਮੌਕੇ ਜੀਅ ਖੋਲ੍ਹ ਕੇ ਦਾਨ ਪੂੰਨ ਕੀਤਾ ਜਾਂਦਾ ਹੈ। ਔਰਤਾਂ ਇਕੱਠੀਆਂ ਹੋ ਕੇ ਤ੍ਰਿਵੇਦੀ ਘਾਟ 'ਤੇ ਇਸ਼ਨਾਨ ਲਈ ਚਲੀਆਂ ਜਾਂਦੀਆਂ ਨੇ, ਫੁੱਲ, ਨਾਰੀਅਲ, ਪਤਾਸੇ ਸਮੁੰਦਰ ਵਿਚ ਤਾਰਦੀਆਂ ਨੇ-ਪਾਣੀ ਦੀ ਇਕ ਛੱਲ ਮੂੰਹ ਅੱਡੀ ਆਉਂਦੀ ਹੈ ਤੇ ਸਾਰੇ ਤਿਲ ਫੁੱਲ ਕਬੂਲ ਕਰ ਲੈਂਦੀ ਹੈ। ਉਸ ਸਮੇਂ ਦੇ ਇਸ਼ਨਾਨ ਨਾਲ ਸਾਰੇ ਮਰਦ–ਔਰਤਾਂ ਦੇ ਪਾਪ ਧੋਤੇ ਜਾਂਦੇ ਨੇ-ਉਹ ਸਭ ਪਾਪਾ ਜਿਹੜੇ ਲੋਕ ਪਿਛਲੇ ਸਾਲ ਕਰਦੇ ਰਹੇ ਨੇ; ਧੋਤੇ ਜਾਂਦੇ ਨੇ। ਤਨ ਤੇ ਆਤਮਾਂ ਪਵਿੱਤਰ ਹੋ ਜਾਂਦੀ ਹੈ। ਸਮੁੰਦਰ ਦੀਆਂ ਲਹਿਰਾਂ ਸਾਰੇ ਪਾਪਾਂ ਨੂੰ ਰੋੜ੍ਹ ਕੇ, ਬੜੀ ਦੂਰ -ਇਕ ਅਗਿਆਤ, ਪਹੁੰਚ ਤੋਂ ਪਰ੍ਹੇ, ਅਥਾਹ ਡੁੰਘਾਈ ਵਿਚ ਲੈ ਜਾਂਦੀਆਂ-ਇਕ ਸਾਲ ਬਾਅਦ ਫੇਰ ਲੋਕਾਂ ਦੇ ਤਨ ਮਨ–ਪਾਪਾਂ ਨਾਲ ਲਿੱਬੜ ਜਾਂਦੇ ਨੇ, ਫੇਰ ਅਪਵਿੱਤਰ ਹੋ ਜਾਂਦੇ ਨੇ...ਫੇਰ ਦਯਾ ਦੀ ਇਕ ਲਹਿਰ ਆਉਂਦੀ ਹੈ ਤੇ ਫੇਰ ਸਭੇ ਪਾਕ ਤੇ ਪਵਿੱਤਰ।
ਜਦੋਂ ਗ੍ਰਹਿਣ ਸ਼ੁਰੂ ਹੁੰਦਾ ਹੈ ਤੇ ਚੰਦ ਦੀ ਨੂਰਾਨੀ ਇਸਮਤ ਉੱਤੇ ਦਾਗ਼ ਲੱਗ ਜਾਂਦਾ ਹੈ ਤਾਂ ਕੁਝ ਪਲਾਂ ਲਈ ਚਾਰੇ ਪਾਸੇ ਚੁੱਪ ਤੇ ਫੇਰ ਰਾਮ ਨਾਮ ਦਾ ਜਾਪ ਸ਼ੁਰੂ ਹੋ ਜਾਂਦਾ ਹੈ-ਫੇਰ ਘੰਟੇ, ਤਾਸ਼ੇ, ਸੰਖ ਯਕਦਮ ਵੱਜਣ ਲੱਗ ਪੈਂਦੇ ਨੇ। ਇਸ ਸ਼ੋਰ ਤੇ ਗੁਣਗਾਣ ਵਿਚਕਾਰ ਇਸ਼ਨਾਨ ਦੇ ਬਾਅਦ ਸਾਰੇ ਮਰਦ ਔਰਤਾਂ ਜਲੂਸ ਦੀ ਸ਼ਕਲ ਵਿਚ ਗਾਉਂਦੇ ਵਜਾਉਂਦੇ ਹੋਏ ਪਿੰਡ ਵਾਪਸ ਪਰਤਦੇ ਨੇ।
ਗ੍ਰਹਿਣ ਦੌਰਾਣ ਗਰੀਬ ਲੋਕ ਬਾਜ਼ਾਰਾਂ ਤੇ ਗਲੀਆਂ ਮੁਹੱਲਿਆਂ ਵਿਚ ਦੌੜੇ ਫਿਰਦੇ ਨੇ। ਲੰਗੜੇ ਬਿਸਾਖ਼ੀਆਂ ਘੁਮਾਉਂਦੇ ਹੋਏ ਆਪੋ ਆਪਣੀਆਂ ਝੋਲੀਆਂ ਤੇ ਬਗਲੀਆਂ ਚੁੱਕੀ, ਪਲੇਗ ਦੇ ਚੂਹਿਆਂ ਵਾਂਗ ਇਕ ਦੂਜੇ ਉੱਤੇ ਡਿੱਗਦੇ ਢੈਂਦੇ, ਭੱਜੇ ਤੁਰੇ ਜਾਂਦੇ ਨੇ ਕਿਉਂਕਿ ਰਹੂ ਤੇ ਕੇਤੂ ਨੇ ਖ਼ੂਬਸੂਰਤ ਚੰਦ ਨੂੰ ਆਪਣੀ ਪਕੜ ਵਿਚ ਪੂਰੀ ਤਰ੍ਹਾਂ ਜਕੜ ਲਿਆ ਹੈ। ਨਰਮ ਦਿਲ ਹਿੰਦੂ ਦਾਨ ਦੇਂਦਾ ਹੈ ਤਾਂਕਿ ਗਰੀਬ ਚੰਦ ਨੂੰ ਛਡ ਦਿਤਾ ਜਾਏ ਤੇ ਦਾਨ ਲੈਣ ਲਈ ਭੱਜਣ–ਦੌੜਣ ਵਾਲੇ ਭਿਖਾਰੀ-'ਛੱਡ ਦਿਓ, ਛੱਡ ਦਿਓ-ਦਾਨ ਦਾ ਵੇਲਾ ਏ।' ਦਾ ਰੌਲਾ ਪਾਉਂਦੇ ਹੋਏ ਮੀਲਾਂ ਦਾ ਪੰਧ ਕੱਛ ਲੈਂਦੇ ਨੇ।
ਚੰਦ ਗ੍ਰਹਿਣ ਦੀ ਲਪੇਟ ਵਿਚ ਆਉਣ ਵਾਲਾ ਸੀ। ਹੋਲੀ ਨੇ ਬੱਚਿਆਂ ਨੂੰ ਵੱਡੇ ਕਾਇਸਥ ਕੋਲ ਛੱਡਿਆ। ਇਕ ਮੈਲੀ ਕੁਚੈਲੀ ਧੋਤੀ ਬੰਨ੍ਹੀ ਤੇ ਔਰਤਾਂ ਨਾਲ ਹਰਫੂਲ ਬੰਦਰ ਵੱਲ ਇਸ਼ਨਾਨ ਲਈ ਤੁਰ ਪਈ।
ਹੁਣ ਮਈਆ, ਰਸੀਲਾ, ਵੱਡਾ ਮੁੰਡਾ ਸ਼ਿੱਬੂ ਤੇ ਹੋਲੀ ਸਾਰੇ ਸਮੁੰਦਰ ਵੱਲ ਜਾ ਰਹੇ ਸਨ। ਉਹਨਾਂ ਦੇ ਹੱਥਾਂ ਵਿਚ ਫੁੱਲ ਸਨ, ਗਜਰੇ ਸਨ ਤੇ ਅੰਬ ਦੇ ਪੱਤੇ ਸਨ ਤੇ ਵੱਡੀ ਅੰਮਾਂ ਦੇ ਹੱਥ ਵਿਚ ਰੁਦਰਾਕਸ਼ ਦੀ ਮਾਲਾ ਦੇ ਇਲਾਵਾ ਮੁਸ਼ਕ–ਕਾਫ਼ੂਰ ਸੀ, ਜਿਸਨੂੰ ਬਾਲ ਕੇ ਉਹ ਪਾਣੀ ਦੀਆਂ ਲਹਿਰਾਂ ਵਿਚ ਵਹਾਅ ਦੇਣਾ ਚਾਹੁੰਦੀ ਸੀ ਤਾਂਕਿ ਮਰਨ ਪਿੱਛੋਂ ਸਫ਼ਰ ਵਿਚ ਉਸਦੇ ਰਸਤੇ ਵਿਚ ਚਾਨਣ ਹੋ ਜਾਵੇ। ਤੇ ਹੋਲੀ ਡਰਦੀ ਸੀ ਕਿ ਕੀ ਉਸਦੇ ਪਾਪ ਸਮੁੰਦਰ ਦੇ ਪਾਣੀ ਨਾਲ ਧੋਤੇ ਜਾਣਗੇ!
ਸਮੁੰਦਰ ਦੇ ਕਿਨਾਰੇ, ਘਾਟ ਤੋਂ ਪੌਣਾ ਕੁ ਮੀਲ ਦੇ ਫਾਸਲੇ ਉਪਰ ਇਕ ਲਾਂਚ ਖੜ੍ਹੀ ਸੀ। ਉਹ ਜਗ੍ਹਾ ਹਰਫੂਲ ਬੰਦਰ ਦਾ ਇਕ ਹਿੱਸਾ ਸੀ, ਬੰਦਰ ਦੇ ਛੋਟੇ ਜਿਹੇ ਅਗੜ–ਦੁਗੜੇ ਕਿਨਾਰੇ ਤੇ ਇਕ ਸੀਮਿਤ ਜਿਹੇ ਡਾਕ ਉਪਰ ਕੁਝ ਟੈਂਟ ਡੁੱਬਦੇ ਹੋਏ ਸੂਰਜ ਦੇ ਚਾਨਣ ਤੇ ਹਨੇਰੇ ਦੀ ਇਕ ਕਸ਼ਮਕਸ਼ ਦੇ ਵਿਰੁਧ ਨਿੱਕੇ ਨਿੱਕੇ ਅਣਘੜ ਖ਼ਾਕੇ ਜਿਹੇ ਬਣਾ ਰਹੇ ਸਨ ਤੇ ਲਾਂਚ ਦੇ ਕਿਸੇ ਕੈਬਿਨ 'ਚੋਂ ਇਕ ਮੱਧਮ ਜਿਹੀ ਟਿਮਟਿਮਾਉਂਦੀ ਹੋਈ ਰੌਸ਼ਨੀ ਪਾਰੇ ਵਾਂਗ ਥਿਰਕਦੀ ਪਾਣੀ ਦੀਆਂ ਲਹਿਰਾਂ 'ਤੇ ਨੱਚ ਰਹੀ ਸੀ। ਉਸ ਤੋਂ ਅੱਗੇ ਇਕ ਚਰਖ਼ੀ ਜਿਹੀ ਘੁੰਮਦੀ ਹੋਈ ਦਿਖਾਈ ਦਿੱਤੀ। ਕੁਝ ਧੁੰਦਲੇ ਜਿਹੇ ਪਰਛਾਵੇਂ ਇਕ ਅਜਗਰ ਵਰਗੇ ਰੱਸੇ ਨੂੰ ਖਿੱਚਣ ਲੱਗੇ-ਅੱਠ ਵਜੇੇ ਸਟੀਮਰ ਲਾਂਚ ਦੀ ਆਖ਼ਰੀ ਸੀਟੀ ਵੱਜੇਗੀ, ਫੇਰ ਉਹ ਸਾਰੰਗਦੇਵ ਪਿੰਡ ਵੱਲ ਰਵਾਨਾ ਹੋੋਵੇਗਾ। ਜੇ ਹੋਲੀ ਉਸ ਵਿਚ ਸਵਾਰ ਹੋ ਜਾਵੇ ਤਾਂ ਡੇਢ ਦੋ ਘੰਟਿਆਂ ਵਿਚ ਹੀ ਉਹਨੂੰ ਚਾਨਣੀ ਵਿਚ ਨਹਾਉਂਦੇ ਹੋਏ, ਭਾਵੇਂ ਸਦੀਆਂ ਪੁਰਾਣੇ ਹੀ ਸਹੀ, ਕਲਸ਼ ਦਿਖਾਈ ਦੇਣ ਲੱਗ ਪੈਣਗੇ...ਤੇ ਫੇਰ ਉਹੀ ਅੰਮਾਂ, ਕੁਆਰਾਪਨ ਤੇ ਗਰਬਾ ਨਾਚ!
ਹੋਲੀ ਨੇ ਇਕ ਨਜ਼ਰ ਸ਼ਿੱਬੂ ਵੱਲ ਤੱਕਿਆ। ਸ਼ਿੱਬੂ ਹੈਰਾਨ ਸੀ ਉਸਦੀ ਮਾਂ ਨੇ ਏਨੀ ਭੀੜ ਵਿਚ ਝੁਕੇ ਕੇ ਉਸਦਾ ਮੂੰਹ ਕਿਉਂ ਚੁੰਮਿਆਂ ਸੀ ਤੇ ਇਕ ਗਰਮ ਗਰਮ ਤੁਪਕਾ ਕਿੱਥੋਂ ਉਸਦੀ ਗੱਲ੍ਹ ਉੱਤੇ ਆ ਡਿੱਗਿਆ ਸੀ! ਉਸਨੇ ਅੱਗੇ ਵਧ ਕੇ ਰਸੀਲੇ ਦੀ ਉਂਗਲ ਫੜ੍ਹ ਲਈ। ਹੁਣ ਘਾਟ ਆ ਚੁੱਕਿਆ ਸੀ ਜਿੱਥੋਂ ਮਰਦ ਤੇ ਔਰਤਾਂ ਵੱਖ ਹੁੰਦੇ ਸਨ-ਹਮੇਸ਼ਾ ਲਈ ਨਹੀਂ ਸਿਰਫ ਕੁਝ ਘੰਟਿਆਂ ਲਈ...ਉਸੇ ਪਾਣੀ ਦੀ ਗਵਾਹੀ ਨਾਲ ਉਹ ਆਪਣੇ ਮਰਦਾਂ ਨਾਲ ਬੰਨ੍ਹ ਦਿਤੀਆਂ ਗਈਆਂ ਸਨ। ਪਾਣੀ ਵਿਚ ਕੇਡੀ ਰਹੱਸਮਈ ਖਿੱਚ ਤੇ ਤਾਕਤ ਹੈ-ਤੇ ਦੂਰੋਂ ਲਾਂਚ ਦੀ ਟਿਮਟਿਮਾਉਂਦੀ ਹੋਈ ਰੌਸ਼ਨੀ ਹੋਲੀ ਤਾਈਂ ਪਹੁੰਚ ਰਹੀ ਸੀ।
ਹੋਲੀ ਨੇ ਭੱਜ ਕੇ ਜਾਣਾ ਚਾਹਿਆ, ਪਰ ਉਹ ਭੱਜ ਨਹੀਂ ਸੀ ਸਕਦੀ। ਉਸਨੇ ਆਪਣੀ ਢਿਲਕੀ ਹੋਈ ਧੋਤੀ ਨੂੰ ਕਸ ਕੇ ਬੰਨ੍ਹਿਆਂ-ਧੋਤੀ ਹੇਠਾਂ ਵੱਲ ਢਿਲਕਦੀ ਜਾ ਰਹੀ ਸੀ...ਅੱਧੇ ਘੰਟੇ ਵਿਚ ਉਹ ਲਾਂਚ ਦੇ ਸਾਹਮਣੇ ਖੜ੍ਹੀ ਸੀ। ਲਾਂਚ ਦੇ ਸਾਹਮਣੇ ਨਹੀਂ ਸਾਰੰਗਦੇਵ ਪਿੰਡ ਦੇ ਸਾਹਮਣੇ...ਉਹ ਕਲਸ਼, ਮੰਦਰ ਦੇ ਘੰਟੇ, ਲਾਂਚ ਦੀ ਸੀਟੀ ਤੇ ਹੋਲੀ ਨੂੰ ਯਾਦ ਆਇਆ ਕਿ ਉਸ ਕੋਲ ਤਾਂ ਟਿਕਟ ਲਈ ਵੀ ਪੈਸੇ ਨਹੀਂ...।
ਉਹ ਕੁਝ ਚਿਰ ਲਈ ਲਾਂਚ ਦੇ ਇਕ ਖੂੰਜੇ ਵਿਚ ਬੌਂਦਲੀ ਜਿਹੀ ਬੈਠੀ ਰਹੀ। ਪੌਣੇ ਅੱਠ ਵਜੇ ਦੇ ਲਗਭਗ ਇਕ ਟੇਂਡਲ ਆਇਆ ਤੇ ਹੋਲੀ ਤੋਂ ਟਿਕਟ ਮੰਗਣ ਲੱਗਾ। ਟਿਕਟ ਨਾ ਮਿਲਣ ਤੇ ਉਹ ਚੁੱਪਚਾਪ ਉੱਥੋਂ ਚਲਾ ਗਿਆ। ਕੁਝ ਚਿਰ ਪਿੱਛੋਂ ਮੁਲਾਜਮਾਂ ਦੀ ਕਾਨਾਫੂਸੀ ਸੁਣਾਈ ਦੇਣ ਲੱਗੀ...ਫੇਰ ਹਨੇਰੇ ਵਿਚ ਗੁੱਝਾ–ਗੁੱਝਾ ਹੱਸਣ ਤੇ ਗੱਲਾਂ ਕਰਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਕੋਈ ਕੋਈ ਸ਼ਬਦ ਹੋਲੀ ਦੇ ਕੰਨੀਂ ਵੀ ਪੈ ਜਾਂਦਾ...'ਮੁਰਗੀ ਐ'...'ਟੰਗ ਦੇ'...'ਚਾਬੀਆਂ ਮੇਰੇ ਕੋਲ ਆ'...'ਪਾਣੀ ਜ਼ਿਆਦਾ ਹੋਏਗਾ'...।
ਇਸ ਪਿੱਛੋਂ ਕੁਝ ਵਹਿਸ਼ੀ ਜਿਹੇ ਠਹਾਕੇ ਗੂੰਜੇ ਤੇ ਕੁਝ ਦੇਰ ਬਾਅਦ ਤਿੰਨ ਚਾਰ ਆਦਮੀ ਹੋਲੀ ਨੂੰ ਲਾਂਚ ਦੇ ਇਕ ਹਨੇਰੇ ਕੋਨੇ ਵੱਲ ਧਰੀਕਣ ਲੱਗੇ ਉਸੇ ਵੇਲੇ ਨਹਿਰੀ ਵਿਭਾਗ ਦਾ ਇਕ ਸਿਪਾਈ ਲਾਂਚ ਵਿਚ ਵੜ ਆਇਆ, ਐਨ ਉਸੇ ਸਮੇਂ ਜਦੋਂ ਕਿ ਦੁਨੀਆਂ ਹੋਲੀ ਦੀਆਂ ਅੱਖਾਂ ਸਾਹਮਣੇ ਧੁੰਦਲੀ ਹੁੰਦੀ ਜਾ ਰਹੀ ਸੀ, ਹੋਲੀ ਨੂੰ ਉਮੀਦ ਦੀ ਇਕ ਕਿਰਨ ਦਿਖਾਈ ਦਿੱਤੀ। ਉਹ ਸਿਪਾਹੀ ਸਾਰੰਗਦੇਵ ਪਿੰਡ ਦਾ ਇਕ ਮੁੰਡਾ ਸੀ ਤੇ ਪੇਕਿਆਂ ਦੇ ਪਿੰਡ ਦਾ ਹੋਣ ਕਰਕੇ ਭਰਾ ਸੀ। ਛੇ ਸਾਲ ਪਹਿਲਾਂ ਉਹ ਬੜੀਆਂ ਉਮੀਦਾਂ–ਉਮੰਗਾਂ ਨਾਲ ਪਿੰਡੋਂ ਬਾਹਰ ਗਿਆ ਸੀ ਤੇ ਸਾਬਰਮਤੀ ਲੰਘ ਕੇ ਕਿਸੇ ਅਣਜਾਣੇ ਦੇਸ਼ ਵਿਚ ਚਲਾ ਗਿਆ ਸੀ। ਕਦੀ ਕਦੀ ਮੁਸੀਬਤ ਸਮੇਂ ਆਦਮੀ ਦੀ ਅਕਲ ਕੰਮ ਕਰ ਜਾਂਦੀ ਹੈ। ਹੋਲੀ ਨੇ ਸਿਪਾਹੀ ਨੂੰ ਆਵਾਜ਼ ਤੋਂ ਹੀ ਪਛਾਣ ਲਿਆ ਤੇ ਕੁਝ ਹੌਸਲੇ ਨਾਲ ਬੋਲੀ-
“ਕੱਥੂ ਰਾਮ...”
ਕੱਥੂ ਰਾਮ ਨੇ ਵੀ ਸੀਤਲ ਦੀ ਕੁੜੀ ਦੀ ਆਵਾਜ਼ ਪਛਾਣ ਲਈ। ਬਚਪਨ ਵਿਚ ਉਹ ਉਸ ਨਾਲ ਖੇਡਦਾ ਹੁੰਦਾ ਸੀ।
ਕੱਥੂ ਰਾਮ ਬੋਲਿਆ-
“ਹੋਲੇ।”
ਹੋਲੀ ਵਿਸ਼ਵਾਸ ਨਾਲ ਭਰੀ ਪਰ ਭਰੜਾਈ ਆਵਾਜ਼ ਬੋਲੀ, “ਕੱਥੂ ਭਰਾ...ਮੈਨੂੰ ਸਾਰੰਗਦੇਵ ਪਿੰਡ ਪਹੁੰਚਾਅ ਦੇ...”
ਕੱਥੂ ਰਾਮ ਨੇੜੇ ਆਇਆ। ਇਕ ਟੇਂਡਲ ਨੂੰ ਘੂਰਦਿਆਂ ਹੋਇਆਂ ਬੋਲਿਆ-
“ਸਾਰੰਗਦੇਵ ਜਾਣਾ ਈਂ ਸੁਣਿਆਂ।” ਤੇ ਫੇਰ ਸਾਹਮਣੇ ਖੜ੍ਹੇ ਆਦਮੀ ਵੱਲ ਭੌਂ ਕੇ ਬੋਲਿਆ, “ਤੂੰ ਇਸਨੂੰ ਇੱਥੇ ਕਿਉਂ ਲਿਆਂਦਾ ਏ ਬਈ?”
ਟੇਂਡਲ ਜਿਹੜਾ ਸਭ ਤੋਂ ਨੇੜੇ ਖੜ੍ਹਾ ਸੀ ਬੋਲਿਆ, “ਵਿਚਾਰੀ ਕੋਈ ਦੁੱਖਾਂਮਾਰੀ ਲੱਗਦੀ ਏ। ਇਸ ਕੋਲ ਟਿਕਟ ਦੇ ਪੈਸੇ ਵੀ ਨਹੀਂ ਸੀ। ਅਸੀਂ ਸੋਚ ਰਹੇ ਸੀ, ਅਸੀਂ ਇਸਦੀ ਕੀ ਮਦਦ ਕਰ ਸਕਦੇ ਹਾਂ ਜੀ?”
ਕੱਥੂ ਰਾਮ ਨੇ ਹੋਲੀ ਨੂੰ ਨਾਲ ਲਿਆ ਤੇ ਲਾਂਚ ਤੋਂ ਹੇਠਾਂ ਉਤਰ ਆਇਆ। ਡਾਕ 'ਤੇ ਪੈਰ ਧਰਦਿਆਂ ਬੋਲਿਆ, “ਹੋਲੇ...ਕੀ ਤੂੰ ਅਸਾੜੀ ਤੋਂ ਭੱਜ ਆਈ ਏਂ?”
“ਹਾਂ।”
“ਇਹ ਸ਼ਰੀਫ਼ਜਾਦੀਆਂ ਦਾ ਕੰਮ ਏਂ?...ਤੇ ਜੇ ਮੈਂ ਕਾਇਸਥਾਂ ਨੂੰ ਖ਼ਬਰ ਕਰ ਦਿਆਂ ਫੇਰ?”
ਹੋਲੀ ਡਰ ਨਾਲ ਕੰਬਣ ਲੱਗ ਪਈ। ਉਹ ਨਾ ਤਾਂ ਨਵਾਬਜਾਦੀ ਸੀ ਤੇ ਨਾ ਸ਼ਰੀਫ਼ਜਾਦੀ। ਇਸ ਜਗ੍ਹਾ ਤੇ ਅਜਿਹੀ ਹਾਲਤ ਵਿਚ ਉਹ ਕੱਥੂ ਰਾਮ ਨੂੰ ਕੁਝ ਕਹਿ ਵੀ ਤਾਂ ਨਹੀਂ ਸੀ ਸਕਦੀ। ਉਹ ਆਪਣੀ ਕਮਜ਼ੋਰੀ ਨੂੰ ਮਹਿਸੂਸ ਕਰਦੀ ਹੋਈ ਚੁੱਪਚਾਪ ਸਮੁੰਦਰ ਦੀਆਂ ਲਹਿਰਾਂ ਦੇ ਜਵਾਰ ਭਾਟੇ ਦੀਆਂ ਆਵਾਜ਼ਾਂ ਸੁਣਨ ਲੱਗੀ। ਫੇਰ ਉਸਦੇ ਸਾਹਮਣੇ ਲਾਂਚ ਦੇ ਰੱਸੇ ਢਿੱਲੇ ਕੀਤੇ ਗਏ। ਇਕ ਨਿੱਕੀ ਜਿਹੀ ਵਿਸਲ ਵੱਜੀ ਤੇ ਹੌਲੀ ਹੌਲੀ ਸਾਰੰਗਦੇਵ ਪਿੰਡ ਹੋਲੀ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ। ਉਸ ਇਕ ਵਾਰੀ ਪਿੱਛੇ ਭੌਂ ਕੇ ਦੇਖਿਆ। ਲਾਂਚ ਦੀ ਹਲਕੀ ਜਿਹੀ ਰੌਸ਼ਨੀ ਵਿਚ ਝੱਗ ਦੀ ਇਕ ਲੰਮੀ ਲਕੀਰ ਲਾਂਚ ਦਾ ਪਿੱਛਾ ਕਰਦੀ ਹੋਈ ਦਿਖਾਈ ਦਿੱਤੀ ਸੀ ਉਸਨੂੰ।
ਕੱਥੂ ਰਾਮ ਬੋਲਿਆ-“ਡਰ ਨਾ ਹੋਲੇ, ਮੈਂ ਤੇਰੀ ਹਰ ਸੰਭਵ ਮਦਦ ਕਰਾਂਗਾ। ਇੱਥੋਂ ਕੁਛ ਦੂਰ ਕਿਸ਼ਤੀ ਚੱਲਦੀ ਏ। ਪਹੂ–ਫੁਟਾਲੇ ਚੱਲਾਂਗੇ। ਇੰਜ ਘਬਰਾ ਨਾ। ਰਾਤੀਂ ਸਰਾਂ ਵਿਚ ਆਰਾਮ ਕਰ ਲੈ।”
ਕੱਥੂ ਰਾਮ ਹੋਲੀ ਨੂੰ ਸਰਾਂ ਵਿਚ ਲੈ ਗਿਆ। ਸਰਾਂ ਦਾ ਮਾਲਿਕ ਬੜੀ ਹੈਰਾਨੀ ਨਾਲ ਕੱਥੂ ਰਾਮ ਤੇ ਉਸਦੀ ਸਾਥਨ ਨੂੰ ਦੇਖ ਰਿਹਾ ਸੀ। ਆਖ਼ਰ ਜਦੋਂ ਉਸ ਤੋਂ ਰਿਹਾ ਨਾ ਗਿਆ ਤਾਂ ਉਸਨੇ ਕੱਥੂ ਰਾਮ ਨੂੰ ਬੜੀ ਧੀਮੀ ਆਵਾਜ਼ ਵਿਚ ਪੁੱਛਿਆ-
“ਇਹ ਕੌਣ ਏਂ?”
ਕੱਥੂ ਰਾਮ ਨੇ ਧੀਮੀ ਆਵਾਜ਼ ਵਿਚ ਹੀ ਜਵਾਬ ਦਿਤਾ-
“ਮੇਰੀ ਪਤਨੀ ਏਂ।”
ਹੋਲੀ ਦੀਆਂ ਅੱਖਾਂ ਪਥਰਾਉਣ ਲੱਗੀਆਂ। ਇਕ ਵਾਰੀ ਉਸਨੇ ਆਪਣੇ ਪੇਟ ਨੂੰ ਟੋਹਿਆ ਤੇ ਕੰਧ ਦਾ ਸਹਾਰਾ ਲੈ ਕੇ ਬੈਠ ਗਈ। ਕੱਥੂ ਰਾਮ ਨੇ ਸਰਾਂ ਵਿਚ ਇਕ ਕਮਰਾ ਕਿਰਾਏ ਉੱਤੇ ਲਿਆ। ਹੋਲੀ ਨੇ ਡਰਦੇ ਡਰਦੇ ਉਸ ਕਮਰੇ ਵਿਚ ਪੈਰ ਧਰਿਆ। ਕੁਝ ਚਿਰ ਮਗਰੋਂ ਕੱਥੂ ਰਾਮ ਅੰਦਰ ਆਇਆ ਤਾਂ ਉਸਦੇ ਮੂੰਹ ਵਿਚੋਂ ਸ਼ਰਾਬ ਦੀ ਬੋ ਆ ਰਹੀ ਸੀ...
ਸਮੁੰਦਰ ਦੀ ਇਕ ਬੜੀ ਭਾਰੀ ਛੱਲ ਆਈ-ਸਾਰੇ ਫੁੱਲ, ਪਤਾਸੇ, ਅੰਬ ਦੇ ਪੱਤਿਆਂ ਤੇ ਟਾਹਣੀਆਂ, ਗਜਰੇ ਤੇ ਬਲਦਾ ਹੋਇਆ ਮੁਸ਼ਕ–ਕਪੂਰ ਨਾਲ ਵਹਾਅ ਕੇ ਲੈ ਗਈ। ਉਹਨਾਂ ਦੇ ਨਾਲ ਹੀ ਇਨਸਾਨ ਦੇ ਮਹਾਂਪਾਪ ਵੀ ਲੈ ਗਈ-ਦੂਰ, ਬਹੁਤ ਦੂਰ, ਇਕ ਅਗਿਆਤ, ਅਮੁੱਕ ਤੇ ਅਥਾਹ ਡੂੰਘੇ ਸਮੁੰਦਰ ਵਿਚ...ਜਿੱਥੇ ਹਨੇਰਾ ਹੀ ਹਨੇਰਾ ਸੀ...ਫੇਰ ਸੰਖ ਵੱਜਣ ਲੱਗੇ। ਉਸੇ ਵੇਲੇ ਸਰਾਂ ਵਿਚੋਂ ਕੋਈ ਔਰਤ ਨਿਕਲ ਕੇ ਭੱਜੀ-ਤੇਜ਼, ਅਤੀ ਤੇਜ਼...ਉਹ ਡਿੱਗਦੀ ਸੀ, ਉਠਦੀ ਸੀ ਤੇ ਫੇਰ ਭੱਜ ਪੈਂਦੀ ਸੀ; ਢਿੱਡ ਫੜ੍ਹ ਕੇ ਬੈਠ ਜਾਂਦੀ, ਹੌਂਕਦੀ ਰਹਿੰਦੀ ਤੇ ਫੇਰ ਦੌੜਨ ਲੱਗਦੀ...ਉਸ ਸਮੇਂ ਆਸਮਾਨ ਵਿਚ ਪੂਰਾ ਚੰਦ ਨਿਕਲ ਆਇਆ ਸੀ, ਰਾਹੂ ਤੇ ਕੇਤੂ ਨੇ ਜੀਅ ਭਰ ਕੇ ਕਰਜਾ ਵਸੂਲ ਕੀਤਾ ਸੀ...ਦੋ ਧੁੰਦਲੇ ਜਿਹੇ ਪ੍ਰਛਾਵੇਂ ਉਸ ਔਰਤ ਨੂੰ ਲੱਭਣ ਲਈ ਹੈਰਾਨ ਪ੍ਰੇਸ਼ਾਨ ਇਧਰ ਉਧਰ ਦੌੜ ਰਹੇ ਸਨ...ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਤੇ ਦੂਰ, ਅਸਾੜੀ ਵੱਲੋਂ ਧੀਮੀਆਂ ਧੀਮੀਆਂ ਆਵਾਜ਼ਾਂ ਆ ਰਹੀਆਂ ਸਨ-
“ਦਾਨ ਦਾ ਵੇਲਾ ਏ...
ਛੱਡ ਦਿਓ...ਛੱਡ ਦਿਓ...ਛੱਡ ਦਿਓ...”
ਹਰਫੂਲ ਬੰਦਰ ਵੱਲੋਂ ਆਵਾਜ਼ ਆਈ-
“ਫੜ੍ਹ ਲਓ...ਫੜ੍ਹ ਲਓ...ਫੜ੍ਹ ਲਓ..”
... ... ... ... ... ... ... ... ... ...
... ... ... ... ... ... ... ... ... ...
“ਛੱਡ ਦਿਓ...ਛੱਡ ਦਿਓ...ਦਾਨ ਦਾ ਵੇਲਾ ਏ।”
“ਫੜ੍ਹ ਲਓ...!”, “ਛੱਡ ਦਿਓ...!”
--- --- ---
ਨੋਟ : ਇਹ ਕਹਾਣੀ ਧਰਤੀ ਦਾ ਸੂਰਜ, ਅੰਕ 66, ਅਕਤੂਬਰ 2009. ਵਿਚ ਛਪੀ ਹੈ।

Tuesday, September 29, 2009

ਮੇਰਾ ਨਾਂਅ ਕੀ ਹੈ :: ਰਮੇਸ਼ ਉਪਾਧਿਆਏ

ਹਿੰਦੀ ਕਹਾਣੀ : ਮੇਰਾ ਨਾਂਅ ਕੀ ਹੈ ? :: ਲੇਖਕ : ਰਮੇਸ਼ ਉਪਾਧਿਆਏ : ਸੰਪਰਕ ਨੰ: 098182-44708.
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600


'ਦੋਵੇਂ ਪ੍ਰਭਾਵਸ਼ਾਲੀ ਓ। ਦੋਵੇਂ ਆਦਰਸ਼ਵਾਦੀ ਓ। ਦੋਵੇਂ ਆਪਣੇ ਦੇਸ਼ ਤੇ ਦੁਨੀਆਂ ਲਈ ਕੁਛ ਕਰਨਾ ਚਾਹੁੰਦੇ ਓ। ਤੁਹਾਡਾ ਸੁਭਾਅ ਤੇ ਵਿਚਾਰ ਵੀ ਇਕ ਦੂਜੇ ਨਾਲ ਮੇਲ ਖਾਂਦੇ ਨੇ। ਤੁਸੀਂ ਇਕ ਦੂਜੇ ਨੂੰ ਪੇ੍ਰਮ ਵੀ ਕਰਦੇ ਓ। ਫੇਰ ਸਮੱਸਿਆ ਕੀ ਹੈ? ਸ਼ਾਦੀ ਕਰ ਲਓ। ਮੈਨੂੰ ਪੂਰਾ ਵਿਸ਼ਵਾਸ ਏ ਕਿ ਤੁਸੀਂ ਦੋਵੇ ਇਕ ਦੂਜੇ ਦੇ ਵਿਅਕਤੀਤਵ ਦਾ ਵਿਕਾਸ ਕਰਦੇ ਹੋਏ ਜੀਵਨ ਵਿਚ ਕੋਈ ਵੱਡਾ ਕਾਰਜ ਕਰ ਸਕਦੇ ਓ।'
ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਕੇਡੀ ਭੁੱਲਕੜ ਹੋ ਗਈ ਆਂ। ਗੱਲਾਂ ਯਾਦ ਰਹਿੰਦੀਆਂ ਨੇ, ਪਰ ਇਹ ਭੁੱਲ ਜਾਂਦੀ ਆਂ ਕਿ ਕਿਹੜੀ ਗੱਲ ਕਿਸਨੇ ਆਖੀ ਸੀ। ਅਜੀਤ ਨੂੰ ਇਹ ਕਿਸ ਨੇ ਕਿਹਾ ਸੀ ਕਿ 'ਛੋਟੇ ਸ਼ਹਿਰਾਂ 'ਚ ਕੁਛ ਨਹੀਂ ਪਿਆ, ਦਿੱਲੀ ਜਾਂ ਬੰਬਈ ਵਰਗੇ ਕਿਸੇ ਵੱਡੇ ਸ਼ਹਿਰ 'ਚ ਜਾ ਕੇ ਕੁਛ ਕਰੋ।'? ਤੇ ਮੈਨੂੰ ਇਹ ਕਿਸ ਨੇ ਕਿਹਾ ਸੀ ਕਿ 'ਅਜੀਤ ਨੂੰ ਦਿੱਲੀ ਦੀ ਦਲਦਲ 'ਚ ਧਸਣ ਤੋਂ ਰੋਕ'? ਕਿਸ ਨੇ ਕਿਹਾ ਸੀ ਕਿ 'ਉੱਥੇ ਅਜੀਤ ਵਰਗੇ ਸੁਚੇਤ ਤੇ ਚੇਤਨਸ਼ੀਲ ਬੰਦੇ ਦਾ ਕੋਈ ਕੰਮ ਨਹੀਂ'? ਕਿਸ ਨੇ ਕਿਹਾ ਸੀ ਕਿ 'ਉੱਥੇ ਤਾਂ ਉਹੀ ਸਫਲ ਹੋ ਸਕਦਾ ਏ, ਜਿਹੜਾ ਦਲਾਲਾਂ ਵਾਂਗ ਲੋਕਾਂ ਨੂੰ ਪਸਮਾਉਣਾ ਤੇ ਰੰਡੀਆਂ ਵਾਂਗ ਸਾਰਿਆਂ ਨੂੰ ਖੁਸ਼ ਕਰਨਾ ਜਾਣਦਾ ਹੋਵੇ'? ਹੁਣ ਦੇਖ ਲਓ, ਗੱਲਾਂ ਮੈਨੂੰ ਸਾਰੀਆਂ ਯਾਦ ਨੇ, ਪਰ ਇਹ ਯਾਦ ਨਹੀਂ ਕਿ ਇਹ ਕਿਸ-ਕਿਸ ਨੇ ਆਖੀਆਂ ਸੀ!
ਮੈਨੂੰ ਕੋਈ ਬਿਮਾਰੀ ਨਹੀਂ ; ਚੰਗੀ ਭਲੀ ਆਂ। ਸਰਦੀ ਜੁਕਾਮ ਹੋ ਜਾਏ ਤਾਂ ਹੋ ਜਾਏ, ਬਾਕੀ ਹੋਰ ਮੈਨੂੰ ਕੁਝ ਨਹੀਂ ਹੁੰਦਾ। ਬਿਮਾਰ ਹੋ ਕੇ ਮੰਜਾ ਮੱਲ ਲੈਣਾ ਮੈਨੂੰ ਪਸੰਦ ਨਹੀਂ। ਸੱਚ ਪੁੱਛੋ ਤਾਂ ਮੈਂ ਬਿਮਾਰ ਪੈਣਾ ਅਫ਼ੋਰਡ ਈ ਨਹੀਂ ਕਰ ਸਕਦੀ। ਨੌਕਰੀ ਏ, ਬੱਚੇ ਨੇ, ਦੁਨੀਆਂਦਾਰੀ ਦੇ ਸਾਰੇ ਝਮੇਲੇ ਨੇ। ਤੇ ਸਭ ਤੋਂ ਵੱਡਾ ਝਮੇਲਾ ਏ,ਅਜੀਤ।
ਆਦਮੀ ਕਿੰਨੀ ਛੇਤੀ, ਕੀ ਤੋਂ ਕੀ ਬਣ ਜਾਂਦਾ ਏ! ਕਾਲਜ 'ਚ ਪੜ੍ਹਦਾ ਹੋਇਆ, ਕੈਸੇ ਸੁਪਨੇ ਦੇਖਦਾ ਸੀ! ਵੱਡਾ ਵਿਗਿਆਨਕ ਬਣੇਗਾ; ਦੇਸ਼ ਦੇ ਲੋਕਾਂ 'ਚ ਵਿਗਿਆਨਕ ਸੋਚ ਜਗਾਵੇਗਾ; ਉਹਨਾਂ ਨੂੰ ਭੁੱਖ, ਰੋਗ, ਗਰੀਬੀ ਤੇ ਪ੍ਰਦੂਸ਼ਨ ਤੋਂ ਬਚਾਵੇਗਾ। ਕਿੰਨਾ ਸਾਦਾ ਜਿਹਾ ਰਹਿੰਦਾ ਸੀ! ਅਮੀਰ ਲੋਕਾਂ ਨਾਲ ਕਿੰਨੀ ਨਫ਼ਰਤ ਕਰਦਾ ਸੀ। ਖਾਸ ਕਰਕੇ ਉਹਨਾਂ ਲੋਕਾਂ ਨਾਲ, ਜਿਹੜੇ ਵਿਗਿਆਨ ਪੜ੍ਹ ਕੇ ਜਾਂ ਪੜ੍ਹਨ ਲਈ ਵਿਦੇਸ਼ ਚਲੇ ਜਾਂਦੇ ਸੀ ਤੇ ਉੱਥੇ ਈ ਵੱਸ ਜਾਂਦੇ ਸੀ। “ਸਾਲੇ ਪੈਸੇ ਦੇ ਗੁਲਾਮ! ਪੈਸਾ ਕਮਾਉਣ ਲਈ ਦੂਜਿਆਂ ਦੀ ਗੁਲਾਮੀ ਕਰਨ ਚਲੇ ਜਾਂਦੇ ਨੇ! ਇਹ ਨਹੀਂ ਦੇਖਦੇ ਬਈ ਇਹਨਾਂ ਦੇ ਆਪਣੇ ਦੇਸ਼ ਨੂੰ ਇਹਨਾਂ ਦੇ ਆਪਣੇ ਕੰਮ ਦੀ ਕਿੰਨੀ ਲੋੜ ਏ!” ਇਹ ਅਜੀਤ ਹੀ ਕਹਿੰਦਾ ਸੀ ਨਾ?
ਤਾਂ ਫੇਰ ਇਹ ਕੌਣ ਕਹਿੰਦਾ ਸੀ ਕਿ 'ਜਲੰਧਰ 'ਚ ਕੁਛ ਨਹੀਂ ਹੋ ਸਕਦਾ, ਦਿੱਲੀ ਈ ਜਾਣਾ ਪਵੇਗਾ'? ਇਹ ਕਿਸ ਨੇ ਕਿਹਾ ਸੀ ਕਿ 'ਦਿੱਲੀ ਵਿਚ ਸਭ ਕੁਛ ਏ। ਵੱਡੇ-ਵੱਡੇ ਵਿਗਿਆਨਕ। ਵੱਡੀਆਂ-ਵੱਡੀਆਂ ਪ੍ਰਯੋਗਸ਼ਾਲਾਵਾਂ। ਵੱਡੇ-ਵੱਡੇ ਸ਼ੋਧ-ਕੇਂਦਰ। ਕੰਮ ਕਰਨ ਦੇ ਵੱਡੇ-ਵੱਡੇ ਮੌਕੇ।' ਕੌਣ ਕਹਿੰਦਾ ਹੁੰਦਾ ਸੀ ਇਹ? ਤੇ ਅਜੀਤ ਨੂੰ ਇਹ ਕਿਸ ਨੇ ਕਿਹਾ ਸੀ ਕਿ 'ਇਹ ਉਹੀ ਮਾਨਸਿਕਤਾ ਐ, ਜਿਹੜੀ ਵਿਗਿਆਨਕਾਂ ਨੂੰ ਵਿਦੇਸ਼ੀਂ ਲੈ ਜਾਂਦੀ ਐ'?
ਤੇ ਇੱਥੇ ਦਿੱਲੀ ਵਿਚ ਕਿਸ ਨੇ ਕਿਸ ਨੂੰ ਕਿਹਾ ਸੀ ਕਿ 'ਇਸ ਦੇਸ਼ ਵਿਚ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਦੀ ਕਦਰ ਨਹੀਂ'? ਕਿਸ ਨੇ ਕਿਸ ਨੂੰ ਕਿਹਾ ਸੀ ਕਿ 'ਬੰਦਾ ਜੂਨੀਅਰ ਸਾਇੰਟਿਸਟ ਦੀ ਨੌਕਰੀ ਤੋਂ ਕਿਤੇ ਵੱਧ ਪੈਸਾ ਕਿਸੇ ਦਵਾਈਆਂ ਦੀ ਕੰਪਨੀ ਦਾ ਸੇਲਜ਼ ਮੈਨ ਲੱਗ ਕੇ ਕਮਾਅ ਸਕਦਾ ਏ'? ਤੇ ਇਹ ਅਜੀਤ ਨੂੰ ਕਿਸ ਨੇ ਕਿਹਾ ਸੀ ਕਿ 'ਅਜੀਤ ਤੂੰ ਵਿਦੇਸ਼ ਜਾ ਕੇ ਵੱਸ ਜਾਣ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਹੁੰਦਾ ਸੈਂ ਕਿ ਉਹ ਉੱਥੇ ਜਾ ਕੇ ਦੂਜਿਆਂ ਦੀ ਗੁਲਾਮੀ ਕਰਦੇ ਨੇ, ਪਰ ਤੂੰ ਤਾਂ ਇਸ ਮਲਟੀ ਨੈਸ਼ਨਲ ਕੰਪਨੀ ਵਿਚ ਨੌਕਰੀ ਕਰਕੇ ਦੇਸ਼ 'ਚ ਰਹਿ ਕੇ ਈ ਵਿਦੇਸ਼ੀਆਂ ਦਾ ਗੁਲਾਮ ਬਣ ਗਿਐਂ'? ਇਹ ਕਿਸ ਨੇ ਕਿਹਾ ਸੀ?
ਸੱਚਮੁੱਚ ਭੁੱਲਕੜ ਹੋ ਗਈ ਆਂ। ਮੇਰੇ 'ਚ ਬਸ ਇਹੋ ਇਕ ਪਰਿਵਤਨ ਆਇਆ ਏ। ਵਰਨਾਂ ਵੈਸੀ ਓ ਆਂ, ਜੈਸੀ ਜਲੰਧਰ 'ਚ ਸਾਂ। ਓਨੀਂ ਹੀ ਤੰਦਰੁਸਤ ਤੇ ਸੁੰਦਰ। ਕੁਛ ਮੋਟੀ ਜ਼ਰੂਰ ਹੋ ਗਈ ਆਂ, ਪਰ ਏਨੀ ਮੋਟੀ ਵੀ ਨਹੀਂ। ਮੈਨੂੰ ਦੇਖ ਕੇ ਕੀ ਕੋਈ ਕਹਿ ਸਕਦਾ ਏ ਕਿ ਮੇਰੀ ਸ਼ਾਦੀ ਹੋਇਆਂ ਅੱਠ ਸਾਲ ਹੋ ਚੁੱਕੇ ਨੇ ਤੇ ਮੈਂ ਦੋ ਬੱਚਿਆਂ ਦੀ ਮਾਂ ਆਂ? ਜਿਸ ਦਿਨ ਸਾੜ੍ਹੀ ਦੀ ਜਗ੍ਹਾ ਸਲਵਾਰ-ਸੂਟ ਪਾ ਜਾਂਦੀ ਆਂ, ਦਫ਼ਤਰ ਦੇ ਹਰੇਕ ਮਰਦਾਂ ਦੀ ਨਜ਼ਰ ਇਹ ਕਹਿੰਦੀ ਲੱਗਦੀ ਏ ਕਿ 'ਅੱਜ ਤਾਂ ਕਵਿਤਾ ਕਾਲੇਜ 'ਚ ਪੜ੍ਹਨ ਵਾਲੀ ਕੁੜੀ ਲੱਗ ਰਹੀ ਏ।' ਇਕ ਵਾਰੀ ਦਫ਼ਤਰ ਦੇ ਲੋਕਾਂ ਨਾਲ ਪਿੱਕਨਿਕ 'ਤੇ ਗਈ ਸਾਂ, ਤਾਂ ਜੀਂਸ ਪਾ ਗਈ ਸਾਂ। ਸਾਰਾ ਸਮਾਂ ਇਵੇਂ ਲੱਗਦਾ ਰਿਹਾ, ਜਿਵੇਂ ਸਾਰੇ ਮਰਦ ਮੈਨੂੰ ਹੀ ਦੇਖ ਰਹੇ ਹੋਣ। ਅਜੀਤ ਅਕਸਰ ਦਿੱਲੀ ਦੇ ਪ੍ਰਦੂਸ਼ਨ ਦੀ ਸ਼ਿਕਾਇਤ ਕਰਦਾ ਏ, ਪਰ ਮੇਰੇ ਉੱਤੇ ਪ੍ਰਦੂਸ਼ਨ ਵਗ਼ੈਰਾ ਦਾ ਵੀ ਕੋਈ ਅਸਰ ਨਹੀਂ, ਜਦਕਿ ਮੈਨੂੰ ਦਫ਼ਤਰ ਜਾਣ ਤੇ ਆਉਣ ਲਈ ਸਵੇਰੇ-ਸ਼ਾਮ, ਦੋਹੇਂ-ਵੇਲੇ, ਬਸ 'ਚ ਇਕ-ਇਕ ਘੰਟੇ ਦਾ ਸਫ਼ਰ ਕਰਨਾ ਪੈਂਦਾ ਏ। ਬਿਲਕੁਲ ਪੀਕ ਆਵਰਜ਼ ਵਿਚ, ਜਦੋਂ ਦਿੱਲੀ ਦੀਆਂ ਸੜਕਾਂ 'ਤੇ ਪ੍ਰਦੂਸ਼ਨ ਸਭ ਤੋਂ ਵੱਧ ਹੁੰਦਾ ਏ।
ਪਰ ਇਹ ਕਿਸ ਨੇ ਕਿਹਾ ਸੀ ਕਿ 'ਕਵਿਤਾ ਮਲਹੋਤਰਾ, ਤੂੰ ਕਿੰਨੀ ਬਦਲ ਗਈ ਏਂ! ਪੜ੍ਹਨਾ ਲਿਖਣਾ ਸਭ ਛੱਡ ਦਿੱਤਾ ਈ? ਬੀ.ਏ. ਆਨਰਸ 'ਚ ਇੰਗਲਿਸ਼ ਲਿਟਰੇਚਰ ਪੜ੍ਹਦੀ ਹੋਈ ਤਾਂ ਤੂੰ ਲੇਖਿਕਾ ਬਣਨਾ ਚਾਹੁੰਦੀ ਸੈਂ, ਉਹ ਵੀ ਸਿਮੋਨ ਦ ਬੁਵਾ ਵਾਂਗਰ ਵੱਡੀ ਲੇਖਿਕਾ!' ਇਹ ਕਿਸ ਨੇ ਕਿਹਾ ਸੀ? ਕਿਸਨੇ?
ਕੀ ਹੋਇਆ? ਕੀ ਇਹ ਸੰਭਵ ਏ ਕਿ ਇਨਸਾਨ ਜੋ ਚਾਹੇ, ਬਣ ਜਾਵੇ? ਕੀ ਅਜੀਤ ਵਿਗਿਆਨਕ ਬਣ ਸਕਿਆ? ਆਪਣੇ ਦੇਸ਼ ਤੇ ਦੁਨੀਆਂ ਲਈ ਕੁਛ ਕਰ ਸਕਿਆ? ਆਪਣੇ ਦੇਸ਼ ਵਿਚ ਈ ਵਿਦੇਸ਼ੀਆਂ ਦੀ ਗ਼ੁਲਾਮੀ ਕਰ ਰਿਹੈ। ਹਾਂ, ਗ਼ੁਲਾਮੀ ਨਹੀਂ ਤਾਂ ਹੋਰ ਕੀ ਏ? ਨੌਕਰੀ ਤਾਂ ਮੈਂ ਵੀ ਕਰਦੀ ਆਂ, ਭਲਾਂ-ਦੀ ਪੈਸੇ ਮੈਨੂੰ ਘੱਟ ਮਿਲਦੇ ਨੇ, ਪਰ ਮੈਂ ਉਸ ਵਾਂਗ ਚੌਵੀ ਘੰਟਿਆਂ ਦੀ ਨੌਕਰ ਤਾਂ ਨਹੀਂ ਨਾ। ਉਹ ਤਾਂ ਦਿਨ ਰਾਤ ਚਾਕਰੀ ਵਿਚ ਰੁੱਝਿਆ ਰਹਿੰਦਾ ਏ। ਮਹੀਨੇ ਵਿਚ ਵੀਹ ਦਿਨ ਦਿੱਲੀ ਤੋਂ ਬਾਹਰ ਟੂਰ 'ਤੇ। ਜਿਹਨੀਂ ਦਿਨੀਂ ਦਿੱਲੀ 'ਚ ਹੁੰਦਾ ਏ, ਉਹਨੀਂ ਦਿਨੀ ਵੀ ਸਵੇਰੇ ਨੌ ਵਜੇ ਘਰੋਂ ਨਿਕਲਦਾ ਏ ਤੇ ਰਾਤੀਂ ਨੌ-ਦਸ ਵਜੇ ਪਰਤਦਾ ਏ। ਕੰਪਨੀ ਨੇ ਫ਼ੋਨ, ਫ਼ੈਕਸ ਤੇ ਪਰਸਨਲ ਕੰਪਿਊਟਰ ਦਿੱਤਾ ਹੋਇਆ ਏ। ਕਾਰ ਉਸਨੇ ਖ਼ੁਦ ਖ਼ਰੀਦ ਲਈ ਏ। ਕਹਿਣ ਨੂੰ ਉਸ ਕੋਲ ਕਿੰਨੀਆਂ ਸਹੂਲਤਾਂ ਨੇ, ਪਰ ਘਰ ਆਉਂਦਾ ਏ ਤਾਂ ਇੰਜ ਥੱਕਿਆ-ਟੁੱਟਿਆ ਜਿਵੇਂ ਬੱਸਾਂ ਵਿਚ ਖੜ੍ਹਾ-ਖਲੋਤਾ ਧੱਕੇ ਖਾ-ਖਾ ਕੇ ਆਇਆ ਹੋਵੇ। ਆਉਂਦਿਆਂ ਈ ਆਪਣਾ ਪੈਗ ਬਣਾ ਕੇ ਟੀ.ਵੀ. ਸਾਹਮਣੇ ਬੈਠ ਜਾਂਦਾ ਏ। ਥੋੜ੍ਹੀ ਦੇਰ ਬੱਚਿਆਂ ਨਾਲ ਗੱਲਾਂ ਕਰਦਾ ਏ, ਥੋੜ੍ਹੀ ਦੇਰ ਮੇਰੇ ਨਾਲ। ਪਰ ਮੇਰੇ ਨਾਲ ਉਹ ਕੀ ਗੱਲਾਂ ਕਰਦਾ ਏ? ਆਪਣੇ ਕੰਮ ਦੀਆਂ, ਆਪਣੇ ਕੈਰੀਅਰ ਦੀਆਂ, ਆਪਣੇ ਤਣਾਅ ਦੀਆਂ, ਆਪਣੀਆਂ ਪ੍ਰੇਸ਼ਾਨੀਆਂ ਦੀਆਂ। ਦੋ ਪੈਗ ਪੀ ਕੇ ਖਾਣਾ ਖਾਂਦਾ ਏ ਤੇ ਦੋ ਤਿੰਨ ਪੈਗ ਖਾਣਾ ਖਾਣ ਪਿੱਛੋਂ ਆਪਣੇ ਕਮਰੇ ਵਿਚ ਕੰਮ ਕਰਦਾ ਹੋਇਆ ਪੀਂਦਾ ਏ। ਰਾਤ ਦੇ ਬਾਰਾਂ-ਇਕ ਵਜੇ ਤਕ ਆਪਣੇ ਕੰਮ ਵਿਚ ਜੁਟਿਆ ਰਹਿੰਦਾ ਏ, ਜਿਵੇਂ ਮੇਰੇ ਨਾਲੋਂ ਤੇ ਬੱਚਿਆਂ ਨਾਲੋਂ ਵੱਧ ਉਸਨੂੰ ਫ਼ੋਨ, ਫ਼ੈਕਸ ਤੇ ਕੰਪਿਊਟਰ ਨਾਲ ਪਿਆਰ ਹੋਵੇ...
'ਅਜੀਤ ਇਸ ਨੌਕਰੀ ਵਿਚੋਂ ਪੈਸੇ ਦੇ ਸਿਵਾਏ ਤੈਨੂੰ ਹੋਰ ਕੀ ਮਿਲ ਰਿਹਾ ਏ? ਕਿਹੜੀ ਖੁਸ਼ੀ? ਕਿਹੜਾ ਆਰਾਮ? ਮੰਨਿਆਂ ਤੂੰ ਖ਼ੂਬ ਵੱਡੇ ਮਕਾਨ ਵਿਚ ਰਹਿ ਰਿਹਾ ਏਂ, ਪਰ ਇਹ ਤਾਂ ਸੋਚ ਕਿ ਤੇਰੇ ਜੀਵਨ 'ਚ ਕੋਈ ਸਾਰਥਕਤਾ ਵੀ ਹੈ?' ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਮੇਰੇ ਇਸ ਭੁੱਲਕੜਪਨ ਦਾ ਕਾਰਨ ਕੀ ਏ? ਪਤਾ ਨਹੀਂ। ਪਰ ਮੈਂ ਬਿਮਾਰ ਨਹੀਂ। ਆਪਣਾ ਕੋਈ ਕੰਮ ਮੈਂ ਕਦੀ ਨਹੀਂ ਭੁੱਲਦੀ। ਸਵੇਰੇ ਪੰਜ ਵਜੇ ਉਠਦੀ ਆਂ। ਸਰਿਆਂ ਲਈ ਚਾਹ, ਨਾਸ਼ਤਾ ਤੇ ਖਾਣਾ ਬਣਾਉਂਦੀ ਆਂ। ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਆਂ। ਸਾਰਿਆਂ ਦੇ ਟਿਫ਼ਨ ਭਰਦੀ ਆਂ। ਖ਼ੁਦ ਨਹਾਅ-ਧੋ ਕੇ ਆਪਣੀ ਨੌਕਰੀ 'ਤੇ ਜਾਣ ਲਈ ਤਿਆਰ ਹੁੰਦੀ ਆਂ। ਏਨੀ ਵੀ ਵਿਹਲ ਨਹੀਂ ਮਿਲਦੀ ਕਿ ਅਖ਼ਬਾਰ ਦੀਆਂ ਸੁਰਖੀਆਂ ਈ ਦੇਖ ਲਵਾਂ। ਬਸ-ਸਟੈਂਡ ਤਕ ਨੱਠਦੀ ਹੋਈ ਜਾਂਦੀ ਆਂ। ਸਮੇਂ 'ਤੇ ਨਾ ਪਹੁੰਚੋ, ਤਾਂ ਚਾਰਟਰਡ ਬਸ ਨਿਕਲ ਜਾਂਦੀ ਏ ਤੇ ਕਿਸੇ ਭੀੜ-ਭਰੀ ਬਸ 'ਚ ਧੱਕੇ ਖਾਂਦਿਆਂ ਹੋਇਆਂ ਜਾਣਾ ਪੈਂਦਾ ਏ। ਜਾਂ ਆਟੋ ਲੈਣਾ ਪੈਂਦਾ ਏ। ਪਰ ਆਟੋ 'ਚ ਵੀ ਉਹ ਆਰਾਮ ਕਿੱਥੇ, ਜਿਹੜਾ ਚਾਰਟਰਡ ਬਸ 'ਚ ਏ? ਮੈਂ ਤਾਂ ਉਸ 'ਚ ਬੈਠ ਕੇ ਸਵੇਰੇ-ਸ਼ਾਮ ਦੋਹੇਂ ਵੇਲੇ ਅੱਧੇ ਪੌਣੇ ਘੰਟੇ ਦੀ ਝਪਕੀ ਵੀ ਲੈ ਲੈਂਦੀ ਆਂ।
ਅਜੀਤ ਕਹਿੰਦਾ ਏ ਕਿ ਤੂੰ ਆਪਣੇ ਲਈ ਵੀ ਗੱਡੀ ਲੈ-ਲੈ। ਲੈ ਸਕਦੀ ਆਂ, ਪਰ ਲੈਣਾ ਨਹੀਂ ਚਾਹੁੰਦੀ। ਖ਼ੁਦ ਡਰਾਈਵ ਕਰਨ ਦੀ ਇਕ ਹੋਰ ਟੈਂਸ਼ਨ ਕਿਉਂ ਮੁੱਲ ਲਵਾਂ, ਜਦਕਿ ਚਾਰਟਰਡ ਬਸ 'ਚ ਆਰਾਮ ਨਾਲ ਆ ਜਾ ਸਕਦੀ ਆਂ? ਬਸ 'ਚ ਸੌਣ ਦੀ ਆਦਤ ਪੈ ਗਈ ਏ। ਖ਼ੁਦ ਡਰਾਈਵ ਕਰਦਿਆਂ ਹੋਇਆਂ ਝਪਕੀ ਆ ਜਾਵੇ, ਫੇਰ? ਨਾਲੇ ਦਿੱਲੀ ਦੇ ਟਰੈਫ਼ਿਕ ਦੀ ਅਰਾਜਕਤਾ 'ਚ ਡਰਾਈਵ ਕਰਨਾ? ਨਾ ਬਾਬਾ, ਇਸ ਤੋਂ ਬਸ ਈ ਭਲੀ। ਸਵੇਰੇ-ਸ਼ਾਮ ਦੀ ਝਪਕੀ ਵੀ ਜ਼ਰੂਰੀ ਏ। ਰਾਤ ਨੂੰ ਤਾਂ ਕਦੀ ਨੀਂਦ ਪੂਰੀ ਹੁੰਦੀ ਨਹੀਂ, ਬਸ ਵਿਚ ਸੌਣ ਦਾ ਮੌਕਾ ਨਾ ਮਿਲੇ, ਤਾਂ ਸ਼ਾਇਦ ਮੈਂ ਘਰ ਤੇ ਦਫ਼ਤਰ 'ਚ ਕੰਮ ਹੀ ਨਾ ਕਰ ਸਕਾਂ।
“ਤੂੰ ਏਨਾ ਕੰਮ ਕਿਉਂ ਕਰਦੀ ਏਂ, ਕਵਿਤਾ? ਕੁਝ ਲੋਕ ਅਲਕੋਹਲਿਕ ਹੁੰਦੇ ਨੇ, ਤੂੰ ਵਰਕੋਹਲਿਕ ਏਂ। ਦਫ਼ਤਰ ਦੀਆਂ ਹੋਰ ਔਰਤਾਂ ਵੱਲ ਵੇਖ। ਅਕਸਰ ਲੇਟ ਆਉਂਦੀਆਂ ਨੇ। ਦੋ ਮਿੰਟ ਦਾ ਕੰਮ, ਦੋ ਘੰਟਿਆਂ 'ਚ ਕਰਦੀਆਂ ਨੇ। ਕੰਮ ਨਾਲੋਂ ਵਧੇਰੇ ਆਰਾਮ ਕਰਦੀਆਂ ਨੇ। ਚੁਗ਼ਲੀ ਤੇ ਚਾ-ਪਲੂਸੀ 'ਚ ਲੱਗੀਆਂ ਰਹਿੰਦੀਆਂ ਨੇ। ਪਰ ਤੂੰ ਹਮੇਸ਼ਾ ਸਹੀ ਸਮੇਂ 'ਤੇ ਆਉਂਦੀ ਏਂ। ਆਪਣੇ ਕੰਮ ਨਾਲ ਕੰਮ ਰੱਖਦੀ ਏਂ। ਆਪਣਾ ਕੰਮ ਤਾਂ ਕਰਦੀ ਈ ਏਂ, ਦੂਜਿਆਂ ਦੇ ਕੰਮ 'ਚ ਵੀ ਹੱਥ ਵੰਡਾਅ ਦੇਂਦੀ ਏਂ। ਕਿਉਂ ਕਰਦੀ ਏਂ ਏਨਾ ਕੰਮ”? ਕਿਸ ਨੇ ਕਿਹਾ ਸੀ? ਕਿਸਨੇ?
ਯਾਦ ਨਹੀਂ, ਪਰ ਜਿਸ ਨੇ ਵੀ ਕਿਹਾ ਸੀ, ਸ਼ਾਇਦ ਉਸਨੇ ਇਹ ਵੀ ਕਿਹਾ ਸੀ ਕਿ 'ਹਮੇਸ਼ਾ ਕੰਮ ਵਿਚ ਜੁਟੇ ਰਹਿਣ ਦਾ ਭੁਸ ਵੀ, ਹਮੇਸ਼ਾ ਨਸ਼ੇ ਵਿਚ ਧੁੱਤ ਰਹਿਣ ਵਾਂਗਰ ਖਰਾਬ ਹੁੰਦਾ ਏ। ਇਸ ਭੁਸ ਦੇ ਵੀ ਕੁਛ ਓਹੋ ਜਿਹੇ ਈ ਕਾਰਨ ਤੇ ਨਤੀਜੇ ਹੁੰਦੇ ਨੇ। ਤੈਨੂੰ ਅਜੀਤ ਨਾਲ ਕੋਈ ਸ਼ਿਕਾਇਤ ਤਾਂ ਨਹੀਂ?'
ਨਹੀਂ ਅਜੀਤ ਨਾਲ ਮੈਨੂੰ ਕੀ ਸ਼ਿਕਾਇਤ ਹੋ ਸਕਦੀ ਹੈ? ਅਜੀਤ ਤਾਂ ਬੜਾ ਚੰਗਾ ਏ। ਮੇਰਾ ਬੜਾ ਖ਼ਿਆਲ ਰੱਖਦਾ ਏ। ਕੱਲ੍ਹ ਹੀ ਕਹਿ ਰਿਹਾ ਸੀ ਕਿ ਤੂੰ ਆਪਣੇ ਲਈ ਵੀ ਗੱਡੀ ਲੈ ਲੈ। ਉਹ ਮੈਨੂੰ ਬਹੁਤਾ ਸਮਾਂ ਨਹੀਂ ਦੇ ਸਕਦਾ, ਇਹ ਉਹਦੀ ਮਜ਼ਬੂਰੀ ਏ। ਉਹਦੀ ਨੌਕਰੀ ਈ ਅਜਿਹੀ ਏ। ਹੁਣ ਤਾਂ ਲੱਗਦਾ ਏ ਕਿ ਇਸ ਦੇਸ਼ ਵਿਚ ਵਧੇਰੇ ਲੋਕਾਂ ਦੀ ਜ਼ਿੰਦਗੀ ਅਜਿਹੀ ਈ ਹੋਣ ਵਾਲੀ ਏ। ਹੁਣ ਇਹ ਨਹੀਓਂ ਚੱਲਣਾ ਕਿ ਇਕ ਨੌਕਰੀ ਲੱਭੀ ਤੇ ਜ਼ਿੰਦਗੀ ਭਰ ਲਈ ਉਸੇ ਨਾਲ ਵੱਝ ਗਏੇ। ਕੰਮ ਕਰਨਾ ਪਏਗਾ, ਕੰਪੀਟੀਸ਼ਨ ਕਰਨਾ ਪਏਗਾ। ਜੀਵਨ ਵਿਚ ਸਥਿਤਰਤਾ ਨਹੀਂ ਹੋਵੇਗੀ। ਅੱਜ ਇੱਥੇ, ਤੇ ਕੱਲ੍ਹ ਕਿਤੇ ਹੋਰ। ਕਦੀ ਇਸ ਦੇਸ਼ ਵਿਚ, ਤੇ ਕਦੀ ਕਿਸੇ ਹੋਰ ਦੇਸ਼ ਵਿਚ। ਅਜੀਤ ਬੱਚਿਆਂ ਨੂੰ ਹੁਣੇ ਤੋਂ ਅਜਿਹੀ ਜ਼ਿੰਦਗੀ ਲਈ ਤਿਆਰ ਕਰ ਰਿਹਾ ਏ। ਬੱਚੇ ਵੀ ਹੁਣੇ ਤੋਂ ਇਹ ਸੋਚਣ ਲੱਗ ਪਏ ਨੇ ਕਿ ਉਹਨਾਂ ਇਸ ਸੜੇ–ਪੱਛੜੇ ਦੇਸ਼ ਵਿਚ ਨਹੀਂ ਰਹਿਣਾ, ਪੜ੍ਹ ਲਿਖ ਕੇ ਅਮਰੀਕਾ ਵਿਚ ਜਾ ਵੱਸਣਾ ਏਂ।”
ਇਹ ਮੈਨੂੰ ਕਿਸ ਨੇ ਕਿਹਾ ਸੀ? ਕਿਸ ਨੇ?
ਯਾਦ ਨਹੀਂ। ਪਰ ਅਜੀਤ ਉੱਤੇ ਕਦੀ-ਕਦੀ ਤਰਸ ਆਉਂਦਾ ਏ। ਵਿਚਾਰਾ ਕਿੰਨੀ ਭੱਜ-ਦੌੜ ਕਰਦਾ ਹੈ ! ਘਰ ਵਿਚ ਹੁੰਦਾ ਵੀ ਹੈ, ਤਾਂ, ਨਾ ਹੋਣ ਤੇ ਬਰਾਬਰ। ਰਾਤ ਦੇ ਬਾਰਾਂ ਵਜੇ ਸੌਂਦਾ ਏ ਤੇ ਸਵੇਰੇ ਮੇਰੇ ਨਾਲ ਹੀ ਪੰਜ ਵਜੇ ਉਠ ਪੈਂਦਾ ਏ। ਕਿੱਥੇ-ਕਿੱਥੇ ਜਾਣਾ ਏਂ, ਕਿਸ ਕਿਸ ਨੂੰ ਮਿਲਣਾ ਏਂ, ਕਿਸ ਨੂੰ ਕੀ ਦੇਣਾ ਏਂ, ਕਿਸ ਤੋਂ ਕੀ ਲੈਣਾ ਏਂ–ਸਾਰੇ ਪ੍ਰੋਗ੍ਰਾਮ ਫ਼ੋਨ ਕਰ-ਕਰ ਕੇ ਉਲੀਕ ਲੈਂਦਾ ਹੈ। ਇਸ ਦੇ ਨਾਲ-ਨਾਲ ਚਾਹ ਪੀਂਦੈ, ਅਖ਼ਬਾਰ ਦੇਖਦੈ, ਖ਼ਬਰਾਂ ਸੁਣਦੈ, ਸ਼ੇਵ ਕਰਦੈ, ਨਹਾਉਂਦੈ, ਨਾਸ਼ਤਾ ਕਰਦੈ ਤੇ ਦੌੜ ਜਾਂਦੈ। ਕਦੀ ਕਦੀ ਤਾਂ ਚਾਹ ਵੀ ਪੀਤੇ ਬਿਨਾਂ ਹੀ ਚਲਾ ਜਾਂਦਾ ਏ। ਅਜਿਹੇ ਆਦਮੀ ਪ੍ਰਤੀ ਸ਼ਿਕਾਇਤ ਕਾਹਦੀ?
ਮੈਂ ਸ਼ਾਮੀ ਘਰ ਵਾਪਸ ਆਉਣ ਲਈ ਛੇ ਵਜੇ ਦੀ ਚਾਰਟਰਡ ਬਸ ਫੜਦੀ ਆਂ। ਸਤ ਵਜੇ ਮਾਰਕੀਟ 'ਤੇ ਉਤਰਦੀ ਆਂ। ਸਾਗ ਸਬਜ਼ੀ, ਮਟਨ ਚਿਕਨ, ਬਰੈਡ ਬਟਰ ਵਗ਼ੈਰਾ ਖ਼ਰੀਦਦੀ ਆਂ। ਬੱਚੇ ਦਿਨੇ ਢਾਈ ਤਿੰਨ ਵਜੇ ਤਕ ਸਕੂਲੋਂ ਆ ਜਾਂਦੇ ਨੇ ਤੇ ਫਰਿਜ ਵਿਚ ਜੋ ਕੁਛ ਪਿਆ ਹੁੰਦਾ ਏ, ਖਾ-ਪੀ ਕੇ ਸੌਂ ਜਾਂਦੇ ਨੇ। ਉਠ ਕੇ ਆਪਣਾ ਹੋਮ-ਵਰਕ ਕਰਦੇ ਨੇ। ਥੋੜ੍ਹਾ ਚਿਰ ਖੇਡਦੇ ਜਾਂ ਟੀ.ਵੀ. ਦੇਖਦੇ ਨੇ। ਥੋੜ੍ਹਾ ਚਿਰ ਕੰਪਿਊਟਰ ਸਿੱਖਦੇ ਨੇ। ਸ਼ਾਮ ਨੂੰ ਅੰਕੁਰ ਜਿਮ ਵਿਚ ਖੇਡਾਂ ਦੀ ਪ੍ਰੈਕਟਿਸ ਕਰਨ ਚਲਾ ਜਾਂਦਾ ਏ, ਤੇ ਆਸ਼ੀ ਮਿਊਜ਼ਿਕ ਅਕੈਡਮੀ ਵਿਚ ਨਾਚ-ਗਾਣਾ ਸਿੱਖਣ ਲਈ। ਘਰ ਦੀ ਇਕ-ਇਕ ਚਾਬੀ ਸਾਰਿਆਂ ਕੋਲ ਹੁੰਦੀ ਹੈ।
ਮੈਂ ਜਦੋਂ ਘਰ ਪਹੁੰਚਦੀ ਆਂ, ਘਰ ਅਕਸਰ ਬੰਦ ਹੁੰਦਾ ਏ। ਸੁੰਨਾਂ ਤੇ ਖਿੰਡਿਆ-ਪੁੰਡਿਆ ਜਿਹਾ। ਬੜਾ ਬੁਰਾ ਲੱਗਦਾ ਏ। ਪਰ ਭਾਂਡੇ ਮਾਂਜਣ ਤੇ ਬੁਹਾਰੀ ਪੋਚਾ ਕਰਨ ਵਾਲੀ ਮਾਈ ਆ ਕੇ ਦਿਲ ਖੁਸ਼ ਕਰ ਦੇਂਦੀ ਏ। ਉਹ ਪੰਜਾਬੀ ਏ ਤੇ ਖ਼ੂਬ ਗਾਲੜੀ ਵੀ। ਉਸ ਨਾਲ ਪੰਜਾਬੀ ਵਿਚ ਦਿਲ ਖੋਲ ਕੇ ਗੱਲਾਂ ਕਰਦੀ ਆਂ। ਉਦੋਂ ਲੱਗਦਾ ਏ ਕਿ 'ਹਾਂ, ਜਿਊਂਦੀ ਹਾਂ।' ਉਸ ਤੋਂ ਇਹ ਵੀ ਪਤਾ ਲੱਗਦਾ ਕਿ ਗਰੀਬ ਲੋਕ ਕਿੰਜ ਜਿਊਂ ਰਹੇ ਨੇ। ਉਸਦੀਆਂ ਗੱਲਾਂ ਸੁਣ ਕੇ ਸੋਚਣ ਲੱਗਦੀ ਆਂ : ਇਹਨਾਂ ਲੋਕਾਂ ਦਾ ਕੀ ਬਣੇਗਾ? ਹੁਣ ਤਾਂ ਇਹਨਾਂ ਲਈ ਆਟਾ ਵੀ ਏਨਾ ਮਹਿੰਗਾ ਹੋ ਗਿਆ ਏ। ਇਹ ਕੀ ਖਾਣਗੇ? ਕਿੰਜ ਜਿਊਣਗੇ? ਪਰ ਮਾਈ ਆਪਣੀਆਂ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਹੱਸ-ਹੱਸ ਕੇ ਗੱਲਾਂ ਕਰਦੀ ਏ ਤੇ ਦੂਜੇ ਘਰਾਂ ਦੇ ਕਿੱਸੇ ਸੁਆਦ ਲੈ-ਲੈ ਕੇ ਸੁਣਾਉਂਦੀ ਏ। ਉਦੋਂ ਮੈਨੂੰ ਹੈਰਾਨੀ ਹੁੰਦੀ ਏ ਕਿ ਮਾਈ ਏਨੀ ਖੁਸ਼ ਕਿੰਜ ਰਹਿ ਲੈਂਦੀ ਏ? ਮਨ ਨੂੰ ਸ਼ਾਂਤੀ ਵੀ ਮਿਲਦੀ ਏ : ਜਦੋਂ ਇਹ ਲੋਕ ਏਸ ਬਦਹਾਲੀ ਵਿਚ ਵੀ ਹੱਸ ਲੈਂਦੇ ਨੇ, ਤਾਂ ਮੈਂ ਕਿਉਂ ਦੁਖੀ ਹੋਵਾਂ?
ਇਕ ਚਾਹ ਮਾਈ ਦੇ ਨਾਲ ਪੀਂਦੀ ਆਂ, ਦੂਜੀ ਉਸਦੇ ਜਾਣ ਪਿੱਛੋਂ ਇਕੱਲੀ ਬੈਠ ਕੇ ਪੀਣਾ ਚਾਹੁੰਦੀ ਆਂ–ਸਰਦੀਆਂ ਵਿਚ ਰਜਾਈ ਵਿਚ ਘੁਸ ਕੇ ਕੋਈ ਧੀਮੀ ਆਵਾਜ਼ ਵਾਲਾ ਸੰਗੀਤ ਸੁਣਦੀ ਹੋਈ ; ਗਰਮੀਆਂ ਵਿਚ ਏ.ਸੀ. ਦੀ ਠੰਡਕ ਵਿਚ ਕੋਈ ਕਿਤਾਬ ਜਾਂ ਰਸਾਲਾ ਪੜ੍ਹਦੀ ਹੋਈ ; ਬਰਸਾਤ ਵਿਚ ਬਾਲਕੋਨੀ ਵਿਚ ਖਲੋ ਕੇ ਬਾਹਰ ਪੈ ਰਹੇ ਮੀਂਹ ਦੀਆਂ ਫੁਆਰਾਂ ਨੂੰ ਦੇਖਦੀ ਹੋਈ। ਪਰ ਏਨੀ ਫੁਰਸਤ ਕਿੱਥੇ? ਕਦੀ ਫ਼ੋਨ ਦੀ ਘੰਟੀ ਤੇ ਕਦੀ ਦਰਵਾਜ਼ੇ ਦੀ ਘੰਟੀ। ਗੁਆਂਢੀਆਂ ਨਾਲ ਬੋਲਚਾਲ ਵੀ ਜ਼ਰੂਰੀ ਏ। ਕਿਸੇ ਦੇ ਘਰ ਕੁਛ ਹੁੰਦਾ ਏ ਤਾਂ ਜਾਣਾ ਪੈਂਦਾ ਏ। ਬੱਚਿਆਂ ਦੀ ਚਿੰਤਾ ਤਾਂ ਰਹਿੰਦੀ ਈ ਏ ਕਿ ਥੱਕੇ ਹੋਏ ਆਉਣਗੇ ਤੇ ਆਉਂਦੇ ਈ ਖਾਣ ਲਈ ਕੁਛ ਮੰਗਣਗੇ। ਆਪਣੀ ਵੀ ਇੱਛਾ ਹੁੰਦੀ ਏ ਕਿ ਉਹਨਾਂ ਨੂੰ ਕੁਛ ਚੰਗਾ ਜਿਹਾ ਬਣਾ-ਖੁਆ ਕੇ ਮਾਂ ਹੋਣ ਦਾ ਸੁਖ ਮਾਣ ਸਕਾਂ। ਤੇ ਬੱਚਿਆਂ ਦੇ ਆਉਣ ਪਿੱਛੋਂ ਤਾਂ ਕਿਸੇ ਫੁਰਸਤ ਦਾ ਸਵਾਲ ਈ ਨਹੀਂ...ਮੰਮਾਂ, ਇਹ ਕਰ ਦਿਓ ; ਮੰਮਾ ਓਹ ਕਰ ਦਿਓ। ਇਕ ਪੈਰ ਉਹਨਾਂ ਦੋਹਾਂ ਦੀ ਸੇਵਾ ਵਿਚ, ਦੂਜਾ ਰਸੋਈ ਵਿਚ ਰਾਤ ਦਾ ਖਾਣਾ ਬਣਾਉਣ ਲਈ।
ਪਰ ਬੱਚੇ ਮੇਰੇ ਨਾਲ ਅੰਗਰੇਜ਼ੀ ਤੇ ਹਿੰਦੀ ਵਿਚ ਈ ਗੱਲਬਾਤ ਕਰਦੇ ਨੇ। ਪੰਜਾਬੀ ਵਿਚ ਗੱਲਾਂ ਨਹੀਂ ਕਰਦੇ। ਕਰ ਨਹੀਂ ਸਕਦੇ ਜਾਂ ਕਰਨਾ ਪਸੰਦ ਨਹੀਂ ਕਰਦੇ। ਜੋ ਵੀ ਹੋਵੇ, ਮੈਨੂੰ ਦੁੱਖ ਹੁੰਦਾ ਏ। ਉਹਨਾਂ ਦੀ ਮਾਂ ਪੰਜਾਬੀ ਏ, ਤਾਂ ਉਹਨਾਂ ਦੀ ਮਾਤਭਾਸ਼ਾ ਪੰਜਾਬੀ ਕਿਉਂ ਨਹੀਂ? ਪਰ ਇਸ ਲਈ ਬੱਚੇ ਜ਼ਿਮੇਂਵਾਰ ਨਹੀਂ, ਅਜੀਤ ਜ਼ਿਮੇਂਵਾਰ ਏ। ਉਹ ਬੱਚਿਆਂ ਨਾਲ ਹਮੇਸ਼ਾ ਅੰਗਰੇਜ਼ੀ ਵਿਚ ਗੱਲਬਾਤ ਕਰਦਾ ਏ। ਕਹਿੰਦਾ ਏ, “ਅੰਗਰੇਜ਼ੀ ਹੀ ਇਹਨਾਂ ਦਾ ਭਵਿੱਖ ਬਣਾਵੇਗੀ। ਇਹੀ ਇਹਨਾਂ ਨੂੰ ਅਮਰੀਕਾ ਲੈ ਜਾਵੇਗੀ।” ਉਹ ਤਾਂ ਹੁਣ ਮੇਰੇ ਨਾਲ ਵੀ ਅੰਗਰੇਜ਼ੀ ਵਿਚ ਹੀ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਏ, ਪਰ ਏਥੇ ਮੈਂ ਉਹਦੀ ਚੱਲਣ ਨਹੀਂ ਦੇਂਦੀ। ਉਸ ਨਾਲ ਮੈਂ ਪੰਜਾਬੀ ਵਿਚ ਹੀ ਗੱਲ ਕਰਦੀ ਆਂ। ਪਰ ਉਸਦਾ ਰਵੱਈਆਂ ਵੇਖ ਕੇ ਦੁੱਖ ਤਾਂ ਹੁੰਦਾ ਈ ਏ। “ਦਿ ਵਰਡ ਇਜ ਟੂ ਮੱਚ ਵਿਦ ਅੱਸ।” ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਵਾਕਈ ਭੁੱਲਕੜ ਹੋ ਗਈ ਆਂ। ਪੜ੍ਹੀਆਂ ਹੋਈਆਂ ਚੀਜ਼ਾਂ ਵੀ ਯਾਦ ਨਹੀਂ ਰਹਿੰਦੀਆਂ। ਕਿਤਾਬ ਦਾ ਨਾਂਅ ਚੇਤੇ ਹੁੰਦਾ ਏ, ਤਾਂ ਲੇਖਕ ਦਾ ਨਾਂਅ ਭੁੱਲ ਜਾਂਦੀ ਆਂ; ਲੇਖਕ ਦਾ ਨਾਂਅ ਯਾਦ ਹੁੰਦਾ ਏ, ਤਾਂ ਕਿਤਾਬ ਦਾ ਚੇਤੇ ਨਹੀਂ ਹੁੰਦਾ। ਕਦੀ ਕਿਤਾਬ ਤੇ ਲੇਖਕ ਦੋਵਾਂ ਦਾ ਨਾਂਅ ਭੁੱਲ ਜਾਂਦੀ ਆਂ, ਪਰ ਉਸ ਵਿਚ ਪੜ੍ਹੀਆਂ ਹੋਈਆਂ ਗੱਲਾਂ ਯਾਦ ਰਹਿੰਦੀਆਂ ਨੇ। ਗੱਲਾਂ ਕਿਉਂ ਯਾਦ ਰਹਿੰਦੀਆਂ ਨੇ?
ਸ਼ਾਇਦ ਇਹ ਥਕਾਣ ਕਰਕੇ ਹੈ। ਖਾਣਾ ਬਣਾਦਿਆਂ, ਖਵਾਂਦਿਆਂ, ਖਾਂਦਿਆਂ ਤੇ ਹੋਰ ਜ਼ਰੂਰੀ ਕੰਮ ਨਿਪਟਾਂਦਿਆਂ ਗਿਆਰਾਂ ਵੱਜ ਜਾਂਦੇ ਨੇ। ਜਦੋਂ ਅਜੀਤ ਆਪਣੇ ਕਮਰੇ ਵਿਚ ਚਲਾ ਜਾਂਦਾ ਏ ਤੇ ਬੱਚੇ ਆਪਣੇ ਕਮਰੇ ਵਿਚ, ਉਦੋਂ ਮੈਂ ਆਪਣੇ ਕਮਰੇ ਵਿਚ ਜਾ ਕੇ ਬਿਸਤਰੇ 'ਤੇ ਡਿੱਗ ਪੈਂਦੀ ਆਂ ਤੇ ਏਨੀ ਥੱਕੀ ਹੋਈ ਹੁੰਦੀ ਆਂ ਕਿ ਡਿੱਗਦਿਆਂ ਹੀ ਸੌਂ ਜਾਂਦੀ ਆਂ। ਸੌਣਾ ਜ਼ਰੂਰੀ ਏ, ਕਿਉਂਕਿ ਅਗਲੇ ਦਿਨ ਸਵੇਰੇ ਪੰਜ ਵਜੇ ਫੇਰ ਉਠਣਾ ਹੁੰਦਾ ਏ, ਤੇ ਫੇਰ ਲਗਾਤਾਰ ਅਠਾਰਾਂ ਘੰਟੇ ਜੁਟਨਾਂ ਹੁੰਦਾ ਏ। ਪਰ ਕਈ ਵਾਰੀ ਇਹਨਾਂ ਛੇ ਘੰਟਿਆਂ ਵਿਚ ਪੂਰੀ ਤਰ੍ਹਾਂ ਸੌਣਾ ਨਸੀਬ ਨਹੀਂ ਹੁੰਦਾ। ਅਜੀਤ ਆਪਣਾ ਕੰਮ ਨਿਪਟਾਅ ਕੇ ਸੌਣ ਆਉਂਦਾ ਏ, ਤਾਂ ਲਾਈਟ ਜਗਾ ਕੇ ਏਨੀ ਖਟਖਟ ਕਰਦਾ ਏ ਕਿ ਮੇਰੀ ਅੱਖ ਖੁੱਲ੍ਹ ਜਾਂਦੀ ਏ। ਉਹ ਅਕਸਰ ਏਨਾ ਥੱਕਿਆ ਹੋਇਆ ਤੇ ਏਨੇ ਨਸ਼ੇ ਵਿਚ ਹੁੰਦਾ ਏ ਕਿ ਲਾਈਟ ਜਗਦੀ ਛੱਡ ਕੇ ਈ ਲੇਟ ਜਾਂਦਾ ਏ ਤੇ ਲੇਟਦਿਆਂ ਈ ਸੌਂ ਜਾਂਦਾ ਏ। ਮੈਂ ਲਾਈਟ ਬੁਝਾਉਣ ਤੋਂ ਪਹਿਲਾਂ ਉਸਨੂੰ ਦੇਖਦੀ ਰਹਿੰਦੀ ਆਂ। ਚਾਹੁੰਦੀ ਹਾਂ ਕਿ ਉਸਨੂੰ ਜਗਾ ਕੇ ਉਸ ਨਾਲ ਗੱਲਾਂ ਕਰਾਂ, ਉਸਨੂੰ ਪਿਆਰ ਕਰਾਂ, ਪਰ ਨੀਂਦ ਮੈਨੂੰ ਵੀ ਆ ਰਹੀ ਹੁੰਦੀ ਏ ਤੇ ਮੈਂ ਲਾਈਟ ਬੁਝਾਅ ਕੇ ਸੌਂ ਜਾਂਦੀ ਆਂ। ਅਜੀਤ ਮਹੀਨੇ ਵਿਚ ਅੱਠ ਦਸ ਦਿਨ ਈ ਘਰ ਰਹਿੰਦਾ ਏ, ਪਰ ਉਹਨਾਂ ਵਿਚ ਵੀ ਅਸੀਂ ਕਈ ਰਾਤਾਂ ਇੰਜ ਬਿਤਾਅ ਦੇਂਦੇ ਆਂ, ਜਿਵੇਂ ਪਲੇਟਫਾਰਮ 'ਤੇ ਸੁੱਤੇ ਹੋਏ ਦੋ ਅਜਨਬੀ ਮੁਸਾਫਿਰ।
ਪਰ ਕਈ ਵਾਰੀ ਮੈਂ ਥਕਾਣ ਦੇ ਬਾਵਜੂਦ ਜਾਗਦੀ ਪਈ ਰਹਿੰਦੀ ਆਂ ; ਸੁੱਤੇ ਹੋਏ ਅਜੀਤ ਨੂੰ ਦੇਖਦੀ ਹੋਈ। ਉਹਨਾਂ ਦਿਨਾਂ ਨੂੰ ਯਾਦ ਕਰਦੀ ਰਹਿੰਦੀ ਆਂ ; ਜਦੋਂ ਅਜੀਤ ਇਹ ਮਲਟੀਨੈਸ਼ਨਲ ਵਾਲੀ ਨੌਕਰੀ ਨਹੀਂ ਸੀ ਕਰਦਾ ਹੁੰਦਾ। ਓਦੋਂ ਸਾਡੇ ਕੋਲ ਏਨਾ ਪੈਸਾ ਨਹੀਂ ਸੀ ਹੁੰਦਾ, ਪਰ ਜੀਵਨ ਵਿਚ ਕਿੰਨਾ ਸੁਖ ਹੁੰਦਾ ਸੀ! ਸੌਣ ਤੋਂ ਪਹਿਲਾਂ ਅਸੀਂ ਕਿੰਨੀਆਂ ਗੱਲਾਂ ਕਰਦੇ ਹੁੰਦੇ ਸਾਂ! ਤੇ ਕਿੰਨਾ ਹੱਸਦੇ ਹੁੰਦੇ ਸਾਂ! ਤੇ ਕਿੰਨਾਂ ਪਿਆਰ ਕਰਦੇ ਹੁੰਦੇ ਸਾਂ! ਪਰ ਹੁਣ ਤਾਂ ਅਜੀਤ ਦੇ ਪਿਆਰ ਤੋਂ ਵੀ ਡਰ ਲੱਗਦਾ ਏ। ਪਿਆਰ ਕਰਨ ਤੋਂ ਪਹਿਲਾਂ ਉਹ ਮੇਰੀ ਕੁਟਾਈ ਕਰਦਾ ਏ। ਥੱਪੜਾਂ ਨਾਲ ਮੇਰਾ ਮੂੰਹ ਲਾਲ ਕਰ ਦੇਂਦਾ ਏ। ਮੁੱਕੀਆਂ ਤੇ ਲੱਤਾਂ ਵੀ ਮਾਰਦਾ ਏ। ਮੈਂ ਚੀਕਦੀ ਆਂ ਤਾਂ ਮੇਰਾ ਮੂੰਹ ਬੰਦ ਕਰ ਦੇਂਦਾ ਏ ਕਿ 'ਨਾਲ ਵਾਲੇ ਕਮਰੇ ਵਿਚ ਸੁੱਤੇ ਬੱਚੇ ਜਾਗ ਜਾਣਗੇ।' ਤੇ ਜਦੋਂ ਮੈਂ ਨਿਢਾਲ ਹੋ ਜਾਂਦੀ ਆਂ, ਉਹ ਮੇਰੇ ਉੱਤੇ ਵਹਿਸ਼ੀਆਂ ਵਾਂਗ ਟੁੱਟ ਪੈਂਦਾ ਏ। ਕਹਿੰਦਾ ਏ, 'ਅਮਰੀਕਾ ਵਿਚ ਲੋਕ, ਇਵੇਂ ਪਿਆਰ ਕਰਦੇ ਨੇ।' ਦੱਸਦਾ ਏ ਕਿ 'ਉਸਨੇ ਕਈ ਨੀਲੀਆਂ ਫਿਲਮਾਂ ਵਿਚ ਲੋਕਾਂ ਨੂੰ ਇਸ ਨਾਲੋਂ ਵੀ ਵਧ ਹਿੰਸਕ ਤਰੀਕੇ ਨਾਲ ਪਿਆਰ ਕਰਦਿਆਂ ਵੇਖਿਆ ਏ।' ਮੈਂ ਮਜ਼ਬੂਰ ਹੋ ਕੇ ਉਸਦੇ ਇਸ ਅਤਿਆਚਾਰ ਵਰਗੇ ਪਿਆਰ ਨੂੰ ਵੀ ਬਰਦਾਸ਼ਤ ਕਰ ਲੈਂਦੀ ਆਂ, ਪਰ ਜਦੋਂ ਉਹ ਨਸ਼ੇ ਤੇ ਨੀਂਦ ਦੀ ਘੂਕੀ ਵਿਚ ਕਵਿਕ-ਸੈਕਸ ਦੀ ਮੰਗ ਕਰਦਾ ਏ, ਉਦੋਂ ਮੈਨੂੰ ਬੜਾ ਬੁਰਾ ਲੱਗਦਾ ਏ। ਘਿਣ ਆਉਂਦੀ ਹੈ ਤੇ ਏਨਾ ਗੁੱਸਾ ਚੜ੍ਹਦਾ ਏ ਕਿ ਜੀਅ ਵਿਚ ਆਉਂਦਾ ਏ, ਦੰਦਾਂ ਨਾਲ ਉਸਦੀ ਬਾਬਿਇੰਗ ਕਰ ਦਿਆਂ। ਪਰ ਕਰ ਨਹੀ ਸਕਦੀ ਤੇ ਮੈਨੂੰ ਮਹਿਸੂਸ ਹੁੰਦਾ ਏ, ਜਿਵੇਂ ਮੈਂ ਅਜੀਤ ਦੀ ਗੁਲਾਮ ਆਂ। ਅਜੀਤ ਦੀ ਹੀ ਨਹੀਂ, ਅਮਰੀਕਾ ਦੀ ਵੀ ਗੁਲਾਮ ਆਂ। 'ਸਲੇਵਰੀ ਕਮਸ ਥਰੂ ਸੈਕਸ।' ਇਹ ਕਿਸ ਨੇ ਕਿਹਾ ਸੀ? ਕਿਸ ਨੇ?
ਪਰ ਮੈਂ ਕਿਸੇ ਦੀ ਗੁਲਾਮ ਨਹੀਂ। ਮੈਂ ਕਿਸੇ ਦੀ ਗੁਲਾਮ ਨਹੀਂ ਹੋਣਾ ਚਾਹੁੰਦੀ। ਇਸ ਲਈ ਕਈ ਵਾਰੀ ਜਾਗੀ ਹੋਈ ਹੋਣ 'ਤੇ ਵੀ ਸੁੱਤੀ ਹੁੰਦੀ ਆਂ। ਅਜੀਤ ਆਉਂਦਾ ਏ ਤੇ ਮੈਨੂੰ ਬੁਲਾਂਦਾ ਏ–'ਕਵਿਤਾ, ਓ, ਕਵਿਤਾ!' ਤੇ ਮੈਨੂੰ ਲੱਗਦਾ ਏ ਕਿ ਉਹ ਕਿਸੇ ਹੋਰ ਨੂੰ ਬੁਲਾਅ ਰਿਹਾ ਏ ; ਤੇ ਜਿਵੇਂ ਮੇਰਾ ਨਾਂਅ ਕਵਿਤਾ ਨਹੀਂ, ਕੁਛ ਹੋਰ ਏ। ਹਾਲਾਂਕਿ ਮੈਨੂੰ ਇਹ ਪਤਾ ਨਹੀਂ ਹੁੰਦਾ ਕਿ ਮੇਰਾ ਉਹ ਕੁਛ ਹੋਰ ਨਾਂਅ ਕੀ ਏ।
ਮੈਂ ਜਾਣਦੀ ਆਂ ਕਿ ਇਹ ਬੜੀ ਅਜੀਬ ਤੇ ਅਸੰਭਵ ਜਿਹੀ ਗੱਲ ਏ ਕਿ ਕੋਈ ਆਪਣਾ ਨਾਂਅ ਈ ਭੁੱਲ ਜਾਵੇ। ਹਿੰਦੀ ਦੀਆਂ ਯਾਦਾਸ਼ਤ ਭੁੱਲ ਜਾਣ ਦੇ ਫਾਰਮੂਲੇ 'ਤੇ ਬਣੀਆਂ ਫਿਲਮਾਂ ਵਿਚ ਵੀ ਏਨਾ ਤਰਕ ਤੇ ਏਨਾ ਵਿਵੇਕ ਹੁੰਦਾ ਏ ਕਿ ਆਦਮੀ ਭੁੱਲੇ, ਤਾਂ ਸਿਰਫ ਆਪਣਾ ਨਾਂਅ ਨਹੀਂ, ਕਿਸੇ ਛਿਣ ਵਿਸ਼ੇਸ਼ ਤੋਂ ਪਹਿਲਾਂ ਵਾਲਾ ਆਪਣੇ ਜੀਵਨ ਦਾ ਸਭੋ ਕੁਛ ਭੁੱਲ ਜਾਵੇ ਤੇ ਜਦੋਂ ਯਾਦ ਆਵੇ, ਤਾਂ ਮੁੜ ਸਭੋ ਕੁਛ ਯਾਦ ਆ ਜਾਵੇ। ਪਰ ਮੇਰੇ ਨਾਲ ਏਧਰ ਕੁਛ ਸਮੇਂ ਤੋਂ ਇਹ ਅਜੀਬ ਤੇ ਅਸੰਭਵ ਜਿਹੀ ਗੱਲ ਹੋਣ ਲੱਗ ਪਈ ਏ ਕਿ ਮੈਨੂੰ ਹੋਰ ਤਾਂ ਸਭ ਕੁਛ ਯਾਦ ਰਹਿੰਦਾ ਏ, ਸਿਰਫ ਆਪਣਾ ਨਾਂਅ ਭੁੱਲ ਜਾਂਦੀ ਆਂ। ਨਾਂਅ ਵੀ ਥੋੜ੍ਹੇ ਸਮੇਂ ਲਈ ਭੁੱਲਦੀ ਆਂ। ਕੁਛ ਚਿਰ ਪਿੱਛੋਂ ਅਚਾਨਕ ਮੈਨੂੰ ਯਾਦ ਆ ਜਾਂਦਾ ਏ ਕਿ ਮੈਂ ਕਵਿਤਾ ਮਲਹੌਤਰਾ ਹਾਂ ਤੇ ਅਜੀਤ ਅਰੋੜਾ ਨਾਲ ਸ਼ਾਦੀ ਕਰਕੇ ਵੀ ਮੈਂ ਆਪਣਾ ਨਾਂਅ ਨਹੀਂ ਬਦਲਿਆ, ਕਵਿਤਾ ਮਲਹੋਤਰਾ ਹੀ ਰਹੀ।
ਜਿਸ ਸਮੇਂ ਮੈਂ ਆਪਣਾ ਨਾਂਅ ਭੁੱਲਦੀ ਆਂ, ਮੈਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੌਣ ਹਾਂ, ਕਿੱਥੋਂ ਦੀ ਹਾਂ। ਮੈਨੂੰ ਬਿਲਕੁਲ ਯਾਦ ਨਹੀਂ ਰਹਿੰਦਾ ਕਿ ਮੈਂ ਭਾਰਤ ਦੀ ਆਂ, ਭਾਰਤ ਵਿਚ ਪੰਜਾਬ ਦੀ ਆਂ, ਪੰਜਾਬ ਵਿਚ ਜਲੰਧਰ ਦੀ ਆਂ, ਜਲੰਧਰ ਵਿਚ ਇਸਲਾਮਗੰਜ ਵਿਚ ਰਹਿਣ ਮਲਹੌਤਰਾ ਸਾਹਬ ਦੀ ਧੀ ਆਂ। ਇਹ ਵੀ ਯਾਦ ਨਹੀਂ ਆਉਂਦਾ ਕਿ ਸ਼ਾਦੀ ਪਿੱਛੋਂ ਮੈਂ ਦਿੱਲੀ ਦੀ ਆਂ, ਦਿੱਲੀ ਵਿਚ ਮੇਰਾ ਘਰ ਮੁਲਤਾਨ ਨਗਰ ਵਿਚ ਏ, ਮੇਰਾ ਦਫ਼ਤਰ ਸੰਸਦ ਮਾਰਗ 'ਤੇ ਹੈ, ਮੈਂ ਅਜੀਤ ਅਰੋੜਾ ਦੀ ਪਤਨੀ ਆਂ ਤੇ ਅੰਕੁਰ-ਆਸ਼ੀ ਦੀ ਮਾਂ ਹਾਂ। ਉਸ ਸਮੇਂ ਮੈਂ ਆਪਣਾ ਨਾਂਅ ਯਾਦ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰਦੀ ਆਂ ਤੇ ਆਪਣੇ ਆਪ ਨੂੰ ਪੁੱਛਦੀ ਆਂ : 'ਮੈਂ ਕੌਣ ਹਾਂ?...ਇੰਗਲੈਂਡ ਦੀ ਜੇਨ ਆਯਰ? ਜਾਂ ਅਮਰੀਕਾ ਦੀ ਸਕਾਰਲੇਟ ਓ' ਹਾਰਾ? ਜਾਂ ਫਰਾਂਸ ਦੀ ਮਾਦਾਮ ਬੋਵਾਰੀ? ਜਾਂ ਰੂਸ ਦੀ ਆਨਾ ਕਾਰਨਿਨਾ? ਜਾਂ ਭਾਰਤ ਦੇ ਕਿਸੇ ਹੋਰੀ ਦੀ ਧਨੀਆ? ਕੁਛ ਸਮਝ ਵਿਚ ਨਹੀਂ ਆਉਂਦਾ ਤੇ ਮੈਂ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਜਾਂਦੀ ਆਂ।
ਕਈ ਵਾਰੀ ਮੈਨੂੰ ਬੜਾ ਡਰ ਲੱਗਦਾ ਏ: ਮੰਨ ਲਓ, ਮੈਂ ਆਪਣੇ ਦਫ਼ਤਰ ਵਿਚ ਆਪਣਾ ਨਾਂ ਭੁੱਲ ਜਾਵਾਂ, ਫੇਰ? ਜਾਂ ਸੜਕ 'ਤੇ ਮੇਰਾ ਐਕਸੀਡੈਂਟ ਵਗ਼ੈਰਾ ਹੋ ਜਾਵੇ, ਫੇਰ? ਕੋਈ ਮੈਥੋਂ ਮੇਰਾ ਨਾਂ ਪੁੱਛੇ, ਤਾਂ ਮੈਂ ਕੀ ਦੱਸਾਂਗੀ? ਇਸ ਲਈ ਮੈਂ ਕੁਛ ਦਿਨਾਂ ਤੋਂ ਆਪਣੇ ਪਰਸ ਵਿਚ ਇਕ ਛੋਟੀ ਜਿਹੀ ਡਾਇਰੀ ਰੱਖਣ ਲੱਗ ਪਈ ਆਂ, ਜਿਸ ਦੇ ਪਹਿਲੇ ਪੰਨੇ 'ਤੇ ਮੈਂ ਆਪਣਾ ਨਾਂਅ ਵੱਡੇ ਅੱਖਰਾਂ ਵਿਚ ਲਿਖ ਦਿੱਤਾ ਏ, ਤਾਂਕਿ ਲੋੜ ਪਏ ਤਾਂ ਡਾਇਰੀ ਕੱਢ ਕੇ ਆਪਣਾ ਨਾਂਅ ਜਾਣ ਸਕਾਂ।
ਪਰ ਕੱਲ੍ਹ ਤਾਂ ਕਮਾਲ ਹੀ ਹੋ ਗਿਆ। ਸ਼ਾਮ ਨੂੰ ਮੈਂ ਆਪਣੇ ਦਫ਼ਤਰੋਂ ਨਿਕਲੀ ਤੇ ਆਪਣੀ ਚਾਰਟਰਡ ਬੱਸ ਫੜ੍ਹਨ ਲਈ ਸਟੈਂਡ ਵੱਲ ਤੁਰ ਪਈ। ਸੜਕ ਉੱਤੇ ਅਚਾਨਕ ਇਕ ਪੱਕੀ ਉਮਰ ਦੇ ਸਿਖ ਨੇ ਮੇਰਾ ਰਾਹ ਰੋਕ ਕੇ ਕਿਹਾ, “ਓ, ਕਵਿਤਾ, ਤੂੰ? ਕੈਸੀ ਏਂ?” ਮੈਂ ਕਿਹਾ, “ਮਾ'ਫ਼ ਕਰਨਾ, ਮੇਰਾ ਨਾਂਅ ਕਵਿਤਾ ਨਹੀਂ।” ਸਰਦਾਰ “ਸੌਰੀ, ਮੇਡਮ, ਆਈ ਮਿਸਟੁਕ ਯੂ ਸਮਵਨ ਐਲਸ।” ਕਹਿ ਕੇ ਤੁਰਨ ਲੱਗਾ, ਪਰ ਫੇਰ ਅਟਕ ਕੇ ਬੋਲਿਆ, “ਪਰ ਮੁਆਫ਼ ਕਰਨਾ, ਜੇ ਤੁਸੀਂ ਕਵਿਤਾ ਮਲਹੌਤਰਾ ਨਹੀਂ ਤਾਂ ਕੀ ਮੈਂ ਜਾਣ ਸਕਦਾਂ ਕਿ ਤੁਹਾਡਾ ਨਾਂਅ ਕੀ ਏ?” ਮੈਂ ਕਿਹਾ, “ਮੇਰਾ ਨਾਂਅ?... ਪਰ ਮੇਰੇ ਨਾਂਅ ਨਾਲ ਤੁਹਾਨੂੰ ਕੀ ਮਤਲਬ?” ਇਹ ਕਹਿੰਦਿਆਂ ਹੋਇਆਂ ਪੂਰੀ ਤਨ ਦੇਹੀ ਨਾਲ ਆਪਣਾ ਨਾਂਅ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸਾਂ। ਮੈਨੂੰ ਆਪਣਾ ਨਾਂਅ ਤਾਂ ਯਾਦ ਨਹੀਂ ਆਇਆ, ਪਰ ਮੈਂ ਸਰਦਾਰ ਜੀ ਨੂੰ ਪਛਾਣ ਗਈ। ਉਹ ਜਲੰਧਰ ਵਿਚ ਮੈਨੂੰ ਇੰਗਲਿਸ਼ ਲਿਟਰੇਚਰ ਪੜ੍ਹਾਉਣ ਵਾਲੇ ਬਲਵਿੰਦਰ ਸਰ ਸਨ–ਸਰਦਾਰ ਬਲਵਿੰਦਰ ਸਿੰਘ।
ਮੈਂ ਖੁਸ਼ ਹੋ ਕੇ ਕਿਹਾ, “ਓਅ, ਸਰ ਤੁਸੀਂ? ਮਾ'ਫ਼ ਕਰਨਾ, ਸਰ, ਏਨੇ ਸਾਲਾਂ ਬਾਅਦ ਯਕਦਮ ਤੁਹਾਨੂੰ ਦੇਖ ਕੇ ਪਹਿਚਾਣ ਨਹੀਂ ਸਕੀ। ਤੁਸੀਂ ਦਿੱਲੀ ਵਿਚ ਕਿੱਥੇ?”
“ਇਕ ਸੈਮੀਨਾਰ ਵਿਚ ਆਇਆ ਸਾਂ। ਸ਼ੁਕਰ ਏ ਤੂੰ ਮੈਨੂੰ ਪਛਾਣ ਲਿਆ, ਕਵਿਤਾ! ਮੈਂ ਤਾਂ ਡਰ ਗਿਆ ਸਾਂ ਕਿ ਕਵਿਤਾ ਦੇ ਭੁਲੇਖੇ, ਕਿਸੇ ਹੋਰ ਨਾਲ ਇੰਜ ਖੁੱਲ੍ਹ ਕੇ ਗੱਲ ਕਰਨ ਲਈ ਕਿਤੇ ਈਵ ਟੀਜਿੰਗ ਦੇ ਦੋਸ਼ ਵਿਚ ਫੜ੍ਹ ਨਾ ਲਿਆ ਜਾਵਾਂ।”
ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਖਿੜਖਿੜ ਕਰਕੇ ਹੱਸੀ ਤੇ ਕਿਹਾ, “ਨਹੀਂ, ਸਰ, ਤੁਹਾਨੂੰ ਮੈਂ ਕਿੰਜ ਭੁੱਲ ਸਕਦੀ ਆਂ? ਤੁਸੀਂ ਮੈਨੂੰ ਪੜ੍ਹਾਇਆ ਈ ਨਹੀਂ, ਮੇਰੀ ਸ਼ਾਦੀ ਵੀ ਕਰਵਾਈ ਸੀ।”
“ਪਰ ਤੂੰ ਇਹ ਕਿਉਂ ਕਿਹਾ ਬਈ ਤੇਰਾ ਨਾਂਅ ਕਵਿਤਾ ਨਹੀਂ?”
“ਕਵਿਤਾ?” ਮੈਂ ਆਪਣਾ ਨਾਂਅ ਨਾ ਯਾਦ ਆਉਣ ਕਰਕੇ ਇਕ ਵਾਰ ਫੇਰ ਉਲਝ ਗਈ।
“ਹਾਂ, ਬਈ, ਕਵਿਤਾ ਮਲਹੌਤਰਾ! ਕੀ ਤੈਨੂੰ ਆਪਣਾ ਨਾਂਅ ਯਾਦ ਨਹੀਂ?...”
“ਨਹੀਂ, ਸਰ। ਸਾਰੀ, ਸਰ...” ਕਹਿੰਦਿਆਂ ਹੋਇਆਂ ਮੈਂ ਆਪਣਾ ਨਾਂਅ ਯਾਦ ਕਰਨ ਦੀ ਕੋਸ਼ਿਸ਼ ਕੀਤੀ, ਬੜੀ ਜ਼ੋਰਦਾਰ ਕੋਸ਼ਿਸ਼, ਪਰ ਮੈਨੂੰ ਯਾਦ ਨਹੀਂ ਆਇਆ ਤੇ ਮੈਂ ਆਪਣੇ ਆਪ ਨੂੰ ਕਹਿੰਦਿਆਂ ਹੋਇਆਂ ਸੁਣਿਆ, “ਤੁਹਾਨੂੰ ਸ਼ਾਇਦ ਕੁਛ ਗਲਤ ਫਹਿਮੀ ਹੋਈ ਏ, ਸਰ! ਮੈਂ ਤਾਂ ਪਾਵੇਲ ਦੀ ਮਾਂ ਆਂ–ਪੇਲਾਗੇਯਾ ਨਿਲੋਵਨਾ, ਸਰ!”
ਬਲਵਿੰਦਰ ਸਰ ਜ਼ੋਰਦਾਰ ਠਹਾਕਾ ਲਾ ਕੇ ਹੱਸੇ ਤੇ ਬੋਲੇ, “ਓ, ਅੱਛਾ! ਤਾਂ ਤੈਨੂੰ ਅਜੇ ਤਕ ਯਾਦ ਏ ਕਿ ਮੈਂ ਤੈਨੂੰ ਗੋਰਕੀ ਦਾ ਨਾਵਲ 'ਮਾਂ' ਪੜ੍ਹਨ ਲਈ ਦਿੱਤਾ ਸੀ! ਬਈ–ਵਾਹ! ਖ਼ੈਰ ਤਾਂ ਪੇਲਾਗੇਯਾ ਨਿਲੋਵਨਾ, ਹੁਣ ਇਹ ਦੱਸ ਬਈ ਪਾਵੇਲ ਕਿੱਦਾਂ ਏ? ਉਹਦੇ ਹੋਰ ਭੈਣ-ਭਰਾ ਕਿੰਨੇ ਨੇ? ਤੇ ਤੇਰੇ ਉਸ ਅਜੀਤ ਅਰੋੜਾ ਦਾ ਰੂਸੀ ਨਾਂਅ ਕੀ ਏ?”
ਮੈਂ ਸ਼ਰਮਿੰਦਾ ਹੋ ਗਈ, ਪਰ ਉਦੋਂ ਹੀ ਮੈਨੂੰ ਆਪਣੀ ਚਾਰਟਰਡ ਬਸ ਆਉਂਦੀ ਦਿਸ ਪਈ ਤੇ ਮੈਂ “ਸੌਰੀ, ਸਰ, ਮੇਰੀ ਬਸ ਆ ਗਈ” ਕਹਿੰਦੀ ਹੋਈ ਬਸ ਵੱਲ ਦੌੜ ਪਈ। ਆਪਣਾ ਨਾਂ ਭੁੱਲ ਜਾਣ ਦੀ ਸ਼ਰਮਿੰਦਗੀ ਤੋਂ ਬਚਣ ਦਾ ਉਸ ਸਮੇਂ ਸ਼ਾਇਦ ਇਹੋ ਸਭ ਤੋਂ ਚੰਗਾ ਉਪਾਅ ਸੀ।
ਬਸ ਵਿਚ ਬੈਠ ਜਾਣ ਪਿੱਛੋਂ ਵੀ ਮੈਂ ਕਾਫੀ ਦੇਰ ਤਕ ਸ਼ਰਮਿੰਦਾ ਰਹੀ ਤੇ ਸੋਚਦੀ ਰਹੀ ਕਿ ਮੇਰਾ ਨਾਂਅ ਕੀ ਹੈ। ਕੀ ਸੱਚਮੁੱਚ ਮੈਂ ਪੇਲਾਗੇਯਾ ਨਿਲੋਵਨਾ ਆਂ? ਤੇ ਉਦੋਂ ਹੀ ਅਚਾਨਕ ਮੈਨੂੰ ਆਪਣੇ ਪਰਸ ਵਿਚ ਪਈ ਛੋਟੀ ਡਾਇਰੀ ਯਾਦ ਆ ਗਈ। ਪਰ ਉਸ ਵਿਚ ਆਪਣਾ ਨਾਂਅ ਵੇਖ ਕੇ ਮੈਂ ਹੋਰ ਵੀ ਸ਼ਰਮਿੰਦੀ ਹੋਈ : ਕੀ ਕਵਿਤਾ ਮਲਹੌਤਰਾ ਦਿੱਲੀ ਵਿਚ ਆ ਕੇ ਅਜਿਹੀ ਹੋ ਗਈ ਏ ਕਿ ਆਪਣੇ ਜਲੰਧਰ ਵਾਲੇ ਕਿਸੇ ਆਦਮੀ ਨੂੰ ਨਾ ਪਛਾਣ ਸਕੇ? ਇਕ ਅਜਿਹੇ ਆਦਮੀ ਨੂੰ ਵੀ ਨਹੀਂ, ਜਿਹੜਾ ਕਿਸੇ ਜ਼ਮਾਨੇ ਵਿਚ ਦੁਨੀਆਂ ਦਾ ਸਭ ਤੋਂ ਚੰਗਾ ਤੇ ਸਭ ਤੋਂ ਪਿਆਰਾ ਇਨਸਾਨ ਲੱਗਦਾ ਰਿਹਾ ਹੋਵੇ?
੦੦੦ ੦੦੦ ੦੦੦

ਅਜੋਕੇ ਸ਼ਿਲਾਲੇਖ

ਅਜੋਕੇ ਸ਼ਿਲਾਲੇਖ : ਤ੍ਰੈਮਾਸਿਕ ਪੰਜਾਬੀ

ਬਾਨੀ ਸਰਪ੍ਰਸਤ :
ਸ੍ਰੀ ਪੂਰਨ ਪਿਆਸਾ

ਸੰਪਾਦਕੀ ਮੰਡਲ :

ਜੋਗਿੰਦਰ ਕੈਰੋਂ : 97805-51372 : : js_kairon@yahoo.co.in
ਡਾ. ਰਵਿੰਦਰ : 98724-82378 : 01871-241521, : ravihosp@yahoo.com
ਬੀਬਾ ਬਲਵੰਤ : 98552-94356 : 01874-222508, : kuknoos@yahoo.com

ਸਹਿਯੋਗ :
ਹਰਮਿੰਦਰਬੀਰ ਸਿੰਘ : 98145-92861.

ਪਤਾ :
43, ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ।

ਨੋਟ : ਇਸ ਵਿਚ ਛਪੇ ਮੇਰੇ ਸਾਰੇ ਅਨੂਵਾਦ ਲੇਬਲ ਸ਼ਿਲਾਲੇਖ ਉਪਰ ਕਲਿੱਕ ਕਰਕੇ ਵੇਖੇ ਜਾ ਸਕਦੇ ਹਨ।

Monday, September 28, 2009

ਆਸਮਾਨ ਦੇ ਥੰਮ੍ਹਲੇ : ਰਾਜੇਂਦਰ ਭੱਟ

ਹਿੰਦੀ ਕਹਾਣੀ : ਆਸਮਾਨ ਦੇ ਥੰਮ੍ਹਲੇ ਲੇਖਕ : ਰਾਜੇਂਦਰ ਭੱਟ
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.


ਓਂਕਾਰ ਦਾ ਇਰਾਦ ਬਿਲਕੁਲ ਪੱਕਾ ਹੈ ਅੱਜ...ਬਸ, ਨਿੰਮੀ ਕੋਲ ਜਾਏਗਾ ਅਤੇ ਬਿਨਾਂ ਕਿਸੇ ਭੂਮਿਕਾ...
ਭੂਮਿਕਾ ? ਭਲਾ ਕਿਸ ਗੱਲ ਦੀ ? ਐਨੇ ਦਿਨਾਂ ਦਾ ਜੋ ਕੁਝ ਹੋ ਰਿਹੈ, ਜਿੰਨਾਂ ਮਰਿਆ ਖਪਿਆ ਏ ਉਹ...ਉਹੀ ਕਿਸ ਭੂਮਿਕਾ ਨਾਲੋਂ ਘੱਟ ਹੈ ? ਇਹੀ ਇਕ ਕਮੀ ਹੈ ਓਂਕਾਰ ਵਿਚ...ਉਮਰ-ਭਰ, ਬਸ, ਭੂਮਿਕਾ ਦੇ ਚੱਕਰ ਕੱਟਦਾ ਰਿਹਾ। ਉਸ ਤੋਂ ਪਿੱਛੋਂ ਆਏ---ਸਾਰੇ ਪਾਤਰ ; ਸਾਰੇ ਲੋਕ---ਇਕ ਭਰਪੂਰ ਜੀਵਨ ਹੰਢਾ ਕੇ ਤੁਰਦੇ ਬਣੇ। ਤੇ ਉਹ---ਹਮੇਸ਼ਾ ਭੂਮਿਕਾ ਵਾਂਗੂੰ ਹੀ---ਸਭ ਤੋਂ ਮੂਹਰੇ, ਸਭ ਤੋਂ ਸ਼ਾਨਦਾਰ, ਪਰ ਹਰੇਕ ਪੱਖ ਤੋਂ ਕੋਰਾ ਤੇ ਫਾਡੀ ਹੀ ਰਿਹਾ। ਉਂਜ ਵੀ ਕਹਾਣੀ ਦੇ ਸ਼ੁਰੂ ਹੋ ਜਾਣ ਪਿੱਛੋਂ, ਭੂਮਿਕਾ ਦੀ ਲੋੜ ਵੀ ਕੀ ਹੁੰਦੀ ਹੈ ? ਕੌਣ ਯਾਦ ਰੱਖਦਾ ਹੈ ਉਸਨੂੰ ?
ਸੱਚ, ਓਂਕਾਰ ਨੂੰ ਵੀ ਕਦ...ਕਿਸ...ਕਿੱਥੇ...ਯਾਦ ਰੱਖਿਆ ਹੈ ? ਲੋਕਾਂ ਵਿਚ ਉਸਦਾ ਪ੍ਰਵੇਸ਼---ਪਹਿਲਾ ਸ਼ਾਨਦਾਰ ਧਮਾਕ, ਇਕ ਜ਼ਬਰਦਸਤ ਅਕਰਖ਼ਣ...ਤੇ ਬਸ, ਏਨਾ ਹੀ---ਫੇਰ ਲੋਕ ਆਪਸੀ ਸਮੀਕਰਨ ਜੋੜ ਲੈਂਦੇ ਸਨ। ਕਹਾਣੀਆਂ ਅੱਗੇ ਤੁਰ ਪੈਂਦੀਆਂ ਸਨ ਤੇ ਪਿੱਛੇ ਰਹਿ ਜਾਂਦਾ ਸੀ...ਬਸ, 'ਕੱਲਾ-ਕਲਾਪਾ ਓਂਕਾਰ, ਨਿਰੀ ਭੂਮਿਕਾ ਵਾਂਗਰ।
ਇਸ ਕਰਕੇ ਨਾ ਕਿ ਕਹਾਣੀ ਵਿਚਲੇ ਕਿਸੇ ਸਮੀਕਰਨ ਦਾ ਹਿੱਸਾ ਬਣਨ ਵਾਸਤੇ, ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਕਿਸੇ ਹੋਰ ਦਾ ਹਿੱਸਾ ਮਾਰ ਜਾਓ। ਮਤਲਬ ਕਿਸੇ ਨੂੰ ਧਰੀਕ ਕੇ, ਕਿਸੇ ਨੂੰ ਕੂਹਣੀ ਮਾਰ ਕੇ, ਕਿਸੇ ਨੂੰ ਲੱਤ ਅੜਾ ਕੇ...ਹੇਠ ਸੁੱਟੋ ਤੇ ਅਧੂਰੇ ਸਮੀਕਰਨਾਂ ਵਿਚਕਾਰ ਲਟਕ ਰਹੇ, ਵਧ ਤੋਂ ਵਧ, ਪਾਤਰਾਂ ਦੇ ਹਿੱਸੇ ਸਮੇਟ ਲਓ। ਕਮਜ਼ੋਰ ਪਾਤਰ ਨੂੰ 'ਖਾ ਜਾਓ ; ਛਾ ਜਾਓ' ਸਮੁੱਚੀ ਕਹਾਣੀ ਉੱਤੇ...
ਤੇ ਇੰਜ ਕਰਨ ਵਾਸਤੇ ਚਾਹੀਦੀ ਹੁੰਦੀ ਹੈ, ਇਕ ਖਾਸ ਕਿਸਮ ਦੀ ਕੋਝੀ, ਬੇਸ਼ਰਮਾਂ ਵਾਂਗਰ ਸਿੱਧੇ ਘੁਸੜੇ ਆਉਣ ਦੀ ਆਦਤ, ਕਈ ਕੁਝ ਅਸਭਿਅ, ਓਪਰਾ ਤੇ ਰੜਕਵਾਂ ਕਹਿ ਤੇ ਕਰ ਸਕਣ ਵਾਲਾ ਸੁਭਾਅ। ਆਪਣੇ ਸਵਾਰਥਾਂ ਨੂੰ ਚਿੱਟੇ-ਨੰਗੇ ਹੋ ਕੇ ਬਿਆਨ ਕਰ ਸਕਣ ਦਾ ਹੌਸਲਾ।...ਤੇ ਇਹ ਜਾਣਦਿਆਂ ਬੁੱਝਦਿਆਂ ਹੋਇਆਂ ਵੀ ਕਿ ਇੰਜ ਹੋਰਾਂ ਦੇ ਹਿੱਤ, ਹਓਂ ਜਾਂ ਦਿਲ ਨੂੰ ਠੇਸ ਪਹੁੰਚ ਰਹੀ ਹੈ...
ਤੇ ਇਹੀ ਤਾਂ ਨਹੀਂ ਕਰ ਸਕਿਆ ਸੀ ਓਂਕਾਰ।...ਤੇ ਭੂਮਿਕਾ ਵਿਚ ਵੀ ਇਹ ਸਭ ਕੁਝ ਕਿੱਥੇ ਦਸਿਆ ਹੁੰਦਾ ਹੈ ? ਉਸ ਵਿਚ ਤਾਂ ਹੁੰਦੇ ਹਨ...ਕੁਝ ਆਦਰਸ਼ ਵਾਕ ; ਨਿਰਮਲ ਅਤੇ ਖਰੇ-ਖਰੇ ਸ਼ਬਦ ; ਦੋਸ਼ ਮੁਕਤ ਸੁਪਨੀਲੇ ਯਥਾਰਥ ਦੀ ਖੋਜ ਦੀ ਪ੍ਰਬਲ ਇੱਛਾ। ਭੂਮਿਕਾ---ਵਿਚਲੀ ਮਾਰ-ਧਾੜ, ਹੋਛੇ ਸਵਾਰਥ ਅਤੇ ਗਲਾ-ਕੱਟ ਪ੍ਰਤੀਯੋਗਤਾ ਨੂੰ ਕੱਜਣ ਵਾਲਾ ਚੋਲਾ ਹੀ ਹੁੰਦਾ ਹੈ ਸਿਰਫ਼।²...ਤੇ ਇਹ ਗੱਲ ਬੜੀ ਦੇਰ ਬਾਅਦ ਉਸਦੀ ਸਮਝ ਵਿਚ ਆਈ ਸੀ।
ਕਿਸੇ ਪਾਸੇ ਵੀ ਜੁੜ ਨਹੀਂ ਸਕਿਆ ਸੀ ਉਹ, ਵੇਦਾਂ-ਗਰੰਥਾਂ ਦੀ ਭਾਸ਼ਾ ਬੋਲਦਾ ਰਿਹਾ...ਪਰ ਉਹ ਤਾਂ ਪੂਜਣ ਵਾਸਤੇ ਹੁੰਦੇ ਨੇ ਸਿਰਫ਼ ! ਜੀਵਨ ਉੱਤੇ ਲਾਗੂ ਕਰਨ ਵਾਸਤੇ ਨਹੀਂ। ਕਿਤੇ ਜੁੜਨ ਜਾਂ ਕਿਸੇ ਦੇ ਅੰਦਰ ਵੜ ਜਾਣ ਵਾਸਤੇ ਵੀ ਤਾਂ ਬੜੇ ਜ਼ਰੂਰੀ ਹੋ ਗਏ ਨੇ ਚਲਾਕ ਤੇ ਹਮਲਾਵਰ ਤੇਵਰ, ਅੱਖਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਤੇ ਗਿਰਝ ਵਾਂਗਰ ਝਪਟਾ ਮਾਰ ਕੇ ਖੋਹ ਲੈ ਜਾਣ ਦੀ ਇੱਛਾ...ਤੇ ਇਹੀ ਤੇਵਰ ਤੇ ਇੱਛਾਵਾਂ ਮਾਨਤਾ ਪ੍ਰਾਪਤ ਵੀ ਹਨ, ਅੱਜ ਕੱਲ੍ਹ।
ਹਾਂ, ਅੱਜ ਤੋਂ ਅਜਿਹੇ ਤੇਵਰ ਹੀ ਹੋਣਗੇ ਓਂਕਾਰ ਦੇ। ਸ਼ੁਰੂਆਤ ਲਈ ਨਿੰਮੀ ਠੀਕ ਰਹੇਗੀ। ਨਾਂਹ ਨੁੱਕਰ ਕਰਨ ਦਾ ਕੋਈ ਮੌਕਾ ਹੀ ਨਹੀਂ ਦਏਗਾ ਉਹ।...ਤੇ ਬਾਅਦ ਵਿਚ ਵੀ ਕੋਈ ਖ਼ਤਰਾ ਨਹੀਂ। ਅਪੰਗ, ਸ਼ਰਾਬੀ, ਟੀ.ਬੀ. ਦੇ ਮਰੀਜ਼, ਅੰਦਰੋਂ ਮਰ ਚੁੱਕੇ ਸੁਹਾਗ ਦਾ ਵੀ ਕੋਈ ਆਸਰਾ ਹੁੰਦਾ ਹੈ ?
ਤੇ ਸ਼ਾਇਦ ਇਹੀ ਨਿੰਮੀ ਨੂੰ ਵੀ ਪਸੰਦ ਹੋਏ ! ਏਸੇ ਝਪਟਾਮਾਰ ਸ਼ੈਲੀ ਦੀ ਤਾਂ ਕਮੀ ਹੈ ਉਸ ਵਿਚ। ਅੱਜ ਕੱਲ੍ਹ ਸਾਰੇ ਖੂਬਸੂਰਤ ਸ਼ਬਦਾਂ---ਪ੍ਰੇਮ, ਲਾਡ, ਪ੍ਰੀਤ, ਮੋਹ---ਨੂੰ ਸਮਝਾਉਣ ਦਾ ਇਹੀ ਇਕ ਉਚਿੱਤ ਢੰਗ ਰਹਿ ਗਿਆ ਹੈ। ਕੌਣ ਜਾਣੇ, ਨੇੜਤਾ ਦੀ ਇਹੀ ਸ਼ੈਲੀ ਨਿੰਮੀ ਨੂੰ ਵੀ ਪਸੰਦ ਹੋਏ !
ਉਸਨੇ ਨਿੰਮੀ ਦੇ ਖ਼ਿਆਲਾਂ ਨਾਲ ਆਪਣੇ ਆਪ ਨੂੰ ਉਤੇਜਿਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਫੇਰ---ਸਿਰ ਝਟਕ ਦਿੱਤਾ। ਨਿੰਮੀ ਬਾਰੇ ਜਦੋਂ ਵੀ ਸੋਚਦਾ ਹੈ ਉਹ---ਸਰੀਰ ਦੀ ਹਰ ਰੇਖਾ ਬਾਰੇ ਸੋਚ ਕੇ ਵੀ ਸੋਚ ਨਹੀਂ ਸਕਦਾ। ਹਰ ਵਾਰੀ ਇਕ ਗੋਦ, ਇਕ ਸੁੱਕੜ ਜਿਹਾ ਬੱਚਾ ਤੇ ਸਭ ਉਮੀਦਾਂ ਛੱਡ ਚੁੱਕੀਆਂ ਦੋ ਸਿਥਲ, ਮਜ਼ਬੂਰ ਅੱਖਾਂ---ਮ-ਜ਼-ਬੂ-ਰ ! ਪਰ ਅੱਜ ਉਹ ਇਹ ਸਭ ਨਹੀਂ ਸੋਚੇਗਾ। ਮਜ਼ਬੂਰ ਹੈ, ਤਦੇ ਹੀ ਤਾਂ ਉਸਦਾ ਫਾਇਦਾ ਉਠਇਆ ਜਾ ਸਕਦਾ ਹੈ। ਲੋਕ ਮਜ਼ਬੂਰ ਹੁੰਦੇ ਨੇ ਤਾਂ ਹੀ ਤਾਂ ਕੁਝ ਦਿੰਦੇ ਨੇ...ਤੇ ਲੋਕਾਂ ਦੀਆਂ ਮਜ਼ਬੂਰੀਆਂ ਕਰਕੇ ਹੀ ਕੁਝ ਲੋਕ ਕਾਮਯਾਬ ਹੁੰਦੇ ਨੇ, ਜ਼ਿੰਦਗੀ ਵਿਚ। ਇਹੀ ਜ਼ਮਾਨੇ ਦਾ ਅਸੂਲ ਵੀ ਹੈ---ਮਜ਼ਬੂਰ ਦੀ ਮਦਦ ਕਰੋ, ਤੇ ਬਦਲੇ ਵਿਚ ਦੂੱਗਣਾ ਵਸੂਲੋ।
ਬਸ, ਏਥੇ ਹੀ ਓਂਕਾਰ ਮਾਰ ਖਾ ਜਾਂਦਾ ਰਿਹੈ। ਜਦੋਂ ਵੀ ਉਸਨੇ ਮਦਦ ਦੀ ਕੀਮਤ ਵਸੂਲ ਕਰਨ ਬਾਰੇ ਸੋਚਿਆ, ਅਜੀਬ ਜੰਜ਼ੀਰਾਂ ਵਿਚ ਜਕੜਿਆ ਗਿਆ। ਉਸਦੀ ਭਾਵੁਕਤਾ ਨੇ ਉਸਦੇ ਮਨ ਨੂੰ ਝੰਜੋੜ ਸੁੱÎਟਿਆ ਤੇ ਮਨ ਨੇ ਉਸਨੂੰ ਅਜਿਹਾ ਘੋਰ ਪਾਪ ਕਰਨ ਤੋਂ ਮਨ੍ਹਾਂ ਕਰ ਦਿੱਤਾ, ਹਾਲਾਂਕਿ ਓਂਕਾਰ ਇਹ ਵੀ ਜਾਣਦਾ ਸੀ ਕਿ ਕੱਲ੍ਹ ਜਦੋਂ ਅਜਿਹਾ ਮੌਕਾ ਦੂਜੇ ਨੂੰ ਮਿਲੇਗਾ ਤਾਂ ਉਹ ਇਸਨੂੰ ਚਿਰ-ਸਥਾਈ ਤੇ ਲਾਹੇਵੰਦ ਰੂਪ ਜ਼ਰੂਰ ਦਏਗਾ।...ਤੇ ਉਦੋਂ ਉਸਨੂੰ ਕਿਸੇ ਅਜਨਬੀ ਆਦਮੀ ਵਾਂਗ ਹੀ, ਉਹ ਮਜ਼ਬੂਰ ਅੱਖਾਂ ਵੀ ਭੁਲਾ ਦੇਣਗੀਆਂ। ਇਹ ਵੀ ਜਾਣਦਾ ਹੈ ਉਹ ਕਿ ਉਸਦੀ ਮੰਦਹਾਲੀ ਸਮੇਂ ਲੋਕਾਂ ਨੇ ਹਮੇਸ਼ਾ ਹੀ ਸੂਦਖ਼ੋਰ ਮਹਾਜਨ ਵਾਂਗ ਸਤਾਇਆ ਹੈ ਉਸਨੂੰ। ਪਰ ਫੇਰ ਵੀ, ਚਾਹੁੰਦਾ ਹੋਇਆ ਵੀ, ਓਂਕਾਰ ਇੰਜ ਨਹੀਂ ਕਰ ਸਕੇਗਾ। ਪਰ ਅੱਜ ਉਹ ਆਪਣੀ ਮਨ ਆਈ ਕਰੇਗਾ। ਹੌਲੀ-ਹੌਲੀ ਆਦਤ ਪੈ ਜਾਏਗੀ। ਫੇਰ ਕੋਈ ਤਕਲੀਫ਼ ਨਹੀਂ ਹੋਣੀ।
--- --- ---
ਇਕ ਮੁੰਡਾ ਹੁੰਦਾ ਸੀ। ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। ਸੋਚਦਾ ਸੀ---ਛੋਟੀ ਤੋਂ ਛੋਟੀ ਇਮਾਰਤ ਵੀ ਥੰਮ੍ਹਲਿਆਂ 'ਤੇ ਟਿਕੀ ਹੁੰਦੀ ਹੈ, ਪਰ ਐਡਾ ਵੱਡਾ ਆਸਮਾਨ ਬਿਨਾਂ ਥੰਮ੍ਹਾਂ ਦੇ ਹੈ...ਕਦੀ ਵੀ ਡਿੱਗ ਸਕਦੈ। ਉਸਨੂੰ ਰਾਤ ਨੂੰ ਨੀਂਦ ਨਾ ਆਉਂਦੀ---ਜੇ ਕਿਤੇ ਆਸਮਾਨ ਡਿੱਗ ਪਿਆ ਤਾਂ...? ਲੋਕਾਂ ਤੋਂ ਪੁੱਛਦਾ। ਲੋਕੀ ਹੱਸਦੇ। ਪਾਗਲ ਸਮਝਦੇ ਸਨ ਉਸਨੂੰ। ਉਹ ਹੈਰਾਨ ਹੁੰਦਾ ਸੀ ਕਿ ਏਨੇ ਮਹੱਤਵਪੂਰਨ ਸਵਾਲ ਵੱਲੋਂ ਲੋਕ ਅੱਖਾਂ ਕਿੰਜ ਮੀਟੀ ਬੈਠੇ ਨੇ...
ਪਤਾ ਨਹੀਂ ਕਿਉਂ, ਓਂਕਾਰ ਨੂੰ ਬਚਪਨ ਵਿਚ ਮਾਂ ਦੀ ਸੁਣਾਈ, ਇਹ ਕਹਾਣੀ ਯਾਦ ਆ ਜਾਂਦੀ ਹੈ ?
''ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਹੈ ?'' ਬਚਪਨ ਵਿਚ ਵੀ ਉਹ ਹੈਰਾਨ ਹੋ ਕੇ ਪੁੱਛਦਾ ਹੁੰਦਾ ਸੀ। ਭੈ ਨਾਲ ਕੰਬਣ ਲੱਗ ਪੈਂਦਾ ਸੀ। ਠੀਕ ਤਾਂ ਸੀ, ਬਿਨਾਂ ਥੰਮ੍ਹਾਂ ਦਾ ਆਸਮਾਨ, ਜੇ ਸੱਚਮੁੱਚ ਹੀ ਡਿੱਗ ਪਿਆ ਤਾਂ ? ਓਂਕਾਰ ਨੂੰ ਹੁਣ ਇਹ ਯਕੀਨ ਹੋ ਚੱÎਲਿਆ ਹੈ ਉਸ ਕਹਾਣੀ ਦਾ ਉਹ ਪਾਤਰ ਮੁੰਡਾ, ਕਿਸੇ ਨਾ ਕਿਸੇ ਜਨਮ ਵਿਚ, ਉਹ ਆਪ ਹੀ ਹੋਏਗਾ। ਜਿਸ ਗੱਲ ਬਾਰੇ ਲੋਕ ਸੋਚਦੇ ਤਕ ਨਹੀਂ, ਉਸਦੇ ਭੈ ਨਾਲ ਸੁੱਕਦਾ ਜਾ ਰਿਹਾ ਹੈ ਉਹ।
ਬਚਪਨ ਤੋਂ ਹੀ ਓਂਕਾਰ ਨੂੰ ਲੱਗਦਾ ਰਿਹਾ ਹੈ---ਕਿ ਆਸਮਾਨ ਡਿੱਗੇਗਾ ਜ਼ਰੂਰ, ਕਿਸੇ ਨਾ ਕਿਸੇ ਦਿਨ। ਬਸ, ਸੋਚਣ ਦਾ ਤਰੀਕਾ ਬਦਲ ਗਿਆ। ਸ਼ੁਰੂ ਤੋਂ ਦੇਖਿਆ ਹੈ ਓਂਕਾਰ ਨੇ---ਬੜਾ ਕੁਝ ਉਲਟਾ-ਸਿੱਧਾ ਹੋ ਰਿਹੈ, ਏਸੇ ਆਸਮਾਨ ਹੇਠ। ਕਿਤਾਬਾਂ ਵਿਚ ਲਿਖਿਆ ਹੈ---ਸੱਚ ਬੋਲੋ...ਪਰ ਬੋਲਦਾ ਕੋਈ ਨਹੀਂ। ਪੜ੍ਹਦਾ ਹੁੰਦਾ ਸੀ ਤਾਂ ਇਕ ਜਮਾਤੀ ਖਾਸਾ ਟਿਪ-ਟਾਪ ਹੋ ਕੇ ਸਕੂਲ ਆਉਂਦਾ ਸੀ---ਖੂਬ ਪੈਸੇ ਉਡਾਉਂਦਾ ਸੀ। ਮਾਸਟਰ ਲੋਕ ਵੀ ਦਬਦੇ ਸਨ ਉਸਤੋਂ। ਬੱਚੇ ਕਹਿੰਦੇ ਸਨ, 'ਉਸਦੇ ਪਾਪਾ ਸਮਗਲਰ ਨੇ।' ਉਹਨਾਂ ਨੂੰ ਤਾਂ ਸਮਗਲਰ ਦੇ ਅਰਥ ਵੀ ਨਹੀਂ ਸਨ ਆਉਂਦੇ ਹੁੰਦੇ। ਬਸ, ਵੱਡੀਆਂ ਵੱਡੀਆਂ ਅੱਖਾਂ ਅੱਡ ਕੇ, ਇਕ ਇਕ ਸ਼ਬਦ 'ਤੇ ਜ਼ੋਰ ਦੇਂਦਿਆਂ ਆਖਦੇ 'ਸਮ-ਗ-ਲ-ਰ'। ਬੱÎਚਿਆਂ ਲਈ ਤਾਂ ਬਸ ਟੀਚਰ ਜਾਂ ਫੇਰ ਸਭ ਤੋਂ ਵੱਡੇ ਪਿੰ੍ਰਸੀਪਲ ਸਨ। ਪਰ ਉਸ ਮੁੰਡੇ ਦੇ ਪਾਪਾ ਜਦੋਂ ਸੂਟ-ਬੂਟ ਪਾਈ ਕਾਰ ਵਿਚੋਂ ਉਤਰਦੇ ਤਾਂ ਪਿੰ੍ਰਸੀਪਲ ਸਾਹਬ ਵੀ ਬੜੀ ਇੱਜ਼ਤ ਕਰਦੇ ਸਨ। ਓਂਕਾਰ ਸੀ, ਕਿਤਾਬੀ ਕੀੜਾ---ਪਤਾ ਲਾ ਹੀ ਲਿਆ ਕਿ ਸਮਗਲਰ ਇਕ ਕਿਸਮ ਦਾ ਚੋਰ ਹੈ। ਹੈਰਾਨ-ਪ੍ਰੇਸ਼ਾਨ ਰਹਿ ਗਿਆ ਸੀ ਉਹ ! ਆਖ਼ਰ...ਚੋਰ, ਚੋਰੀ ਕਰਦਾ ਹੈ ਤੇ ਜੇਲ੍ਹਖਾਨੇ ਜਾਂਦਾ ਹੈ।
ਪਰ ਸੁਨੀਲ ਦੇ ਪਾਪਾ ਤਾਂ ਬਿਲਕੁਲ ਬਾਊ-ਸਾਹਬ ਨੇ...ਜਿਵੇਂ ਰਾਜ-ਪੁੱਤਰ ਹੋਣ। ਫੇਰ ਇਹੋ ਜਿਹੇ ਕਿੰਜ ਹੋ ਸਕਦੇ ਨੇ ? ਆਪਣੀ ਏਸ ਪ੍ਰੇਸ਼ਾਨੀ ਨੂੰ ਉਸਨੇ ਮੁੰਡਿਆਂ ਸਾਹਮਣੇ ਖੋਹਲ ਕੇ ਰੱਖ ਦਿੱਤਾ। ਸਮਗਲਰ ਯਾਨੀ ਚੋਰ...ਤੇ ਸੁਨੀਲ ਦੇ ਪਾਪਾ ਸਮਗਲਰ ਹੁੰਦੇ ਹੋਏ ਵੀ ਬਾਊ ਸਾਹਬਾਂ ਵਰਗੇ ਕਿਉਂ ਸਨ ? ਤੇ ਪਿੰ੍ਰਸੀਪਲ ਸਾਹਬ ਉਹਨਾਂ ਦੀ ਇੱਜ਼ਤ ਕਿਉਂ ਕਰਦੇ ਸਨ...? ਉਹਨਾਂ ਨੂੰ ਤਾਂ ਜੇਲ੍ਹ ਭੇਜਣਾ ਚਾਹੀਦਾ ਹੈ---ਗੋਬਰ ਦੀ ਰੋਟੀ ਖਾਣ ਵਾਸਤੇ। ਗੱਲ ਉਸ ਮੁੰਡੇ ਕੋਲ ਪਹੁੰਚ ਗਈ। ਉਸਨੇ ਕੱਸ ਕੇ ਓਂਕਾਰ ਦੇ ਨੱਕ ਉੱਤੇ ਮੁੱਕਾ ਮਾਰਿਆ। ਲਹੂ ਦੀ ਧਾਰ ਪੈਣ ਲੱਗ ਪਈ। ਸਾਰੇ ਮੁੰਡੇ ਚੁੱਪਚਾਪ ਖੜ੍ਹੇ ਦੇਖਦੇ ਰਹੇ...ਸਮਗਲਰ ਬੱਚਾ ਉਹਨਾਂ ਨੂੰ ਖਵਾਂਦਾ ਜੋ ਸੀ। ਤੇ ਜਦੋਂ ਗੱਲ ਪਿੰ੍ਰਸੀਪਲ ਸਾਹਬ ਕੋਲ ਪਹੁੰਚੀ ਤਾਂ ਉਹਨਾਂ ਵੀ ਓਂਕਾਰ ਨੂੰ ਖੂਬ ਕੁਟਾਪਾ ਚਾੜ੍ਹਿਆ---ਪਿੱਠ ਉੱਤੇ ਨਿਸ਼ਾਨ ਪੈ ਗਏ ਸਨ, ਬੈਂਤ ਦੀ ਮਾਰ ਦੇ। ਉਦੋਂ ਤੋਂ ਓਂਕਾਰ ਦਾ ਯਕੀਨ ਪੱਕਾ ਹੋ ਗਿਆ ਸੀ ਕਿ ਜੇ ਇੰਜ ਹੀ ਉਲਟਾ ਸਿੱਧਾ ਹੁੰਦਾ ਰਿਹਾ ਤਾਂ ਆਸਮਾਨ ਜ਼ਰੂਰ ਡਿੱਗੇਗਾ...ਹਰ ਸਾਫ ਸੁਥਰੇ, ਵੱਡੇ ਅਹੁਦੇ ਵਾਲੇ ਆਦਮੀ ਤੋਂ ਭੈਭੀਤ ਰਹਿਣ ਲੱਗ ਪਿਆ ਸੀ ਉਹ। ਹੌਲੀ ਹੌਲੀ ਉਹ ਭੈ, ਨਫ਼ਰਤ ਵਿਚ ਬਦਲ ਗਿਆ।
ਮਨ ਖੱਟਾ ਪੈ ਗਿਆ ਸੀ ਓਂਕਾਰ ਦਾ। ਹਰੇਕ ਵਾਰੀ ਸਵਾਲ ਉਠਾਉਣ ਦਾ ਠੇਕਾ, ਉਸਨੇ ਕਿਉਂ ਲਿਆ ਹੋਇਆ ਹੈ ਆਖ਼ਰ ? ਜਿਉਂ ਜਿਉਂ ਵੱਡਾ ਹੁੰਦਾ ਗਿਆ, ਤਿਉਂ ਤਿਉਂ ਦੁਨੀਆਂ-ਜਹਾਨ ਦੀਆਂ ਸਮੱÎਸਿਆਵਾਂ ਵਿਚ ਉਲਝਦਾ ਗਿਆ---ਕਿਸੇ ਨੂੰ ਕੋਈ ਤਕਲੀਫ਼ ਹੋਏ, ਓਂਕਾਰ ਨੂੰ ਦੱÎਸੋ। ਹੁਣ ਉਹ ਪਹਿਲਾਂ ਓਂਕਾਰ ਦੀ ਤਕਲੀਫ਼ ਹੈ, ਪਿੱÎਛੋਂ ਕਿਸੇ ਹੋਰ ਦੀ। ਜ਼ਰਾ ਜਿੰਨਾਂ ਮੋਹ, ਜ਼ਰਾ ਜਿੰਨੀ ਅਪਣੱਤ ਦਿਖਾਈ ਕਿਸੇ ਨੇ, ਤਾਂ ਪਿਘਲ ਗਿਆ ਓਂਕਾਰ। ਜਾਨ ਲੜਾ ਦਿੱਤੀ ਉਸ ਪਿੱਛੇ।...ਤੇ ਜਦੋਂ ਕੰਮ ਨਿਕਲ ਜਾਂਦਾ, ਫੇਰ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਜਾਂਦੇ। ਓਂਕਾਰ, ਕਿਸੇ ਵਾਧੂ, ਬੇਕਾਰ ਤੇ ਯਤੀਮ ਬੰਦੇ ਵਾਂਗ ਹੀ, ਪਾਸੇ ਖੜ੍ਹਾ ਦੇਖਦਾ ਰਹਿ ਜਾਂਦਾ...
ਪਿਤਾ ਉਸਦੇ ਬਚਪਨ ਵਿਚ ਹੀ ਮਰ ਗਏ ਸਨ। ਪੜ੍ਹਨ ਦਾ ਸ਼ੌਕ ਪਾਗਲਪਨ ਦੀ ਹੱਦ ਤਕ ਸੀ। ਮੈਟ੍ਰਿਕ ਤਕ ਤਾਂ ਕਿਵੇਂ ਨਾ ਕਿਵੇਂ ਗੱਡੀ ਰਿੜ੍ਹਦੀ ਰਹੀ। ਫੇਰ ਵਾਰੀ ਵਾਰੀ ਦੋਏ ਭਰਾਵਾਂ ਨੇ ਹੱਥ ਖਿੱਚ ਲਏ। ਟਿਊਸ਼ਨਾਂ ਦੇ ਸਹਾਰੇ ਘਿਸਟਦਾ ਰਿਹਾ ਓਂਕਾਰ।...ਤੇ ਭਰਾ ਉਸਦੀ ਨਾਲਾਇਕੀ ਦੇ ਨਸ਼ਤਰ ਮਾਂ ਨੂੰ ਚੋਭਦੇ ਰਹੇ। ਫੇਰ ਹੌਲੀ ਹੌਲੀ ਉਹਨਾਂ ਨੂੰ ਮਾਂ ਦੀ ਜ਼ੁੰਮੇਵਾਰੀ ਫਾਇਦੇ ਦਾ ਸੌਦਾ ਦਿਸਣ ਲੱਗੀ। ਪੈਦਾ ਹੋ ਰਹੇ ਬੱÎਚਿਆਂ ਲਈ ਸਸਤੀ ਤੇ ਮਮਤਾਮਈ ਨੌਕਰਾਣੀ, ਅੱਜ ਕੱਲ੍ਹ ਮਿਲਦੀ ਕਿੱਥੇ ਹੈ ? ਨਾਲੇ ਲੋਕਾਚਾਰ ਵੀ ਨਿਭ ਜਾਂਦਾ। 'ਸੀਜ਼ਨ' ਦੇ ਹਿਸਾਬ ਨਾਲ ਦੋ-ਤਿੰਨ ਮਹੀਨੇ ਇਕ ਭਰਾ ਮਾਂ ਨੂੰ ਸੱਦ ਲਿਜਾਂਦਾ। ਟਾਈਮ ਲੰਘ ਜਾਣ ਪਿੱਛੋਂ ਆਪਣੀ ਉੱਜਡ ਪਰ ਚਲਾਕ ਘਰਵਾਲੀ ਨਾਲ ਰਲ ਕੇ ਮਾਂ ਨੂੰ ਪਿੰਡ ਭੇਜ ਦੇਂਦਾ। ਬੁੱਢੀ ਮਾਂ ਕਿਵੇਂ ਨਾ ਕਿਵੇਂ ਦਿਨ ਬਿਤਾ ਰਹੀ ਹੁੰਦੀ, ਤਾਂ ਦੂਜੇ ਦੀ 'ਟਰਨ' ਆ ਜਾਂਦੀ। ਹਾਂ, ਇਸ ਗੱਲ ਪੱਖੋਂ ਉਹਨਾਂ ਦੀਆਂ ਪਤਨੀਆਂ ਹਮੇਸ਼ਾ ਸੁਚੇਤ ਰਹਿੰਦੀਆਂ ਸਨ ਕਿ ਕਿਵੇਂ ਨਾ ਕਿਵੇਂ ਮਾਂ ਨੂੰ ਅਹਿਸਾਸ ਕਰਵਾਇਆ ਜਾਏ ਕਿ ਓਂਕਾਰ ਦੀ ਨਾਲਾਇਕੀ ਸਦਕਾ ਸਾਰਾ ਭਾਰ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ।
--- --- ---
ਓਂਕਾਰ ਦੀ ਲੜਨ ਦੀ ਆਦਤ ਨਾ ਗਈ। ਉਸ ਪਿੱਛੋਂ ਲੜਾਈਆਂ, ਅੰਦੋਲਨਾ ਦਾ ਅਜਿਹਾ ਸਿਲਸਿਲ ਸ਼ੁਰੂ ਹੋਇਆ ਕਿ ਸਾਹ ਲੈ ਕੇ ਪਿੱਛੇ ਦੇਖਿਆ ਤਾਂ ਆਪਣਾ ਨਾਂ ਓਹਨਾਂ ਅੱਤ-ਖ਼ਤਰਨਾਕ ਅਪਰਾਧੀਆਂ ਦੀ ਸੂਚੀ ਵਿਚ ਦਿਸਿਆ ਓਂਕਾਰ ਨੂੰ, ਜਿਹੜੇ ਹਨੇਰੇ ਦੇ ਸਾਮਰਾਜ ਵਿਚ ਇਕ ਮੁੱਠੀ ਸੂਰਜ ਦੀ ਗੱਲ ਸੋਚਦੇ ਹਨ। ਇਹ ਇੰਜ ਕਿੰਜ ਹੋ ਗਿਆ---ਓਂਕਾਰ ਨੇ ਜਦ ਕਰਾਂਤੀ ਬਾਰੇ ਸੋਚਿਆ ਸੀ ਤਾਂ ਪੂਰੀ ਤਰ੍ਹਾਂ ਜਿਊਣ ਲੱਗ ਪਿਆ ਸੀ ਉਸੇ ਲਈ। ਉਸਦਾ ਉਠਣਾ, ਬੈਠਣਾ, ਜਾਗਣਾ ਸੌਣਾ ਸਭ ਕੁਝ ਹੀ ਸਮਰਪਿਤ ਹੋ ਗਿਆ ਸੀ ਉਸ ਕਾਰਜ ਲਈ ਤੇ 'ਮੈਂ' ਤਾਂ ਕਿਤੇ ਰਹੀ ਹੀ ਨਹੀਂ ਸੀ। ਪਰ ਸਾਹ ਲੈ ਕੇ ਜਦ ਚਾਰੇ ਪਾਸੇ ਦੇਖਿਆ---ਤਾਂ ਕੀ ਦੇਖਿਆ---ਕਿ ਲੋਕਾਂ ਨੇ ਇਨਕਲਾਬ ਲਈ ਵੀ ਟਾਈਮ ਟੇਬਲ ਨਿਸ਼ਚਿਤ ਕੀਤਾ ਹੋਇਆ ਸੀ।
ਉਹਨੀਂ ਦਿਨੀ ਇਕ ਸੀਨੀਅਰ ਵਰਕਰ ਨੇ, ਜਿਹੜੀ ਰੈਵੋਲਿਊਸ਼ਨ ਦੀ ਚੈਨਲ ਤੋਂ ਰੋਮਾਂਸ ਭਿੜਾਅ ਰਹੀ ਸੀ, ਉਸਦੇ ਨਾਂ ਦੇ ਕੁਢੱਬੇਪਨ ਤੇ ਬੁਰਜੂਆਈ ਹੋਣ ਦਾ ਕਿੰਨਾਂ ਮਖ਼ੌਲ ਉਡਾਇਆ ਸੀ ?...ਠੀਕ ਹੀ ਤਾਂ ਕਿਹਾ ਸੀ ਉਸਨੇ। ਓਂਕਾਰ ਨੂੰ ਲੱਗਦਾ ਹੈ---ਸਾਜਿਸ਼, ਜਨਮਾਂ-ਜਨਮਾਂ ਤੋਂ ਉਸਦੇ ਖਿਲਾਫ਼ ਹੁੰਦੀ ਰਹੀ ਹੈ। ਆਖ਼ਰ ਨਾਂ ਉੱਤੇ ਕੀ ਜ਼ੋਰ ਸੀ ਉਸਦਾ ? ਕਿੱਡਾ ਬੋਦਾ ਜਿਹਾ ਨਾਂ ਚੁਣ ਕੇ ਰੱÎਖਿਆ ਹੋਇਆ ਸੀ ਉਸਦੇ ਹਿੱਸੇ ਵਿਚ ?...ਤੇ ਲੋਕ ਤਾਂ ਪਾਰਟੀ ਨੂੰ ਖਾਂਦੇ ਰਹੇ ਤੇ ਪਾਰਟੀ ਉਸਦਾ ਮਾਸ ਚੂੰਡਦੀ ਰਹੀ। ਫੇਰ ਓਂਕਾਰ ਨੂੰ ਲੱÎਗਿਆ---ਹੁਣ ਚੂੰਡਵਾਉਣ ਲਈ ਮਾਸ ਨਹੀਂ ਰਿਹਾ, ਤਾਂ ਉਸਨੇ ਨੌਕਰੀ ਲਈ ਭੱਜ-ਨੱਸ ਸ਼ੁਰੂ ਕਰ ਦਿੱਤੀ। ਮਾਂ ਦੀਆਂ ਸੁੰਨੀਆਂ ਅੱਖਾਂ ਦੇ ਸੁੱਕੇ ਅੱਥਰੂ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਏ ਸਨ।
ਆਖ਼ਰ ਮਾਂ ਅੱਜ ਹੀ ਕਿਉਂ ਯਾਦ ਆ ਰਹੀ ਹੈ ?...ਮਾਂ ਦੀ ਕਹਾਣੀ...? ਤੇ ਲੋਕੀ ਹੱਸਦੇ। ਕਿੱਡਾ ਮੂਰਖ ਮੁੰਡਾ ਏ ਉਹ ? ਆਸਮਾਨ ਵੀ ਕਦੀ ਡਿੱਗ ਸਕਦਾ ਏ ਭਲਾਂ ? ਉਦੋਂ ਮੁੰਡੇ ਦੀ ਮੁਲਾਕਾਤ ਇਕ ਸੰਤ ਨਾਲ ਹੋਈ। ਉਹਨਾਂ ਕਿਹਾ, ''ਮੈਂ ਤੇਰੇ ਸਵਾਲ ਦਾ ਜਵਾਬ ਦਿਆਂਗਾ, ਬੱਚਾ। ਪਹਿਲਾਂ ਸਾਰੇ ਪਿੰਡ ਵਿਚੋਂ ਗਜਾ ਕਰਕੇ ਲਿਆ---ਪਰ ਤਰੀਕਾ ਇਹ ਹੋਵੇਗਾ ਕਿ ਜਿਸ ਤੋਂ ਵੀ ਭਿਖਿਆ ਮੰਗੇਂ, ਪਹਿਲਾਂ ਉਸਨੂੰ ਖ਼ੂਬ ਗਾਲ੍ਹਾਂ ਕੱਢੀਂ।''
ਮੁੰਡਾ ਘਰਾਂ ਦੇ ਸਾਹਮਣੇ ਰੁਕਦਾ, ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦੇਂਦਾ---ਫੇਰ ਭਿਖਿਆ ਮੰਗਦਾ। ਪ੍ਰਤੱਖ ਸੀ, ਭਿਖਿਆ ਕੀ ਮਿਲਦੀ...! ਲੋਕ ਗ਼ਲ ਪੈ ਜਾਂਦੇ, ਮੁੰਡਾ ਨੱਸ ਤੁਰਦਾ। ਬੜਾ ਪ੍ਰੇਸ਼ਾਨ ਸੀ ਉਹ---ਅਜੀਬ ਸਨਕੀ ਸੰਤ ਏ, ਕੈਸਾ ਤਰੀਕਾ ਦੱÎਸਿਆ ਜੇ !...
ਤੇ ਅਜੀਬ ਸੀ ਮਾਂ ਵੀ। ਐਨੀ ਸਿਧਾਂਤਕ-ਫਿਲਾਸਫੀ ਪੜ੍ਹ ਕੇ ਵੀ ਕਨਫਿਊਜ਼ਡ ਹੈ ਓਂਕਾਰ...ਪਰ ਮਾਂ...ਕਿੰਨੀ ਨਿਹਚਾ, ਕਿੰਨਾਂ ਵਿਸ਼ਵਾਸ ਸੀ ਉਸਨੂੰ ਭਗਵਾਨ ਵਿਚ---ਉਸਦੀ ਦੁਨੀਆਂ ਵਿਚ ; ਅੱਛਾਈ ਵਿਚ ; ਆਪਣੇ ਆਪ ਵਿਚ। ਕਿਸੇ ਪ੍ਰਮਾਣ ਦੀ ਲੋੜ ਨਹੀਂ ਸੀ ਉਸਨੂੰ...
''ਮੈਂ ਜਾਂਦੇ-ਆਉਂਦੇ ਰਾਹੀਆਂ ਨੂੰ ਰੋਟੀ ਖੁਆਵਾਂਗੀ, ਪਾਣੀ ਪਿਲਾਵਾਂਗੀ ਤਾਂ ਸਾਰੀ ਖ਼ੁਦਾਈ ਵਿਚ ਮੇਰੇ ਬੱÎਚਿਆਂ ਨੂੰ ਮਦਦ ਮਿਲੇਗੀ।''
ਪਰ ਕਿੱਥੇ ਮਿਲੀ ਹੈ ਮਦਦ ਕਦੇ ਓਂਕਾਰ ਨੂੰ ? ਹਰ ਚੀਜ਼ ਲਈ ਦਸ ਗੁਣਾ ਜੂਝਣਾ-ਜੁਟਣਾ ਪਿਆ ਹੈ। ਮਾਂ ਲਈ ਤਾਂ ਆਲ੍ਹਣੇ ਵਿਚੋਂ ਡਿੱਗੇ ਚਿੜੀ ਦੇ ਬੋਟ ਨੂੰ, ਸਾਰਾ ਦਿਨ ਪੂਰੇ ਮਨੋਵੇਗ ਨਾਲ ਦਾਣਾ-ਪਾਣੀ ਖੁਆ ਕੇ ਉੱਡਣ ਯੋਗ ਕਰਨਾ ਵੀ ਬੜੀ ਵੱਡੀ ਸਮੱÎਸਿਆ ਹੁੰਦੀ ਸੀ। ਪਰ ਲੋਕ...ਘਰ ਦੇ ਹੀ ਲੋਕ...
ਤੇ ਜਦੋਂ ਓਂਕਾਰ ਨੂੰ ਨੌਕਰੀ ਮਿਲੀ ਸੀ, ਭਰਾ ਆਪਣੇ ਬੇ-ਸਊਰੇ ਟੱਬਰਾਂ ਦੀ ਕਿਰਪਾ ਨਾਲ ਨੰਗ ਹੋ ਗਏ ਸਨ। ਉਹਨਾਂ ਪਿਆਰ ਤੇ ਬਲੀਦਾਨ ਦੇ ਲੰਮੇ ਚੌੜੇ ਭਾਸ਼ਨ ਦੇਂਦਿਆਂ, ਖਾਂਦੇ ਪੀਂਦੇ ਪਰਿਵਾਰ ਵਿਚੋਂ ਛੇਕ ਦਿੱਤੇ ਗਏ ਓਂਕਾਰ ਨੂੰ ਭਰਾਤਰੀ ਭਾਵ ਸਮਝਾਇਆ ਤੇ ਆਪਣੀਆਂ ਲੋੜਾ-ਥੁੜਾਂ ਦਾ ਸਾਂਝੀਦਾਰ ਬਣਾ ਲਿਆ।
ਉਸਨੇ ਕੁਝ ਨਹੀਂ ਕਿਹਾ---ਭਾਸ਼ਣ ਦੇ ਵੀ ਕਦੋਂ ਸਕਦਾ ਸੀ ਉਹ---ਬਸ, ਕਮਾਈ ਉਹਨਾਂ ਦੀਆਂ ਜ਼ਰੂਰਤਾਂ ਦੇ ਅਥਾਹ ਡੂੰਘੇ ਖੂਹਾਂ ਵਿਚ ਸੁੱਟਣ ਲੱਗਾ। ਪਰ ਉਹ ਖੂਹ ਕਦੇ ਨਹੀ ਭਰ ਸਕੇ। ਪਛੜਦਾ ਗਿਆ ਓਂਕਾਰ---ਉਮਰ ਉਸਨੂੰ ਧੋਖਾ ਦੇਂਦੀ ਰਹੀ...
ਤੇ ਫੇਰ ਇਕ ਦਿਨ ਮਾਂ ਮਰ ਗਈ। ਦਰਦਨਾਕ ਨਹੀਂ ਸੀ ਮਾਂ ਦੀ ਮੌਤ। ਹੋ ਵੀ ਕਿਵੇਂ ਸਕਦੀ ਸੀ...ਉਹ ਆਪਣੇ 'ਘਰ' ਹੀ ਮਰੀ ਸੀ। ਉਹ, ਹਮੇਸ਼ਾ ਸਵਾਗਤ ਲਈ ਖੁੱਲ੍ਹਾ ਰਹਿਣ ਵਾਲਾ ਬੂਹਾ, ਹਰ ਵੇਲੇ ਬਲਦਾ ਚੁੱਲ੍ਹਾ, ਤੁਲਸੀ ਦਾ ਬੂਟਾ, ਚਮਚਮ ਕਰਦੀ ਤਾਂਬੇ ਦੀ ਬਲਟੋਈ ਵਿਚ ਨਿਰਮਲ ਪਹਾੜੀ ਝਰਨੇ ਦਾ ਜਲ, ਉਹ ਥੋੜ੍ਹਾ-ਜਿਹਾ ਕਣਕ ਤੇ ਚੌਲਾਂ ਦਾ ਮਿੱਸਾ ਆਟਾ---ਏਸ ਸਾਦੇ-ਜਿਹੇ ਕੈਨਵਸ ਉੱਤੇ ਮਾਂ ਦੀ ਮੌਤ ਜਿਵੇਂ ਚਿੱਤਰਕਾਰ ਦੀ ਅੰਤਮ, ਮਹਾਨ ਪ੍ਰਾਪਤੀ ਸੀ...ਬਸ, ਬੁਰਸ਼ ਦਾ ਆਖ਼ਰੀ 'ਫਿਨਿਸਿੰਗ-ਟੱਚ', ਜਿਸ ਵਿਚ ਮਾਂ ਨੂੰ ਜ਼ਮੀਨ ਦੇ ਮੁਕਾਬਲੇ ਜ਼ਰਾ ਕੁ ਗੂੜ੍ਹਾ ਰੰਗ ਦੇ ਦਿੱਤਾ ਗਿਆ ਸੀ---ਜਿਵੇਂ ਆਰਤੀ ਸਮਾਪਤ ਹੋ ਜਾਣ ਪਿੱਛੋਂ, ਕਿਸੇ ਪਹਾੜੀ ਉੱਤੇ ਬਣੇ, ਮੰਦਰ ਦੀਆਂ ਘੰਟੀਆਂ ਦੀ ਗੂੰਜ ਅਜੇ ਬਾਕੀ ਹੋਵੇ...। ਐਨੀ ਸ਼ਾਂਤ, ਐਨੀ ਨਿਰਮਲ ਅਤੇ ਐਨੀ ਹੀ ਭਰਪੂਰ ਸੀ ਮੌਤ...
ਨਹੀਂ, ਏਨੀ ਚੁੱਪ ਭਰੀ ਨਹੀਂ ਸੀ ਮਾਂ ਦੀ ਮੌਤ ; ਪਰ ਓਂਕਾਰ ਦੀ ਜ਼ਿੰਦਗੀ ਦਾ ਤਾਂ ਇਕਲੌਤਾ ਚਾਨਣ-ਦਾਇਰਾ ਵੀ ਖੁੱਸ ਗਿਆ ਸੀ। ਮਨੁੱਖਤਾ ਤੇ ਰੌਸ਼ਨੀ ਵਿਚ ਯਕੀਨ ਕਰਵਾਉਣ ਵਾਲਾ ਕੋਈ ਵੀ ਤਾਂ ਨਹੀਂ ਸੀ ਰਿਹਾ। ਮਾਂ ਦੀ ਕਹਾਣੀ ਅੱਗੇ ਵਧਦੀ ਹੈ---ਉਹ ਮੁੰਡਾ ਗਾਲ੍ਹਾਂ ਕੱਢਦਾ ਤੇ ਭਿਖਿਆ ਮੰਗਦਾ ਰਿਹਾ। ਲੋਕ ਉਸਨੂੰ ਕੁੱਟਦੇ-ਮਾਰਦੇ ਰਹੇ...ਤੇ ਇਕ ਦਿਨ ਜਦੋਂ ਇਕ ਘਰ ਦੇ ਸਾਹਮਣੇ ਗਾਲ੍ਹਾਂ ਕੱਢ ਕੇ, ਮਾਰ ਪੈਣ ਤੋਂ ਡਰਦਾ, ਜਿਵੇਂ ਹੀ ਉਹ ਭੱਜਣ ਲੱਗਾ---ਘਰ ਦੀ ਮਾਲਕਣ ਹੱਥ ਵਿਚ ਭਿਖਿਆ ਲੈ ਕੇ ਬਾਹਰ ਆਈ। ਮੁੰਡਾ ਬਸ ਦੇਖਦਾ ਹੀ ਰਹਿ ਗਿਆ। ਮੁਸਕਰਾਉਂਦੀ ਹੋਈ ਉਹ ਬੋਲੀ, ''ਜ਼ਰਾ ਦੇਰ ਹੋ ਗਈ ਏ ਬੇਟਾ, ਖਾਸਾ ਭੁੱਖਾ ਤੇ ਥੱÎਕਿਆ ਹੋਇਆ ਜਾਪਦਾ ਏਂ, ਗਾਲ੍ਹਾਂ ਤੇ ਦਏਂਗਾ ਹੀ। ਲੈ ਨਾਸ਼ਤਾ ਕਰ, ਤੇ ਥੋੜ੍ਹਾ ਆਰਾਮ ਕਰ ਲੈ।'' ਮੁੰਡਾ ਦੇਖਦਾ ਰਹਿ ਗਿਆ ਕਿ...ਇਹ ਸੱਚ ਸੀ, ਕਿ ਸੁਪਨਾ ! ਕੁਝ ਸਮਝ ਵਿਚ ਨਾ ਆਇਆ ਤਾਂ ਪੈਰਾਂ 'ਤੇ ਡਿੱਗ ਪਿਆ ; ਰੋਣ ਲੱਗਾ ਉੱਚੀ ਉੱਚੀ। ਘਰ ਦੀ ਮਾਲਕਣ ਆਪਣੀਆਂ ਉਂਗਲਾਂ ਦੇ ਪੋਰਾਂ ਨਾਲ ਉਸਦੇ ਸਿਰ ਵਿਚ ਮਮਤਾ ਸਿੰਜਦੀ ਰਹੀ।
ਮਾਂ ਬਾਰੇ ਸੋਚ ਕੇ ਦਿਲ ਕਿਵੇਂ ਕਿਵੇਂ ਹੋਣ ਲੱਗ ਪੈਂਦਾ ਸੀ ਓਂਕਾਰ ਦਾ ! ਪਰ ਅੱਜ ਮਾਂ ਨਹੀਂ, ਸਿਰਫ ਨਿੰਮੀ...ਤੇ ਇਹ ਚੰਦਾ ਕਿਉਂ ਯਾਦ ਆਉਣ ਲੱਗ ਪਈ ਹੈ ਉਸਨੂੰ ?
ਸਿਰ ਨੂੰ ਝਟਕਾ ਦਿੱਤਾ ਗੁੱਸੇ ਨਾਲ ਓਂਕਾਰ ਨੇ। ਚਲੋ, ਮੁੰਡੇ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਸਨ-ਪਰ ਮੋਹ-ਮਮਤਾ ਮਿਲ ਜਾਣ ਪਿੱਛੋਂ ਤਾਂ ਸ਼ਰਮਿੰਦਗੀ ਮਹਿਸੂਸ ਕੀਤੀ ਸੀ ਉਸਨੇ, ਤੇ ਮਾਲਕਣ ਦੇ ਪੈਰਾਂ ਉੱਤੇ ਡਿੱਗ ਕੇ ਰੋਇਆ ਵੀ ਸੀ, ਪਰ ਇਹ ਚੰਦਾ...ਮਾਂ ਦੀ ਮੌਤ ਤੋਂ ਬਾਅਦ ਚੰਦਾ ਨਾਲ ਉਸਦਾ ਵਿਆਹ ਵੀ ਕਈ ਹਾਦਸਿਆਂ ਵਿਚੋਂ ਇਕ ਹਾਦਸਾ ਹੀ ਸੀ। ਜਿਸਦੇ ਜ਼ਖ਼ਮ ਲਗਾਤਾਰ ਰਿਸ ਰਹੇ ਨੇ ਤੇ ਉਮਰ ਭਰ ਰਿਸਦੇ ਹੀ ਰਹਿਣਗੇ।
ਆਪਣੇ ਆਪ ਨੂੰ ਖਾਸਾ ਮਜ਼ਬੂਤ ਤੇ ਅਕਲਮੰਦ ਸਮਝਦਾ ਹੁੰਦਾ ਸੀ ਓਂਕਾਰ। ਜਦੋਂ ਚੰਦਾ ਨੂੰ ਪਹਿਲੀ ਵਾਰੀ ਦੱÎਸਿਆ ਕਿ ਨਾ ਤਾਂ ਉਸਨੂੰ ਜਾਨਵਰਾਂ ਵਾਂਗ ਕੁੱਟ-ਮਾਰ ਕਰਨੀ ਚੰਗੀ ਲੱਗਦੀ ਹੈ ਤੇ ਨਾ ਹੀ ਰੋ-ਪਿੱਟ ਕੇ, ਅੱਥਰੂ ਵਹਾ ਕੇ, ਗਲਤ ਗੱਲ ਨੂੰ ਮੰਨਵਾ ਲੈਣ ਦੀ ਆਦਤ ਪਸੰਦ ਹੈ...ਉਹ ਬਰਾਬਰੀ ਪਸੰਦ ਇਨਸਾਨ ਹੈ। ਕਿਸੇ ਕਿਸਮ ਦੀ ਵੀ 'ਇਮੋਸ਼ਨਲ-ਬਲੈਕ-ਮੇਲਿੰਗ' ਬਰਦਾਸ਼ਤ ਨਹੀਂ ਕਰ ਸਕਦਾ।...ਤੇ ਹਾਂ, ਉਹ ਵੱਡੀ ਤੋਂ ਵੱਡੀ ਗਲਤੀ ਵੀ ਮੁਆਫ਼ ਕਰ ਸਕਦਾ ਹੈ, ਜੇ ਉਹ ਦੁਹਰਾਈ ਨਾ ਜਾਵੇ।...ਤੇ ਦੁਹਰਾਏ ਜਾਣ ਉੱਤੇ ਉਹ ਕੁੱਟਮਾਰ ਜਾਂ ਕਿਸੇ ਹੋਰ ਕਿਸਮ ਦਾ ਵਹਿਸ਼ੀਪੁਣਾ ਨਹੀਂ ਦਿਖਾਏਗਾ, ਉਸ ਤੋਂ ਵੀ ਵੱਡੀ ਸਜ਼ਾ ਦਏਗਾ---ਖ਼ੁਦ ਆਪਣੇ ਆਪ ਨੂੰ ਵੀ---ਅਜਿਹੀਆਂ ਹਾਲਤਾਂ ਵਿਚ ਉਹ ਕਿਸੇ ਕਿਸਮ ਦੇ ਰਿਸ਼ਤੇ ਨੂੰ ਵੀ ਤੋੜ ਦੇਣਾ ਚੰਗਾ ਸਮਝੇਗਾ।
ਤੇ ਸ਼ਾਇਦ ਉਸਨੂੰ ਉਸਤੋਂ ਵੀ ਵੱਧ ਚੰਗੀ ਤਰ੍ਹਾਂ ਸਮਝ ਗਈ ਸੀ ਚੰਦਾ। ਤਦ ਹੀ ਤਾਂ ਗੱਲਬਾਤ ਦੇ ਦੂਜੇ ਤਰੀਕੇ ਨਾਲ ਓਂਕਾਰ ਦੀ ਜ਼ਿੰਦਗੀ ਵਿਚ ਸ਼ਰੀਕ ਹੋਣ ਤੋਂ ਪਹਿਲਾਂ ਹੀ ਉਸਨੇ, ਡਾਇਲਾਗਾਂ ਤੇ ਸਿਸਕੀਆਂ ਨੂੰ ਬਿਲਕੁਲ ਸਹੀ ਅਨੁਪਾਤ ਵਿਚ ਮਿਲਾ ਕੇ, ਆਪਣੇ ਪੁਰਾਣੇ ਸਬੰਧਾਂ ਤੇ ਮਜ਼ਬੂਰੀਆਂ ਨੂੰ ਬਿਆਨ ਕੀਤਾ ਸੀ। ਬਿਲਕੁਲ ਸਤੀ-ਸਾਵਿੱਤਰੀ ਬਣ ਕੇ ਕਿਹਾ ਸੀ ਕਿ ਉਹ ਦੇਵਤਾ ਹੈ ਤੇ ਉਸਦੇ ਚਰਨਾਂ ਨੂੰ ਛੱਡਣ ਦਾ ਕਤਈ ਕੋਈ ਇਰਾਦਾ ਨਹੀਂ ਉਸਦਾ। ਕੀ ਪਤਾ ਸੀ ਓਂਕਾਰ ਨੂੰ ਕਿ ਦੇਵਤਾ ਬਣਾ ਕੇ, ਚਰਨ ਫੜ੍ਹ ਕੇ, ਚੰਦਾ ਉਸਨੂੰ ਹਵਾ ਵਿਚ ਉਛਾਲ ਦਏਗੀ ਤਾਕਿ ਰੜੀ ਧਰਤੀ ਉੱਤੇ ਆਪਣੀ ਮਨਭਾਉਂਦੇ ਦੇ ਸਬੰਧ ਕਾਇਮ ਰੱਖ ਸਕੇ ! ਉਹ ਦੇਵਤਾ ਨਹੀਂ ਹੈ, ਚੰਗੀ ਤਰ੍ਹਾਂ ਜਾਣਦੀ ਸੀ ਉਹ। ਜਿਹੜਾ ਆਦਮੀ ਹਮਲਾਵਰ ਵਾਂਗ ਆਪਣੇ ਹਿੱਸੇ ਦੀਆਂ ਬੋਟੀਆਂ ਉੱਤੇ ਟੁੱਟ ਕੇ ਨਹੀਂ ਪੈਂਦਾ, ਜਿਹੜਾ ਆਪਣਾ ਹਿੱਸਾ ਨਹੀਂ ਮੰਗਦਾ---ਸਿਰਫ ਦੂਜਿਆਂ ਦੇ ਹੱਕਾ ਬਾਰੇ ਸੋਚਦਾ ਰਹਿੰਦਾ ਹੈ---ਉਹ ਦੇਵਤਾ ਹੀ ਤਾਂ ਹੁੰਦਾ ਹੈ ; ਉਸਤੋਂ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ, ਉਹ ਵਹਿਸ਼ੀਪੁਣਾ ਕਰ ਹੀ ਨਹੀਂ ਸਕਦਾ...।
ਤੇ ਚੰਦਾ ਦੇ ਪੁਰਾਣੇ ਸਬੰਧ ਜਿਵੇਂ ਦੀ ਤਿਵੇਂ ਹੀ ਰਹੇ। ਜਾਣਦੀ ਹੀ ਸੀ ਉਹ ਕਿ ਉਹ ਮੁਆਫ਼ ਕਰ ਦਏਗਾ...ਉਹ ਓਂਕਾਰ, ਜੋ ਦੇਵਤਾ ਹੈ।
ਮੁੰਡਾ ਭਿਖਿਆ ਲੈ ਕੇ ਸਾਧੂ ਬਾਬੇ ਕੋਲ ਪਰਤ ਆਇਆ। ਬਾਬੇ ਬੋਲੇ, ''ਬਈ ਐਨੀਆਂ ਗਾਲ੍ਹਾਂ ਸਹਿ ਕੇ ਭਿਖਿਆ ਦੇਣ ਤੇ ਪਿਆਰ ਕਰਨ ਵਾਲੇ ਜੀਵ, ਜਦੋਂ ਤੀਕ ਇਸ ਧਰਤੀ ਉੱਤੇ ਮੌਜ਼ੂਦ ਹਨ...ਆਸਮਾਨ ਕਿਵੇਂ ਡਿੱਗ ਸਕਦਾ ਈ ਭਲਾ ? ਓਹੀਓ ਆਸਮਾਨ ਦੇ ਥੰਮ੍ਹਲੇ ਨੇ।'' ਤੇ ਮੁੰਡੇ ਦਾ ਡਰ ਦੂਰ ਹੋ ਗਿਆ ਸੀ।
ਹਾਂ, ਬੇਜਾਨ ਥੰਮ੍ਹਲਾ, ਥੰਮ੍ਹਲਾ ਨਹੀਂ ਸਿਰਫ ਕਿੱਲਾ ਹੀ ਸਮਝਦੀ ਰਹੀ ਸੀ ਚੰਦਾ ਉਸਨੂੰ। ਤਿੰਨ ਮਹੀਨਿਆਂ ਦੀ ਪੇਕੇ ਗਈ ਹੋਈ ਹੈ। ਹਰ ਮਹੀਨੇ ਪੈਸੇ ਭੇਜ ਦੇਂਦਾ ਹੈ ਓਂਕਾਰ...ਸਭ ਕੁਝ ਜਾਣਦਾ ਬੁੱਝਦਾ ਹੋਇਆ ਕਿ ਉਹ ਕਿਉਂ ਟਿਕੀ ਹੋਈ ਹੈ ਉੱਥੇ। ਹਰ ਵਾਰੀ ਸੋਚਦਾ ਹੈ, ਐਤਕੀਂ ਕੁਝ ਨਹੀਂ ਭੇਜਾਂਗਾ---ਪਰ ਪਹਿਲੀ ਨੂੰ, ਕਿਸੇ ਜੰਤਰ ਵਾਂਗ ਹੀ, ਮਨੀਆਡਰ ਫਾਰਮ ਖ਼ਰੀਦ ਲਿਆਉਂਦਾ ਹੈ। ਸੰਦੇਸ਼ ਲਈ ਥਾਂ ਉੱਤੇ ਸਿਰਫ ਤਿੰਨ ਲਕੀਰਾਂ ਖਿੱਚ ਦੇਂਦਾ ਹੈ। ਇਹੀ ਪ੍ਰੋਟੈਸਟ ਹੈ ਉਸਦਾ। ਜਦੋਂ ਉਸ ਚਾਰਾਗਾਹ ਦੀ ਹਰੀ ਹਰੀ ਘਾਹ ਚਰਦੀ ਥੱਕ ਜਾਏਗੀ ਚੰਦਾ, ਤਾਂ ਵਾਪਸ ਮੁੜ ਆਏਗੀ, ਆਪਣੇ ਉਸ 'ਖ਼ਤਰਾ-ਰਹਿਤ' ਕਿੱਲੇ ਉੱਤੇ। ਰੋਏਗੀ, ਸਭ ਸਮਝਦਾ ਹੋਏਗਾ ਓਂਕਾਰ। ਵਹਿਸ਼ੀ ਨਹੀਂ ਹੈ ਉਹ, ਬਸ ਚੁੱਪ ਰਹੇਗਾ। ਪਛਤਾਏਗੀ ਉਹ, ਉਸਨੂੰ ਚੁੱਪ ਵੇਖ ਕੇ ? ਨਹੀਂ, ਅਜਿਹੇ ਅਹਿਸਾਸ ਦੇ ਸੈੱਲ ਹੀ ਨਹੀਂ ਚੰਦਾ ਵਿਚ। ਸਜ਼ਾ ਤਾਂ ਉਹ ਆਪਣੇ ਆਪ ਨੂੰ ਦੇਂਦਾ ਹੈ।
ਚੁੱਪ...ਚੁੱਪ ਰਹਿਣ ਦੀ ਆਦਤ ਹੈ ਨਿੰਮੀ ਦੀ। ਦਸਾਂ ਸਾਲਾਂ ਦੀ ਜਾਣ-ਪਛਾਣ ਵਿਚ ਨਿੰਮੀ ਦੀ ਹਰ ਮਦਦ ਕੀਤੀ ਉਸਨੇ ; ਉਸਨੇ ਹਰ ਕੰਮ ਨਿੰਮੀ ਦੇ ਇਕ ਇਸ਼ਾਰੇ ਉੱਤੇ ਕੀਤਾ...ਏਸੇ ਕਰਕੇ ਨਾ ਕਿ ਉਸਦੀ ਚੁੱਪ ਪਸੰਦ ਸੀ ਉਸਨੂੰ। ਓਂਕਾਰ ਨੂੰ ਇਹੀ ਅਰਥ ਲੱਭੇ ਸਨ ਉਸਦੀ ਚੁੱਪ ਦੇ ਕਿ ਉਹ ਵੀ ਉਸੇ ਵਾਂਗ ਸ਼ਬਦਾਂ ਨੂੰ ਚਾਲਾਕ ਤੇ ਝੂਠੇ ਸਮਝਦੀ ਹੈ। ਵਿਸ਼ਵਾਸ ਸੀ ਉਸਨੂੰ ਕਿ ਨਿੰਮੀ ਕਿਸੇ ਨਾ ਕਿਸੇ ਦਿਨ ਉਹ ਸਭ ਕੁਝ ਜ਼ਰੂਰ ਆਖੇਗੀ, ਜਿਸਦਾ ਉਹ ਪਿਛਲੇ ਦਸਾਂ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਹੈ।...ਤੇ ਇੰਜ ਨਿੰਮੀ ਨੇ ਉਸ ਸਮੇਂ ਕੀਤਾ, ਜਦ ਉਸਦੀ ਮਾਂ ਮੋਈ ਸੀ। ਖਾਮੋਸ਼ ਨਿੰਮੀ ਦੀ ਹਮਦਰਦੀ ਸਿਰਫ ਤਿੰਨ ਸ਼ਬਦ ਸਨ 'ਬੜਾ ਮਾੜਾ ਹੋਇਆ'। ਓਂਕਾਰ ਦੀ ਦਸਾਂ ਸਾਲਾਂ ਦੀ ਉਡੀਕ ਦਾ ਜੁਆਬ---ਸਿਰਫ ਤਿੰਨ ਸ਼ਬਦ। ਜਿੱਥੋਂ ਤਕ ਓਂਕਾਰ ਦਾ ਸਵਾਲ ਹੈ, ਖਾਮੋਸ਼ ਨਿੰਮੀ ਤੇ ਬਹੁਤਾ ਬੋਲਣ ਵਾਲੀ ਚੰਦਾ, ਦੋਹਾਂ ਨੇ ਉਸਨੂੰ ਸੁਰੱÎਖਿਅਤ ਕਿੱਲਾ ਹੀ ਸਮਝਿਆ ਸੀ। ਅਜਿਹਾ ਕਿੱਲਾ ਜਿਸ ਲਈ ਸਮਾਂ ਕਦੀ ਨਹੀਂ ਬੀਤਦਾ...ਤੇੇ ਜਿਸਨੂੰ ਜਦੋਂ ਜੀਅ ਚਾਹੇ ਛੱÎਡਿਆ ਤੇ ਮੁੜ ਆਪਣੀ ਸੌਖ ਅਨੁਸਾਰ ਵਰਤਿਆ ਜਾ ਸਕਦਾ ਹੈ। ਦੋਹਾਂ ਨੇ ਡਾਢੇ ਧੋਖੇਬਾਜ਼ ਤੇ ਹਮਲਾਵਰ ਕਿਸਮ ਦੇ ਲੋਕ ਹੀ ਪਸੰਦ ਕੀਤੇ, ਜੋ ਉਹਨਾਂ ਨੂੰ ਮਾਂਸਲ-ਜਿਸਮ ਸਮਝ ਕੇ ਕੰਮ ਹੋ ਜਾਣ ਪਿੱਛੋਂ ਠੁਕਰਾ ਜਾਂਦੇ ਰਹੇ।...ਤੇ ਦੋਹਾਂ ਦੀ ਮਦਦ ਕਰਦਾ ਰਿਹਾ ਓਂਕਾਰ, ਕਿਉਂਕਿ ਉਹ ਸਿਰਫ ਮਦਦ ਹੀ ਕਰ ਸਕਦਾ ਸੀ। ਪਰ ਹੁਣ ਨਹੀਂਓਂ ਚੱਲਣਾ ਏਦਾਂ। ਨਹੀਂ ਲੋੜ ਉਸਨੂੰ ਆਸਮਾਨ ਦਾ ਥੰਮ੍ਹ ਬਣਨ ਦੀ। ਕੀ ਕਿਸਮਤ ਹੈ ਥੰਮ੍ਹ ਦੀ ?...ਬਸ, ਸਾਰੀ ਸ਼ਕਤੀ, ਸਾਰੀ ਊਰਜਾ ਨਾਲ ਸਿਰ ਉੱਤੇ ਪੂਰੀ ਇਮਾਰਤ ਦਾ ਬੋਝ ਲੱਦੀ ਰੱਖੇ, ਹਿੱਲ ਵੀ ਨਾ ਸਕੇ...
ਥੰਮ੍ਹ ਨਹੀਂ ਬਣੇਗਾ ਉਹ---ਬਗ਼ਾਵਤ ਕਰੇਗਾ...ਹਿਲੇਗਾ ਜ਼ੋਰ ਜ਼ੋਰ ਨਾਲ, ਝਪਟੇਗਾ ਚੀਜ਼ਾਂ ਉੱਤੇ, ਹੱਲੇ ਬੋਲੇਗਾ। ਡਿੱਗ ਪਏ ਇਮਾਰਤ, ਡਿੱਗਦਾ ਫਿਰੇ ਆਸਮਾਨ---ਆਖ਼ਰ ਸਾਰਿਆਂ ਉੱਤੇ ਹੀ ਤਾਂ ਡਿੱਗੇਗਾ ! ਚੰਦਾ, ਨਿੰਮੀ, ਭਰਾ, ਕਾਮਰੇਡ...ਸਾਰਿਆਂ ਨੇ ਹਮੇਸ਼ਾ ਗਿਰਝਾਂ ਵਾਂਗ ਚੂੰਡਿਆ ਹੈ ਉਸਨੂੰ। ਇਸੇ ਕਰਕੇ ਨਾ ਕਿ ਉਸਨੇ ਹਮੇਸ਼ਾ ਗਿਰਝਾਂ ਦੀ ਦਾਅਵਤ ਨੂੰ ਆਪਣੀ ਦੇਹ ਪੇਸ਼ ਕੀਤੀ ਹੈ। ਪਰ ਹੁਣ ਨਹੀਂ ਨਿਭੇਗਾ ਇਹ ਸਭ। ਲੋਕ ਤਾਂ ਹਰਾਮ ਦਾ ਖਾ ਰਹੇ ਨੇ...ਉਹ ਤਾਂ ਸਿਰਫ ਆਪਣੇ ਅਹਿਸਾਨਾਂ ਦਾ ਬਦਲ ਲਏਗਾ---ਖਰਾ ਤੇ ਉੱਕਾ-ਪੁੱਕਾ। ਭਾਵੇਂ ਮੁਆਵਜੇ ਵਜੋਂ ਉਸਨੂੰ ਕਿਸੇ ਦੀ ਚੰਮ ਹੀ ਕਿਉਂ ਨਾ ਲਾਹੁਣੀ ਪਏ।
ਕਮਰੇ ਵਿਚੋਂ ਨਿਕਲ ਪਿਆ ਓਂਕਾਰ। ਪਤਾ ਨਹੀਂ ਕਿਉਂ ਜਦੋਂ ਨਿੰਮੀ ਬਾਰੇ ਸੋਚਦਾ ਹੈ ਤਾਂ ਦੋ ਉਦਾਸੀਆਂ, ਖਾਮੋਸ਼ ਅੱਖਾਂ ਸਾਹਮਣੇ ਆ ਜਾਂਦੀਆਂ ਹਨ। ਸ਼ਾਇਦ ਪਛਤਾਵਾ ਵੀ ਹੈ ਉਹਨਾਂ ਅੱਖਾਂ ਵਿਚ ! ਪਰ ਨਿੰਮੀ ਦੀ ਦੇਹ ਕਿੱਥੇ ਅਲੋਪ ਹੋ ਜਾਂਦੀ ਹੈ ?
ਨਾ ਸਹੀ ਨਿੰਮੀ---ਪਰ ਨਾ ਕਿਉਂ ? ਇਹੀ ਤਾਂ ਕਮਜ਼ੋਰੀ ਹੈ ਓਂਕਾਰ ਵਿਚ...ਚਾਹੁੰਦਿਆਂ ਹੋਇਆਂ ਵੀ ਜਾਨਵਰ ਨਹੀਂ ਬਣ ਸਕਦਾ।
ਚਲੋ ਨਿੰਮੀ ਹੀ ਸਹੀ...ਤੇ ਹੋਰ ਵੀ ਤਾਂ ਹੋ ਸਕਦੀਆਂ ਹਨ। ਅੱਜ ਤੋਂ ਚੰਦਾ ਦੇ ਪੈਸੇ ਬੰਦ। ਉਸਦਾ ਹਿੱਸਾ...ਰੰਡੀ ਦੇ ਕੋਠੇ ਜਾਏਗਾ। ਭਰਪੂਰ ਜੀਵਨ ਜਿਊਂਵੇਗਾ ਉਹ...ਜਿਊਂਦੇ ਜੀਅ। ਸਰੀਰ ਹੈ ਤਾਂ ਵੇਚਣ ਵਿਚ ਬੁਰਾਈ ਕਾਹਦੀ ਹੈ ? ਸਰੀਤ ਤਕ ਸੀਮਤ ਨੈਤਿਕਤਾ ਵਿਚ ਉੱਕਾ ਯਕੀਨ ਨਹੀਂ ਹੈ ਓਂਕਾਰ ਨੂੰ। ਪਰ ਕੀ ਉਹ ਆਪਣੀ ਮਰਜ਼ੀ ਨਾਲ ਸਰੀਰ ਵੇਚਦੀਆਂ ਹਨ ? ਓਂਕਾਰ ਸਹਿ ਸੁਭਾਅ ਗੁਥਗੁਣਾਉਣ ਲੱਗ ਪਿਆ :
'ਮਦਦ ਚਾਹਤੀ ਹੈ ਹਵਾ ਕੀ ਬੇਟੀ,
ਯਸ਼ੋਦਾ ਕੀ ਹਮ ਜਿੰਸ, ਰਾਧਾ ਕੀ ਬੇਟੀ,
ਪਯੰਬਰ ਕੀ ਉੱਮਤ, ਜੁਲੈਖਾ ਕੀ ਬੇਟੀ...'
ਮੰਨਿਆਂ ਸਰੀਰ ਤਕ ਸੀਮਤ ਨੈਤਿਕਤਾ ਨੂੰ ਨਹੀਂ ਮੰਨਦਾ ਉਹ...ਪਰ ਇਹ ਇਕ ਕੁਰੀਤੀ ਤਾਂ ਹੈ ਨਾ...ਉਂਜ ਦੇਖੀਏ ਤਾਂ 'ਵੇਚਣ ਵਾਲੀ' ਆਪਣੇ ਸਰੀਰ ਦੀ ਮਾਲਕ ਸ਼ਖਸੀਅਤ ਹੀ ਕਦੋਂ ਹੁੰਦੀ ਹੈ ? ਸਿਰਫ ਘਾਹ-ਫੂਸ ਦਾ ਭਰਿਆ ਬੋਰਾ ਨਹੀਂ ਰਹਿ ਜਾਂਦੀ ? ਰੁਟੀਨ ਵਿਚ ਵਿਕਦੀ ਇਕ ਜਿਨਸ !
ਪਰ ਓਂਕਾਰ ਨੂੰ ਵੀ ਤਾਂ ਜਿਊਣ ਦਾ ਹੱਕ ਹੈ। ਸਮਾਜਿਕ ਕੁਰੀਤੀਆਂ ਦੂਰ ਕਰਨ ਦਾ ਠੇਕਾ ਉਸ ਇਕੱਲੇ ਨੇ ਹੀ ਤਾਂ ਨਹੀਂ ਲਿਆ ਨਾ ? ਇਕ ਗਾਹਕ ਦੀ ਹੈਸੀਅਤ ਨਾਲ ਖਰੀਦਣ ਦਾ ਹੱਕ ਹੈ ਉਸਨੂੰ ਵੀ---ਚਾਹੇ ਕੋਈ ਵਸਤੂ ਵਿਕੇ, ਚਾਹੇ ਵਿਅਕਤੀ। ਸੋਧਵਾਦ ਤਾਂ ਵਿਚਾਲੜੀ ਟਰਮ ਹੈ। ਅਜੀਬ ਨਿਰਾਸ਼ਾ ਵੱਸ ਉਤੇਜਿੱਤ ਹੋ ਕੇ ਕੂਕਿਆ ਓਂਕਾਰ---
'ਗਾਹਕ ਜ਼ਿੰਦਾ-ਬਾਦ !
ਦਲਾਲ ਮੁਰਦਾ-ਬਾਦ !
ਰੰਡੀਆਂ ਨੂੰ ਵੋਟ ਦਿਓ। '
ਓਇ, ਪਾਗਲ ਹੋ ਗਿਆ ਏਂ ਓਂਕਾਰਾ !
ਨਹੀਂ, ਨਹੀਂ, ਉਸਦੇ ਹਮਲੇ ਦਾ ਇਕੋ ਨਿਸ਼ਾਨਾ ਹੈ ਅੱਜ---ਨਿੰਮੀ। ਸਾਢੇ ਦਸ ਵੱਜੇ ਸਨ ਰਾਤ ਦੇ...ਉਸਦਾ ਪਤੀ ਨਾਂਅ ਦਾ ਜਾਨਵਰ ਕੱਚੀ ਸ਼ਰਾਬ ਦੇ ਠੇਕੇ 'ਤੇ ਆਊਟ ਪਿਆ ਹੋਏਗਾ। ਘੱÎਟੋ-ਘੱਟ ਰਾਤੀਂ ਦੋ ਵਜੇ ਤਕ ਪਿਆ ਰਹੇਗਾ...ਪੱਕਾ ਪਤਾ ਸੀ ਓਂਕਾਰ ਨੂੰ ; ਸਵੇਰੇ ਹੀ ਤਾਂ ਨਿੰਮੀ ਦੀ ਬਿਮਾਰੀ ਦਾ ਬਹਾਨਾ ਕਰਕੇ ਰੁਪਏ ਮਾਂਠ ਕੇ ਲੈ ਗਿਆ ਸੀ ਉਸ ਤੋਂ।...ਬੇਸ਼ਰਮ, ਕਮੀਨਾ ਕਿਤੋਂ ਦਾ।
ਓਂਕਾਰ ਨੇ ਸੀਟੀ ਵਜਾਉਣੀ ਚਾਹੀ, ਵੱਜੀ ਨਹੀਂ...ਹਵਾ ਜੀਭ ਦੇ ਦੋਏ ਪਾਸਿਓਂ ਨਿਕਲ ਗਈ। ਕੱਚਾ ਜਿਹਾ ਹੋ ਕੇ ਉਸਨੇ ਆਸਮਾਨ ਵੱਲ ਦੇਖਿਆ---ਰਾਤ ਹਨੇਰੀ ਸੀ, ਸੋ ਤਾਰੇ ਕਾਫੀ ਸੰਘਣੇ ਸਨ। ਇਹ ਆਸਮਾਨ ਅੱਜ ਏਨਾ ਨੀਵਾਂ ਕਿਉਂ ਲੱਗ ਰਿਹਾ ਹੈ ? ਸਪਾਟ ਜਿਹਾ ! ਇਹ ਘੁਟਣ ਜਿਹੀ ਕਿਉਂ ਮਹਿਸੂਸ ਹੋ ਰਹੀ ਹੈ ?
--- --- ---
ਨਿੰਮੀ ਬੈਠੀ ਸੀ---ਬਿਲਕੁਲ ਓਵੇਂ ਹੀ...ਇਕ ਗੋਦ, ਇਕ ਬੱਚਾ, ਇਕ ਜੋੜੀ ਮਜ਼ਬੂਰੀ ਮਾਰੀਆਂ ਅੱਖਾਂ। ਬੱਚਾ ਉਂਜ ਵੀ ਕਾਫੀ ਕਮਜ਼ੋਰ ਸੀ, ਪਰ ਅੱਜ ਤਾਂ ਬਿਲਕੁਲ ਨਿਢਾਲ ਹੋਇਆ ਪਿਆ ਸੀ।
ਨਿੰਮੀ ਦੁਖੀ ਹੁੰਦੀ ਹੈ ਤਾਂ ਰੋਂਦੀ ਸਿਸਕਦੀ ਨਹੀਂ। ਬਸ, ਹੋਰ ਖਾਮੋਸ਼ ਹੋ ਜਾਂਦੀ ਹੈ ; ਰੋਂਦੀਆਂ, ਵਿਰਲਾਪ ਕਰਦੀਆਂ ਹਨ, ਬਸ ਉਸਦੀਆਂ ਅੱਖਾਂ।
ਅਜਿਹਾ ਵਹਿਸ਼ੀ ਗੁੱਸਾ ਚੜ੍ਹਿਆ ਹੋਇਆ ਸੀ ਓਂਕਾਰ ਨੂੰ---ਕਿ ਬੱਚੇ ਨੂੰ ਇਕ ਪਾਸੇ ਵਗਾਹ ਮਾਰੇ ਤੇ ਝਪਟ ਪਏ ਨਿੰਮੀ ਉੱਤੇ...ਪਰ ਨਿੰਮੀ ਦੀਆਂ ਦੁਖ ਪਰੁੱਚੀਆਂ ਅੱਖਾਂ---ਕੁਝ ਵੀ ਨਹੀਂ ਸੀ ਕਰ ਸਕਿਆ ਓਂਕਾਰ। ਉਸਦੇ ਹਿੱਸੇ 'ਚ ਤਾਂ ਸਿਰਫ ਰਹਿਮ ਕਰਨਾ, ਕੁਝ ਦੇਣਾ ਤੇ ਆਪਣੀ ਰਾਹ ਟੁਰ ਜਾਣਾ ਹੀ ਲਿਖਿਆ ਹੈ।
''ਉੱਠ ਡਾਕਟਰ ਕੋਲ ਚੱਲੀਏ।'' ਓਂਕਾਰ ਨੇ ਬੱਚੇ ਨੂੰ ਉਸਦੀ ਗੋਦ ਵਿਚੋਂ ਚੁੱਕ ਲਿਆ ਤੇ ਕਿਸੇ ਮਸ਼ੀਨ ਵਾਂਗ ਹੀ ਨਿੰਮੀ ਉੱਠ ਕੇ ਖੜ੍ਹੀ ਹੋ ਗਈ।
ਡਾਕਟਰ ਓਂਕਾਰ ਦਾ ਵਾਕਿਫ਼ ਸੀ। ਪਰ ਵਾਕਫ਼ੀਅਤ ਤੇ ਫੀਸ ਦੋ ਵੱਖ ਵੱਖ ਚੀਜ਼ਾਂ ਹੁੰਦੀਆਂ ਹਨ। ਤਿਪਹੀਏ ਸਕੂਟਰ ਵਾਲੇ ਨੇ ਨਾਈਟ ਚਾਰਜ ਵੱਖਰਾ ਲਿਆ। ਦਸ ਰੁਪਏ ਬਚ ਗਏ ਹਨ ਬਾਕੀ। 'ਪੇ' ਮਿਲੇਗੀ ਚਾਰ ਦਿਨ ਬਾਅਦ। ਤਦ ਤਕ ਲੰਚ ਦੀ ਛੁਟੀ...ਚੱਲੋ, ਇੰਜ ਹੀ ਸਹੀ...।
ਸੁੱਤੇ ਹੋਏ ਬੱਚੇ ਨੂੰ ਨਿੰਮੀ ਦੇ ਹੱਥਾਂ ਉੱਤੇ ਟਿਕਾਅ ਦਿੱਤਾ ਓਂਕਾਰ ਨੇ। ਨਿੰਮੀ ਦੀਆਂ ਖਾਮੋਸ਼ ਅੱਖਾਂ ਨੇ ਉਸ ਵੱਲ ਤੱÎਕਿਆ...
''ਨਹੀਂ, ਉਪਰ ਨਹੀਂ ਆਵਾਂਗਾ---ਕਾਫੀ ਵਕਤ ਹੋ ਗਿਆ ਏ---ਹੁਣ ਫਿਕਰ ਕਰਨ ਦੀ ਕੋਈ ਗੱਲ ਨਹੀਂ।'' ਜਬਰੀ ਮੁਸਕਰਾਇਆ ਵੀ ਓਂਕਾਰ।
''ਜਾਓਗੇ !'' ਭਰੜਾਅ ਗਈ ਨਿੰਮੀ ਦੀ ਆਵਾਜ਼। ਕੀ ਉਹ ਰੋ ਰਹੀ ਸੀ ? ਨਿੰਮੀ ਦਾ ਖੱਬਾ ਹੱਥ ਉਸਦੇ ਮੋਢੇ ਵੱਲ ਵਧਿਆ, ਸਰੀਰ ਵੀ। ਨਹੀਂ, ਨਹੀਂ ਉਸਨੇ ਬੱਚੇ ਨੂੰ ਹਿੱਕ ਨਾਲ ਘੁੱਟ ਲਿਆ ਤੇ ਫੇਰ ਬੇਆਵਾਜ਼ ਪੌੜੀਆਂ ਚੜ੍ਹਦੀ, ਚਲੀ ਗਈ।
ਜਾਏਗਾ ਹੀ ਓਂਕਾਰ। ਜਾਣਾ ਹੀ ਪਏਗਾ। ਕਿੰਨਾ ਇਕੱਲਾ ਹੈ ਉਹ ! ਸਿਰਫ 'ਜਾਓਗੇ' ਤੇ ਕੁਝ ਸਿਸਕੀਆਂ। ਮਨ ਕਿਵੇਂ ਜਿਹੇ ਹੋਣ ਲੱਗ ਪਿਆ ਸੀ---ਜਿਵੇਂ ਕੋਈ ਵਗਦੀ ਹੋਈ ਨਦੀ ਵਿਚ ਪੱਥਰ-ਕੰਕਰ ਸੁੱਟਦਾ ਰਿਹਾ ਹੋਵੇ ਸਾਰਾ ਦਿਨ...ਵਹਿੰਦਾ ਰਹੇ ਪਾਣੀ...ਤੇ ਸ਼ਾਮ ਹੋ ਜਾਏ।
ਓਂਕਾਰ ਦਾ ਜੀਅ ਠਹਾਕਾ ਮਾਰ ਕੇ ਹੱਸਣ ਨੂੰ ਕੀਤਾ, ਪਰ ਇਹ ਰੋਣ ਕਿਉਂ ਨਿਕਲ ਆਇਆ ਹੈ ਉਸਦਾ ? ਓਂਕਾਰ ਵੀ ਬਸ, ਓਂਕਾਰ ਹੀ ਹੈ ਤੇ ਰਹੇਗਾ ਵੀ---ਬਿਲਕੁਲ ਨਹੀਂ ਬਦਲੇਗਾ, ਬੁੱਧੂ।
ਓਂਕਾਰ ਨੇ ਆਸਮਾਨ ਵੱਲ ਦੇਖਿਆ। ਚੰਨ ਨਿਕਲ ਆਇਆ ਸੀ। ਏਨੀ ਘੁਟਣ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ ਆਕਾਸ਼...ਹੁਣ ਤਾਂ ਏਨਾ ਨੀਵਾਂ ਵੀ ਨਹੀਂ ਲੱਗਦਾ, ਡਿੱਗਣ ਵਾਲਾ ਤਾਂ ਬਿਲਕੁਲ ਹੀ ਨਹੀਂ। ਏਨੀਆਂ ਨਿਰਮਲ ਰਾਤਾਂ ਵਿਚ ਵੀ ਕਦੀ ਆਸਮਾਨ ਡਿੱਗੇ ਨੇ ?

--- --- ---

ਇਕ ਝਰਨੇ ਦੀ ਮੌਤ :: ਰਮੇਸ਼ ਉਪਾਧਿਆਏ,

ਹਿੰਦੀ ਕਹਾਣੀ : ਇਕ ਝਰਨੇ ਦੀ ਮੌਤ :: ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.


ਮੈਂ ਜਾਣਦੀ ਸਾਂ, ਅਰਵਿੰਦ ਮਰ ਰਿਹਾ ਏ। ਹੌਲੀ ਹੌਲੀ ਆਤਮ-ਹੱਤਿਆ ਕਰ ਰਿਹਾ ਏ। ਪਰ ਮੈਂ ਉਸਨੂੰ ਬਚਾਉਣ ਖਾਤਰ ਕੁਛ ਵੀ ਨਹੀਂ ਸੀ ਕਰ ਸਕਦੀ।
ਮੈਂ ਉਸਦੀ ਮਿੱਤਰ ਸਾਂ, ਪਰ ਉਸ ਉੱਤੇ, ਮੇਰਾ ਕੋਈ ਅਧਿਕਾਰ ਨਹੀਂ ਸੀ।
ਉਸ ਉੱਤੇ, ਉਸਦੀ ਪਤਨੀ ਦਾ ਅਧਿਕਾਰ ਸੀ ; ਉਸਦੇ ਬੱਚਿਆਂ ਦਾ ਅਧਿਕਾਰ ਸੀ ; ਉਸਦੇ ਆਪਣੇ ਸਕੇ-ਸਬੰਧੀਆਂ ਦਾ ਅਧਿਕਾਰ ਸੀ। ਉਸ ਉੱਤੇ, ਉਸਦੇ ਮਾਲਕਾਂ ਦਾ ਅਧਿਕਾਰ ਸੀ ; ਉਸ ਨਾਲ ਕੰਮ ਕਰਨ ਵਾਲਿਆਂ ਦਾ ਅਧਿਕਾਰ ਸੀ ; ਉਸਦੇ ਸੰਗਠਨ ਦੇ ਸਾਥੀਆਂ ਦਾ ਅਧਿਕਾਰ ਸੀ। ਉਸ ਉੱਤੇ, ਉਸਦੇ ਕਲਾਕਾਰ ਮਿੱਤਰਾਂ ਦਾ ਅਧਿਕਾਰ ਸੀ, ਉਸਦੀ ਕਲਾ ਦੇ ਪ੍ਰਸ਼ੰਸਕਾਂ ਦਾ ਅਧਿਕਾਰ ਸੀ, ਉਸ ਦੀਆਂ ਕਲਾ-ਕ੍ਰਿਤਾਂ ਦੇ ਗਾਹਕਾਂ ਦਾ ਅਧਿਕਾਰ ਸੀ। ਉਸ ਉੱਤੇ, ਉਸਦੇ ਸਮਾਜ ਦਾ ਅਧਿਕਾਰ ਸੀ ; ਉਸਦੇ ਦੇਸ਼ ਦਾ ਅਧਿਕਾਰ ਸੀ ; ਦੇਸ਼ ਦੀ ਸਰਕਾਰ ਦਾ ਅਧਿਕਾਰ ਸੀ...
ਜੇ ਉਹ ਜ਼ਹਿਰ ਖਾ ਕੇ, ਰੇਲ ਗੱਡੀ ਹੇਠ ਆ ਕੇ, ਜਾਂ ਪਾਣੀ ਵਿਚ ਡੁੱਬ ਕੇ ਆਤਮ-ਹੱਤਿਆ ਕਰ ਲੈਣ ਦੀ ਅਸਫਲ ਕੋਸ਼ਿਸ਼ ਪਿੱਛੋ ਜਿਊਂਦਾ ਬਚ ਜਾਂਦਾ, ਫੇਰ? ਪੱਕਾ ਸੀ ਕਿ ਉਸਦੀ ਪਤਨੀ ਉਸਨੂੰ ਮੇਹਣੇ ਮਾਰਦੀ ; ਬੱਚੇ ਉਸ ਨਾਲ ਨਫ਼ਤਰ ਕਰਨ ਲੱਗ ਪੈਂਦੇ ; ਉਸਦੇ ਸਾਰੇ ਰਿਸ਼ਤੇਦਾਰ ਉਸ ਬਾਰੇ ਕਈ ਕਿਸਮ ਦੀਆਂ ਗੱਲਾਂ ਕਰਦੇ। ਉਸਦੇ ਮਾਲਕ ਉਸਨੂੰ ਨੌਕਰੀ ਤੋਂ ਕੱਢ ਦੇਂਦੇ ; ਉਸ ਨਾਲ ਕੰਮ ਕਰਨ ਵਾਲੇ ਉਸਨੂੰ ਮੂੰਹ ਨਾ ਲਾਉਂਦੇ ; ਉਸਦੇ ਸੰਗਠਨ ਦੇ ਸਾਥੀ ਉਸਨੂੰ ਕਾਇਰ ਤੇ ਭਗੌੜਾ ਆਖਦੇ। ਉਸਦੇ ਕਲਾਕਾਰ ਮਿੱਤਰ ਉਸਨੂੰ ਬਦਨਾਮ ਕਰਦੇ ; ਉਸਦੇ ਪ੍ਰਸ਼ੰਸਕ ਉਸ ਉੱਤੇ ਸ਼ੱਕ ਕਰਦੇ ; ਉਸਦੇ ਗਾਹਕ ਉਸਦੀਆਂ ਕ੍ਰਿਤਾਂ ਖਰੀਦਨ ਤੋਂ ਝਿਜਕਣ ਲੱਗ ਪੈਂਦੇ। ਉਸਦਾ ਸਮਾਜ ਉਸਨੂੰ ਕੈਰੀ ਅੱਖ ਨਾਲ ਵੇਖਦਾ ; ਉਸਦਾ ਦੇਸ਼ ਉਸਨੂੰ ਅਪਰਾਧੀ ਮੰਨਦਾ ਤੇ ਸਰਕਾਰ ਉਸ ਉੱਤੇ ਆਤਮ-ਹੱਤਿਆ ਦੀ ਕੋਸ਼ਿਸ਼ ਕਰਨ ਦਾ ਮੁਕੱਦਮਾ ਚਲਾ ਦੇਂਦੀ।
ਇਹਨਾਂ ਝੇੜਿਆਂ-ਝੰਡਟਾਂ ਤੋਂ ਬਚਣ ਖਾਤਰ ਉਸਨੇ ਆਪਣੀ ਮੌਤ ਨੂੰ ਕਿਹਾ : 'ਲੈ, ਇਹ ਮੇਰੇ ਜੀਵਨ ਦੀ ਡੋਰ ਫੜ੍ਹ ਤੇ ਮੈਨੂੰ ਹੌਲੀ-ਹੌਲੀ ਆਪਣੇ ਵੱਲ ਖਿੱਚਦੀ ਰਹੁ।'
ਤੇ ਜਦੋਂ ਉਹ ਮਰ ਰਿਹਾ ਸੀ, ਉਸ ਉੱਤੇ ਅਧਿਕਾਰ ਜਮਾਉਣ ਵਾਲਿਆਂ ਨੂੰ ਉਸਦੀ ਕੋਈ ਪ੍ਰਵਾਹ ਨਹੀਂ ਸੀ। ਮੈਨੂੰ ਸੀ, ਪਰ ਮੈਂ ਕੁਛ ਕਰ ਨਹੀਂ ਸੀ ਸਕਦੀ...ਕਿਉਂਕਿ ਮੇਰਾ ਉਸ ਉੱਤੇ ਕੋਈ ਅਧਿਕਾਰ ਜੋ ਨਹੀਂ ਸੀ।
ਇਕ ਵਾਰੀ ਮੈਂ ਇਕ ਕੋਸ਼ਿਸ਼ ਕੀਤੀ ਸੀ। ਉਸਦੀ ਪਤਨੀ ਨੂੰ ਮਿਲੀ ਸਾਂ ਮੈਂ ਤੇ ਕਿਹਾ ਸੀ, “ਦੇਖੋ, ਤੁਹਾਡਾ ਪਤੀ ਇਕ ਅੱਛਾ ਕਲਾਕਾਰ ਏ। ਜੇ ਉਸਨੂੰ ਪਿਆਰ ਮਿਲੇ, ਤੁਹਾਡਾ ਸਾਥ ਤੇ ਸਹਿਯੋਗ ਮਿਲੇ, ਤਾਂ ਉਹ ਕਿਸੇ ਦਿਨ ਬੜਾ ਵੱਡਾ ਕਲਾਕਾਰ ਬਣ ਸਕਦਾ ਏ।” ਪਰ ਜਵਾਬ ਮਿਲਿਆ ਸੀ, “ਤੈਨੂੰ ਮੇਰੇ ਪਤੀ 'ਚ ਏਨੀ ਦਿਲਚਸਪੀ ਕਿਉਂ ਏਂ?” ਪਰ ਬਾਅਦ ਵਿਚ ਅਰਵਿੰਦ ਨੇ ਮੈਨੂੰ ਕਿਹਾ, “ਸੁਣੀ, ਤੂੰ ਮੇਰੀ ਪਤਨੀ ਨੂੰ ਜਾ ਕੇ ਕੀ ਕਹਿ ਦਿੱੱਤਾ ਈ? ਉਹ ਤਾਂ ਪਹਿਲਾਂ ਈ ਮੇਰੇ 'ਤੇ ਸ਼ੱਕ ਕਰਦੀ ਸੀ, ਤੂੰ ਉਸਨੂੰ ਮਿਲ ਕੇ ਉਸਦੇ ਸ਼ੱਕ ਨੂੰ ਹੋਰ ਪੱਕਾ ਕਰ ਦਿੱਤੈ। ਹੁਣ ਉਸ ਮੇਰਾ ਜਿਊਣਾ ਹਰਾਮ ਕੀਤਾ ਹੋਇਐ...।”
ਆਪਣੇ ਯਤਨ ਦਾ ਇਹ ਨਤੀਜਾ ਵੇਖ ਕੇ ਮੈਂ ਕੰਨੀਂ ਹੱਥ ਲਾ ਲਏ, “ਨਹੀਂ, ਹੁਣ ਮੈਂ ਤੇਰੇ ਪੰਗਿਆਂ 'ਚ ਕਦੀ ਨਹੀਂ ਪਵਾਂਗੀ। ਤੂੰ ਇਸੇ ਤਰ੍ਹਾਂ ਮਰਨਾ ਏਂ, ਸੋ ਮਰ।”
ਇਕ ਦਿਨ ਅਚਾਨਕ ਉਸਨੇ ਮੈਨੂੰ ਪੁੱਛਿਆ, “ਜੇ ਮੈਂ ਆਪਣਾ ਘਰ-ਪਰਿਵਾਰ ਛੱਡ ਦਿਆਂ ਤਾਂ...ਕੀ, ਤੂੰ ਵੀ ਆਪਣਾ ਘਰ-ਪਰਿਵਾਰ ਛੱਡ ਕੇ ਮੇਰੇ ਨਾਲ ਰਹਿਣ ਲਈ ਆ ਸਕਦੀ ਏਂ?”
ਮੈਂ ਇਹ ਪ੍ਰਸ਼ਨ ਉਸਦੀਆਂ ਅੱਖਾਂ ਵਿਚ ਬੜਾ ਚਿਰ ਪਹਿਲਾਂ ਪੜ੍ਹ ਲਿਆ ਸੀ। ਉਤਰ ਮੇਰੇ ਕੋਲ ਤਿਆਰ ਸੀ, “ਪਾਗਲ ਹੋ ਗਿਐਂ? ਭਾਰਤੀ ਔਰਤ ਉਪਰੋਂ ਭਾਵੇਂ ਕਿੰਨੀ ਮਸਤ, ਮੁਕਤ, ਅਧੁਨਿਕ ਤੇ ਸਵੈ-ਨਿਰਭਰ ਦਿਖਾਈ ਦੇਂਦੀ ਹੋਵੇ, ਅੱਜ ਵੀ ਹਜ਼ਾਰਾਂ ਬੰਧਨਾਂ 'ਚ ਜਕੜੀ ਹੋਈ ਏ।”
ਉੁਸਨੇ ਕਿਹਾ, “ਔਰਤ ਈ ਨਹੀਂ, ਆਦਮੀ ਵੀ ਇਵੇਂ ਈ ਜਕੜਿਆ ਹੋਇਆ ਏ। ਮੇਰੇ ਬਾਰੇ ਸੋਚ, ਮੈਂ ਕਿੱਥੇ ਜਾ ਸਕਦਾ ਆਂ...ਕੋਈ ਵੀ ਕਿੱਥੇ ਜਾ ਸਕਦਾ ਏ?”
ਮੈਂ ਚੁੱਪ ਰਹੀ, ਤਾਂ ਕੁਝ ਚਿਰ ਬਾਅਦ ਖ਼ੁਦ ਹੀ ਕਹਿਣ ਲੱਗਾ, “ਅਸੀਂ ਲੋਕ ਕੀ ਆਂ? ਜੰਗਲ ਵਿਚ ਉੱਗੇ ਦਰਖ਼ਤ। ਆਪਣੇ ਆਪ ਉੱਗ ਪੈਂਦੇ ਹਾਂ ਤੇ ਬੇਮਤਲਬੇ ਵਧਦੇ ਜਾਂਦੇ ਆਂ। ਸੁਣਦੇ ਆਂ ਕਿ ਅਸੀਂ ਬੜੇ ਸੁੰਦਰ ਤੇ ਲਾਭਕਾਰੀ ਹਾਂ। ਤੇ ਕਿੰਨੇ ਮਹਾਨ ਆਂ ਕਿ ਆਪਣੀਆਂ ਜੜਾਂ ਨਾਲ ਮਜ਼ਬੂਤੀ ਨਾਲ ਜੜੇ ਰਹਿੰਦੇ ਹਾਂ। ਪਰ ਕੋਈ ਇਹ ਨਹੀਂ ਵੇਖਦਾ ਕਿ ਜਦੋਂ ਜੰਗਲ ਵਿਚ ਅੱਗ ਲੱਗਦੀ ਏ, ਜਾਂ ਸਾਡੇ 'ਤੇ ਕੁਹਾੜੀ ਚੱਲਦੀ ਏ, ਤਾਂ ਅਸੀਂ ਕੋਈ ਵਿਰੋਧ ਕਰਨਾ ਤਾਂ ਦੂਰ, ਆਪਣੀ ਜਾਨ ਬਚਾਉਣ ਖਾਤਰ ਨੱਠ ਵੀ ਨਹੀਂ ਸਕਦੇ।”
ਉਹ ਇੰਜ ਰੂਪਕਾਂ ਵਿਚ ਗੱਲਾਂ ਕਰਦਾ ਸੀ। ਇਕ ਦਿਨ ਉਸਨੇ ਕਿਹਾ, “ਮੈਂ ਕੱਚੀ ਉਮਰੇ ਹੀ ਦਰਖ਼ਤ ਨਾ ਬਣਨ ਦਾ ਫੈਸਲਾ ਕਰ ਲਿਆ ਸੀ। ਮੈਂ ਜਾਣਦਾ ਸਾਂ ਕਿ ਬਹੁਤ ਵੱਡੀ ਨਦੀ ਤਾਂ ਸ਼ਾਇਦ ਮੈਂ ਨਹੀਂ ਬਣ ਸਕਦਾ, ਪਰ ਝਰਨਾ ਬਣਾਗਾ ਤੇ ਦੇਖਾਂਗਾ ਕਿ ਕਿੰਨੀ ਕੁ ਦੂਰ ਤਕ ਜਾ ਸਕਦਾ ਹਾਂ। ਤੈਨੂੰ ਪਤਾ ਏ, ਮੈਂ ਚੌਦ੍ਹਾਂ ਸਾਲਾਂ ਦੀ ਉਮਰ ਵਿਚ ਹੀ ਘਰੋਂ ਨਿਕਲ ਕੇ ਵਹਿਣ ਲੱਗ ਪਿਆ ਸਾਂ?”
ਫੇਰ ਇਕ ਦਿਨ ਉਸਨੇ ਕਿਹਾ, “ਲੋਕ ਆਪਣੀ ਜੜ੍ਹਾਂ 'ਤੇ ਮਜ਼ਬੂਤੀ ਨਾਲ ਜੜੇ ਹੋਣ ਦਾ ਮਾਨ ਕਿਉਂ ਕਰਦੇ ਨੇ? ਮੇਰੇ ਵਰਗੇ ਵਗਦੇ ਆਦਮੀ ਨੂੰ ਹੇਠੀ ਦੀਆਂ ਨਿਗਾਹਾਂ ਨਾਲ ਕਿਉਂ ਵੇਖਦੇ ਨੇ? ਸਾਰਿਆਂ ਨੂੰ ਮੇਰੇ ਪ੍ਰਤੀ ਸ਼ਿਕਾਇਤ ਏ ਕਿ ਮੈਂ ਦਰਖ਼ਤ ਨਾ ਬਣ ਕੇ ਝਰਨਾ ਕਿਉਂ ਬਣ ਗਿਆ ਹਾਂ?...ਪਰ ਇਹ ਦੇਖਣ ਲਈ ਕੋਈ ਮੇਰੇ ਕੋਲ ਨਹੀਂ ਆਉਂਦਾ ਕਿ ਮੈਂ ਕਿੱਥੇ ਵਹਿ ਰਿਹਾਂ, ਕੇਹੀਆਂ-ਕੇਡੀਆਂ ਚਟਾਨਾਂ ਨਾਲ ਖਹਿ ਰਿਹਾਂ, ਕਿੰਨੀਆਂ ਮੁਸ਼ਕਿਲਾਂ ਨਾਲ ਆਪਣੇ ਲਈ ਰਸਤਾ ਬਣਾ ਰਿਹਾਂ। ਇਹ ਠੀਕ ਏ ਕਿ ਉਹ ਦਰਖ਼ਤ ਨੇ, ਉਹਨਾਂ ਦੀ ਮਜ਼ਬੂਰੀ ਏ ਕਿ ਚੱਲ ਕੇ ਮੇਰੇ ਕੋਲ ਨਹੀਂ ਆ ਸਕਦੇ, ਪਰ ਉਹ ਆਪਣੀਆਂ ਜੜ੍ਹਤਾ ਉੱਤੇ ਮਾਨ ਤੇ ਮੇਰੀ ਗਤੀਸ਼ੀਲਤਾ ਨਾਲ ਘਿਰਣਾ ਕਿਉਂ ਕਰਦੇ ਨੇ?”
ਮੈਂ ਕਿਹਾ, “ਅਰਵਿੰਦ, ਤੂੰ ਇਹ ਕਿਉਂ ਨਹੀਂ ਸੋਚਦਾ ਕਿ ਲੋਕ ਤੇਰੀ ਕਲਾ ਦੀ ਸੁੰਦਰਤਾ ਤੇ ਯੋਗਤਾ ਕਰਕੇ ਤੇਰੀ ਨਾਲ ਪਿਆਰ ਵੀ ਕਰਦੇ ਹੋਣਗੇ?”
“ਨਹੀਂ ਮੈਨੂੰ ਕੋਈ ਪਿਆਰ ਨਹੀਂ ਕਰਦਾ।” ਉਸਨੇ ਉਦਾਸ ਤੇ ਸ਼ਿਕਾਇਤੀ ਸੁਰ ਵਿਚ ਕਿਹਾ।
ਮੈਂ ਸਮਝ ਗਈ ਕਿ ਉਹ ਸਿਰਫ ਔਰਤਾਂ ਪ੍ਰਤੀ ਹੋਣ ਵਾਲੇ ਪ੍ਰੇਮ ਦੀ ਗੱਲ ਕਰ ਰਿਹਾ ਹੈ। ਇਸ ਲਈ ਪੁੱਛਿਆ, “ਤੂੰ ਕਿੰਨੀਆਂ ਔਰਤਾਂ ਨੂੰ ਪ੍ਰੇਮ ਕੀਤਾ ਏ, ਹੁਣ ਤਕ?”
“ਅਗਿਣਤ ਔਰਤਾਂ ਨੂੰ ਪ੍ਰੇਮ ਕੀਤੈ।” ਉਸਨੇ ਇਕ ਜ਼ਖ਼ਮੀ ਜਿਹੀ ਮੁਸਕਾਨ ਨਾਲ ਕਿਹਾ।
“ਤੇ ਤੈਨੂੰ ਕਿੰਨੀਆਂ ਔਰਤਾਂ ਨੇ ਪ੍ਰੇਮ ਕੀਤਾ ਈ?”
“ਇਕ ਨੇ ਵੀ ਨਹੀਂ।”
ਇਹ ਸੁਣ ਕੇ ਮੈਨੂੰ ਬੁੁਰਾ ਲੱਗਿਆ। ਸ਼ਾਇਦ ਮੈਂ ਇਹ ਸੁਣਨਾ ਚਾਹੁੰਦੀ ਸੀ ਕਿ ਮੈਨੂੰ ਛੱਡ ਕੇ ਹੋਰ ਕਿਸੇ ਔਰਤ ਨੇ ਉਸਨੂੰ ਪੇ੍ਰਮ ਨਹੀਂ ਕੀਤਾ। ਪਰ ਉਸਦੀ ਮੂੰਹ ਦੇਖਵੀਂ ਗੱਲ ਨਾ ਕਰਨ ਦੀ ਆਦਤ ਨੂੰ ਮੈਂ ਜਾਣਦੀ ਸਾਂ। ਅੰਦਰੋਂ ਕੁੜ੍ਹ ਕੇ ਵੀ ਉਪਰੋਂ ਮੁਸਕਰਾਉਂਦਿਆਂ ਹੋਇਆਂ ਕਿਹਾ ਸੀ, “ਅੱਛਾ, ਇਹ ਦੱਸ ਤੂੰ ਕੈਸਾ ਪ੍ਰੇਮ ਚਾਹੁੰਦਾ ਏਂ?”
“ਜੈਸਾ ਧਾਰ ਤੇ ਵਹਾਅ ਦਾ ਹੁੰਦਾ ਏ।”
“ਪਲੀਜ਼, ਰੂਪਕਾਂ ਵਿਚ ਗੱਲ ਨਾ ਕਰ।”
“ਤਾਂ ਸੁਣ, ਪਹਿਲਾ ਪ੍ਰੇਮ ਮੈਂ ਆਪਣੀ ਮਾਂ ਨੂੰ ਕੀਤਾ। ਪਰ ਉਹ ਮੇਰੇ ਪਿਤਾ ਨੂੰ ਪ੍ਰੇਮ ਕਰਦੀ ਸੀ। ਪਿਤਾ ਦੇ ਮਰਨ ਪਿੱਛੇ ਉਹ ਮੇਰੇ ਛੋਟੇ ਭਰਾ ਨੂੰ ਪ੍ਰੇਮ ਕਰਨ ਲੱਗੀ। ਉਸ ਪਿੱਛੋਂ ਮੈਂ ਕਈ ਔਰਤਾਂ ਨੂੰ ਪ੍ਰੇਮ ਕੀਤਾ, ਪਰ ਉਹ ਸਾਰੀਆਂ ਈ ਕਿਸੇ ਨਾ ਕਿਸੇ ਹੋਰ ਨੂੰ ਪੇ੍ਰਮ ਕਰਦੀਆਂ ਸੀ।”
“ਤੇ ਤੇਰੀ ਪਤਨੀ?”
“ਪ੍ਰੇਮ ਆਪਸੀ ਸਮਝਦਾਰੀ ਨਾਲ, ਇਕ ਨਿਸ਼ਾਨੇ ਲਈ, ਇਕ ਦਿਸ਼ਾ ਵਿਚ, ਨਾਲੋ-ਨਾਲ ਤੁਰਨ ਨਾਲ ਪੈਦਾ ਹੁੰਦਾ ਏ। ਏਥੇ ਕਦੀ ਆਪਸੀ ਸਮਝਦਾਰੀ ਹੀ ਪੈਦਾ ਨਹੀਂ ਹੋ ਸਕੀ। ਫੇਰ, ਨਿਸ਼ਾਨੇ ਵੱਖ-ਵੱਖ ਸੀ, ਦਿਸ਼ਾਵਾਂ ਵੱਖਰੀਆਂ ਸਨ। ਨਾਲੋ-ਨਾਲ ਤੁਰਨ ਵਾਲੀ ਇਕ ਵੀ ਗੱਲ ਨਹੀਂ ਸੀ।”
“ਤੇਰੀ ਪਤਨੀ ਕਹਿੰਦੀ ਏ ਕਿ ਤੂੰ ਉਸਨੂੰ ਪ੍ਰੇਮ ਨਹੀਂ ਕਰਦਾ”
“ਸ਼ਾਇਦ ਠੀਕ ਈ ਕਹਿੰਦੀ ਏ।”
“ਫੇਰ ਗ੍ਰਹਿਸ਼ਤੀ, ਬੱਚੇ ਤੇ ਦੁਨੀਆਂਦਾਰੀ?”
“ਉਹ ਸਭ ਪ੍ਰੇਮ ਦੇ ਇਲਾਵਾ ਵੀ ਸੰਭਵ ਏ। ਰਾਜ ਦਾ ਜਨਤਾ ਨਾਲ, ਮਾਲਿਕ ਦਾ ਨੌਕਰਾਂ ਨਾਲ, ਕੋਈ ਪ੍ਰੇਮ ਨਹੀਂ ਹੁੰਦਾ। ਫੇਰ ਵੀ ਰਾਜ ਤੇ ਸਮਾਜ ਦੇ ਸਾਰੇ ਕਾਰੋਬਾਰ ਚੱਲਦੇ ਰਹਿੰਦੇ ਨੇ...ਹੈ ਨਾ? ਜਾਣਦੀ ਏਂ, ਕਦੇ-ਕਦੇ ਮੈਨੂੰ ਕਿੰਜ ਲੱਗਦਾ ਏ?...ਲੱਗਦਾ ਏ, ਜਿਵੇਂ ਮੈਂ ਆਪਣੇ ਘਰ ਵਿਚ ਇਕ 'ਪੇਇੰਗ ਗੇਸਟ ਆਂ, ਤੇ ਮਕਾਨ ਮਾਲਕਿਨ ਨਾਲ ਨਾਜਾਇਜ਼ ਸੰਬੰਧ ਨੇ ਮੇਰੇ।”
“ਤੇ ਤੇਰੇ ਸੰਗਠਨ ਦੇ ਉਹ ਸਾਥੀ, ਜਿਹੜੇ ਇਕ ਨਿਸ਼ਾਨੇ ਵੱਲ, ਇਕੋ ਦਿਸ਼ਾ ਵਿਚ, ਨਾਲੋ-ਨਾਲ ਚੱਲਦੇ ਨੇ? ਉਹਨਾਂ 'ਚ ਤੈਨੂੰ ਕੋਈ ਔਰਤ ਨਹੀਂ ਮਿਲੀ, ਜਿਹੜੀ...?”
“ਨਹੀਂ।...ਹਾਂ, ਇਕ ਮਿਲੀ ਸੀ, ਜਿਸਨੂੰ ਮਿਲ ਕੇ ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਪਿਆਰ ਕਰਦੀ ਏ। ਉਸਨੇ ਕਿਹਾ ਵੀ ਸੀ : 'ਅਰਵਿੰਦ ਤੇਰੇ ਅੰਦਰ ਬੜੀਆਂ ਸੰਭਾਵਨਾਵਾਂ ਨੇ।'...ਅੱਛਾ, ਸੁਣ, ਕੀ ਤੂੰ ਇਕ ਗੱਲ ਸਮਝਦੀ ਏਂ? ਕੀ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਕੀਤਾ ਜਾਣ ਵਾਲਾ ਪ੍ਰੇਮ ਹੀ ਸੱਚਾ ਪ੍ਰੇਮ ਹੁੰਦਾ ਏ? ਜੇ ਤੂੰ ਇਹ ਵੇਖੇਂ ਕਿ ਇਸ ਆਦਮੀ ਵਿਚ ਕੀ-ਕੀ ਨਹੀਂ ਹੈ, ਤਾਂ ਕੀ ਤੂੰ ਉਸ ਨਾਲ ਪ੍ਰੇਮ ਨਹੀਂ, ਨਫ਼ਰਤ ਕਰੇਂਗੀ? ਭਾਵੇਂ ਉਹ ਦਯਾ ਦੇ ਰੂਪ ਵਿਚ ਹੀ ਹੋਵੇ। ਜੇ ਤੂੰ ਇਹ ਵੇਖੇਂ ਕਿ ਇਸ ਆਦਮੀ ਵਿਚ ਕੀ-ਕੀ ਹੈ, ਤੂੰ ਉਸ ਨਾਲ ਪ੍ਰੇਮ ਨਹੀਂ ਕਰ ਸਕਦੀ। ਹੱਦ ਤੋਂ ਹੱਦ ਸੰਤੋਖ ਕਰ ਲਵੇਂਗੀ। ਉਹ ਵੀ ਸ਼ਾਇਦ ਕੁਛ ਸਮੇਂ ਲਈ, ਕਿਉਂਕਿ ਜੋ ਹੈ, ਉਹ ਬੀਤਦਾ ਰਹਿੰਦਾ ਹੈ ਤੇ ਅਸੰਤੋਖ ਪੈਦਾ ਕਰਦਾ ਰਹਿੰਦਾ ਏ। ਪ੍ਰੇਮ ਉੱਥੇ ਈ ਹੁੰਦਾ ਏ, ਜਿੱਥੇ ਤੁਸੀਂ ਇਹ ਵੇਖਦੀਆਂ ਹੋ ਕਿ ਇਹ ਆਦਮੀ ਕੀ ਤੋਂ ਕੀ ਬਣ ਸਕਦਾ ਏ।...ਤਾਂ, ਉਸਨੇ ਕਿਹਾ : 'ਅਰਵਿੰਦ, ਤੇਰੇ ਅੰਦਰ ਬੜੀਆਂ ਸੰਭਾਵਨਾਵਾਂ ਨੇ; ਤੂੰ ਆਪਣਾ ਵਿਕਾਸ ਕਰ, ਮੈਂ ਤੇਰਾ ਸਾਥ ਦਿਆਂਗੀ।'...ਪਰ ਪਿੱਛੋਂ, ਪਤਾ ਈ, ਕੀ ਹੋਇਆ? ਉਹ ਮੇਰੀ ਲੀਡਰ ਬਣ ਕੇ ਮੈਨੂੰ ਆਪਣਾ ਕਾਡਰ ਬਣਾਉਣ ਲੱਗੀ। ਚਾਹੁਣ ਲੱਗੀ ਕਿ ਮੈਂ ਉਸਦੇ ਗੁੱਟ 'ਚ ਰਹਿ ਕੇ ਸੰਗਠਨ ਵਿਚ ਗੁੱਟ ਬਾਜੀ ਕਰਾਂ, ਉਸਦੇ ਮੂਰਖਤਾ ਭਰੇ ਆਦੇਸ਼ਾਂ ਨੂੰ ਵੀ ਅੱਖਾਂ ਬੰਦ ਕਰਕੇ ਮੰਨ ਲਵਾਂ, ਹਰ ਹਾਲਤ ਵਿਚ ਮੈਂ ਉਸਦਾ ਪੱਖ ਲਵਾਂ ਤੇ ਸਮਰਥਨ ਕਰਾਂ। ਪਰ ਇਹ ਤਾਂ ਪ੍ਰੇਮ ਨਹੀਂ।...ਜਾਂ ਹੈ?”
ਮੈਂ ਰਾਜਨੀਤੀ ਬਹੁਤੀ ਨਹੀਂ ਸਮਝਦੀ। ਉਸਦੇ ਸੰਗਠਨ ਬਾਰੇ ਵੀ ਬੜਾ ਥੋੜ੍ਹਾ ਜਾਣਦੀ ਸਾਂ।...ਤੇ ਉਸ ਔਰਤ ਨਾਲ ਮੇਰੀ ਜਾਣ-ਪਛਾਣ ਨਹੀਂ ਸੀ, ਜਿਹੜੀ ਖ਼ੁਦ ਲੀਡਰ ਬਣ ਕੇ ਅਰਵਿੰਦ ਨੂੰ ਆਪਣਾ ਕਾਡਰ ਬਣਾਉਣਾ ਚਾਹੁੰਦੀ ਸੀ। ਪਰ ਅਰਵਿੰਦ ਦੇ ਕੁਝ ਸਾਥੀ ਮੈਨੂੰ ਦਸਦੇ ਸਨ, ਉਸ ਔਰਤ ਨਾਲ ਅਰਵਿੰਦ ਦਾ ਝਗੜਾ ਸ਼ੁਰੂ ਤੋਂ ਹੀ ਸੀ। ਉਹ ਅਰਵਿੰਦ ਨੂੰ ਰਾਜਨੀਤਕ ਕਾਰਜ ਕਰਤਾ ਬਣਾਉਣਾ ਚਾਹੁੰਦੀ ਸੀ। ਅਰਵਿੰਦ ਰਾਜਨੀਤਕ ਕਾਰਜ-ਕਰਤਾ ਬਣਨ ਲਈ ਤਿਆਰ ਸੀ, ਬਸ਼ਰਤੇ ਕਿ ਉਹ ਔਰਤ ਕਲਾਕਾਰ ਬਣਨਾ ਮੰਜ਼ੂਰ ਕਰ ਲਵੇ।
ਇਕ ਦਿਨ ਮੈਂ ਇਸ ਝਗੜੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ, “ਮੈਂ ਉਮਰ ਵਿਚ ਉਸ ਕੁੜੀ ਨਾਲੋਂ ਵੱਡਾ ਆਂ, ਆਪਣੇ ਖੇਤਰ ਵਿਚ ਮੈਂ ਕੁਝ ਮਹੱਤਵਪੂਰਨ ਕੰਮ ਵੀ ਕੀਤੇ ਨੇ, ਜਦਕਿ ਉਸਦੀ ਆਪਣੀ ਆਪਣੇ ਰਾਜਨੀਤਕ ਖੇਤਰ ਵਿਚ ਅਜੇ ਤਕ ਕੋਈ ਪ੍ਰਾਪਤੀ ਨਹੀਂ: ਫੇਰ ਵੀ ਮੈਂ ਉਸਦਾ ਵਿਦਿਆਰਥੀ ਬਣ ਕੇ ਉਸ ਤੋਂ ਰਾਜਨੀਤੀ ਸਿੱਖਣ ਲਈ ਤਿਆਰ ਆਂ। ਪਰ ਉਹ ਵੀ ਤਾਂ ਕਲਾ ਦੀ ਦੁਨੀਆਂ 'ਚ ਆ ਕੇ ਕੁਝ ਸਿੱਖੇ। ਉਹ ਚਿੱਤਰ ਨਹੀਂ ਬਣਾ ਸਕਦੀ, ਸੰਗੀਤ-ਰਚਨਾ ਨਹੀਂ ਕਰ ਸਕਦੀ, ਕਵਿਤਾ ਨਹੀਂ ਲਿਖ ਸਕਦੀ, ਥਿਏਟਰ ਵਿਚ ਕੰਮ ਨਹੀਂ ਕਰ ਸਕਦੀ; ਕੋਈ ਗੱਲ ਨਹੀਂ। ਫੇਰ ਚਿੱਤਰ ਤੇ ਚਿੱਤਰਕਾਰ ਨੂੰ, ਨਾਟਕ ਤੇ ਨਟ ਨੂੰ ਸਮਝਣ ਤੇ ਸਲਾਹੁਣ ਦੀ ਸਮਰਥਾ ਪ੍ਰਾਪਤ ਕੀਤੇ ਬਿਨਾਂ ਆਪਣੀ ਰਾਜਨੀਤੀ ਵਿਚ ਕਵੀਆਂ ਤੇ ਕਲਾਕਾਰਾਂ ਦਾ ਸਹੀ ਇਸਤੇਮਾਲ ਕਿਵੇਂ ਕਰ ਸਕਦੀ ਏ? ਨਿੱਤ ਦਿਨ ਦੀ ਰਾਜਨੀਤੀ ਵਿਚ ਉਹ ਏਨੀ ਵਿਅਸਤ ਰਹਿੰਦੀ ਏ ਕਿ ਕਲਾ ਤੇ ਕਲਾਕਾਰਾਂ ਦੀਆਂ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮੱਸਿਆਵਾਂ ਬਾਰੇ ਸੋਚਣ ਦੀ ਰਤਾ ਵਿਹਲ ਨਹੀਂ, ਉਸ ਕੋਲ। ਮੈਂ ਉਸਦੀ ਬੇਨਤੀ ਉੱਤੇ ਜਲੂਸਾਂ ਵਿਚ ਨਾਅਰੇ ਲਾਉਣ ਚਲਾ ਜਾਂਦਾ ਆਂ, ਸਰਕਾਰ ਨੂੰ ਮੰਗਾਂ ਦਾ ਨੋਟਿਸ ਦੇਣ ਤੇ ਜਨਤਾ ਨੂੰ ਭਾਸ਼ਣ ਦੇਣ ਪਹੁੰਚ ਜਾਂਦਾ ਹਾਂ; ਫੇਰ ਉਹ ਮੇਰੇ ਕਹਿਣ 'ਤੇ ਕੋਈ ਕਿਤਾਬ ਪੜ੍ਹਨ, ਸੰਗੀਤ ਸੁਣਨ, ਨਾਟਕ ਜਾਂ ਚਿੱਤਰ ਪ੍ਰਦਰਸ਼ਨੀ ਵੇਖਣ ਤੋਂ ਇਨਕਾਰ ਕਿਉਂ ਦੇਂਦੀ ਏ? ਉਹ ਵਿਅਸਤ ਏ, ਤਾਂ ਕੀ ਮੈਂ ਵਿਹਲਾ ਆਂ...?”
ਮੈਨੂੰ ਲੱਗਿਆ, ਉਹ ਸ਼ਾਇਦ ਵਧੇਰੇ ਦਿਨ ਸੰਗਠਨ ਵਿਚ ਨਹੀਂ ਰਹਿ ਸਕੇਗਾ। ਪਰ ਉਸਨੇ ਮੇਰੀ ਧਾਰਨਾਂ ਨੂੰ ਗਲਤ ਸਿੱਧ ਕਰਦਿਆਂ ਹੋਇਆਂ ਕਿਹਾ, “ਪਹਿਲਾਂ ਈ ਮੈਂ ਘੱਟ ਇਕੱਲਾ ਨਹੀਂ; ਸੰਗਠਨ ਨਾਲੋਂ ਵੱਖ ਹੋ ਕੇ ਤਾਂ ਹੋਰ ਵੀ ਇਕੱਲਾ ਹੋ ਜਾਵਾਂਗਾ। ਹਾਂ, ਮੈਨੂੰ ਗੁੱਸਾ ਆਉਂਦਾ ਏ ਤੇ ਅਫ਼ਸੋਸ ਵੀ ਹੁੰਦਾ ਏ ਕਿ ਮੇਰੇ ਰਾਜਨੀਤਕ ਸਾਥੀ ਮੈਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।”
ਮੈਂ ਉਸਦੇ ਸਾਥੀਆਂ ਨਾਲ ਗੱਲ ਕੀਤੀ, ਤਾਂ ਪਤਾ ਲੱਗਿਆ ਕਿ ਅਰਵਿੰਦ ਬਾਰੇ ਉਹਨਾਂ ਦੀ ਰਾਏ ਬਹੁਤੀ ਚੰਗੀ ਨਹੀਂ। ਉਹਨਾਂ ਕਿਹਾ : ਅਰਵਿੰਦ ਵਿਚ ਵਿਅਕਤੀ ਵਾਦ ਬੜਾ ਜ਼ਿਆਦਾ ਹੈ। ਉਹ ਕੋਈ ਅਨੁਸ਼ਾਸਨ ਨਹੀਂ ਮੰਨਦਾ। ਉਹ ਸਵੈ ਇੱਛਾਚਾਰੀ ਤੇ ਲਗਭਗ ਅਰਾਜਕ ਹੈ। ਸੰਗਠਨ ਵਿਚ ਰਹਿਣ ਲਈ ਜਿਹੜੀ ਨਿਹਚਾ, ਸਮਰਪਣ ਤੇ ਆਤਮ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ, ਉਹ ਉਸ ਵਿਚ ਨਹੀਂ। ਉਹ ਸਿਰਫ ਆਪਣੇ ਆਪ ਨੂੰ ਪਿਆਰ ਕਰਦਾ ਹੈ, ਆਪਣੀ ਧੁਨ ਵਿਚ ਹੀ ਰਹਿਣਾ ਚਾਹੁੰਦਾ ਹੈ...ਆਦੀ-ਆਦੀ।
ਇਕ ਦਿਨ ਮੈਂ ਉਸਨੂੰ ਕਿਹਾ, “ਪਤਾ ਏ, ਲੋਕ ਤੇਰੇ ਬਾਰੇ ਕੀ ਸੋਚਦੇ ਨੇ?”
“ਹਾਂ।” ਉਸਨੇ ਹੱਸ ਕੇ ਕਿਹਾ, “ਸੋਚਦੇ ਨੇ, ਇਹ ਪਹਾੜੀ ਝਰਨਾ ਅਲਗ ਤੇ ਇਕੱਲਾ ਕਿਉਂ ਵਹਿ ਰਿਹੈ! ਇਸ ਦੀ ਆਵਾਜ਼ ਏਨੀ ਅਨੋਖੀ ਕਿਉਂ ਏਂ! ਇਹ ਚੁੱਪਚਾਪ ਕਿਉਂ ਨਹੀਂ ਵਹਿੰਦਾ, ਪੱਥਰਾਂ ਨਾਲ ਟਕਰਾਅ ਕੇ ਆਵਾਜ਼ ਕਿਉਂ ਪੈਦਾ ਕਰਦਾ ਏ! ਇਹ ਏਨਾ ਮਸਤ ਕਿਉਂ ਏ! ਇਹ ਏਨਾ ਸੁੰਦਰ ਕਿਉਂ ਲੱਗਦੈ! ਵਗ਼ੈਰਾ ਵਗ਼ੈਰਾ।”
ਇਕ ਦਿਨ ਮੈਂ ਉਸੇ ਦੀ ਸ਼ੈਲੀ ਅਪਣਾਉਂਦਿਆਂ ਹੋਇਆਂ ਕਿਹਾ, “ਮੈਂ ਸੁਣਿਆ ਏ ਕਿ ਇਕ ਝਰਨਾ ਵਹਿੰਦਾ ਵਹਿੰਦਾ ਨਦੀ ਨਾਲ ਜਾ ਰਲਿਆ ਤੇ ਦੁਖੀ ਹੋ ਗਿਆ ਕਿ ਨਦੀ ਨਾਲ ਰਲ ਕੇ ਉਹਦੀ ਹੋਂਦ ਈ ਖ਼ਤਮ ਹੋ ਗਈ ਏ।”
“ਹਾਂ, ਬਿਲਕੁਲ ਇਵੇਂ ਹੋਇਐ–ਤੂੰ ਠੀਕ ਸੁਣਿਐਂ।”
“ਪਰ, ਅਰਵਿੰਦ, ਜੀਵਨ ਦੀ ਸਾਰਥਕਤਾ ਤਾਂ ਇਸੇ ਵਿਚ ਏ ਕਿ ਛੋਟੀ ਹਸਤੀ ਕਿਸੇ ਵੱਡੀ ਹਸਤੀ ਵਿਚ ਵਲੀਨ ਹੋ ਜਾਵੇ। ਨਹੀਂ?”
“ਨਹੀਂ। ਛੋਟੀ ਹਸਤੀ ਨੂੰ ਕਿਸੇ ਵੱਡੀ ਹਸਤੀ ਵਿਚ ਵਲੀਨ ਹੋ ਜਾਣਾ ਚਾਹੀਦਾ ਏ, ਇਹ ਇਕ ਵਿਚਾਰ ਹੋ ਸਕਦਾ ਏ ਤੇ ਕਿਸੇ ਸਮੇਂ ਵਿਚ ਬੜਾ ਚੰਗਾ ਵਿਚਾਰ ਵੀ ਹੁੰਦਾ ਹੋਵੇਗਾ; ਪਰ ਅੱਜ ਦੇ ਸਮੇਂ ਵਿਚ ਇਹ ਇਕ ਫਾਸੀਵਾਦੀ ਵਿਚਾਰ ਏ। ਮੈਂ ਇਸਦਾ ਵਿਰੋਧੀ ਆਂ।”
“ਲੋਕ ਠੀਕ ਕਹਿੰਦੇ ਨੇ, ਤੂੰ ਵਿਅਕਤੀਵਾਦੀ ਏਂ।”
“ਵਿਅਕਤੀਵਾਦ ਬੁਰਾ ਹੋ ਸਕਦੈੇ, ਪਰ ਵਿਅਕਤੀਤਵ? ਵਿਅਕਤੀਤਵ ਦਾ ਵਿਕਾਸ ਹੋਣਾ ਚਾਹੀਦਾ ਏ ਜਾਂ ਸੰਗਠਨ ਤੇ ਅਨੁਸ਼ਾਸਨ ਦੇ ਨਾਂਅ ਹੇਠ ਉਸਦੀ ਹੱਤਿਆ ਕਰ ਦੇਣੀ ਚਾਹੀਦੀ ਏ? ਇਕ ਦੂਜੇ ਦੀ ਵੱਖੋ ਵੱਖਰੀ ਪਹਿਚਾਨ ਦਾ ਸਵਾਗਤ ਤੇ ਸਨਮਾਨ ਕਰਦਿਆਂ ਹੋਇਆਂ ਸਾਥੀਆਂ ਨੂੰ ਇਕ ਦੂਜੇ ਦੇ ਵਿਅਕਤੀਤਵ ਦੇ ਵਿਕਾਸ ਵਿਚ ਸਹਾਇਕ ਹੋਣਾ ਚਾਹੀਦਾ ਏ ਜਾਂ ਸੰਗਠਨ ਤੇ ਅਨੁਸ਼ਾਸਨ ਦੇ ਨਾਂਅ 'ਤੇ ਕਿਸੇ ਦੀ ਹੋਂਦ ਕੀ ਹਸਤੀ ਨੂੰ ਹੀ ਖ਼ਤਮ ਕਰ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ?”
“ਹੋਂਦ ਕਿ ਹਸਤੀ?”
“ਕਲਾ ਦੇ ਖੇਤਰ ਵਿਚ ਤਾਂ ਹਸਤੀ ਹੀ ਹੋਂਦ ਹੁੰਦੀ ਏ।”
“ਪਰ ਤੇਰਾ ਸਮੂਹਵਾਦ ਦਾ ਸਿਧਾਂਤ ਤਾਂ...”
“ਮੈਂ ਅਜਿਹੇ ਸਮੂਹਵਾਦ ਨੂੰ ਦੂਰੋਂ ਈ ਸਲਾਮ ਕਰਦਾ ਆਂ, ਜਿਹੜਾ...” ਕਹਿੰਦਾ ਹੋਇਆ ਉਹ ਅਚਾਨਕ ਜ਼ੋਰ ਦੀ ਹੱਸ ਪਿਆ ਤੇ ਬੋਲਿਆ, “ਸੁਣ, ਕੀ ਉਸ ਨਦੀ ਦੇ ਹੜ੍ਹ ਦੀ ਛੱਲ ਤੇਰੇ ਘਰੇ ਵੀ ਘੁਸ ਆਈ ਏ?”
“ਇੰਜ ਹੁੰਦਾ, ਤਾਂ ਮੈਂ ਇਕਾਂਤ 'ਚ ਬੈਠੀ ਝਰਨੇ ਦਾ ਸੰਗੀਤ ਨਾ ਸੁਣ ਰਹੀ ਹੁੰਦੀ।”
ਮੈਂ ਮੁਸਕਰਾਈ ਤਾਂ ਉਹ ਬੜਾ ਖੁਸ਼ ਤੇ ਨਾਰਮਲ ਦਿਖਾਈ ਦੇਣ ਲੱਗਾ।
ਪਰ ਉਸ ਦਿਨ ਪਿੱਛੋਂ ਮੈਂ ਵੇਖਿਆ ਕਿ ਉਹ ਉੱਖੜਿਆ-ਉੱਖੜਿਆ ਤੇ ਬੇਚੈਨ ਜਿਹਾ ਰਹਿਣ ਲੱਗ ਪਿਆ ਹੈ। ਸਿੱਧ-ਪੱਧਰੀਆਂ ਗੱਲਾਂ ਦੇ ਵੀ ਉਲਟੇ ਅਰਥ ਲੈਣ ਵਾਲਾ ਇਕ ਸ਼ੱਕੀ ਤੇ ਝੱਕੀ ਜਿਹਾ ਆਦਮੀ ਬਣ ਕੇ ਉਹ ਸਾਰਿਆਂ ਨਾਲ ਝਗੜਾ ਕਰਨ ਲੱਗ ਪੈਂਦਾ ਹੈ। ਮੈਂ ਤਾਂ ਹੁਣ ਵੀ ਉਹਨੂੰ ਆਪਣਾ ਅਤੀ ਪਿਆਰਾ ਮਿੱਤਰ ਮੰਨਦੀ ਸਾਂ, ਪਰ ਉਸਨੂੰ ਮੇਰੀ ਮਿੱਤਰਤਾ 'ਤੇ ਵੀ ਸ਼ੱਕ ਹੋਣ ਲੱਗ ਪਿਆ ਸੀ। ਇਕ ਮੈਂ ਉਸਦੇ ਸਾਹਮਣੇ ਇਕ ਬੜੇ ਹੀ ਵਧੀਆ ਮਿੱਤਰ ਦੀ ਪ੍ਰਸ਼ੰਸਾ ਕਰ ਬੈਠੀ ਤੇ ਉਹ ਮੇਰੇ ਨਾਲ ਵੀ ਝਗੜ ਪਿਆ। ਕਹਿਣ ਲੱਗਿਆ, “ਸਾਫ ਕਿਉਂ ਨਹੀਂ ਕਹਿ ਦੇਂਦੀ ਕਿ ਤੂੰ ਵੀ ਮੈਨੂੰ ਪਸੰਦ ਨਹੀਂ ਕਰਦੀ!”
ਮੈਂ ਕਿਹਾ, “ਕਿਸੇ ਹੋਰ ਦੀ ਪ੍ਰਸ਼ੰਸਾ ਕਰਨ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਤੈਨੂੰ ਪਸੰਦ ਨਹੀਂ ਕਰਦੀ।”
“ਨਹੀਂ, ਇਸਦਾ ਮਤਲਬ ਇਹੋ ਏ। ਵਰਨਾ ਤੂੰ ਮੇਰੇ ਮੂੰਹ 'ਤੇ ਕਿਸੇ ਹੋਰ ਦੀ ਪ੍ਰਸ਼ੰਸਾ ਕਿਉਂ ਕਰਦੀ?”
ਬਹਿਸ ਜਦੋਂ ਇੰਜ ਗੋਲ-ਗੋਲ ਘੁੰਮਣ ਲੱਗੇ ਤਾਂ ਝਗੜਾ ਜ਼ਰੂਰ ਹੁੰਦਾ ਹੈ।
ਉਹ ਮੇਰੇ ਨਾਲ ਝਗੜ ਕੇ ਚਲਾ ਗਿਆ ਤੇ ਕਈ ਮਹੀਨੇ ਤਕ ਨਹੀਂ ਮਿਲਿਆ। ਮੈਨੂੰ ਉਸਦਾ ਨਾ ਮਿਲਣਾ ਚੰਗਾ ਹੀ ਲੱਗਿਆ : ਅਜਿਹੇ ਬਦਦਿਮਾਗ ਆਦਮੀ ਨਾਲ ਕੀ ਮਿਲਣਾ!
ਇਸ ਦੌਰਾਨ ਸੁਣਿਆ ਕਿ ਉਹ ਨੌਕਰੀ ਤੋਂ ਲੰਮੀ ਛੁੱਟੀ ਲੈ ਕੇ ਘਰ ਬੈਠਾ ਆਪਣਾ ਕੰਮ ਕਰ ਰਿਹਾ ਹੈ। ਮੈਨੂੰ ਖੁਸ਼ੀ ਹੋਈ : ਚੱਲੋ, ਚੰਗਾ ਏ, ਕੰਮ ਕਰੇਗਾ ਤਾਂ ਊਲ-ਜਲੂਲ ਸੋਚਾਂ ਤੋਂ ਮੁਕਤ ਰਹਿ ਸਕੇਗਾ। ਪਰ ਫੇਰ ਸੁਣਿਆ ਕਿ ਉਹ ਕੰਮ ਨਹੀਂ ਕਰ ਰਿਹਾ, ਵਿਹਲਾ ਪਿਆ ਘਰੇ ਪਤਨੀ ਨਾਲ ਲੜਦਾ ਤੇ ਬੱਚਿਆਂ 'ਤੇ ਗੁੱਸਾ ਕੱਢਦਾ ਰਹਿੰਦਾ ਹੈ। ਸ਼ਾਮ ਨੂੰ ਕਿੱਧਰੇ ਨਿਕਲ ਜਾਂਦਾ ਹੈ ਤੇ ਅੱਧੀ ਰਾਤ ਨੂੰ ਨਸ਼ੇ ਵਿਚ ਟੁੰਨ ਹੋ ਕੇ ਘਰ ਆਉਂਦਾ ਹੈ।
ਦੁਖੀ ਹੋ ਕੇ ਮੈਂ ਉਸਦੇ ਕੁਝ ਦੋਸਤਾਂ ਨੂੰ ਮਿਲੀ ਤੇ ਕਿਹਾ, “ਸੁਣੋ, ਇੰਜ ਤਾਂ ਉਹ ਆਤਮ-ਹੱਤਿਆ ਕਰ ਰਿਹੈ। ਉਸਨੂੰ ਬਚਾਉਣ ਲਈ ਕੁਛ ਤਾਂ ਕਰੋ।”
“ਜਿਹੜਾ ਖ਼ੁਦ ਮਰਨਾ ਚਾਹੁੰਦਾ ਹੋਵੇ, ਉਸਨੂੰ ਕੋਈ ਨਹੀਂ ਬਚਾਅ ਸਕਦਾ।” ਉਸਦੇ ਦੋਸਤਾਂ ਨੇ ਕਿਹਾ ਤੇ ਸਾਫ ਸਾਫ ਕਹਿ ਦਿਤਾ ਕਿ ਉਹ ਉਸ ਲਈ ਕੁਝ ਨਹੀਂ ਕਰ ਸਕਦੇ। ਮੈਂ ਫੇਰ ਮਿੰਨਤ ਜਿਹੀ ਕੀਤੀ ਤਾਂ ਉਹਨਾਂ ਵਿਚੋਂ ਇਕ ਨੇ ਕਿਹਾ, “ਦੇਖੋ ਜੀ, ਅਸੀਂ ਤਾਂ ਉਸ ਲਈ ਕੁਛ ਵੀ ਕਰਨ ਲਈ ਤਿਆਰ ਵਾਂ, ਪਰ ਉਹ ਤਾਂ ਆਪਣੇ ਸ਼ੁਭਚਿੰਤਕਾਂ ਨੂੰ ਵੀ ਗਾਲ੍ਹਾਂ ਕੱਢਣ ਲੱਗ ਪੈਂਦਾ ਏ। ਹੁਣ ਇੰਜ ਤਾਂ ਨਹੀਂ ਹੋ ਸਕਦਾ ਕਿ ਅਸੀਂ ਉਸਦੀਆਂ ਗਾਲ੍ਹਾਂ ਖਾਣ ਲਈ ਉਸ ਕੋਲ ਜਾਈਏ।”
“ਉਹ ਬਿਮਾਰ ਏ।” ਮੈਂ ਸਮਝਾਉਣਾ ਚਾਹਿਆ, “ਸਾਰਿਆਂ ਨਾਲ ਝਗੜਾ ਕਰਨਾ, ਸਭ ਨਾਲੋਂ ਟੁੱਟ ਕੇ ਇਕੱਲੇ ਹੁੰਦੇ ਜਾਣਾ, ਇਕ ਕਿਸਮ ਦੀ ਬਿਮਾਰੀ ਈ ਏ। ਸ਼ਰਾਬ ਇਸ ਬਿਮਾਰੀ ਨੂੰ ਹੋਰ ਵਧਾਅ ਦੇਂਦੀ ਏ। ਪਲੀਜ਼ ਉਸਨੂੰ ਬਿਮਾਰ ਸਮਝ ਕੇ ਕੋਈ ਇਲਾਜ਼ ਕਰੋ, ਉਸ ਨਾਲ ਨਫ਼ਤਰ ਨਾ ਕਰੋ।”
“ਸਾਥੋਂ ਤਾਂ ਜੋ ਕੁਛ ਹੋ ਸਕਦਾ ਸੀ, ਅਸੀਂ ਕਰਕੇ ਵੇਖ ਲਿਆ।”
“ਨਹੀਂ, ਤੁਸੀਂ ਉਸਨੂੰ ਸਿਰਫ ਸਮਝਾਇਆ ਏ, ਉਪਦੇਸ਼ ਦਿੱਤੇ ਨੇ। ਇਸ ਵੇਲੇ ਉਹਨੂੰ ਉਪਦੇਸ਼ਾਂ ਦੀ ਨਹੀਂ, ਮਦਦ ਦੀ ਲੋੜ ਏ। ਮੈਂ ਰੁਪਏ ਪੈਸੇ ਦੀ ਗੱਲ ਨਹੀਂ ਕਰ ਰਹੀ। ਕੁਝ ਅਜਿਹਾ ਕਰੋ ਕਿ ਉਹ ਆਪਣੀ ਯੋੋਗਤਾ 'ਤੇ ਭਰੋਸਾ ਕਰ ਸਕੇ, ਆਪਣੀਆਂ ਸੰਭਾਵਨਾਵਾਂ ਨੂੰ ਸਮਝ ਕੇ ਮੁੜ ਆਪਣਾ ਆਤਮਵਿਸ਼ਵਾਸ਼ ਪ੍ਰਾਪਤ ਕਰ ਸਕੇ।”
“ਤੁਸੀਂ ਹੀ ਕਿਉਂ ਨਹੀਂ ਕੁਛ ਕਰਦੇ?”
“ਹਾਂ, ਤੁਹਾਡਾ ਲੋਕਾਂ ਦਾ ਰਵੱਈਆ ਵੇਖ ਦਾ ਇਵੇਂ ਲੱਗਦਾ ਏ, ਮੈਨੂੰ ਈ ਕੁਝ ਕਰਨਾ ਪਵੇਗਾ।” ਮੇਰੀ ਗੱਲ ਸੁਣ ਕੇ ਉਹ ਮੁਸਕਰਾਏ। ਪਰ ਉਹਨਾਂ ਦੀ ਵਿਅੰਗਭਰੀ ਮੁਸਕਾਨ ਮੈਨੂੰ ਬੜੀ ਘਟੀਆ ਤੇ ਅਸ਼ਲੀਲ ਲੱਗੀ।
ਇਹ ਜਾਣਦੇ ਹੋਏ ਵੀ ਕਿ ਉਸਦੇ ਪਰਿਵਾਰ ਕੋਲ ਜਾਣਾ, ਉਸਦੀ ਪਤਨੀ ਨੂੰ ਉਸ ਬਾਰੇ ਕੁਝ ਕਹਿਣਾ, ਉਸ ਲਈ ਕੋਈ ਨਵੀਂ ਮੁਸੀਬਤ ਵੀ ਖੜ੍ਹੀ ਕਰ ਸਕਦਾ ਹੈ–ਮੈਂ ਉਸਦੇ ਘਰ ਜਾਏ ਬਿਨਾਂ ਨਹੀਂ ਰਹਿ ਸਕੀ। ਉੱਥੇ ਮੇਰਾ ਅਪਮਾਨ ਹੋਵੇਗਾ, ਇਹ ਤਾਂ ਨਿਸ਼ਚਿਤ ਹੀ ਸੀ; ਪਰ ਮੈਨੂੰ ਆਪਣੇ ਅਪਮਾਨ ਦੀ ਪ੍ਰਵਾਹ ਨਹੀਂ ਸੀ। ਮੈਂ ਉਸਦੀ ਪਤਨੀ ਦੇ ਦਿਮਾਗ ਵਿਚ ਸਿਰਫ ਇਕ ਗੱਲ ਬੈਠਾਅ ਦੇਣੀ ਚਾਹੁੰਦੀ ਸਾਂ ਕਿ ਇੰਜ ਉਹ ਹੌਲੀ-ਹੌਲੀ ਮਰ ਰਿਹਾ ਹੈ।...ਤੇ ਜੇ ਤੂੰ ਉਸਨੂੰ ਨਾ ਰੋਕਿਆ, ਤਾਂ ਇਹ ਉਸਦੀ ਆਤਮ-ਹੱਤਿਆ ਨਹੀਂ, ਬਲਿਕੇ ਤੇਰੇ ਰਾਹੀਂ ਕੀਤੀ ਗਈ ਉਸਦੀ ਹੱਤਿਆ ਹੋਵੇਗੀ।
ਪਰ ਉਸਦੀ ਪਤਨੀ ਨੇ ਤਾਂ ਮੈਨੂੰ ਆਪਣੇ ਘਰੇ ਪੈਰ ਹੀ ਨਹੀਂ ਸੀ ਧਰਨ ਦਿਤਾ। ਭੈੜੀਆਂ-ਭੈੜੀਆਂ ਗਾਲ੍ਹਾਂ ਕੱਢ ਕੇ ਬਾਹਰੋਂ ਹੀ ਉਲਟੇ ਪੈਰੀ ਪਰਤਾ ਦਿਤਾ ਸੀ। ਕਲਪਨਾ ਕੀਤੀ ਜਾ ਸਕਦੀ ਹੈ ਕਿ ਮੈਨੂੰ ਕਿੰਜ ਲੱਗਿਆ ਹੋਵੇਗਾ ਤੇ ਮੇਰਾ ਕੀ ਹਾਲ ਹੋਇਆ ਹੋਵੇਗਾ। ਇੱਛਾ ਹੋਈ ਸੀ ਕਿ ਆਪਣੇ ਘਰ ਵਾਪਸ ਜਾਣ ਦੇ ਬਜਾਏ ਕਿਤੇ ਜਾ ਕੇ ਡੁੱਬ ਮਰਾਂ, ਕਿਸੇ ਟਰੱਕ ਹੇਠ ਆ ਕੇ ਕੁਚਲੀ ਜਾਵਾਂ ਜਾਂ ਕਿਸੇ ਰੇਲ ਹੇਠ ਸਿਰ ਦੇ ਕੇ ਮਰ ਜਾਵਾਂ। ਇੰਜ ਕਰਨ ਤੋਂ ਮੈਨੂੰ ਕਿਸੇ ਚੀਜ਼ ਨੇ ਰੋਕਿਆ ਹੋਇਆ ਸੀ, ਤਾਂ ਸਿਰਫ ਇਸ ਵਿਚਾਰ ਨੇ ਕਿ ਮੌਤ ਜੀਵਨ ਦੀ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਇਹ ਹੋਰ ਗੱਲ ਹੈ ਕਿ ਆਪਣੇ ਘਰ ਪਹੁੰਚ ਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਰਵਿੰਦ ਦੇ ਘਰ ਜਾਣ ਵਾਲੀ ਗੱਲ ਮੇਰੇ ਪਰਿਵਾਰ ਵਿਚ ਸਾਰਿਆਂ ਨੂੰ ਪਤਾ ਲੱਗ ਚੁੱਕੀ ਹੈ, ਤਾਂ ਮੈਨੂੰ ਅਫ਼ਸੋਸ ਹੋਇਆ ਕਿ ਮੈਂ ਆਪਣੇ ਘਰ ਕਿਉਂ ਆਈ। ਇੰਜ ਲੱਗਿਆ ਜਿਵੇਂ ਸਾਰੀ ਦੁਨੀਆਂ ਅਰਵਿੰਦ ਨੂੰ ਧਰੀਕ ਕੇ ਮੌਤ ਵੱਲ ਲਈ ਜਾ ਰਹੀ ਹੈ ਤੇ ਮੈਂ ਉਸਨੂੰ ਰੋਕਣਾ ਚਾਹੁੰਦੀ ਹਾਂ, ਤਾਂ ਲੋਕ ਮੇਰੇ ਸਰੀਰ 'ਤੇ ਹੀ ਨਹੀਂ ਮੇਰੀ ਆਤਮ 'ਤੇ ਵੀ ਮਾਰੂ-ਵਾਰ ਕਰਨ ਲੱਗ ਪੈਂਦੇ ਨੇ।
'ਮੈਂ ਉਸ ਲਈ ਕੀ ਕਰ ਸਕਦੀ ਆਂ?' ਮੈਂ ਸੋਚਿਆ, ਬੜਾ ਸੋਚਿਆ, ਪਰ ਅੰਤ ਵਿਚ ਸਿਰ ਝੁਕਾਅ ਕੇ ਸਵੀਕਾਰ ਕਰ ਲਿਆ ਕਿ ਮੈਂ ਦੋਸਤੀ ਦਾ ਹੱਕ ਅਦਾ ਕਰਨ ਤੋਂ ਅਸਮਰਥ ਹਾਂ।
ਪਤਾ ਨਹੀਂ ਕਿੰਨੇ ਦਿਨ, ਮਹੀਨੇ, ਸਾਲ ਜਾਂ ਯੁਗ ਬੀਤ ਜਾਣ ਪਿੱਛੋਂ ਇਕ ਦਿਨ ਅਚਾਨਕ ਉਹ ਮੈਨੂੰ ਤੁਰਿਆ ਜਾਂਦਾ ਮਿਲ ਗਿਆ। ਬੜਾ ਮਾੜਾ ਹੋ ਗਿਆ ਸੀ ਤੇ ਬਿਲਕੁਲ ਬੁੱਢਾ ਨਜ਼ਰ ਆ ਰਿਹਾ ਸੀ। ਮੈਂ ਆਪਣੇ ਦਫ਼ਤਰੋਂ ਘਰ ਜਾਣ ਲਈ ਬਸ ਸਟੈਂਡ ਵਲ ਜਾ ਰਹੀ ਸਾਂ, ਪਰ ਉਸਦੇ ਕਹਿਣ 'ਤੇ ਸੜਕ ਦੇ ਕਿਨਾਰੇ ਹੀ ਖੋਖੇ 'ਤੇ ਚਾਹ ਪੀਣ ਬੈਠ ਗਈ। ਪ੍ਰੇਮ ਦੀ ਤਾਂ ਗੱਲ ਹੀ ਨਹੀਂ, ਉਸਦੇ ਪ੍ਰਤੀ ਦਯਾ ਜਾਂ ਹਮਦਰਦੀ ਦੀ ਕੋਈ ਭਾਵਨਾ ਵੀ ਮੇਰੇ ਮਨ ਵਿਚ ਨਹੀਂ ਸੀ ਆ ਰਹੀ। ਅੰਦਰ ਉੱਠ ਰਿਹਾ ਸੀ ਇਕ ਅਜੀਬ ਢੰਗ ਦਾ ਅੰਨਾਂ-ਕਰੋਧ, ਜਿਹੜਾ ਮੇਰੇ ਨਾ ਚਾਹੁੰਦਿਆਂ ਵੀ ਉਸ ਸ਼ਾਮ ਸਾਕਾਰ ਹੋ ਗਿਆ :
“ਅਹਿ ਕੀ ਹਾਲਤ ਬਣਾ ਲਈ ਏ ਤੂੰ ਆਪਣੀ? ਮਰਨਾ ਚਾਹੁੰਦਾ ਏਂ ਤਾਂ ਫੇਰ ਮਰ ਹੀ ਕਿਉਂ ਨਹੀਂ ਜਾਂਦਾ? ਮੁਰਦਿਆਂ ਵਾਂਗ ਜਿਊਂਦੇ ਰਹਿਣ ਦਾ ਇਹ ਦਿਖਾਵਾ ਕਿਸ ਲਈ? ਕੀ ਤੂੰ ਇਹ ਸਮਝਦਾ ਏਂ ਕਿ ਦੁਨੀਆਂ ਨੂੰ ਤੇਰੀ ਬੜੀ ਲੋੜ ਏ ਤੇ ਤੇਰੇ ਬਿਨਾਂ ਉਸਦਾ ਕੰਮ ਨਹੀਂ ਚੱਲ ਸਕਦਾ? ਇਸ ਭਰਮ ਵਿਚ ਨਾ ਰਹੀਂ। ਰੁੱਸਿਆ ਹੋਇਆ ਏਂ, ਮਾਨ ਕਰੀ ਬੈਠਾ ਏਂ, ਤਾਂ ਬੈਠਾ ਰਹਿ। ਕਿਸੇ ਨੂੰ ਗਰਜ ਨਹੀਂ ਪਈ ਕਿ ਤੈਨੂੰ ਮਣੌਣ ਆਵੇ। ਕਲ੍ਹ ਮਰਦਾ ਏਂ, ਤਾਂ ਅੱਜ ਮਰ ਜਾ। ਦੁਨੀਆਂ ਦੀ ਬਲਾਅ ਤੋਂ।”
ਅਰਵਿੰਦ ਚੁੱਪਚਾਪ ਨੀਵੀਂ ਪਾ ਕੇ ਬੈਠਾ ਸੁਣਦਾ ਰਿਹਾ। ਕਹਿੰਦੀ ਹੋਈ ਮੈਂ ਰੋਣ ਲੱਗ ਪਈ, ਉਦੋਂ ਵੀ ਉਸਨੇ ਸਿਰ ਚੁੱਕ ਕੇ ਨਹੀਂ ਵੇਖਿਆ। ਮੈਂ ਚੁੱਪ ਹੋ ਕੇ ਅੱਥਰੂ ਪੂੰਝ ਲਏ, ਫੇਰ ਉਸਨੇ ਹੌਲੀ ਜਿਹੀ ਕਿਹਾ, “ਸੁਣ, ਮੈਂ ਕਿਸੇ ਭਰਮ ਵਿਚ ਨਹੀਂ; ਮੈਂ ਕੋਈ ਦਿਖਾਵਾ ਨਹੀਂ ਕਰ ਰਿਹਾ; ਮੈਂ ਅਜੇ ਮਰਨਾ ਵੀ ਨਹੀਂ ਚਾਹੁੰਦਾ। ਮੇਰੀ ਮੁਸ਼ਕਿਲ ਇਹ ਐ ਕਿ ਮੈਨੂੰ ਕੰਮ ਨਹੀਂ ਮਿਲ ਰਿਹਾ। ਮੈਂ ਹੁਣ ਕਿਸੇ ਵੀ ਦਲ, ਸੰਗਠਨ ਜਾਂ ਵਿਚਾਰਧਾਰਾ ਨਾਲ ਪ੍ਰਤੀਬੱਧ ਨਹੀਂ। ਸਿਰਫ ਆਪਣੀ ਕਲਾ ਦਾ ਪ੍ਰਤੀਬੱਧ ਆਂ ਤੇ ਕਲਾਕਾਰ ਦੇ ਤੌਰ 'ਤੇ ਕੰਮ ਕਰਨਾ ਚਾਹੁਣਾ। ਪਰ ਸੰਗਠਨ ਵਿਚ ਰਹਿ ਕੇ ਮੈਂ ਆਪਣੇ ਬਹੁਤ ਸਾਰੇ ਦੁਸ਼ਮਣ ਬਣਾ ਲਏ ਸੀ। ਸੋਚਿਆ ਸੀ, ਮੈਂ ਸੰਗਠਨ ਦੇ ਦੁਸ਼ਮਣਾ ਨਾਲ ਲੜ ਰਿਹਾਂ ਤੇ ਸੰਗਠਨ ਆਪਣੇ ਮੈਂਬਰ ਨੂੰ ਆਪਣੇ ਦੁਸ਼ਮਣਾ ਦੀ ਮਾਰ ਤੋਂ ਬਚਾਏਗਾ। ਪਰ ਪਤਾ ਲੱਗਿਆ ਕਿ ਸੰਗਠਨ ਉਹਨਾਂ ਨੂੰ ਨਹੀਂ ਬਲਿਕੇ ਮੈਨੂੰ ਆਪਣਾ ਦੁਸ਼ਮਣ ਮੰਨਦਾ ਏ...ਤੇ ਹੁਣ ਸੰਗਠਨ ਤੇ ਉਸਦੇ ਦੁਸ਼ਮਣ ਰਲ ਕੇ ਮੇਰੇ ਵਿਰੁੱਧ ਹੋ ਗਏ ਨੇ। ਮੈਨੂੰ ਕੋਈ ਕੰਮ ਨਹੀਂ ਮਿਲ ਰਿਹਾ। ਕੰਮ ਕਰਨ ਦੀ ਪ੍ਰੇਰਨਾਂ ਵੀ ਨਹੀਂ ਮਿਲ ਰਹੀ। ਮੇਰੇ ਖਿਲਾਫ਼ ਅਜਿਹਾ ਪ੍ਰਚਾਰ ਕੀਤਾ ਗਿਆ ਏ ਜਿਵੇਂ ਮੈਂ ਕਦੀ ਕੁਛ ਵੀ ਨਹੀਂ ਸੀ, ਕੁਛ ਵੀ ਨਹੀਂ ਹਾਂ, ਤੇ ਭਵਿੱਖ ਵਿਚ ਵੀ ਕਦੀ ਕੁਛ ਨਹੀਂ ਕਰ ਸਕਦਾ। ਮੈਂ ਇਕੱਲਾ ਸਾਂ ਤੇ ਹਰ ਪਾਸਿਓਂ ਹਮਲੇ ਹੋ ਰਹੇ ਸੀ ਮੇਰੇ ਉਪਰ, ਪਰ ਮੇਰਾ ਸਾਥ ਦੇਣ ਵਾਲਾ, ਮੇਰੇ ਪੱਖ ਵਿਚ ਬੋਲਣ ਵਾਲਾ ਕੋਈ ਵੀ ਨਹੀਂ ਸੀ। ਇਕੱਲਾ ਮੈਂ ਕਿੰਨਿਆਂ ਨਾਲ ਲੜਦਾ? ਕਦੋਂ ਤਕ ਲੜਦਾ? ਹਾਰ ਗਿਆ। ਹਾਰ ਕੇ ਚੁੱਪ ਹੋ ਗਿਆ, ਤਾਂ ਉਹ ਵੀ ਚੁੱਪ ਹੋ ਗਏ। ਹੁਣ ਉਹਨਾਂ ਮੇਰੇ ਉੱਤੇ ਖੁੱਲ੍ਹੇ ਵਾਰ ਕਰਨੇ ਬੰਦ ਕਰ ਦਿਤੇ ਨੇ। ਹੁਣ ਉਹ ਆਪਣੇ ਵਿਰੋਧ ਨਾਲ ਮੈਨੂੰ ਮਾਰ ਮੁਕਾਉਣ ਦੀ ਸਾਜਿਸ਼ ਕਰਦੇ ਹੋਏ ਮੇਰੇ ਖਿਲਾਫ਼ ਸਿਰਫ ਘੁਸਰ-ਮੁਸਰ ਕਰਦੇ ਰਹਿੰਦੇ ਨੇ।”
“ਉਹਨਾਂ ਦੀ ਏਨੀ ਪ੍ਰਵਾਹ ਕਿਉਂ ਕਰਦਾ ਏਂ ਤੂੰ? ਤੂੰ ਆਪਣਾ ਕੰਮ ਕਰ।”
“ਉਹਨਾਂ ਦੀਆਂ ਸਾਜਿਸ਼ਾਂ ਕਰਕੇ ਮੈਨੂੰ ਕੰਮ ਨਹੀਂ ਮਿਲਦਾ ਪਿਆ। ਮੇਰੇ ਪ੍ਰਸ਼ੰਸਕਾਂ ਤੇ ਗਾਹਕਾਂ ਦੀ ਗਿਣਤੀ ਲਗਭਗ ਸਿਫਰ ਹੋ ਗਈ ਏ।”
“ਕੋਈ ਗੱਲ ਨਹੀਂ ਤੂੰ ਸਿਰਫ ਆਪਣਾ ਕੰਮ ਕਰਦਾ ਰਹਿ। ਢਿੱਡ ਭਰਨ ਲਈ ਨੌਕਰੀ ਹੈ ਈ...”
“ਨਹੀਂ, ਨੌਕਰੀ ਤੋਂ ਮੈਨੂੰ ਕੱਢ ਦਿਤਾ ਗਿਆ ਏ।”
“ਹੈਂ!...ਕਿਉਂ?”
“ਮੈਂ ਸ਼ਰਾਬੀ ਆਂ।”
“ਇਹ ਤਾਂ ਕੋਈ ਕਾਰਨ ਨਹੀਂ...ਤੂੰ ਵਿਰੋਧ ਨਹੀਂ ਕੀਤਾ?”
“ਕਿੱਦਾਂ ਕਰਦਾ? ਸਮਾਜ ਸ਼ਰਾਬੀਆਂ ਨੂੰ ਭੈਰੀ ਅੱਖ ਨਾਲ ਵੇਖਦਾ ਏ, ਦੇਸ਼ ਉਹਨਾਂ ਨੂੰ ਇਕ ਸਮੱਸਿਆ ਮੰਨਦਾ ਏ, ਤੇ ਦੇਸ਼ ਦੀ ਸਰਕਾਰ ਇਸ ਸਮੱਸਿਆ ਨੂੰ ਵਧਾ ਤਾਂ ਸਕਦੀ ਏ, ਹੱਲ ਨਹੀਂ ਕਰ ਸਕਦੀ।”
“ਤੇਰੇ ਸੰਗਠਨ ਦੇ ਸਾਥੀ ਕੁਛ ਨਹੀਂ ਕਰ ਸਕਦੇ?”
“ਕੀ ਕਰ ਸਕਦੇ ਨੇ?ਮੈਂ ਉਹਨਾਂ ਨੂੰ ਸੱਚ ਦੀ ਸ਼ਕਲ ਵਿਖਾਉਂਦਾ ਰਿਹਾਂ, ਸੋ ਉਹਨਾਂ ਮੈਨੂੰ ਆਪਣੇ ਵਿਚੋਂ ਕੱਢ ਦਿਤੈ।”
“ਤੇ ਤੇਰੇ ਘਰ ਵਾਲੇ?...ਤੇਰੇ ਮਿੱਤਰ ਤੇ ਰਿਸ਼ਤੇਦਾਰ?”
“ਉਹ ਤਾਂ ਦਰਖ਼ਤ ਨੇ–ਆਪੋ-ਆਪਣੀਆਂ ਜੜਾਂ 'ਤੇ ਮਜ਼ਬੂਤੀ ਨਾਲ ਜੜੇ ਹੋਏ। ਉਹ ਕੀ ਕਰ ਸਕਦੇ ਨੇ? ਇਕ ਸੜੇ-ਸੁੱਕਦੇ ਤਲਾਅ ਕਿਨਾਰੇ ਖੜ੍ਹੇ ਨੇ। ਆਪਣੀਆਂ ਜੜਾਂ ਨਾਲ ਤਲਾਅ ਦੇ ਪਾਣੀ ਨੂੰ ਸੋਖਣ ਦੇ ਇਲਾਵਾ ਕਰ ਕੀ ਸਕਦੇ ਨੇ ਉਹ?..ਹਾਂ, ਮੇਰੀ ਦਸ਼ਾ ਵੇਖ ਕੇ ਉਹਨਾਂ ਨੂੰ ਇਕ ਕਿਸਮ ਦਾ ਕਰੂਰ ਸੁਖ ਜ਼ਰੂਰ ਮਿਲਦਾ ਐ ਤੇ ਉਹ ਮੇਰਾ ਮਜ਼ਾਕ ਉਡਾਉਂਦੇ ਰਹਿੰਦੇ ਨੇ : ਬੜਾ ਵਹਿੰਦਾ ਫਿਰਦਾ ਸੀ, ਬੱਚੂ! ਹੁਣ ਰਹਿ ਗਿਆ ਨਾ ਵੱਝ ਕੇ?...ਸੜ ਤੇ ਸੁੱਕਦਾ ਰਹਿ। ਸਾਨੂੰ ਵੇਖ, ਅਸੀਂ ਅੱਜ ਵੀ ਆਪਣੀਆਂ ਜੜਾਂ 'ਤੇ ਖੜ੍ਹੇ ਆਂ ਤੇ ਹਰੇ ਦੇ ਹਰੇ ਆਂ।...ਉਹਨਾਂ ਨੂੰ ਪਤਾ ਨਹੀਂ ਕਿ ਜੰਗਲ ਵਿਚ ਅੱਗ ਲੱਗੀ ਹੋਈ ਏ ਤੇ ਅੱਗ ਉਹਨਾਂ ਤੀਕ ਵੀ ਪਹੁੰਚੇਗੀ, ਤੇ ਉਹ ਭੱਜ ਵੀ ਨਹੀਂ ਸਕਣਗੇ।”
ਪਿਆਲੀ ਵਿਚ ਬਚੀ ਹੋਈ ਚਾਹ ਨੂੰ ਉਸਨੇ ਜ਼ਹਿਰ ਦੇ ਘੁੱਟ ਵਾਂਗ ਪੀਤਾ ਤੇ ਮੈਨੂੰ ਕਿਹਾ, “ਚੱਲ, ਤੈਨੂੰ ਦੇਰ ਹੋ ਰਹੀ ਹੋਵੇਗੀ।”
ਮੈਂ ਵੇਖਿਆ ਕਿ ਉਸਦੀ ਜੇਬ ਵਿਚ ਪੈਸੇ ਬੜੇ ਥੋੜ੍ਹੇ ਨੇ। ਫੇਰ ਵੀ ਚਾਹ ਦੇ ਪੈਸੇ, ਉਸੇ ਨੇ ਅੱਗੇ ਹੋ ਕੇ ਦਿਤੇ। ਉਠਿਆ ਤਾਂ ਗੋਡਿਆਂ 'ਤੇ ਹੱਥ ਰੱਖ ਕੇ ਇੰਜ, ਜਿਵੇਂ ਗਠੀਏ ਦਾ ਪੁਰਾਣਾ ਮਰੀਜ਼ ਜਾਂ ਅਨੀਮੀਏਂ ਦਾ ਸ਼ਿਕਾਰ ਕੋਈ ਬੇਹੱਦ ਕਮਜ਼ੋਰ ਆਦਮੀ ਹੋਵੇ।
ਮੈਂ ਤਾਂ ਉਸਦੀ ਮੌਤ 'ਤੇ ਉਸੇ ਦਿਨ ਰੋ ਲਈ ਸੀ।
੦੦੦ ੦੦੦ ੦੦੦

ਚਰਚਾ : ਇੰਟਰਨੈਸ਼ਨਲ ਪੰਜਾਬੀ ਮੈਗਜੀਨ

ਚਰਚਾ : ਇੰਟਰਨੈਸ਼ਨਲ ਪੰਜਾਬੀ ਮੈਗਜੀਨ
CHARCHA : An International Punjabi Magazine


ਸੰਪਾਦਕ :
ਦਰਸ਼ਨ ਢਿੱਲੋਂ ਮੁਰਾਦ ਵਾਲਾ : Darshan Dhillo Murad Wala

ਸਹਿ ਸੰਪਾਦਕ :
ਮਹਿੰਦਰਪਾਲ ਸਿੰਘ ਧਾਲੀਵਾਲ L Mohinderpal Singh Dhaliwal

ਮੁੱਖ ਸਲਾਹਕਾਰ (ਆਨਰੇਰੀ)
ਡਾ. ਕੁਲਦੀਪ ਸਿੰਘ ਦੀਪ : Dr. Kuldeep Singh Deep
ਦਰਸ਼ਨ ਜੋਗਾ : Darshan Joga

ਰਚਨਾ ਸਿਰਫ ਟਾਈਪ-ਸੈਟ ਕਰਕੇ ਭੇਜਣ ਦੇ ਨਾਲ ਨਾਲ ਗਿਲੇ-ਸ਼ਿਕਵੇ ਤੇ ਸ਼ਾਸ਼ੇ ਲਈ :
Darshan S. Dhillon
93 Mirador Crescent, Slough
SL2 5JZ United Kingdom
E-mail : d.darshan@btinternet.com
Web-site L www.charchapunjab.com
Tel : (0044) 07878 228283 .

&

Mohinderpal Dhaliwal
The Willows,
West End Lane
Stoke Poges SL2 4ND U.K.
E-mail : mps.dhaliwal@hotmail.com
Tel : (0044) 07956 857764

ਰਚਨਾਵਾਂ, ਰੀਵੀਉ ਲਈ ਪੁਸਤਕਾਂ, ਸੁਝਾਅਜਾਂ ਸਲਾਹ-ਮਸ਼ਵਰੇ ਵਾਸਤੇ :
ਡਾ. ਕੁਲਦੀਪ ਦੀਪ
ਮਾਰਫਤ ਸ਼ਹੀਦ ਭਗਤ ਸਿੰਘ ਗਰਲਜ਼ ਕਾਲਜ,
ਬੋਹਾ (ਮਾਨਸਾ) ਪੰਜਾਬ
ਟੈਲੀਫੋਨ : 98552-55956
E-mail : kuldeep.deep@ymail.com

ਅਤੇ :

ਦਰਸ਼ਨ ਜੋਗਾ
ਲਿੰਕ ਰੋਡ, ਗਲੀ ਨੰਬਰ : 5
ਮਾਨਸਾ, ਪੰਜਾਬ-151505.
ਟੈਲੀਫੋਨ : 98720-01856
E-mail : darshanjoga@rediff.com


WEB AT :
www.charchapunjab.com

ਨੋਟ : ਇਸ ਵਿਚ ਛਪੇ ਮੇਰੇ ਸਾਰੇ ਅਨੂਵਾਦ ਲੇਬਲ ਚਰਚਾ ਉਪਰ ਕਲਿੱਕ ਕਰਕੇ ਵੇਖੇ ਜਾ ਸਕਦੇ ਹਨ।

Thursday, September 24, 2009

ਟੋਪੀ :: ਮਰਿਦੁਲਾ ਗਰਗ

ਹਿੰਦੀ ਕਹਾਣੀ : ਟੋਪੀ :: ਲੇਖਕਾ : ਮਰਿਦੁਲਾ ਗਰਗ
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.

ਮਨ ਕਿਤੇ ਭੌਂ ਰਿਹਾ ਹੋਵੇ, ਅਵਿਜਿਤ ਬਾਂਸਲ ਦੇ ਪੈਰ ਖ਼ੁਦ-ਬ-ਖ਼ੁਦ ਦਫ਼ਤਰ ਪਹੁੰਚ ਜਾਂਦੇ ਨੇ। ਪੈਰ ਨਹੀਂ ਗੱਡੀ-ਵੱਡੇ; ਲੋਕ ਭਟਕਦੇ ਵੀ ਤਾਂ ਮਸ਼ੀਨਰੀ ਉੱਤੇ ਚੜ੍ਹ ਕੇ ਈ ਨੇ ਨਾ-ਕੋਈ ਮੰਜ਼ਿਲ ਦੇ ਰਾਹ ਵਿਚ ਭਟਕ ਰਿਹਾ ਹੁੰਦਾ ਏ, ਕੋਈ ਮੰਜ਼ਿਲ ਉੱਤੇ ਪਹੁੰਚ ਕੇ! ਪਹਿਲੀ ਭਟਕਣ ਤੋਂ ਛੁਟਕਾਰਾ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਏ, ਦੂਜੀ ਤੋਂ ਉੱਕਾ ਨਹੀਂ।
ਅੱਜ ਵੀ ਅਵਿਜਿਤ ਸਮੇਂ ਸਿਰ ਦਫ਼ਤਰ ਪਹੁੰਚ ਗਿਆ ਤੇ ਜਰਨਲ ਮੈਨੇਜ਼ਰ ਦੀ ਲੰਮੀ-ਵੱਡੀ ਮੇਜ਼ ਪਿੱਛੇ ਰਿਵਾਲਵਿੰਗ ਕੁਰਸੀ ਵਿਚ ਫਿੱਟ ਹੋ ਗਿਆ–ਹੱਥ ਸਿੱਧਾ ਘੰਟੀ ਉੱਤੇ ਗਿਆ।
“ਸਰ!” ਉਸਦਾ ਸੈਕਰੇਟਰੀ ਭੰਡਾਰੀ ਸਾਹਮਣੇ ਖੜ੍ਹਾ ਸੀ।
“ਸਟੇਟ ਬੈਂਕ ਦੇ ਲੋਨ ਵਾਲੀ ਫ਼ਾਇਲ ਲੈ ਆਓ। ਫਾਇਨੈਂਸ ਕਮਿਸ਼ਨ ਵਿਚ ਅਪਾਇੰਟਮੈਂਟ ਤੈਅ ਹੋਈ? ਮਹਾਜਨ ਨੂੰ ਰਿਮਾਇੰਡਰ ਭੇਜੋ, ਪੇਮੈਂਟ ਅਜੇ ਤੀਕ ਨਹੀਂ ਆਈ। ਅੱਜ ਰਿਮਾਇੰਡਰ ਭੇਜੋ, ਪਰਸੋਂ ਆਦਮੀ ਭੇਜ ਦੇਣਾ...ਤੁਸੀਂ ਖ਼ੁਦ ਚਲੇ ਜਾਣਾ, ਪੇਮੈਂਟ ਫੌਰਨ ਮਿਲਣੀ ਚਾਹੀਦੀ ਏ। ਪਵਨ ਕੁਮਾਰ ਦਾ ਟਰਾਂਫਰ ਆਰਡਰ ਗਿਆ ਜਾਂ ਨਹੀਂ? ਉਹ ਕਾਨ੍ਹਪੁਰ ਬੈਠਾ ਕੀ ਕਰ ਰਿਹੈ? ਮੈਨੂੰ ਇੱਥੇ ਲੋੜ ਏ ਉਹਦੀ। ਸਤਨਾ ਨੂੰ ਬੁਲਾਓ...ਸੇਲ ਟੈਕਸ ਦੇ ਕੇਸ ਦੀ ਡੇਟ, ਅੱਜ ਏ ਨਾ। ਤੇ ਸੁਣੋ, ਦੋਖੋ, ਸਿੰਘਾਨੀਆਂ ਜੀ, ਕਿੱਥੇ ਠਹਿਰੇ ਨੇ ਦਿੱਲੀ 'ਚ?...ਮੇਰੇ ਨਾਲ ਗੱਲ ਕਰਵਾਓ...”
ਪਤਾ ਨਹੀਂ ਉਦਯੋਗ-ਮੰਤਰੀ ਮੁਕਰਜੀ ਬਾਬੂ ਨਾਲ ਮੁਲਾਕਾਤ ਹੋਈ ਜਾਂ ਨਹੀਂ। ਇਹ ਕੰਮ ਬੜਾ ਤੰਗ ਕਰ ਰਿਹਾ ਏ। ਬਾਂਕੁੜਾ ਵਿਚ ਫਰਟਿਲਾਈਜ਼ਰ ਫੈਕਟਰੀ ਲਾਉਣ ਲਈ ਲਾਇਸੈਂਸ ਲੈਣਾ ਏਂ। ਕਦੇ ਦੇ ਜੋੜ-ਤੋੜ ਕਰ ਰਹੇ ਆਂ। ਹੇਠਲੀ ਪੌੜੀ ਤੈਅ ਹੋ ਚੁੱਕੀ ਏ। ਹੁਣ ਸਿੰਘਾਨੀਆਂ ਜੀ ਨੇ ਖ਼ੁਦ ਮੁਕਰਜੀ ਬਾਬੂ ਨਾਲ ਅਪਾਇੰਟਮੈਂਟ ਲਿਆ ਏ। ਕੰਮ ਤਾਂ ਹੋ ਜਾਣਾ ਚਾਹੀਦਾ ਏ। ਅਵਿਜਿਤ ਨੂੰ ਆਪਣੇ ਸੋਰਸ ਰਾਹੀਂ ਪਤਾ ਲੱਗਿਆ ਏ ਕਿ ਮੰਤਰੀਜੀ ਖ਼ਾਨਦਾਨੀ ਸੱਜਨ ਪੁਰਖ ਨੇ, ਉਹਨਾਂ ਦੇ ਰਕਮ ਚੱਲਦੀ ਜ਼ਰੂਰ ਹੈ; ਪਰ ਜ਼ਰਾ ਮੋਟੀ।
“ਸਰ!” ਭੰਡਾਰੀ ਨੇ ਕਿਹਾ।
“ਸਰ!” ਸਤਨਾ ਨੇ ਕਿਹਾ।
“ਸਰ, ਕੁਮਾਰ ਰਿਪੋਰਇੰਗ!” ਪਵਨ ਕੁਮਾਰ ਨੇ ਕਿਹਾ।
“ਭੰਡਾਰੀ, ਖਿੜਕੀ ਦਾ ਪਰਦਾ ਖਿੱਚ ਦਿਓ। ਧੁੱਪ ਜ਼ਿਆਦਾ ਤੇਜ਼ ਏ। ਬੱਤੀ ਜਗਾਅ ਲਓ।” ਜੇਲ੍ਹ ਦੀ ਖਿੜਕੀ ਵਿਚੋਂ ਹਰਿਆਲੀ ਤੇ ਆਸਮਾਨ ਦੇਖਣ ਲਈ ਇਕ ਭਟਕਿਆ ਮਨ ਚਾਹੀਦਾ ਏ, ਜਿਹੜਾ ਅਵਿਜਿਤ ਕੋਲ ਹੁਣ ਹੈ ਨਹੀਂ। ਪਹਿਲੇ 'ਸਰ' ਨੇ ਈ ਉਸਨੂੰ ਪੁੜਪੁੜੀਆਂ ਦੀਆਂ ਨਸਾਂ ਵਿਚ ਲੁਕ ਜਾਣ ਲਈ ਮਜ਼ਬੂਰ ਕਰ ਦਿੱਤਾ। ਦੂਜੇ ਤੇ ਤੀਜੇ 'ਸਰ' ਨੇ, ਤਣੇ ਸਰੀਰ ਦੀ ਚਰਬੀ ਕਸ ਦਿੱਤੀ। ਅਵਿਜਿਤ ਖ਼ੁਦ ਕੰਧ-ਘੜੀ ਬਣ ਗਿਆ ਏ। ਹੁਣ ਪੰਜ ਵਜੇ ਤਕ ਲਗਾਤਾਰ ਘੰਟਿਆਂ ਤੇ ਮਿੰਟਾਂ ਨਾਲ ਵੱਝਿਆ ਦੌੜਦਾ ਰਹੇਗਾ।
ਭੰਡਾਰੀ ਫ਼ੋਨ ਮਿਲਾਉਂਦਾ, ਇਸ ਤੋਂ ਪਹਿਲਾਂ ਹੀ ਸਿੰਘਾਨੀਆਂ ਜੀ ਦਾ ਫ਼ੋਨ ਆ ਗਿਆ–ਮੰਤਰੀਜੀ ਨੂੰ ਮਿਲ ਚੁੱਕੇ ਸਨ ਉਹ ਤੇ ਕਮਯਾਬੀ ਨਾ ਮਿਲਣ ਕਰਕੇ ਹਿਰਖੇ ਹੋਏ ਸਨ।
“ਅਜੀਬ ਆਦਮੀ ਏਂ,” ਉਹਨਾਂ ਕਿਹਾ, “ਹੱਥ ਈ ਨਹੀਂ ਧਰਨ ਦੇਂਦਾ। ਕਿੰਨੀ ਵਾਰੀ ਮੂੰਹ ਸੁੰਘਣਾ ਚਾਹਿਆ, ਪਰ ਉਸ ਉੱਤੇ ਕੋਈ ਅਸਰ ਹੀ ਨਹੀਂ।”
“ਪਰ ਮੇਰੇ ਕੋਲ ਸੂਚਨਾ ਇਹ ਹੈ ਕਿ ਉੱਥੇ ਰਕਮ ਚੱਲਦੀ ਏ।” ਅਵਿਜਿਤ ਨੇ ਕਿਹਾ।
ਸਿੰਘਾਨੀਆਂ ਜੀ ਗਰਮ ਹੋ ਗਏ, “ਬਿਲਕੁਲ ਗ਼ਲਤ ਬਾਂਸਲ,” ਉਹਨਾਂ ਕਿਹਾ, “ਮੇਰੀਆਂ ਅੱਖਾਂ ਕਦੀ ਧੋਖਾ ਨਹੀਂ ਖਾਂਦੀਆਂ। ਮੈਨੂੰ ਲਗਦਾ ਏ, ਇਸ ਵਾਰੀ ਤੈਂ ਕੋਈ ਬੜਾ ਹੀ ਕਮਜ਼ੋਰ ਸੋਰਸ ਫੜਿਆ ਹੋਇਐ।”
“ਜੀ...” ਅਵਿਜਿਤ ਸੋਚੀਂ ਪੈ ਗਿਆ।
“ਮੈਨੂੰ ਲਗਦਾ ਏ,” ਸਿੰਘਾਨੀਆਂ ਜੀ ਕਹਿ ਰਹੇ ਸਨ, “ਜਾਂ ਤਾਂ ਵਾਕਈ ਉਸ ਆਦਮੀ ਦੇ ਖ਼ਿਆਲਾਤ ਉੱਚੀ ਕਿਸਮ ਦੇ ਨੇ, ਜਾਂ ਉਹ ਖੇਡ ਵੱਡੀ ਖੇਡਦਾ ਪਿਐ।”
“ਜੀ।”
“ਮੇਰਾ ਖ਼ਿਆਲ ਏ, ਲਾਇਸੈਂਸ ਕਿਸੇ ਕਾਂਗਰਸੀ ਨੂੰ ਮਿਲੇਗਾ। ਕੀ ਕੌਤਕ ਏ! ਇਲੈਕਸ਼ਨ ਵੇਲੇ ਪਾਰਟੀ ਨੂੰ ਪੈਸਾ ਅਸੀਂ ਲੋਕ ਦੇਈਏ...ਤੇ ਮਲਾਈ ਲੁੱਟ ਕੇ ਲੈ ਜਾਵੇ ਕੋਈ ਹੋਰ ਖੱਦਾ-ਖੱਦਰਧਾਰੀ।”
“ਜੀ।”
“ਓ ਭਰਾ ਬਾਂਸਲ,” ਅਚਾਨਕ ਉਹਨਾਂ ਦੀ ਆਵਾਜ਼ ਵਿਚ ਜੋਸ਼ ਆ ਗਿਆ–“ਤੈਂ ਵੀ ਤਾਂ ਫਰੀਡਮ ਫਾਈਟਰ ਏਂ। ਜੇਲ੍ਹ ਕੱਟ ਕੇ ਆਇਆ ਸੈਂ ਨਾ ਉਹਨੀਂ ਦਿਨੀਂ। ਬਸ, ਫੇਰ ਕੀ ਏ, ਤੈਂ ਮਿਲ ਖਾਂ ਉਹਨਾਂ ਨੂੰ। ਦੇਖ ਇਹ ਕੰਮ ਜ਼ਰੂਰ ਹੋਣਾ ਚਾਹੀਦਾ ਏ...ਮੈਂ ਕਹਿਣਾ ਭਰਾ, ਲੋੜ ਪੈਣ 'ਤੇ ਗਾਂਧੀ ਟੋਪੀ ਲੈ ਲੈਣ ਦਾ ਕੋਈ ਹਰਜ਼ ਨਹੀਂ...ਕਿਉਂ ਠੀਕ ਏ ਨਾ?”
“ਜੀ!” ਕਹਿ ਕੇ ਅਵਿਜਿਤ ਨੇ ਫ਼ੋਨ ਰੱਖ ਦਿੱਤਾ, ਪਰ ਹਿਰਖ ਵੱਸ ਭੁੱਜਣ ਲੱਗ ਪਿਆ। ਸਮਝਦਾ ਕੀ ਏ ਮਿਸਟਰ ਸਿੰਘਾਨੀਆਂ। ਇਕ ਲਾਇਸੈਂਸ ਲੈਣ ਖਾਤਰ ਅਵਿਜਿਤ ਬਹੁਰੂਪੀਏ ਦਾ ਸਵਾਂਗ ਧਾਰੇਗਾ। ਵਧੀਆ ਸੂਟ ਲਾਹ ਕੇ, ਖੱਦਰ ਦਾ ਧੋਤੀ ਕੁਰਤਾ ਪਾ ਕੇ, ਗਾਂਧੀ ਟੋਪੀ ਲੈ ਕੇ ਮੁਕਰਜੀ ਬਾਬੂ ਕੋਲ ਜਾਏਗਾ ਤੇ ਆਪਣੀ ਜੇਲ੍ਹ ਯਾਤਰਾ ਦਾ ਕਿੱਸਾ ਸੁਣਾਏਗਾ। ਹਿੰਮਤ ਕਿੰਜ ਹੋਈ, ਉਹਦੀ ਇਹ ਸੁਝਾਅ ਦੇਣ ਦੀ?
ਤੇ ਹਿੰਮਤ ਕਿਉਂ ਨਹੀ ਪਈ, ਅਵਿਜਿਤ ਦੀ ਕਿ ਉਸੇ ਸਮੇਂ ਉਹਨਾਂ ਦੇ ਮੂੰਹ 'ਤੇ ਕੁਸੈਲੇ ਸ਼ਬਦ ਮਾਰ ਕੇ ਇਨਕਾਰ ਕਰ ਦੇਵੇ?
ਇਸ ਵਿਚ ਹਿੰਮਤ ਵਾਲੀ ਕਿਹੜੀ ਗੱਲ ਏ? ਉਸ ਸਮੇਂ ਉਹ ਨਰਮੀ ਵਰਤ ਗਿਆ, ਬਸ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਉਹ ਆਪਣੇ ਆਪ ਨੂੰ ਜਲੀਲ ਕਰਦਾ ਫਿਰੇਗਾ। ਅਸਤੀਫ਼ੇ ਦਾ ਕੀ ਏ, ਕਿਸੇ ਸਮੇਂ ਵੀ ਦਿੱਤਾ ਜਾ ਸਕਦਾ ਏ।
“ਭੰਡਾਰੀ!” ਉਸਨੇ ਆਵਾਜ਼ ਦਿੱਤੀ–“ਜਿੰਨੀਆਂ ਫਾਇਲਾਂ ਨੇ, ਅਜ ਸਾਰੀਆਂ ਕੱਢ ਲਿਓ। ਇਸ ਹਫਤੇ ਦੇ ਅੰਦਰ-ਅੰਦਰ ਪਿਛਲਾ ਸਾਰਾ ਕੰਮ ਨਿੱਬੜ ਜਾਣਾ ਚਾਹੀਦਾ ਏ, ਸਮਝੇ।”
ਅਵਿਜਿਤ ਕੰਮ ਵਿਚ ਰੁੱਝ ਗਿਆ। ਖਾਣਾ ਖਾਣ ਲਈ ਵੀ ਘਰ ਨਹੀਂ ਗਿਆ। ਨੇੜੇ ਦੇ ਰੇਸਤਰਾਂ ਵਿਚੋਂ ਦਫ਼ਤਰ ਵਿਚ ਹੀ ਮੰਗਵਾ ਲਿਆ।
ਤੀਜੇ ਪਹਿਰ ਸਰਨ ਦਫ਼ਤਰ ਵਿਚ ਆਣ ਵੜਿਆ। ਅਹਿਮਦਾਬਾਦ ਯੂਨੀਵਰਸਟੀ ਦਾ ਸਾਥੀ ਸੀ, ਅੱਜ-ਕੱਲ੍ਹ ਮੇਰਠ ਵਿਚ ਏ। ਸਾਲ ਛਿਮਾਹੀ ਦਿੱਲੀ ਆਉਂਦਾ ਏ। ਖੱਦਰ ਦਾ ਕੁੜਤਾ ਪਾਜਾਮਾ, ਸਿਰ ਉੱਤੇ ਗਾਂਧੀ ਟੋਪੀ, ਚਿਹਰੇ ਉਪਰ ਅਪਾਰ ਸੰਤੋਖ–ਅੱਜ ਉਸਨੂੰ ਦੇਖ ਕੇ ਅਵਿਜਿਤ ਖਿਝ ਗਿਆ ਸੀ।
“ਯਾਰਾ, ਤੂੰ ਢੰਗ ਦੇ ਕਪੜੇ ਕਿਉਂ ਨਹੀਂ ਪਾਉਂਦਾ?” ਉਸਦੇ ਮੂੰਹੋਂ ਨਿਕਲਿਆ।
“ਕੀ ਮਤਲਬ?” ਸਰਨ ਨੇ ਪੁੱਛਿਆ।
“ਅੰਗਰੇਜ਼ ਗਏ, ਆਜ਼ਾਦੀ ਮਿਲ ਗਈ, ਫੇਰ ਗਾਂਧੀ ਟੋਪੀ ਲੈਣ ਦੀ ਕੀ ਤੁਕ ਹੋਈ ਭਲਾ?”
“ਕਿਉਂ? ਸਾਰੇ ਲੈਂਦੇ ਨੇ।”
“ਸਾਰੇ ਨੇਤਾ ਲੈਂਦੇ ਨੇ, ਪਰ ਤੂੰ ਤਾਂ ਨੇਤਾ ਨਹੀਂ।”
“ਨੇਤਾ ਗਾਂਧੀਜੀ ਸਨ, ਅਸੀਂ ਸਿਰਫ ਟੋਪੀ ਲੈਂਦੇ ਆਂ।” ਸਰਨ ਨੇ ਭੌਲੇ ਮੂੰਹ ਨਾਲ ਉਤਰ ਦਿੱਤਾ।
ਅਵਿਜਿਤ ਨੂੰ ਚਾਣਚਕ ਹਾਸਾ ਆ ਗਿਆ।
“ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਐ?” ਸਰਨ ਨੇ ਬੁਰਾ ਮੰਨਦਿਆਂ ਕਿਹਾ, “ਇਕ ਸਮਾਂ ਸੀ, ਜਦੋਂ ਤੂੰ ਵੀ ਖਾਦੀ ਦੇ ਕਪੜੇ ਪਾਉਂਦਾ ਹੁੰਦਾ ਸੀ ਤੇ ਗਾਂਧੀ ਟੋਪੀ ਵੀ ਲੈਂਦਾ ਸੀ, ਯਾਦ ਐ?”
“ਹਾਂ, ਉਦੋਂ ਇਹ ਵਿਰੋਧ ਦੇ ਪ੍ਰਤੀਕ ਹੁੰਦੇ ਸੀ। ਹੁਣ ਨਹੀਂ। ਅੱਜ-ਕੱਲ੍ਹ ਅਸੀਂ ਖ਼ੁਦ ਮਿਲਾਂ ਵਿਚ ਕਪੜਾ ਬਣਾ ਰਹੇ ਆਂ, ਦੁਕਾਨਾ 'ਤੇ ਪੀਕੇਟਿੰਗ ਕਰਕੇ ਵਿਦੇਸ਼ੀ ਮਾਲ ਨੂੰ ਸਾੜ ਨਹੀਂ ਰਹੇ, ਫੇਰ ਇੰਜ ਘੁੰਮਣ ਦਾ ਮਕਸਦ?”
“ਅਸੀਂ ਤਾਂ ਭਰਾ, ਗਾਂਧੀਜੀ ਨੂੰ ਮੰਨਦੇ ਆਂ। ਗਾਂਧੀਜੀ ਨੇ ਕਿਹਾ ਸੀ, ਸਵਦੇਸ਼ੀ ਦੇ ਬਿਨਾਂ ਸੁਤੰਤਰਤਾ ਕਿਸੇ ਕੰਮ ਦੀ ਨਹੀਂ। ਖਾਦੀ ਬੁਣਨਾ ਛੱਡ ਦਿਆਂਗੇ, ਤਾਂ ਇਹ ਸਵਰਾਜ ਵੀ ਨਹੀਂ ਰਹਿਣਾ।”
“ਤੇ ਇਹ ਜਿਹੜੀਆਂ ਐਡੀਆਂ-ਐਡੀਆਂ ਮਿੱਲਾਂ ਲਾਈਆਂ ਜਾ ਰਹੀਆਂ ਨੇ, ਇਹਨਾਂ ਦਾ ਕਪੜਾ ਕੌਣ ਪਾਏਗਾ?”
“ਤੂੰ ਪਾ”
“ਯਾਨੀ ਮੇਰੇ ਪਾਉਣ ਵਿਚ ਹਰਜ਼ ਨਹੀਂ। ਹੈ ਨਾ?” ਅਵਿਜਿਤ ਫੇਰ ਹੱਸਿਆ।
ਸਰਨ ਨਾਰਾਜ਼ ਹੋ ਗਿਆ।
“ਤੁਸੀਂ ਲੋਕ ਹਮੇਸ਼ਾ ਮੇਰੇ 'ਤੇ ਹੱਸਦੇ ਰਹੇ, ਪਰ ਗੱਲ ਮੇਰੀ ਓ ਠੀਕ ਨਿਕਲੀ, ਹਰ ਵਾਰੀ। ਅੱਛਾ ਤੂੰ ਦੱਸ, ਜਿਸਨੇ ਦੇਸ਼ ਦੀ ਸੇਵਾ ਕੀਤੀ ਹੋਏਗੀ, ਉਹ ਚਾਹੇਗਾ ਨਹੀਂ ਬਈ ਲੋਕਾਂ ਨੂੰ ਵੀ ਪਤਾ ਲੱਗੇ ਕਿ ਉਹ ਦੇਸ਼ ਸੇਵਕ ਐ? ਸੂਟ ਪਾਉਣ 'ਤੇ ਕਿਹੜਾ ਵਿਸ਼ਵਾਸ ਕਰੇਗਾ?”
“ਤੇ ਜੇ ਕੋਈ ਦੇਸ਼ ਸੇਵਾ ਕੀਤੇ ਬਿਨਾਂ ਗਾਂਧੀ ਟੋਪੀ ਲੈ ਕੇ ਖੱਦਰ ਪਾ ਲਏ ਫੇਰ?”
“ਕਿਉਂ ਪਾਉਗਾ ਭਲਾ?...ਹਾਂ, ਇਹ ਹੋ ਸਕਦੈ ਬਈ ਕਿਸੇ ਕਾਰਣ ਪਹਿਲੇ ਦਿਨਾਂ ਵਿਚ ਦੇਸ਼ ਲਈ ਕੰਮ ਨਾ ਕਰ ਸਕਿਆ ਹੋਵੇ ਤੇ ਹੁਣ ਕਰਨ ਦਾ ਇਰਾਦਾ ਹੋਵੇ।”
ਅਵਿਜਿਤ ਜਾਣਦਾ ਏ ਸਰਨ ਨਾਲ ਬਹਿਸ ਕਰਨੀ ਬੇਕਾਰ ਏ। ਉਸਦੀ ਇਹ ਸਿਫਤ ਏ ਕਿ ਤੁਸੀਂ ਕੋਈ ਤਰਕ ਦਿੰਦੇ ਰਹੋ, ਉਸਦੇ ਜਵਾਬ ਉਹੀ ਰਹਿੰਦੇ ਨੇ। ਪਰ ਉਸਨੂੰ ਛੇੜਨ ਵਿਚ ਅਵਿਜਿਤ ਨੂੰ ਮਜ਼ਾ ਆ ਰਿਹਾ ਸੀ, ਇਸ ਲਈ ਉਸਨੇ ਕਿਹਾ, “ਇੰਜ ਕਰ, ਇਸ ਵਾਰੀ ਤੂੰ ਇਲੈਕਸ਼ਨ ਵਿਚ ਖੜ੍ਹਾ ਹੋ ਜਾ।”
“ਇਲੈਕਸ਼ਨ ਵਿਚ ਖੜ੍ਹਾ ਹੋਣਾ ਹੁੰਦਾ ਤਾਂ ਬਵੰਜਾ ਵਿਚ ਈ ਨਾ ਹੋ ਜਾਂਦਾ। ਆਪਣੇ ਪੰਤ ਜੀ ਨੇ ਕਿੰਨਾ ਕਿਹਾ ਸੀ, ਵਿਧਾਨ ਸਭਾ ਵਿਚ ਆ-ਜਾ, ਮੰਤਰੀ ਪਦ ਸੰਭਾਲ, ਪਰ ਆਪਾਂ ਨਾਂਹ ਕਰ ਦਿੱਤੀ। ਆਪਾਂ ਹੋਏ ਸਿੱਧੇ-ਸਾਦੇ ਆਦਮੀ, ਸਰਕਾਰ ਚਲਾਉਣੀ ਆਪਣੇ ਵੱਸ ਦੀ ਗੱਲ ਨਹੀਂ।”
“ਫੇਰ ਤਾਂ ਤੇਰਾ ਟੋਪੀ ਲੈਣਾ ਬੇਕਾਰ ਈ ਹੋਇਆ।”
“ਆਪਣਾ ਕੰਮ ਤਾਂ ਸੇਵਾ ਕਰਨਾ ਐਂ ਭਰਾ,” ਸਰਨ ਨੇ ਉਸਦੀ ਗੱਲ ਅਣਸੁਣੀ ਕਰਦਿਆਂ ਕਿਹਾ, “ਆਜ਼ਾਦੀ ਮਿਲਣ 'ਤੇ ਜਿਹੜੀ ਸੀਮਿੰਟ ਏਜੰਸੀ ਸਰਕਾਰ ਨੇ ਆਪਾਂ ਨੂੰ ਦਿੱਤੀ ਸੀ, ਉਹ ਵੀ ਆਪਾਂ ਛੋਟੇ ਭਰਾ ਨੂੰ ਦੇ ਦਿੱਤੀ। ਪੈਟਰੋਲ ਪੰਪ ਦਾ ਲਾਇਸੈਂਸ ਮਿਲਿਆ, ਤਾਂ ਮੁੰਡਾ ਕਹਿਣ ਲੱਗਾ, ਮੈਂ ਚਲਾ ਲਾਂਵਾ। ਮੈਂ ਕਿਹਾ ਠੀਕ ਐ ਬਈ, ਚਲਾ ਲੈ; ਆਪਣੇ ਵੱਸ ਦਾ ਰੋਗ ਤਾਂ ਹੈ ਨਹੀਂ ਇਹ। ਹਾਂ, ਸਰਕਾਰ ਨੇ ਗਾਂਧੀ ਸੰਸਥਾਨ ਚਲਾਉਣ ਦੀ ਡਿਊਟੀ ਲਾ ਦਿੱਤੀ–ਰਾਸ ਆ ਗਈ ਆਪਾਂ ਨੂੰ। ਛੇ ਵਰ੍ਹੇ ਹੋ ਗਏ, ਆਨੰਦ ਈ ਆਨੰਦ ਐ।”
“ਸੀਮਿੰਟ ਦੀ ਏਜੰਸੀ, ਪੈਟਰੋਲ ਪੰਪ ਦਾ ਲਾਇਸੰਸ–ਕੁਝ ਹੋਰ ਵੀ ਦਿੱਤਾ ਸਰਕਾਰ ਨੇ?”
“ਹਾਂ,” ਬੇਝਿਜਕ ਸਰਨ ਬੋਲਿਆ, “ਸਟੀਲ ਦਾ ਕੋਟਾ ਮਿਲਿਆ ਸੀ। ਪਤਨੀ ਨੇ ਕਿਹਾ, 'ਬੱਚੇ, ਵੱਡੇ ਹੋ ਗਏ ਨੇ, ਸਮਾਂ ਬੀਤਨ 'ਚ ਨਹੀਂ ਆਉਂਦਾ, ਕਹੋਂ ਤਾਂ ਸਟੀਲ ਦੇ ਭਾਂਡਿਆਂ ਦੀ ਛੋਟੀ-ਜਿਹੀ ਫੈਕਟਰੀ ਲਾ ਲਵਾਂ।' ਮੈਂ ਕਿਹਾ, 'ਲਾ ਲਓ ਦੇਵੀ ਜੀ, ਅਸੀਂ ਔਰਤ-ਮਰਦ ਨੂੰ ਇੱਕੇ ਅੱਖ ਨਾਲ ਵੇਖਦੇ ਆਂ।' ”
ਅਵਿਜਿਤ ਚੁੱਪ ਹੋ ਗਿਆ।
ਬਸ ਏਨਾ ਪੁੱਛਿਆ, “ਚਾਹ ਪੀਏਂਗਾ?”
“ਪੀ ਲਵਾਂਗਾ,” ਸਰਨ ਨੇ ਨਿਰਲੇਪ ਭਾਵ ਨਾਲ ਕਿਹਾ, “ਇਕ ਅੱਧਾ ਕੱਪ ਲੈ ਲੈਂਦਾ ਆਂ ਕਦੀ ਕਦੀ।”
ਆਰਾਮ ਨਾਲ ਚਾਹ ਪੀ ਕੇ ਸਰਨ ਨੇ ਝੋਲਾ ਚੁੱਕਿਆ ਤੇ ਦਰਵਾਜ਼ੇ ਵਲ ਤੁਰ ਪਿਆ। ਅਵਿਜਿਤ ਨੇ ਸਭ ਤੋਂ ਉਪਰਲੀ ਫਾਇਲ ਸਾਹਮਣੇ ਰੱਖ ਲਈ।
ਦਰਵਾਜ਼ੇ ਕੋਲ ਪਹੁੰਚ ਦੇ ਸਰਨ ਅਚਾਨਕ ਪਰਤਿਆ ਤੇ ਬੋਲਿਆ, “ਆਪਣਾ ਸਾਥੀ ਚੱਡਾ ਹੁੰਦਾ ਸੀ ਨਾ ਇਕ–ਚੇਤਾ ਹੈ ਨਾ?”
“ਹਾਂ,ਹਾਂ!” ਅਵਿਜਿਤ ਨੇ ਤੁਰੰਤ ਕਿਹਾ। ਯੂਨੀਵਰਸਟੀ ਵਿਚ ਚੱਡਾ ਉਸਦਾ ਸਭ ਤੋਂ ਪਿਆਰਾ ਦੋਸਤ ਹੁੰਦਾ ਸੀ।
“ਵਿਚਾਰਾ ਚੱਲ ਵੱਸਿਆ।”
“ਕੀ!” ਅਵਿਜਿਤ ਉਠ ਕੇ ਖੜ੍ਹਾ ਹੋ ਗਿਆ, “ਕਦੋਂ?”
“ਅੱਜ ਸਵੇਰੇ। ਕਿਰਿਆ ਕਰਾ ਕੇ ਈ ਤਾਂ ਤੁਰਿਆ ਸੀ ਦਿੱਲੀ ਲਈ।” ਸਰਨ ਨੇ ਕਿਹਾ।
“ਅੱਜ! ਸਵੇਰੇ! ਪਹਿਲਾਂ ਕਿਉਂ ਨਹੀਂ ਦੱਸਿਆ?”
“ਕਿਉਂ, ਪਹਿਲਾਂ ਦੱਸ ਦੇਂਦਾ ਤਾਂ ਤੂੰ ਕੀ ਕਰ ਲੈਂਦਾ?”
“ਐਨੀ ਦੇਰ ਇੱਥੇ ਬੈਠਾ ਹਾਸਾ-ਠੱਠਾ ਕਰਦਾ ਰਿਹਾ, ਉਸਦਾ ਮਰਨਾ ਯਾਦ ਨਹੀਂ ਰਿਹਾ!”
“ਹਾਸਾ-ਠੱਠਾ ਮੈਂ ਕਤਈ ਨਹੀਂ ਕੀਤਾ।” ਸਰਨ ਨੇ ਕਿਹਾ।
ਹਾਂ, ਹੱਸਿਆ ਤਾਂ ਸਿਰਫ ਅਵਿਜਿਤ ਹੀ ਸੀ।
ਉਹ ਵਾਪਸ ਕੁਰਸੀ ਉੱਤੇ ਬੈਠ ਗਿਆ।
“ਕੀ ਹੋਇਆ ਸੀ ਉਸਨੂੰ?” ਸੁੱਕੇ ਗਲੇ ਨਾਲ ਪੁੱਛਿਆ।
“ਵਿਚਾਰਾ ਬੜੀ ਤੰਗਹਾਲੀ ਵਿਚ ਮਰਿਐ। ਮੈਂ ਕਿਨਾਂ ਕਿਹਾ-'ਚੱਲ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾ ਦਿਆਂ', ਪਰ ਉਹ ਮੰਨਿਆਂ ਈ ਨਹੀਂ।”
“ਹੋਇਆ ਕੀ ਸੀ?” ਅਵਿਜਿਤ ਨੇ ਟੋਕਿਆ।
“ਹੋਣਾ ਕੀ ਸੀ, ਇਕ ਗੁਰਦਾ ਤਾਂ ਉਦੋਂ ਹੀ ਖ਼ਰਾਬ ਹੋ ਗਿਆ ਸੀ, ਜਦੋਂ ਉੱਨੀ ਸੌ ਬਿਆਲੀ ਵਿਚ ਜੇਲ੍ਹ ਗਿਆ ਸੀ, ਇਲਾਜ਼ ਕੋਈ ਹੋ ਨਹੀਂ ਸਕਿਆ। ਬਸ...ਹੁਣ ਦੂਜਾ ਗੁਰਦਾ ਵੀ ਜਵਾਬ ਦੇ ਗਿਆ।”
“ਉਹ ਮੇਰਠ 'ਚ ਈ ਸੀ?”
“ਹਾਂ।”
“ਤੂੰ ਕਦੀ ਉਸ ਬਾਰੇ ਦੱਸਿਆ ਈ ਨਹੀਂ?”
“ਤੂੰ ਪੁੱਛਿਆ ਕਦੋਂ ਸੀ?”
“ਮੈਨੂੰ ਪਤਾ ਨਹੀਂ ਸੀ, ਉਹ ਮੇਰਠ 'ਚ ਏ।”
“ਪਤਾ ਮੈਨੂੰ ਵੀ ਨਹੀਂ ਸੀ। ਕਰਨ ਨਾਲ ਲੱਗ ਗਿਆ। ਪਿੱਛੋਂ ਭਾਵੇਂ ਗ਼ਲਤ ਰਾਹੇ ਪੈ ਗਿਆ ਹੋਏ...ਇਕ ਸਮਾਂ ਸੀ, ਸਾਡਾ ਈ ਸਾਥੀ ਸੀ।”
“ਗ਼ਲਤ ਰਸਤੇ ਉਹ ਕਦ ਪਿਆ?”
“1942 ਵਿਚ ਲੁਕ ਕੇ ਕੰਮ ਕਰਨ ਲੱਗ ਪਿਆ ਸੀ।”
“ਫੇਰ?”
“ਗਾਂਧੀਜੀ ਨੇ ਲੁਕ ਕੇ ਕੰਮ ਕਰਨ ਨੂੰ ਗਲਤ ਦੱਸਿਆ ਸੀ। ਉਹਨਾਂ ਨੇ ਸਾਰੇ ਅੰਡਰਗ੍ਰਾਊਂਡ ਵਿਦਰੋਹੀਆਂ ਨੂੰ ਰਾਏ ਦਿੱਤੀ ਸੀ ਕਿ 'ਉਹ ਸਰਕਾਰ ਅੱਗੇ ਸਮਰਪਨ ਕਰ ਦੇਣ।' ”
“ਹਾਲਾਂਕਿ ਉਹ ਜਾਣਦੇ ਸਨ ਕਿ ਜੇਲ੍ਹਾਂ ਵਿਚ ਉਹਨਾਂ ਲੋਕਾਂ ਨਾਲ ਕੀ ਸਲੂਕ ਕੀਤਾ ਜਾਂਦਾ ਏ? ਉਹਨਾਂ ਉੱਤੇ ਕਦੀ ਕੋਈ ਜੁਲਮ ਨਹੀਂ ਹੋਇਆ, ਇਸੇ ਲਈ...”
“ਨਹੀਂ ਹੋਇਆ, ਕਿਉਂਕਿ ਅਹਿੰਸਾ ਤੋਂ ਪੈਦਾ ਹੋਈ ਉਹਨਾਂ ਦੀ ਨੈਤਿਕ ਸ਼ਕਤੀ ਸਾਹਵੇਂ ਬ੍ਰਿਟਿਸ਼ ਸਰਕਾਰ ਵੀ ਸਿਰ ਝੁਕਾਉਂਦੀ ਸੀ।”
“ਤੂੰ ਜਾਣਦਾ ਏਂ, ਚੱਡੇ ਨਾਲ ਫਤਿਹਗੜ੍ਹ ਜੇਲ੍ਹ 'ਚ ਕੀ ਹੋਇਆ ਸੀ?”
“ਜਾਣਦਾ ਕਿਉਂ ਨਹੀਂ, ਖ਼ੁਦ ਮੈਂ ਈ ਤਾਂ ਤੈਨੂੰ ਦੱਸਿਆ ਸੀ।”
“ਜਾਣਦਿਆਂ ਹੋਇਆਂ ਵੀ ਤੂੰ ਉਸਨੂੰ ਬਿਨਾਂ ਇਲਾਜ਼ ਮਰ ਜਾਣ ਦਿੱਤਾ?”
“ਮੈਂ? ਮੈਂ ਤਾਂ ਭਰਾ ਉਸਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ। ਕਿੰਨੀ ਵਾਰੀ ਕਿਹਾ, ਸਰਕਾਰ ਦੇ ਨਾਂਅ ਅਰਜ਼ੀ ਲਿਖ ਦੇ। ਪਿੱਛੋਂ ਜੋ ਹੋਇਆ ਹੋਵੇ, ਬੱਤੀ ਵਿਚ ਤਾਂ ਗਾਂਧੀਜੀ ਦੇ ਸਵਿਨਯ-ਭੰਗ ਅੰਦੋਲਨ ਵਿਚ ਹਿੱਸਾ ਲਿਆ ਈ ਸੀ ਤੇ ਦੋ ਵਰ੍ਹੇ ਜੇਲ੍ਹ ਵੀ ਕੱਟ ਆਇਆ ਸੈਂ–ਇਲਾਜ਼ ਦਾ ਇੰਤਜ਼ਾਮ ਜ਼ਰੂਰ ਹੋ ਜਾਵੇਗਾ...ਮੈਂ ਖ਼ੁਦ ਸਿਫਾਰਸ਼ ਕਰ ਦਿਆਂਗਾ, ਪਰ ਉਹ ਮੰਨਿਆਂ ਈ ਨਹੀਂ। ਹੁਣ ਮੈਂ...”
“ਸ਼ਟ-ਅੱਪ!” ਅਵਿਜਿਤ ਹਿਰਖ ਗਿਆ, “ਤੇ...ਤੁਰ ਜਾ ਇੱਥੋਂ।”
“ਠੀਕ ਐ,” ਸਰਨ ਨੇ ਕਿਹਾ, “ਪਰ ਇਹ ਸੋਚੀਂ, ਬਈ ਖ਼ੁਦ ਤੂੰ ਉਸ ਲਈ ਕੀ ਕੀਤੈ!”
ਅਵਿਜਿਤ ਕੋਲ ਕੋਈ ਜਵਾਬ ਨਹੀਂ ਸੀ।
ਸਰਨ ਕਮਰੇ 'ਚੋਂ ਬਾਹਰ ਨਿਕਲ ਗਿਆ।
ਚੱਡਾ ਬਿਨਾਂ ਇਲਾਜ਼ ਦੇ ਮਰ ਗਿਆ ਤੇ ਉਸਦੇ ਵੀਹ ਹਜ਼ਾਰ ਰੁਪਈਏ ਅਵਿਜਿਤ ਕੋਲ ਪਏ ਨੇ।
... ... ...
ਬਾਰਾਂ ਸਾਲ ਪਹਿਲਾਂ ਦਾ ਦ੍ਰਿਸ਼ ਅਵਿਜਿਤ ਦੀਆਂ ਅੱਖਾਂ ਸਾਹਮਣੇ ਸਾਕਾਰ ਹੋ ਗਿਆ। 1942 ਦਾ ਅਗਸਤ ਖ਼ਤਮ ਹੋਣ ਵਾਲਾ ਸੀ, ਜਦੋਂ ਸ਼ਾਮ ਦੇ ਘਿਰ ਰਹੇ ਘੁਸਮੁਸੇ ਵਿਚ ਨੁਕੀਲੀ ਦਾੜ੍ਹੀ ਤੇ ਪਾਦਰੀ ਵਰਗੇ ਚੋਲੇ ਪਿੱਛੇ ਛਿਪਿਆ ਚੱਡਾ ਉਸਦੇ ਘਰ ਪਹੁੰਚਿਆ ਸੀ–“ਪੁਲਿਸ ਮੇਰੇ ਪਿੱਛੇ ਲੱਗੀ ਹੋਈ ਏ, ਲਗਦਾ ਏ, ਹੁਣ ਮੈਂ ਛੇਤੀ ਗ੍ਰਿਫ਼ਤਾਰ ਹੋ ਜਾਵਾਂਗਾ।” ਉਸਨੇ ਕਿਹਾ ਸੀ।
“ਮੈਂ ਕੁਛ ਕਰ ਸਕਦਾਂ, ਤੇਰੇ ਲਈ?” ਅਵਿਜਿਤ ਨੇ ਪੁੱਛਿਆ ਸੀ।
“ਇਸੇ ਲਈ ਤਾਂ ਆਇਆਂ। ਤੇਰੇ 'ਤੇ ਕੋਈ ਸ਼ੱਕ ਨਹੀਂ ਕਰੇਗਾ।” ਉਸਨੇ ਕਿਹਾ ਸੀ।
“ਕਿਉਂ ਨਹੀਂ ਕਰੇਗਾ?” ਅਵਿਜਿਤ ਨੂੰ ਉਸਦੀ ਗੱਲ ਚੁਭ ਗਈ ਸੀ–“ਮੇਰਾ ਰਿਕਾਰਡ ਕਾਫੀ ਖ਼ਰਾਬ ਏ।”
ਇਹ ਠੀਕ ਸੀ ਕਿ 1942 ਵਿਚ ਉਹ ਇਕ ਵੱਡੇ ਉਦਯੋਗ ਪਤੀ ਦੇ ਉੱਚੀ ਪੋਸਟ ਉੱਤੇ ਕੰਮ ਰਿਹਾ ਸੀ, ਪਰ ਦਸ ਸਾਲ ਪਹਿਲਾਂ ਵਿਦਿਆਰਥੀ ਜੀਵਨ ਵਿਚ ਦੋ ਸਾਲ ਦੀ ਜੇਲ੍ਹ ਵੀ ਕੱਟ ਆਇਆ ਸੀ।
“ਇਸੇ ਲਈ ਤਾਂ ਆਇਆਂ,” ਚੱਡੇ ਨੇ ਮੁਸਕਰਾ ਕੇ ਦੁਹਰਾਇਆ, “ਮੈਨੂੰ ਅਜਿਹੇ ਆਦਮੀ ਦੀ ਲੋੜ ਏ, ਜਿਸ ਉੱਤੇ ਨਾ ਮੈਨੂੰ ਸ਼ੱਕ ਹੋਏ, ਨਾ ਸਰਕਾਰ ਨੂੰ।”
“ਕਰਨਾਂ ਕੀ ਏ?” ਉਸਨੇ ਪੁੱਛਿਆ ਸੀ।
“ਅਹਿ ਰੁਪਏ ਤੇ ਕਾਗਜ਼ ਰੱਖ ਲੈ, ਬਸ। ਫੜਿਆ ਨਾ ਗਿਆ ਤਾਂ ਖ਼ਤਰਾ ਘੱਟ ਹੋਣ 'ਤੇ ਖ਼ੁਦ ਆ ਕੇ ਲੈ ਜਾਵਾਂਗਾ, ਵਰਨਾਂ ਸਾਡਾ ਕੋਈ ਆਦਮੀ। ਪਾਸ ਵਰਡ ਹੋਏਗਾ–'ਪੀਲਾ ਸਾਫਾ'।” ਚੱਡੇ ਨੇ ਮਤਲਬ ਦੀ ਗੱਲ ਦੇ ਇਲਾਵਾ ਹੋਰ ਕੁਝ ਨਹੀਂ ਸੀ ਦੱਸਿਆ, ਪਰ ਜ਼ਾਹਿਰ ਸੀ ਕਿ ਉਹ ਕਿਸੇ ਅੰਡਰਗ੍ਰਾਊਂਡ ਦਲ ਲਈ ਕੰਮ ਕਰ ਰਿਹਾ ਏ।
ਅਵਿਜਿਤ ਨੇ ਰੁਪਏ ਫੜ੍ਹ ਲਏ ਸਨ।
... ... ...
ਉਸ ਪਿੱਛੋਂ ਜਦੋਂ ਵੀ ਚੱਡਾ ਮਿਲਿਆ, ਰੁਪਏੇ ਉਸਨੇ ਦੇਣੇ ਚਾਹੇ, ਪਰ ਉਸਨੇ ਨਹੀਂ ਲਏ। ਪਹਿਲੀ ਵਾਰੀ ਮਿਲਿਆ ਸੀ 1945 ਵਿਚ, ਫਤਿਹਗੜ੍ਹ ਜੇਲ੍ਹ 'ਚੋਂ ਛੁੱਟਦਾ ਈ–ਹੱਡੀਆਂ ਦਾ ਢਾਂਚਾ ਤੇ ਇਕ ਲੱਤੋਂ ਲੰਗੜਾਉਂਦਾ ਹੋਇਆ।
“ਇਹ ਕੀ ਹਾਲ ਹੋ ਗਿਆ ਏ ਤੇਰਾ?” ਅਭਿਜਿਤ ਦੇ ਮੂੰਹੋਂ ਸਹਿ ਸੁਭਾਅ ਨਿਕਲਿਆ ਸੀ।
“ਯਾਰਾ ਹੁਣ, ਇਨਕਲਾਬੀ ਸ਼ੌਕ ਫੁਰਮਾਂਵਾਂਗੇ, ਤਾਂ ਕੁਛ-ਨਾ-ਕੁਛ ਤਾਂ ਹੋਏਗਾ ਈ।” ਕਹਿ ਕੇ ਚੱਡਾ ਠਹਾਕਾ ਮਾਰ ਕੇ ਹੱਸ ਪਿਆ ਸੀ ਤੇ ਥਕਾਨ-ਵੱਸ ਕਾਫੀ ਦੇਰ ਤਕ ਨਿਢਾਲ ਜਿਹਾ ਹੋਇਆ, ਪਿਆ ਰਿਹਾ ਸੀ। ਅਵਿਜਿਤ ਵੀ ਚੁੱਪ ਈ ਰਿਹਾ ਸੀ।
“ਅੱਛਾ, ਇਹ ਦੱਸ,” ਚੱਡੇ ਨੇ ਕੁਝ ਚਿਰ ਸੁਸਤਾਅ ਲੈਣ ਪਿੱਛੋਂ ਕਿਹਾ ਸੀ, “ਅਸੀਂ ਲੜਾਈ ਬੰਦ ਕਿਉਂ ਕਰ ਦਿੱਤੀ? ਬ੍ਰਿਟਿਸ਼ ਆਪਣੀ ਲੜਾਈ ਜਿੱਤ ਗਿਆ, ਪਰ ਅਸੀਂ?...ਗਾਂਧੀਜੀ ਨੇ ਕਿਹਾ, 'ਕਰੋ ਜਾਂ ਮਰ'ੋ–ਤੇ ਜਦੋਂ ਜਨਤਾ ਕੁਛ ਕਰਨ 'ਤੇ ਆਈ ਤਾਂ ਕਿਹਾ, 'ਇਸ ਅੰਦੋਲਨ ਨਾਲ ਸਾਡਾ ਕੋਈ ਵਾਸਤਾ ਨਹੀਂ।' ਕਿਉਂ?”
ਕਿਉਂ ਦਾ ਜਵਾਬ ਅਵਿਜਿਤ ਕੋਲ ਨਹੀਂ ਸੀ।
ਪਹਿਲਾਂ ਉਹ ਪੁੱਛਦਾ ਹੁੰਦਾ ਸੀ–ਮੈਂ ਕਿਉਂ ਨਹੀਂ?
ਹੁਣ ਉਹ ਪੁੱਛਣ ਲੱਗ ਪਿਆ ਏ–ਮੈਂ ਈ ਕਿਉਂ?
ਜੋ ਠੋਸ ਸੀ, ਉਸੇ ਨੂੰ ਫੜਦਿਆਂ ਉਸਨੇ ਕਿਹਾ ਸੀ, “ਤੇਰੇ ਰੁਪਏ ਮੇਰੇ ਕੋਲ ਨੇ।”
“ਰਹਿਣ ਦੇ,” ਚੱਡੇ ਨੇ ਕਿਹਾ ਸੀ–“ਰੁਪਏ ਮੇਰੇ ਨਹੀਂ, ਪਾਰਟੀ ਦੇ ਸੀ ਤੇ ਪਾਰਟੀ ਹੁਣ ਖਿੱਲਰ-ਪੁਲਰ ਗਈ ਏ।”
“ਫੇਰ ਕੀ ਕਰੀਏ ਇਹਨਾਂ ਦਾ?”
“ਰੱਖ ਅਜੇ। ਦੇਖਾਂਗੇ ਅੱਗੇ ਕੀ ਹੁੰਦੈ।”
... ... ...
ਉਸ ਪਿੱਛੋਂ ਚੱਡਾ ਮਿਲਿਆ 1950 ਵਿਚ ਆਜ਼ਾਦੀ ਮਿਲਣ ਤੋਂ ਤਿੰਨ ਸਾਲ ਬਾਅਦ।
“ਤੇਰੇ ਰੁਪਏ...” ਅਵਿਜਿਤ ਨੇ ਫੇਰ ਕਿਹਾ।
“ਮੇਰੇ ਨਹੀਂ, ਪਾਰਟੀ ਦੇ।” ਉਸਨੇ ਕਿਹਾ ਸੀ।
“ਹਾਂ, ਹੁਣ ਤਾਂ ਪਾਰਟੀ ਦੇ ਲੋਕ ਅੰਡਰਗਰਾਉਂਡ ਨਹੀਂ–ਪੈਸੇ ਲੈ ਕੇ ਆਪਸ ਵਿਚ ਵੰਡ ਲਓ।”
“ਕਿਸ ਹਿਸਾਬ ਨਾਲ?” ਚੱਡੇ ਨੇ ਪੁੱਛਿਆ ਸੀ–“ਰੁਪਏ ਅਸੀਂ ਲੋਕਾਂ ਨੇ ਆਪਣੇ ਲਈ ਨਹੀਂ, ਪਾਰਟੀ ਦੇ ਕੰਮਾਂ ਲਈ 'ਕੱਠੇ ਕੀਤੇ ਸੀ।”
“ਫੇਰ...ਇੰਜ ਤਾਂ ਉਂਜ ਈ ਬੇਕਾਰ ਪਏ ਰਹਿਣਗੇ? ਕੁਛ ਤਾਂ ਕਰਨਾ ਪਏਗਾ।”
“ਆਦਮੀ ਬੇਕਾਰ ਪਿਆ ਰਹਿ ਸਕਦਾ ਏ, ਰੁਪਿਆ ਨਹੀਂ।”
“ਪਰ...ਮੈਨੂੰ ਤਾਂ ਮੁਕਤ ਕਰ ਇਸ ਜ਼ਿੰਮੇਵਾਰੀ ਤੋਂ। ਦਸ ਕੀ ਕਰਾਂ ਉਸਦਾ?”
“ਕਿਸੇ ਸੰਸਥਾ ਨੂੰ ਦਾਨ ਦੇ ਦੇ।”
“ਕਿਸ ਨੂੰ?”
“ਮੈਨੂੰ ਕੀ ਪਤਾ।”
ਦੋ ਪਲ ਚੁੱਪ ਰਹਿ ਕੇ ਚੱਡਾ ਅਚਾਨਕ ਕੁਸੈਲੀ ਜਿਹੀ ਆਵਾਜ਼ ਵਿਚ ਬੋਲਿਆ, “ਕਾਂਗਰਸ ਇਲੈਕਸ਼ਨ ਫੰਡ ਵਿਚ ਦੇ ਦੇਵੀਂ।”
ਉਸ ਦਿਨ ਤੋਂ ਬਾਅਦ ਅੱਜ ਤਕ ਚੱਡੇ ਨਾਲ ਮੁਲਾਕਾਤ ਨਹੀਂ ਸੀ ਹੋਈ।
ਰੁਪਏ ਅਜੇ ਵੀ ਉਸ ਕੋਲ ਪਏ ਨੇ। ਵਿਆਜ ਪਾ ਕੇ ਤੀਹ ਹਜ਼ਾਰ ਹੋ ਗਏ ਨੇ। ਕਿਤੇ ਦਾਨ ਨਹੀਂ ਦਿੱਤੇ। ਸੋਚਿਆ ਸੀ, ਸ਼ਾਇਦ ਕਦੀ ਲੋੜ ਪਏ ਤੇ ਚੱਡਾ ਮੰਗਣ ਆ ਜਾਏ। ਸੱਚ, ਇਹੀ ਗੱਲ ਸੀ, ਹੋਰ ਕੁਛ ਨਹੀਂ...
ਅਵਿਜਿਤ ਲਈ ਕੁਰਸੀ ਉੱਤੇ ਬੈਠੇ ਰਹਿਣਾ ਅਸੰਭਵ ਹੋ ਗਿਆ। ਹਜ਼ਾਰਾਂ ਕਿੱਲਾਂ ਉੱਗ ਪਈਆਂ ਸਨ ਉਸ ਵਿਚ ਤੇ ਸਰੀਰ ਦੇ ਰੋਮ-ਰੋਮ ਵਿਚ ਖੁੱਭਣ ਲੱਗ ਪਈਆਂ ਸਨ। ਉਹ ਉਠਿਆ ਤੇ ਕਮਰੇ ਦੇ ਫਰਸ਼ ਨੂੰ ਲਿਤਾੜਨ ਲੱਗ ਪਿਆ। ਦਸ ਕਦਮ ਅੱਗੇ, ਦਸ ਕਦਮ ਪਿੱਛੇ। ਅੱਗੇ...ਪਿੱਛੇ...ਕੋਈ ਫਾਇਦਾ ਨਹੀਂ...ਕਿੱਲਾਂ ਉਸਦੇ ਸਰੀਰ ਵਿਚ ਉੱਗੀਆਂ ਜਾਪਦੀਆਂ ਨੇ, ਕੁਰਸੀ ਉਪਰ ਨਹੀਂ।
ਕਿੰਨੇ ਦਿਨ ਰੁਪਏ ਬੈਂਕ ਵਿਚ ਪਏ ਰਹੇ...ਫੇਰ...ਅਵਿਜਿਤ ਮਕਾਨ ਬਣਵਾ ਰਿਹਾ ਸੀ, ਰੁਪਈਆਂ ਦੀ ਲੋੜ ਸੀ। ਉਸਨੇ ਉਹ ਰੁਪਏ ਮਕਾਨ ਵਿਚ ਲਾ ਦਿੱਤੇ। ਸਿਰਫ ਉਧਾਰ ਲਏ ਸਨ। ਦੋ ਸਾਲ ਵਿਚ ਬੈਂਕ ਵਿਚ ਪੂਰੇ ਕਰ ਦਿੱਤੇ। ਚੱਡਾ ਲੈਣ ਆਉਂਦਾ ਤਾਂ ਵਿਆਜ ਸਮੇਤ ਉਸਨੂੰ ਵਾਪਸ ਕਰ ਦੇਂਦਾ। ਸੱਚ। ਜਿਸ ਸੰਸਥਾ ਨੂੰ ਉਹ ਕਹਿੰਦਾ ਦਾਨ ਕਰ ਦੇਂਦਾ। ਬਿਲਕੁਲ ਸੱਚ। ਉਸਨੇ ਕੁਛ ਕਿਹਾ ਈ ਨਹੀਂ।
'ਮੈਂ ਨਹੀਂ ਜਾਣਦਾ ਸੀ, ਉਹ ਮੇਰਠ ਵਿਚ ਏ...ਮੈਂ ਬਿਲਕੁਲ ਨਹੀਂ ਜਾਣਦਾ ਸੀ, ਉਹ ਤੰਗੀ ਵਿਚ ਏ, ਬੀਮਾਰ ਏ, ਉਸਨੂੰ ਇਲਾਜ਼ ਦੀ ਲੋੜ ਏ...ਜਾਣਦਾ ਤਾਂ ਜ਼ਰੂਰ ਉਸ ਕੋਲ ਜਾ ਪਹੁੰਚਦਾ, ਉਸਦਾ ਇਲਾਜ਼ ਕਰਵਾਂਦਾ...। ਸੱਚ...ਮੈਂ...ਕੁਛ ਕਰਦਾ...ਜ਼ਰੂਰ...' ਅਵਿਜਿਤ ਦੀ ਆਵਾਜ਼ ਕਮਜ਼ੋਰ ਪੈ ਗਈ ਤੇ ਇਕ ਹੋਰ ਆਵਾਜ਼ ਉਸਦੇ ਅੰਦਰੋਂ ਉਠੀ...
'ਪਿਛਲੀ ਵਾਰੀ ਜਦੋਂ ਚੱਡਾ ਮਿਲਿਆ ਸੀ ਤਾਂ ਤੈਂ ਉਸਨੂੰ ਪੁੱਛਿਆ ਸੀ, ਉਹ ਕਿੱਥੇ ਰਹਿੰਦਾ ਏ?'
'ਹਾਂ, ਪੁੱਛਿਆ ਸੀ। ਚੰਗੀ ਤਰ੍ਹਾਂ ਯਾਦ ਏ ਪੁੱਛਿਆ ਸੀ।' ਕਮਜ਼ੋਰ ਆਵਾਜ਼ ਵਿਚ ਜਵਾਬ ਦਿਤਾ, 'ਉਦੋਂ ਉਹ ਇਲਾਹਾਬਾਦ ਵਿਚ ਇਕ ਪਰਚੇ ਦਾ ਸੰਪਾਦਨ ਕਰ ਰਿਹਾ ਸੀ। ਇਹੀ ਜਾਣਨ ਲਈ ਪੁੱਛਿਆ ਸੀ ਕਿ ਆਮਦਨੀ ਦਾ ਸਾਧਨ ਕੀ ਏ, ਉਸਦਾ?'
'ਪਰਚੇ ਵਾਲਿਆਂ ਨੂੰ ਲਿਖਦਾ ਤਾਂ ਪਤਾ ਲੱਗ ਜਾਂਦਾ, ਉਹ ਕਿੱਥੇ ਗਿਆ!'
'ਹਾਂ, ਪਰ...ਮੈਂ ਦੋ ਤਿੰਨ ਖ਼ਤ ਲਿਖੇ। ਜਵਾਬ ਨਹੀਂ ਆਇਆ, ਤਾਂ ਮੈਂ ਸੋਚਿਆ, ਉਹ ਸੰਬੰਧ ਨਹੀਂ ਰੱਖਣਾ ਚਾਹੁੰਦਾ...ਹੁਣ ਕਿਸੇ ਨਾਲ ਜਬਰਦਸਤੀ ਤਾਂ ਦੋਸਤੀ ਨਹੀਂ ਰੱਖੀ ਜਾ ਸਕਦੀ।'
'ਪਰਚੇ ਵਿਚ ਕਿਸੇ ਦੂਜੇ ਸੰਪਾਦਕ ਦਾ ਨਾਂਅ ਦੇਖ ਕੇ ਕੀ ਸੋਚਿਆ, ਚੱਡਾ ਮਰ ਗਿਆ ਏ?'
'ਨਹੀਂ...ਨਹੀਂ, ਮੈਂ ਪਰਚਾ ਦੇਖਿਆ ਈ ਨਹੀਂ ਸੀ। ਸੱਚ, ਮੈਨੂੰ ਪਤਾ ਈ ਨਹੀਂ ਲੱਗਿਆ–ਚੱਡਾ ਕਦੋਂ ਨੌਕਰੀ ਜਾਂ ਇਲਾਹਾਬਾਦ ਛੱਡ ਗਿਆ ਸੀ।'
'ਤੇ ਤੈਂ ਪਤਾ ਕਰਨ ਦੀ ਲੋੜ ਵੀ ਮਹਿਸੂਸ ਨਹੀਂ ਕੀਤੀ?'
'ਮੈਂ ਏਨਾ ਵਿਆਸਤ ਰਿਹਾ...ਘਰ...ਪਰਿਵਾਰ...ਦਫ਼ਤਰ...ਕਾਰੋਬਾਰ...'
'ਪੈਸਾ ਕਹਿ, ਪੈਸਾ। ਪੈਸਾ ਕਮਾਉਣ ਦਾ ਸਿਰਫ ਇਹੋ ਤਰੀਕਾ ਏ ਕਿ ਆਦਮੀ ਸਿਰਫ ਪੈਸਾ ਕਮਾਉਣ ਵੱਲ ਧਿਆਨ ਦਵੇ।'
'ਮੈਂ ਨਾਜਾਇਜ਼ ਢੰਗ ਨਾਲ ਪੈਸਾ ਨਹੀਂ ਕਮਾਇਆ। ਟੱਬਰ ਪਾਲਣ ਲਈ ਤਾਂ...'
'...ਹਰ ਤਰੀਕਾ ਜਾਇਜ਼ ਹੈ।'
'ਇਹ ਮੈਂ ਨਹੀਂ ਕਿਹਾ।'
'ਨਹੀਂ, ਮੈਂ ਕਹਿ ਰਿਹਾਂ। ਪੂੰਜੀਵਾਦੀ ਸਮਾਜ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੋ ਏ–ਨਾਜਾਇਜ਼ ਸਿਰਫ ਆਦਮੀ ਹੁੰਦਾ ਏ, ਪੈਸਾ ਨਹੀਂ”
'ਉਫ਼!' ਕਹਿ ਕੇ ਅਵਿਜਿਤ ਨੇ ਦੋਹਾਂ ਹੱਥ ਵਿਚ ਸਿਰ ਫੜ੍ਹ ਲਿਆ।
'ਜਮੀਰ 'ਤੇ ਬੋਝ ਪੈ ਰਿਹੈ?' ਆਵਾਜ਼ ਨੇ ਵਿਅੰਗ ਕੀਤਾ।
'ਨਹੀਂ,' ਅਵਿਜਿਤ ਨੇ ਪੂਰੀ ਤਾਕਤ ਨਾਲ ਵਿਰੋਧ ਕੀਤਾ–'ਦੁਖ ਹੋ ਰਿਹਾ ਏ, ਚੱਡੇ ਦੇ ਮਰਨ ਦਾ। ਸਰਨ ਨੇ ਅੱਜ ਤੋਂ ਪਹਿਲਾਂ ਕਦੀ ਉਸਦਾ ਜ਼ਿਕਰ ਨਹੀਂ ਕੀਤਾ, ਵਰਨਾਂ ਇੰਜ ਕਦੀ ਨਾ ਹੁੰਦਾ। ਅਗਲੀ ਵਾਰੀ ਦਫ਼ਤਰ ਆਇਆ ਤਾਂ ਧੱਕੇ ਮਾਰ ਕੇ ਕੱਢ ਦਿਆਂਗਾ। ਰੰਗਲਾ-ਗਿੱਦੜ। ਵੱਡਾ ਦੇਸ਼-ਸੇਵਕ ਬਣਿਆਂ ਫਿਰਦਾ ਏ।'
ਉਦੋਂ ਹੀ ਫ਼ੋਨ ਦੀ ਘੰਟੀ ਵੱਜ ਪਈ।
ਅਵਿਜਿਤ ਨੇ ਤ੍ਰਬਕ ਕੇ ਰਸੀਵਰ ਚੁੱਕ ਲਿਆ।
ਆਦਤ ਅਨੁਸਾਰ ਉਹ ਫੇਰ ਲੰਮੀ ਚੌੜੀ ਮੇਜ਼ ਪਿੱਛੇ ਪਈ ਘੁੰਮਣ ਵਾਲੀ ਕੁਰਸੀ ਵਿਚ ਕੈਦ ਹੋ ਗਿਆ ਸੀ।
ਫ਼ੋਨ ਪਿੱਛੋਂ ਫ਼ੋਨ ਆਉਂਦੇ ਰਹੇ।
ਅਵਿਜਿਤ ਦੀਆਂ ਪੁੜਪੁੜੀਆਂ ਦੀਆਂ ਨਸਾਂ ਚਸਕਦੀਆਂ ਰਹੀਆਂ।
ਹਰ ਵਿਹਲੇ ਪਲ ਉਹ ਸਰਨ ਉੱਤੇ ਹਿਰਖਦਾ ਰਿਹਾ, ਆਪਣੇ ਆਪ ਉੱਤੇ ਕੁੜ੍ਹਦਾ ਰਿਹਾ।
ਘੜੀ ਨੇ ਪੰਜ ਵਜਾ ਦਿੱਤੇ। ਕੁਰਸੀ ਪਿੱਛੇ ਖਿਸਕਾ ਕੇ ਅਵਿਜਿਤ ਉਠ ਖੜ੍ਹਾ ਹੋਇਆ।
ਉਦੋਂ ਹੀ ਫ਼ੋਨ ਦੀ ਘੰਟੀ ਫੇਰ ਚੀਕ ਪਈ। ਸਿੰਘਾਨੀਆਂ ਜੀ ਬੋਲ ਰਹੇ ਸਨ। ਆਵਾਜ਼ ਵਿਚ ਖੁਸ਼ੀ ਤੇ ਜੋਸ਼ ਸੀ।
“ਓ ਬਾਂਸਲ, ਲੈ ਬਈ, ਇਸ ਵਾਰੀ ਤੇਰਾ ਕੰਮ ਅਸੀਂ ਕਰ ਦਿਤੈ। ਇਕ ਜਬਰਦਸਤ ਸੋਰਸ ਹੱਥ ਆਇਐ। ਮੇਰਠ ਦਾ ਕੋਈ ਸੱਜਣ ਏਂ, ਇਕ ਗਾਂਧੀ ਸੰਸਥਾਨ ਦਾ ਪ੍ਰਬੰਧਕ। ਪਤਾ ਲੱਗਿਆ ਬਈ ਅਜਿਹੇ ਲਾਇਸੈਂਸ ਕੋਟੇ ਉਸ ਨੂੰ ਮਿਲ ਜਾਂਦੇ ਨੇ–ਤੇ ਉਹ ਉਹਨਾਂ ਨੂੰ ਪਰੀਮੀਅਮ ਉੱਤੇ ਵੇਚ ਦੇਂਦੈ। ਅੱਧੀ ਰਕਮ ਉਹਦੀ, ਅੱਧੀ ਮੰਤਰੀ ਜੀ ਦੀ। ਮੈਂ ਨਹੀਂ ਕਹਿੰਦਾ ਸੀ, ਉਹ ਆਦਮੀ ਖੇਡ ਕੋਈ ਵੱਡੀ ਖੇਡਦਾ ਹੋਏਗਾ। ਬਸ, ਤੂੰ ਅੱਜ ਈ ਮਿਲ ਕੇ ਗੱਲ ਪੱਕੀ ਕਰ ਲੈ। ਸੁਣਿਆ ਏ, ਉਹ ਵੀ ਇਲਾਹਾਬਾਦ ਯੂਨੀਵਰਸਟੀ ਦਾ ਪੜ੍ਹਿਆ ਹੋਇਐ। ਨਾਂਅ ਏਂ–ਸਰਨ ਕੁਮਾਰ। ਕੰਮ ਸੌਖਾ ਹੋ ਗਿਆ ਨਾ, ਕਿਉਂ?”
ਅਵਿਜਿਤ ਦਾ ਪੂਰਾ ਸਰੀਰ ਜਿਵੇਂ ਤਿੱਖੀਆਂ ਕਿੱਲਾਂ ਵਾਲੀ ਸਲੀਬ ਉੱਤੇ ਟੰਗਿਆ ਗਿਆ।
ਉਸਨੇ ਸਾਫ ਸੁਣਿਆ, ਉਸਦੇ ਅੰਦਰੋਂ ਆਵਾਜ਼ ਆਈ–'ਮੈਂ ਸਰਨ ਕੋਲ ਕਦੀ ਨਹੀਂ ਜਾਣਾ। ਲੱਤ ਮਾਰਦਾਂ, ਅਜਿਹੀ ਨੌਕਰੀ ਨੂੰ। ਹੁਣੇ, ਫੌਰਨ ਅਸਤੀਫਾ ਲਿਖ ਦੇਨਾਂ ਆਂ।'
ਪਰ ਇਹ ਆਵਾਜ਼ ਏਨੀ ਕਮਜ਼ੋਰ ਸੀ ਕਿ ਉਸਦੇ ਕੰਨਾਂ ਤਕ ਪਹੁੱਚਦਿਆਂ ਈ ਮਰ-ਮੁੱਕ ਗਈ–ਸਿੰਘਾਨੀਆਂ ਤਕ ਨਹੀਂ ਪਹੁੰਚ ਸਕੀ।
ਉਹਨਾਂ ਉਹੀ ਸੁਣਿਆ, ਜਿਹੜਾ ਅਵਿਜਿਤ ਨੇ ਫ਼ੋਨ ਉੱਤੇ ਕਿਹਾ, “ਤੁਸੀਂ ਬੇਫ਼ਿਕਰ ਰਹੋ। ਕੰਮ ਹੋ ਜਾਏਗਾ।”
ਉਸਦੀ ਸਮਝ ਵਿਚ ਆ ਗਿਆ ਸੀ–ਟੋਪੀ ਲੈਣੀ ਨਹੀਂ, ਤਾਂ ਲਾਹੁਣੀ ਜ਼ਰੂਰ ਪਏਗੀ।
੦੦੦ ੦੦੦ ੦੦੦