Tuesday, February 24, 2009

ਕਬਰ ਦਾ ਮੁਨਾਫ਼ਾ :: ਲੇਖਕ : ਤੇਜੇਂਦਰ ਸ਼ਰਮਾ

ਪ੍ਰਵਾਸੀ ਹਿੰਦੀ ਕਹਾਣੀ : ਕਬਰ ਦਾ ਮੁਨਾਫ਼ਾ :: ਲੇਖਕ : ਤੇਜੇਂਦਰ ਸ਼ਰਮਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
ਇਹ ਕਹਾਣੀ ਮੁਹਾਂਦਰਾ : 21.---ਅਪ੍ਰੈਲ-ਜੂਨ 2008. ਵਿਚ ਛਪੀ ਹੈ। ਮੁਹਾਂਦਰਾ ਦਾ ਸੰਪਰਕ ਨੰਬਰ ਹੈ = 01679-230403.

"ਯਾਰ ਕੁਛ ਨਾ ਕੁਛ ਤਾਂ ਨਵਾਂ ਕਰਨਾ ਹੀ ਪਏਗਾ। ਸਾਰੀ ਜ਼ਿੰਦਗੀ ਨੌਕਰੀ ਵਿਚ ਗੁਆ ਚੁੱਕੇ ਆਂ। ਹੁਣ ਹੋਰ ਨਹੀਂ ਕੀਤੀ ਜਾਂਦੀ ਚਾਕਰੀ।" ਖ਼ਲੀਲ ਜੈਦੀ ਦਾ ਚਿਹਰਾ ਸਿਗਰੇਟ ਦੇ ਧੂੰਏਂ ਪਿੱਛੇ ਧੁੰਦਲਾ ਜਿਹਾ ਦਿਖਾਈ ਦੇ ਰਿਹਾ ਹੈ।
ਨਜ਼ਮ ਜਮਾਲ ਵਿਸਕੀ ਦਾ ਨਿੱਕਾ ਜਿਹਾ ਘੁੱਟ ਭਰਦਾ ਹੋਇਆ ਕਿਸੇ ਡੂੰਘੀ ਸੋਚ ਵਿਚ ਲੱਥ ਗਿਆ ਹੈ। ਸਵਾਲ ਦੋਵਾਂ ਦੇ ਦਿਮਾਗ਼ ਵਿਚ ਇਕੋ ਹੀ ਹੈ---ਹੁਣ ਅੱਗੇ ਕੀ ਕੀਤਾ ਜਾਏ ? ਕਦ ਤੱਕ ਕਰੀਏ ਇਹ ਕੁੱਤਾ ਧੰਦਾ ?
ਖ਼ਲੀਲ ਤੇ ਨਜ਼ਮ ਨੇ ਆਪਣੀ ਜ਼ਿੰਦਗੀ ਦੇ ਤੇਤੀ ਵਰ੍ਹੇ ਆਪਣੀ ਕੰਪਨੀ ਦੀ ਸੇਵਾ ਵਿਚ 'ਹੋਮ' ਕਰ ਦਿੱਤੇ ਹਨ। ਦੋਵਾਂ ਦੀ ਯਾਰੀ ਦੇ ਕਿੱਸੇ ਬੜੇ ਪੁਰਾਣੇ ਨੇ। ਖ਼ਲੀਲ ਸ਼ਰਾਬ ਨਹੀਂ ਪੀਂਦੀ ਤੇ ਨਜ਼ਮ ਸਿਗਰੇਟ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ ਪਰ, ਦੋਵਾਂ ਦੀਆਂ ਆਦਤਾਂ ਦੋਵਾਂ ਦੀ ਦੋਸਤੀ ਵਿਚਕਾਰ ਕਦੀ ਅੜਿੱਕਾ ਨਹੀਂ ਬਣੀਆਂ। ਖ਼ਲੀਲ ਜੈਦੀ ਇਕ ਨੌਜੁਆਨ ਅਫ਼ਸਰ ਬਣ ਕੇ ਆਇਆ ਸੀ ਇਸ ਕੰਪਨੀ ਵਿਚ, ਪਰ ਅੱਜ ਉਸਨੇ ਆਪਣੀ ਮਿਹਨਤ ਤੇ ਅਕਲ ਸਦਕਾ ਇਸ ਕੰਪਨੀ ਨੂੰ ਯੂਰਪ ਦੀਆਂ ਪਹਿਲੇ ਨੰਬਰ ਦੀਆਂ ਫਾਈਨੈਂਸ਼ੀਅਲ ਕੰਪਨੀਆਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਲੰਦਨ ਦੇ ਫਾਈਨੈਂਸ਼ੀਅਲ ਸੈਕਟਰ ਵਿਚ ਖ਼ਲੀਲ ਦੀ ਖਾਸੀ ਇੱਜ਼ਤ ਹੈ।
"ਵੈਸੇ ਖ਼ਲੀਲ ਭਾਈ ਕੀ ਇਹ ਜ਼ਰੂਰੀ ਏ ਕਿ ਕੁਛ ਕੀਤਾ ਈ ਜਾਵੇ? ਏਨਾ ਕਮਾਅ ਲਿਆ ਏ ਹੁਣ ਆਰਾਮ ਕਿਉਂ ਨਾ ਕਰੀਏ !...ਬੇਟੇ, ਬਹੂ ਤੇ ਪੋਤੇ-ਪੋਤੀਆਂ ਨਾਲ ਬਾਕੀ ਦਿਨ ਬਿਤਾਅ ਲਏ ਜਾਣ ਤਾਂ ਕੀ ਮਾੜਾ ਏ ?"
"ਮੀਆਂ ਦੂਜਿਆਂ ਲਈ ਪੂਰੀ ਜ਼ਿੰਦਗੀ ਲਾ ਦਿੱਤੀ, ਕੰਪਨੀ ਨੂੰ ਕਿੱਥੋਂ-ਕਿੱਥੇ ਪਹੁੰਚਾ ਦਿੱਤਾ। ਪਰ…ਕੱਲ੍ਹ ਨੂੰ ਮਰ ਜਾਵਾਂਗੇ ਤਾਂ ਕੋਈ ਯਾਦ ਵੀ ਨਹੀਂ ਕਰੇਗਾ। ਜੇ ਏਨੀ ਮਿਹਨਤ ਆਪਣੇ ਲਈ ਕੀਤੀ ਹੁੰਦੀ ਤਾਂ ਪੂਰੇ ਫਾਈਨੈਂਸ਼ੀਅਲ ਵਿਚ ਸਾਡੇ ਨਾਂਅ ਦੀ ਮਾਲਾ ਜਪੀ ਜਾ ਰਹੀ ਹੁੰਦੀ।"
"ਖ਼ਲੀਲ ਭਾਈ ਮਰਨ ਤੋਂ ਯਾਦ ਆਇਆ, ਆਪਣੇ ਕਾਰਪੇਂਡਰਸ ਪਾਰਕ ਦੇ ਕਬਰਸਤਾਨ ਵਿਚ ਆਪਣੀ ਤੇ ਭਾਬੀ ਜਾਨ ਦੀ ਕਬਰ ਬੁੱਕ ਕਰਵਾ ਲਈ ਏ ਜਾਂ ਨਹੀਂ? ਦੋਖੋ, ਉਸ ਕਬਰਸਤਾਨ ਦੀ ਲੋਕੇਸ਼ਨ, ਉਸਦੀ ਲੁੱਕ, ਤੇ ਮਾਹੌਲ ਯਕਦਮ ਯੂਨੀਕ ਏ।…ਹੁਣ ਸਾਰੀ ਜ਼ਿੰਦਗੀ ਤਾਂ ਕੰਮ, ਕੰਮ ਤੇ ਕੰਮ ਤੋਂ ਫੁਰਸਤ ਨਹੀਂ ਮਿਲੀ, ਘੱਟੋ ਘੱਟ ਮਰ ਕੇ ਤਾਂ ਚੈਨ ਦੀ ਜ਼ਿੰਦਗੀ ਜਿਊਵਾਂਗੇ।"
"ਕਿਆ ਬਾਤ ਕਹੀ ਹੈ ਮੀਆਂ---ਘੱਟੋ-ਘੱਟ ਮਰ ਕੇ ਤਾਂ ਚੈਨ ਦੀ ਜ਼ਿੰਦਗੀ ਜਿਊਵਾਂਗੇ। ਬਈ ਵਾਹ, ਉਹ ਕਿਸੇ ਸ਼ਾਇਰ ਨੇ ਵੀ ਕੀ ਗੱਲ ਆਖੀ ਏ ਕਿ 'ਮਰ ਕੇ ਭੀ ਚੈਨ ਨਾ ਮਿਲਾ ਤੋ ਕਿਧਰ ਜਾਏੱਗੇ।'…ਯਾਰ ਮੈਨੂੰ ਤਾਂ ਕੋਈ ਦਿੱਕਤ ਨਹੀਂ। ਤੇਰੀ ਭਾਬੀ ਜਾਨ ਬੜੀ ਸੋਸ਼ਲਿਸਟ ਕਿਸਮ ਦੀ ਔਰਤ ਏ। ਪਤਾ ਲੱਗਦਿਆਂ ਹੀ ਭੂਸਰ ਜਾਊ। ਵੈਸੇ ਤੂੰ ਆਬਿਦਾ ਨਾਲ ਗੱਲ ਕਰ ਲਈ ਏ ਨਾ ? ਇਹਨਾਂ ਹਵਾ ਦੀਆਂ ਜਾਈਆਂ ਨੇ ਵੀ ਸਾਡੇ ਵਰਗੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਏ। ਹੁਣ ਦੇਖ ਨਾ…"
ਨਜ਼ਮ ਨੇ ਵਿਚਕਾਰੋਂ ਹੀ ਟੋਕ ਦਿੱਤਾ, "ਖ਼ਲੀਲ ਭਰਾ ਇਹਨਾਂ ਬਿਨਾਂ ਗੁਜ਼ਾਰਾ ਵੀ ਤਾਂ ਨਹੀਂ ਹੁੰਦਾ---ਨਸੈਸਰੀ ਈਵਲ ਨੇ, ਸਾਡੇ ਲਈ; ਨਾਲੇ ਫੇਰ ਏਸ ਦੇਸ਼ ਵਿਚ ਤਾਂ ਸਟੇਟਸ ਲਈ ਵੀ ਇਹਨਾਂ ਦੀ ਲੋੜ ਪੈਂਦੀ ਏ। ਇਸ ਮਾਮਲੇ ਵਿਚ ਜਪਾਨ ਵਧੀਆ ਏ। ਹਰ ਆਦਮੀ ਆਪਣੀ ਬੀਵੀ ਤੇ ਬੱਚਿਆਂ ਨੂੰ ਸ਼ਹਿਰੋਂ ਬਾਹਰ ਰੱਖਦਾ ਏ---ਸਬਰਬ ਵਿਚ---ਤੇ ਸ਼ਹਿਰ ਵਾਲੇ ਫਲੈਟ ਵਿਚ ਆਪਣੀ ਵਰਕਿੰਗ ਪਾਰਟਨਰ। ਸੋਚ ਕੇ ਕਿੰਨਾ ਚੰਗਾ ਲਗਦੈ।" ਸਾਫ ਪਤਾ ਲੱਗ ਰਿਹਾ ਸੀ ਕਿ ਵਿਸਕੀ ਆਪਣਾ ਰੰਗ ਵਿਖਾਲ ਰਹੀ ਹੈ।
"ਯਾਰ, ਇਹ ਸਾਲਾ ਕਬਰਸਤਾਨ ਸ਼ੀਆ ਲੋਕਾਂ ਲਈ ਐਕਸਕਲਿਊਸਿਵ ਨਹੀਂ ਹੋ ਸਕਦਾ ਸੀ?...ਵਰਨਾ ਮਰਨ ਪਿੱਛੋਂ ਪਤਾ ਨਹੀਂ ਲੱਗਣਾ ਬਈ ਗੁਆਂਢ ਵਿਚ ਸ਼ੀਆ ਹੈ ਜਾਂ ਸੁੰਨੀ ਜਾਂ ਫੇਰ ਉਹ ਗੁਜਰਾਤੀ ਟੋਪੀ ਵਾਲਾ। ਯਾਰ ਸੋਚ ਕੇ ਹੀ ਧੁੜਧੁੜੀ ਆ ਜਾਂਦੀ ਏ। ਮੇਰਾ ਵੱਸ ਚੱਲੇ ਤਾਂ ਇਕ ਕਬਰਸਤਾਨ ਬਣਾ ਕੇ ਉਸ ਉੱਤੇ ਬੋਰਡ ਲਾ ਦਿਆਂ---'ਸ਼ੀਆ ਮੁਸਲਮਾਨਾਂ ਲਈ ਰਿਜ਼ਰਵਡ।'
"ਗੱਲ ਤਾਂ ਤੁਸੀਂ ਲੱਖਾਂ ਦੀ ਕੀਤੀ ਏ ਖ਼ਲੀਲ ਭਾਈ---ਪਰ ਇਹ ਆਪਣਾ ਪਾਕਿਸਤਾਨ ਤਾਂ ਹੈ ਨਹੀਂ। ਇੱਥੇ ਤਾਂ ਸ਼ੁਕਰ ਮਨਾਓ ਕਿ ਗੋਰੀ ਸਰਕਾਰ ਨੇ ਸਾਡੇ ਲਈ ਵੱਖਰਾ ਕਬਰਸਤਾਨ ਬਣਾਇਆ ਹੋਇਆ ਏ। ਵਰਨਾ ਸਾਨੂੰ ਵੀ ਈਸਾਈਆਂ ਦੇ ਕਬਰਸਤਾਨ ਵਿਚ ਹੀ ਦਫ਼ਨ ਹੋਣਾ ਪੈਂਦਾ। ਤੁਸੀਂ ਕਾਰਪੇਂਡਰਸ ਪਾਰਕ ਵਾਲਿਆਂ ਦੀ ਨਵੀਂ ਸਕੀਮ ਬਾਰੇ ਸੁਣਿਆ ਏਂ? ਉਹ ਸਿਰਫ ਦਸ ਪਾਊਂਡ ਮਹੀਨੇ ਦੇ ਪ੍ਰੀਮੀਅਮ ਉੱਤੇ ਤੁਹਾਨੂੰ ਸ਼ਾਨ ਨਾਲ ਦਫ਼ਨਾਉਣ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਰਹੇ ਨੇ। ਉਹਨਾਂ ਦਾ ਜਿਹੜਾ ਨਵਾਂ ਪੈਂਮਫ਼ਲੇਟ ਨਿਕਲਿਆ ਏ, ਉਸ ਵਿਚ ਪੂਰੀ ਤਫ਼ਸੀਲ ਦਿੱਤੀ ਹੋਈ ਏ। ਲਾਸ਼ ਨੂੰ ਨੁਹਾਉਣਾ, ਨਵੇਂ ਕੱਪੜੇ ਪਵਾਉਣਾ, ਕਫ਼ਨ ਦਾ ਇੰਤਜ਼ਾਮ, ਰੋਲਸ ਰੋਏਸ ਵਿਚ ਲਾਸ਼ ਦੀ ਸਵਾਰੀ ਤੇ ਕਬਰ ਉੱਤੇ ਸੰਗਮਰਮਰ ਦਾ ਪਲਾਕ---ਇਹ ਸਭੋ ਕੁਝ ਇਸ ਬੀਮੇ ਵਿਚ ਸ਼ਾਮਿਲ ਹੈ।"
"ਯਾਰ ਇਹ ਤਾਂ ਬੜਾ ਵਧੀਆ ਏ, ਕਮ-ਸੇ-ਕਮ ਸਾਡੇ ਬੱਚੇ ਸਾਨੂੰ ਦਫ਼ਨਾਉਣ ਲਈ ਆਪਣੀਆਂ ਜੇਬਾਂ ਵੱਲ ਤਾਂ ਨਹੀਂ ਝਾਕਣਗੇ। ਮੈਂ ਤਾਂ ਜਦ ਇਰਫ਼ਾਨ ਵੱਲ ਦੇਖਦਾਂ ਤਾਂ ਬੜਾ ਮਾਯੂਸ ਹੋ ਜਾਨਾਂ। ਦੇਖ ਪੈਤੀਆਂ ਦਾ ਹੋ ਗਿਐ ਪਰ ਮਜ਼ਾਲ ਏ ਜ਼ਰਾ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ।…ਕੱਲ੍ਹ ਕਹਿ ਰਿਹਾ ਸੀ, ਡੈਡ ਕਰਾਚੀ ਵਿਚ ਬਿਜ਼ਨਸ ਕਰਨਾ ਚਾਹੁੰਦਾ ਹਾਂ, ਬਸ ਇਕ ਲੱਖ ਪਾਊਂਡ ਦਾ ਇੰਤਜ਼ਾਮ ਕਰ-ਕਰਾਅ ਦਿਓ। ਹੁਣ ਪਾਊਂਡ ਕੀ ਸਾਲੇ ਦਰਖ਼ਤਾਂ ਨਾਲ ਲੱਗਦੇ ਨੇ। ਨਾਦਿਰਾ ਨੇ ਵਿਗਾੜ ਦਿੱਤਾ ਏ। ਆਪਣੇ ਆਪ ਨੂੰ ਸ਼ੋਸਲਿਸਟ ਕੰਮਾਂ ਵਿਚ ਫਸਾਈ ਰੱਖਦੀ ਏ। ਜਦ ਬੱਚਿਆਂ ਨੂੰ ਮਾਂ ਦੀ ਪਰਵਰਿਸ਼ ਦੀ ਜ਼ਰੂਰਤ ਸੀ,ਇਹ ਮੇਮ-ਸਾ'ਬ ਕਾਰਲ ਮਾਰਕਸ ਦੀ ਸਮਾਧੀ ਉੱਪਰ ਫੁੱਲ ਚੜ੍ਹਾ ਰਹੀ ਸੀ। ਸਾਲਾ ਕਾਰਲ ਮਾਰਕਸ ਮਰਿਆ ਤਾਂ ਅੰਗਰੇਜ਼ਾਂ ਦੇ ਘਰ ਵਿਚ ਤੇ ਕੈਪਿਟੇਲਿਜ਼ਮ ਦੇ ਖ਼ਿਲਾਫ਼ ਕਿਤਾਬਾਂ ਏਥੇ ਲਿਖਦਾ ਰਿਹਾ। ਇਸੇ ਲਈ ਦੁਨੀਆਂ ਜਹਾਨ ਦੇ ਮਾਰਕਸਵਾਦੀ ਦੋਗਲੇ ਹੁੰਦੇ ਨੇ। ਸਾਲਿਆਂ ਨੇ ਸਾਡਾ ਤਾਂ ਘਰ ਈ ਤਬਾਹ ਕਰ ਦਿੱਤੈ। ਮੇਰਾ ਤਾਂ ਬੱਚਿਆਂ ਨਾਲ ਕੋਈ ਕਮਿਊਨੀਕੇਸ਼ਨ ਹੀ ਨਹੀਂ ਬਣ ਸਕਿਆ।" ਖ਼ਲੀਲ ਜੈਦੀ ਨੇ ਠੰਡਾ ਹਊਕਾ ਭਰਿਆ।
ਕੁਝ ਚਿਰ ਲਈ ਚੁੱਪ ਵਾਪਰ ਗਈ। ਮੌਤ ਵਰਗੀ ਚੁੱਪ। ਹਲਕਾ ਜਿਹਾ ਸਿਗਰੇਟ ਦਾ ਕਸ਼, ਛੱਤ ਵੱਲ ਉਡਦਾ ਧੂੰਆਂ, ਸ਼ਰਾਬ ਦੀ ਇਕ ਨਿੱਕੀ-ਜਿਹੀ ਚੁਸਕੀ ਬੁੱਲ੍ਹਾਂ ਵਿਚ ਸੁੜਕਦੀ ਤੇ ਗਲੇ 'ਚੋਂ ਹੇਠਾਂ ਲੰਘਦੀ ਹੋਈ, ਥੋੜ੍ਹੇ ਕਾਜੂਆਂ ਦੇ ਦੰਦਾਂ ਹੇਠ ਦਰੜੇ ਜਾਣ ਦੀ ਧੀਮੀ ਆਵਾਜ਼। ਨਜ਼ਮ ਤੋਂ ਰਿਹਾ ਨਾ ਗਿਆ, "ਖ਼ਲੀਲ ਭਾਈ, ਉਹਨਾਂ ਦੀ ਇਕ ਗੱਲ ਬੜੀ ਪਸੰਦ ਆਈ ਮੈਨੂੰ। ਉਹ ਕਹਿੰਦੇ ਨੇ ਬਈ ਜੇ ਤੁਸੀਂ ਕਿਸੇ ਐਕਸੀਡੈਂਟ ਜਾਂ ਹਾਦਸੇ ਦਾ ਸ਼ਿਕਾਰ ਹੋ ਜਾਓਂ, ਜਿਵੇ ਅੱਗ ਵਿਚ ਸੜ ਮਰੋਂ ਤਾਂ ਉਹ ਲਾਸ਼ ਦਾ ਅਜਿਹਾ ਮੇਕਅੱਪ ਕਰਨਗੇ ਕਿ ਲਾਸ਼ ਯਕਦਮ ਜਵਾਨ ਤੇ ਖੂਬਸੂਰਤ ਦਿਖਾਈ ਦਏਗੀ। ਹੁਣ ਲੋਕ ਤਾਂ ਲਾਸ਼ ਦੀ ਆਖ਼ਰੀ ਸ਼ਕਲ ਹੀ ਚੇਤੇ ਰੱਖਦੇ ਨੇ ਨਾ? ਨਾਦਿਰਾ ਭਾਬੀ ਤੇ ਆਬਿਦਾ ਨੂੰ ਹੁਣ ਇਹੀ ਆਈਡੀਆ ਵੇਚਦੇ ਆਂ, ਕਿ ਜਦ ਉਹ ਮਰਨਗੀਆਂ, ਦੁਲਹਨ ਵਾਂਗ ਸਜਾਈਆਂ ਜਾਣਗੀਆਂ।"
"ਯਾਰ ਨਜ਼ਮ ਇਕ ਕੰਮ ਕਰਦੇ ਆਂ---ਬੁੱਕ ਕਰਵਾ ਦੇਨੇ ਆਂ ਦੋ-ਦੋ ਕਬਰਾਂ। ਆਪਾਂ ਨੂੰ ਨਾਦਿਰਾ ਜਾਂ ਆਬਿਦਾ ਨੂੰ ਹਾਲੇ ਦੱਸਣ ਦੀ ਕੀ ਲੋੜ ਪਈ ਏ---ਜਦ ਜ਼ਰੂਰਤ ਹੋਏਗੀ ਦੱਸ ਦਿਆਂਗੇ।"
"ਕੀ ਗੱਲ ਆਖੀ ਏ ਭਾਈ ਜਾਨ---ਮਜ਼ਾ ਆ ਗਿਆ। ਪਰ ਜੇ ਉਹਨਾਂ ਨੂੰ ਜ਼ਰੂਰਤ ਪੈ ਗਈ ਤਾਂ ਦੱਸੋਗੇ ਕਿਸ ਨੂੰ? ਦੱਸਣ ਲਈ ਤੇ ਉਹਨਾਂ ਨੂੰ ਦੁਬਾਰਾ ਜਿਊਂਦੀਆਂ ਕਰਨਾ ਪਏਗਾ।…ਹਾ-ਹਾ, ਹਾਹਾ…"
"ਸੁਣ, ਉਹਨਾਂ ਦੀ ਕੋਈ ਅਜਿਹੀ ਸਕੀਮ ਨਹੀਂ ਬਈ, 'ਬਾਈ ਵਨ, ਗੈੱਟ ਵਨ ਫ੍ਰੀ'? ਜੇ ਇੰਜ ਹੋਏ ਤਾਂ ਅਸੀਂ ਆਪਣੇ ਬੇਟਿਆਂ ਨੂੰ ਵੀ ਸਕੀਮ ਵਿਚ ਸ਼ਾਮਿਲ ਕਰ ਸਕਦੇ ਆਂ। ਅੱਲ੍ਹਾ ਨੇ ਆਪਾਂ ਦੋਹਾਂ ਨੂੰ ਇਕ-ਇਕ ਬੇਟਾ ਤਾਂ ਦਿੱਤਾ ਹੀ ਹੋਇਐ।"
"ਹੌਲੀ ਭਾਈ ਜਾਨ ਹੌਲੀ, ਜੇ ਨਾਦਿਰਾ ਭਾਬੀ ਨੇ ਸੁਣ ਲਿਆ ਤਾਂ ਝੱਟ ਕਹੇਗੀ, 'ਕਿਉਂ ਜੀ, ਸਾਡੀਆਂ ਬੱਚੀਆਂ ਨੇ ਕੀ ਕਸੂਰ ਕੀਤੈ?' "
"ਯਾਰ ਤੂੰ ਏਨੀਆਂ ਡਰਉਣੀਆਂ ਗੱਲਾਂ ਕਰਨ ਤੋਂ ਬਾਅਜ਼ ਨਹੀਂ ਆਉਂਦਾ। ਪਤਾ ਈ ਉਹ ਤਾਂ ਸਮੀਰਾ ਦੀ ਸ਼ਾਦੀ ਸੁੰਨੀਆਂ ਵਿਚ ਕਰਨ ਲਈ ਰਾਜ਼ੀ ਹੋ ਗਈ ਸੀ। ਕਮਾਲ ਦੀ ਗੱਲ ਏ ਕਿ ਉਸਨੂੰ ਸ਼ੀਆ, ਸੁੰਨੀ, ਆਗਾਖਾਨੀ, ਬੋਰੀ ਸਾਰੇ ਇਕੋ ਲੱਗਦੇ ਨੇ। ਕਹਿੰਦੀ ਏ, ਸਾਰੇ ਮੁਸਲਮਾਨ ਨੇ ਤੇ ਅੱਲ੍ਹਾ ਦੇ ਬੰਦੇ ਨੇ। ਉਸਦੀ ਇੰਡੀਆ ਦੀ ਪੜ੍ਹਾਈ ਅਜੇ ਤੱਕ ਉਸਦੇ ਦਿਮਾਗ਼ ਵਿਚੋਂ ਨਹੀਂ ਨਿਕਲੀ ਜਾਪਦੀ।"
"ਓ ਭਾਈ ਜਾਨ ਹੁਣ ਇੰਡੀਆ ਦੀ ਪੜ੍ਹਾਈ ਏਨੀ ਖ਼ਰਾਬ ਵੀ ਨਹੀਂ---ਪੜ੍ਹੇ ਤਾਂ ਮੈਂ ਤੇ ਆਬਿਦਾ ਵੀ ਉੱਥੋਂ ਦੇ ਈ ਆਂ। ਦਰਅਸਲ ਮੈਂ ਤਾਂ ਗੋਆ ਵਿਚ ਕੋਈ ਕਾਰੋਬਾਰ ਕਰਨ ਬਾਰੇ ਸੋਚ ਰਿਹਾਂ। ਉੱਥੇ ਜੇ ਕੋਈ ਟੂਰਿਸਟ ਰਿਜ਼ੋਰਟ ਖੋਲ੍ਹ ਲਵਾਂ ਤਾਂ ਮਜ਼ਾ ਆ ਜਾਏਗਾ…! ਓ ਭਾਈ ਜਾਨ, ਸੱਚ ਪੁੱਛੋ ਤਾਂ ਮੈਨੂੰ ਤਾਂ ਅੱਜ ਵੀ ਆਪਣਾ ਘਰ ਮੇਰਠ ਹੀ ਲੱਗਦੈ। ਚਾਲ੍ਹੀ ਸਾਲ ਹੋ ਗਏ ਨੇ ਹਿੰਦੁਸਤਾਨ ਛੱਡਿਆਂ, ਪਰ ਲਾਹੌਰ ਅਜੇ ਤੱਕ ਆਪਣਾ ਨਹੀਂ ਲੱਗਿਆ।…ਇਹ ਜਿਹੜਾ ਮੁਹਾਜ਼ਿਰ ਦਾ ਠੱਪਾ ਮੱਥੇ ਉੱਪਰ ਲਗਿਆ ਏ ਨਾ, ਉਸ ਤੋਂ ਲੱਗਦੈ ਕਿ ਅਸੀਂ ਲਾਹੌਰ ਵਿਚ ਐਨ ਓਵੇਂ ਈ ਆਂ, ਜਿਵੇਂ ਹਿੰਦੁਸਤਾਨ ਵਿਚ ਚੂੜ੍ਹੇ-ਚਮਾਰ।"
"ਮੀਆਂ ਚੜ੍ਹ ਗਈ ਏ ਤੈਨੂੰ। ਪਾਗਲਾਂ ਵਾਲੀਆਂ ਗੱਲਾਂ ਕਰਨ ਲੱਗ ਪਿਐਂ। ਯਾਦ ਰੱਖ, ਸਾਡਾ ਵਤਨ ਪਾਕਿਸਤਾਨ ਏਂ---ਬਸ। ਇਹ ਹਿੰਦੂ ਧਰਮ ਇਕ ਡੀਜੇਨੇਰੇਟ, ਵਲਗਰ ਤੇ ਕਰੱਪਟ ਕਲਚਰ ਹੈ। ਹਿੰਦੂਆਂ ਜਾਂ ਹਿੰਦੁਸਤਾਨੀਆਂ ਦੀ ਵਡਿਆਈ ਪੂਰੀ ਤਰ੍ਹਾਂ ਐਂਟੀ ਇਸਲਾਮਿਕ ਹੈ। ਫਿਲਮਾਂ ਦੇਖੀਆਂ ਨੇ ਇਹਨਾਂ ਦੀਆਂ, ਵਲਗੈਰਿਟੀ ਪਰਸਾਨੀਫਾਈਡ। ਮੇਰਾ ਵੱਸ ਚੱਲੇ ਤਾਂ ਸਾਰੇ ਹਿੰਦੂਆਂ ਨੁੰ ਇਕ ਕਤਾਰ ਵਿਚ ਖੜ੍ਹਾ ਕਰਕੇ ਗੋਲੀ ਨਾਲ ਉਡਾਅ ਦਿਆਂ।"
ਨਜ਼ਮ ਦੇ ਘੁਰਾੜੇ ਦੱਸ ਰਹੇ ਸਨ ਕਿ ਖ਼ਲੀਲ ਜੈਦੀ ਦੀਆਂ ਗੱਲਾਂ ਵਿਚ ਰੁਚੀ ਨਹੀ ਹੈ, ਉਹ ਸ਼ਾਇਦ ਸੁਪਨਿਆਂ ਦੇ ਉਡਨ ਖਟੋਲੇ ਵਿਚ ਬੈਠ ਕੇ ਮੇਰਠ ਪਹੁੰਚ ਗਿਆ ਸੀ। ਮੇਰਠ ਤੋਂ ਦਿੱਲੀ ਤੱਕ ਬਸ ਦਾ ਸਫ਼ਰ, ਰੇਲਗੱਡੀ ਦੀ ਯਾਤਰਾ ਤੇ ਆਬਿਦਾ ਨਾਲ ਪਹਿਲੀ ਮੁਲਾਕਾਤ, ਪਹਿਲੀ ਮੁਹੱਬਤ, ਫੇਰ ਸ਼ਾਦੀ। ਪੂਰੀ ਜ਼ਿੰਦਗੀ ਜਿਵੇਂ ਕਿਸੇ ਰੇਲ ਦੀ ਪਟੜੀ ਉੱਤੇ ਦੌੜ ਰਹੀ ਮਹਿਸੂਸ ਹੋ ਰਹੀ ਸੀ।

ਮਹਿਸੂਸ ਆਬਿਦਾ ਵੀ ਕਰ ਰਹੀ ਸੀ ਤੇ ਨਾਦਿਰਾ ਵੀ। ਦੋਵੇਂ ਮਹਿਸੂਸ ਕਰਦੀਆਂ ਸਨ ਕਿ ਉਹਨਾਂ ਦੇ ਪਤੀਆਂ ਕੋਲ ਉਹਨਾਂ ਲਈ ਕੋਈ ਸਮਾਂ ਨਹੀਂ। ਉਹਨਾਂ ਦੇ ਪਤੀ ਬਸ ਪੈਸੇ ਦੇਂਦੇ ਨੇ, ਘਰ ਦਾ ਖ਼ਰਚ ਚਲਾਉਣ ਲਈ। ਪਰ ਉਸਦਾ ਵੀ ਹਿਸਾਬ ਕਿਤਾਬ ਇੰਜ ਰੱਖਿਆ ਜਾਂਦਾ ਹੈ ਜਿਵੇਂ ਕੰਪਨੀ ਦੇ ਕਿਸੇ ਕਲਰਕ ਕੋਲੋਂ ਖ਼ਰਚੇ ਦਾ ਹਿਸਾਬ-ਕਿਤਾਬ ਪੁੱਛਿਆ ਜਾ ਰਿਹਾ ਹੋਵੇ। ਦੋਵਾਂ ਨੂੰ ਕਦੀ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਆਪਣੇ ਘਰ ਦੀਆਂ ਮਾਲਕਿਨਾਂ ਹਨ। ਉਹਨਾਂ ਨੂੰ ਸਮੇਂ-ਸਮੇਂ ਯਾਦ ਕਰਵਾ ਦਿੱਤਾ ਜਾਂਦਾ ਹੈ ਕਿ ਘਰ ਦੇ ਮਾਲਕ ਦੇ ਹੁਕਮ ਦੇ ਬਿਨਾਂ ਉਹ ਇਕ ਪੈਰ ਵੀ ਨਹੀਂ ਪੁੱਟ ਸਕਦੀਆਂ। ਆਬਿਦਾ ਤਾਂ ਆਪਣੀ ਨਾਦਿਰਾ ਆਪਾ ਸਾਹਮਣੇ ਆਪਣਾ ਰੋਣਾ ਰੋ ਵੀ ਲੈਂਦੀ ਸੀ ਪਰ ਨਾਦਿਰਾ ਹਰ ਗੱਲ ਆਪਣੇ ਸੀਨੇ ਵਿਚ ਨੱਪੀ ਰੱਖਦੀ।
ਨਾਦਿਰਾ ਨੇ ਬੜੇ ਜਤਨਾਂ ਨਾਲ ਆਪਣੇ ਵਿਚ ਇਹ ਪਰਿਵਰਤਨ ਲਿਆਂਦਾ ਸੀ। ਉਸਨੇ ਇਕ ਸਥਾਈ ਹਾਸੀ ਦਾ ਮਖ਼ੌਟਾ ਆਪਣੇ ਚਿਹਰੇ ਉੱਤੇ ਚਿਪਕਾ ਲਿਆ ਸੀ। ਪਤੀ ਦੀਆਂ ਝਾੜਾਂ-ਝਿੜਕਾਂ, ਗਾਲ੍ਹਾਂ-ਫਿਟਕਾਰਾਂ ਤੇ ਕਦੀ ਕਦੀ ਦੀ ਕੁੱਟ-ਮਾਰ ਦਾ ਵੀ ਉਸ ਉੱਤੇ ਕੋਈ ਅਸਰ ਦਿਖਾਈ ਨਹੀਂ ਸੀ ਦਿੰਦਾ। ਕਦੀ-ਕਦੀ ਤਾਂ ਖ਼ਲੀਲ ਜੈਦੀ ਉਸਦੀ ਇਸ ਮੁਸਕਾਨ ਤੋਂ ਪ੍ਰੇਸ਼ਾਨ ਹੋ ਜਾਂਦੇ, 'ਆਖ਼ਰ ਤੂੰ ਹਰ ਵੇਲੇ ਇੰਜ ਮੁਸਕਰਾਉਂਦੀ ਕਿਉਂ ਰਹਿੰਦੀ ਏਂ? ਇਹ ਹਰ ਵੇਲੇ ਦੰਦੀਆਂ ਕੱਢਣਾ ਸਿਖਿਆ ਕਿਸ ਤੋਂ ਏਂ? ਸਾਡੀ ਗੱਲ ਦਾ ਕੋਈ ਅਸਰੀ ਹੀ ਨਹੀਂ ਹੁੰਦਾ,ਬੇਗ਼ਮ ਸਾਹਿਬਾ ਉੱਪਰ।'
ਨਾਦਿਰਾ ਸੋਚਦੀ---ਜੇ ਉਹ ਉਦਾਸ ਚਿਹਰਾ ਬਣਾਈ ਰੱਖੇ ਤਾਂ ਵੀ ਉਸਦੇ ਪਤੀ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਜੇ ਮੁਸਕ੍ਰਾਏ ਤਾਂ ਉਸਨੂੰ ਲਗਦਾ ਹੈ ਕਿ ਜ਼ਰੂਰ ਕਿਤੇ ਕੋਈ ਗੜਬੜ ਹੈ; ਨਹੀਂ ਤਾਂ ਜਿਹੜਾ ਵਰਤਾਅ ਉਹ ਉਸ ਨਾਲ ਕਰ ਰਿਹਾ ਹੈ, ਉਸ ਪਿੱਛੋਂ ਤਾਂ ਮੁਸਕਰਾਹਟ ਜੀਵਨ ਵਿਚੋਂ ਅਲੋਪ ਹੋ ਜਾਣੀ ਚਾਹੀਦੀ ਸੀ।
ਨਾਦਿਰਾ ਨੇ ਇਕ ਵਾਰੀ ਨੌਕਰੀ ਕਰਨ ਦੀ ਗੱਲ ਤੋਰੀ ਸੀ---ਲਖ਼ਨਊ ਯੂਨੀਵਰਸਟੀ ਦੀ ਐਮ.ਏ.ਪਾਸ ਹੈ ਉਹ। ਪਰ ਖ਼ਲੀਲ ਜੈਦੀ ਨੂੰ ਨਾਦਿਰਾ ਦੀ ਨੌਕਰੀ ਦਾ ਵਿਚਾਰ ਏਨਾ ਘਟੀਆ ਲੱਗਿਆ ਸੀ ਕਿ ਗੱਲ, ਬਹਿਸ ਵਿਚ ਬਦਲ ਗਈ ਤੇ ਨਾਦਿਰਾ ਦੇ ਚਿਹਰੇ ਉੱਤੇ ਪੰਜੇ ਦਾ ਨਿਸ਼ਾਨ ਛਪਣ ਤੋਂ ਬਾਅਦ ਹੀ ਮੁੱਕੀ। ਇਸ ਦਾ ਨਤੀਜਾ ਇਹ ਹੋਇਆ ਕਿ ਨਾਦਿਰਾ ਨੇ ਪਾਕਿਸਤਾਨ ਤੋਂ ਆਈਆਂ ਉਹਨਾਂ ਔਰਤਾਂ ਦੀ ਲੜਾਈ ਲੜਨ ਦਾ ਬੀੜਾ ਚੁੱਕਿਆ ਜਿਹੜੀਆਂ ਆਪਣੇ ਪਤੀ ਤੇ ਸੱਸ-ਸਹੁਰੇ ਦੇ ਵਤੀਰੇ ਤੋਂ ਦੁਖੀ ਸਨ।
ਖ਼ਲੀਲ ਨੂੰ ਇਸ ਉੱਤੇ ਵੀ ਸ਼ਿਕਾਇਤ ਰਹਿੰਦੀ, "ਤੇਰੀ ਤਾਂ ਹਰ ਖੇਡ ਹੀ ਨਿਰਾਲੀ ਏ ਬਈ ਮੈਡਮ! ਕਦੀ ਕੋਈ ਅਜਿਹਾ ਕੰਮ ਵੀ ਕਰ ਲਿਆ ਕਰ ਜਿਸ ਨਾਲ ਘੇਰੇ ਕੁਝ ਆਵੇ। ਪਰ ਤੁਸਾਂ ਭਲਾ ਕੀ ਲੈਣੈ ਕਮਾਈ-ਧਮਾਈ ਤੋਂ। ਤੁਹਾਨੂੰ ਤਾਂ ਬਸ ਇਕ ਮਜ਼ਦੂਰ ਮਿਲਿਆ ਹੋਇਐ, ਉਹ ਕਰੀ ਜਾਏ ਮਿਹਨਤ, ਕਮਾਉਂਦਾ ਰਹੇ ਆਪੇ---ਤੇ ਤੁਸੀਂ ਉਡਾਓ ਮਜ਼ੇ।" ਹੁਣ ਨਾਦਿਰਾ ਕੋਈ ਜਵਾਬ ਨਹੀਂ ਸੀ ਦਿੰਦੀ। ਜਿਵੇਂ ਹੀ ਖ਼ਲੀਲ ਸ਼ੁਰੂ ਹੁੰਦਾ, ਉਹ ਕਮਰੇ ਵਿਚੋਂ ਬਾਹਰ ਨਿਕਲ ਜਾਂਦੀ। ਉਹ ਸਮਝ ਗਈ ਹੈ ਕਿ ਖ਼ਲੀਲ ਨੂੰ ਬਿਮਾਰੀ ਹੈ---ਕੰਟਰੋਲ ਕਰਨ ਦੀ ਬਿਮਾਰੀ। ਉਹ ਹਰ ਚੀਜ਼, ਹਰ ਸਥਿਤੀ, ਹਰ ਵਿਅਕਤੀ ਨੂੰ ਕੰਟਰੋਲ ਵਿਚ ਕਰ ਲੈਣਾ ਚਾਹੁੰਦਾ ਹੈ; ਕੰਟਰੋਲ-ਫਰੀਕ। ਇਵੇਂ ਹੀ ਦਫ਼ਤਰ ਵਿਚ ਕਰਦਾ ਹੈ ਤੇ ਇਵੇਂ ਹੀ ਘਰ ਵਿਚ।

ਆਪੋ-ਆਪਣੇ ਘਰਾਂ ਵਿਚ ਆਬਿਦਾ ਤੇ ਨਾਦਿਰਾ ਰਹਿੰਦੀਆਂ ਹਨ।
ਆਬਿਦਾ ਟੀ.ਵੀ. 'ਤੇ ਫਿਲਮ ਦੇਖ ਰਹੀ ਹੈ---'ਲਗਾਨ'। ਉਹ ਆਮਿਰ ਖਾਂ ਦੀ ਪੱਕੀ ਫੈਨ ਹੈ। ਉਸਦੀ ਹਰ ਫਿਲਮ ਦੇਖਦੀ ਹੈ ਤੇ ਘੰਟਿਆਂ ਬੱਧੀ ਉਸ ਬਾਰੇ ਗੱਲਾਂ ਕਰ ਸਕਦੀ ਹੈ। ਪਾਕਿਸਤਾਨੀ ਫਿਲਮਾਂ ਉਸਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। ਬੜੀਆਂ ਲਾਊਡ ਹੁੰਦੀਆਂ ਨੇ। ਲਾਊਡ ਤਾਂ ਉਸਨੂੰ ਆਪਣਾ ਪਤੀ ਵੀ ਲੱਗਦਾ ਹੈ, ਪਰ ਇਸਦਾ ਕੋਈ ਇਲਾਜ਼ ਨਹੀਂ ਉਸ ਕੋਲ। ਉਸਨੂੰ ਵਿਸ਼ਵਾਸ ਹੈ ਕਿ ਨਾਦਿਰਾ ਆਪਾ ਕਦੀ ਗ਼ਲਤ ਹੋ ਹੀ ਨਹੀਂ ਸਕਦੀ। ਉਹ ਉਸਦੀ ਹਰ ਗੱਲ ਪੱਥਰ ਦੀ ਲਕੀਰ ਮੰਨਦੀ ਹੈ।

ਲਕੀਰ ਤਾਂ ਨਾਦਿਰਾ ਨੇ ਵੀ ਖਿੱਚ ਲਈ ਹੈ, ਆਪਣੇ ਤੇ ਖ਼ਲੀਲ ਦੇ ਵਿਚਕਾਰ। ਹੁਣ ਉਹ ਖ਼ਲੀਲ ਦੇ ਕਿਸੇ ਕੰਮ ਵਿਚ ਦਖ਼ਲ ਨਹੀਂ ਦਿੰਦੀ। ਪਰ ਖ਼ਲੀਲ ਦੀ ਸਮੱਸਿਆ ਇਹ ਹੈ ਕਿ ਨਾਦਿਰਾ ਦਿਨੋਂ-ਦਿਨ ਖ਼ੁਦਮੁਖ਼ਤਾਰ ਹੁੰਦੀ ਜਾ ਰਹੀ ਹੈ। ਜਦੋਂ ਦਾ ਖ਼ਲੀਲ ਜੈਦੀ ਨੇ ਘਰ ਦੇ ਖ਼ਰਚ ਦਾ ਸਾਰਾ ਕੰਟਰੋਲ ਆਪਣੇ ਹੱਥ ਲਿਆ ਹੈ, ਉਹ ਘਰ ਦਾ ਸੌਦਾ-ਪੱਤਾ ਵੀ ਨਹੀਂ ਲਿਆਉਂਦੀ। ਖ਼ਲੀਲ ਕੁੜ੍ਹਦਾ ਰਹਿੰਦਾ ਹੈ---ਪਰ ਉਸਨੂੰ ਸਮਝ ਨਹੀਂ ਆਉਂਦੀ ਕਿ ਨਾਦਿਰਾ ਦੇ ਅਹਮ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ।
ਨਾਦਿਰਾ ਖ਼ਲੀਲ ਦੇ ਅਜੰਡੇ ਬਾਰੇ ਪੂਰੀ ਤਰ੍ਹਾਂ ਜਾਣੀ ਹੈ, ਜਾਣਦੀ ਹੈ ਕਿ ਜ਼ਿਮੀਂਦਾਰਾ ਖ਼ੂਨ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸਦੀ ਰਿਆਇਆ ਉਸਦੇ ਸਾਹਮਣੇ ਸਿਰ ਚੁੱਕ ਕੇ ਗੱਲ ਕਰੇ। ਪਰਵੇਜ਼ ਅਹਿਮਦ ਦੇ ਘਰ ਹੋਏ 'ਬਾਰ-ਬੇ-ਕਿਊ' ਵਿਚ ਤਾਂ ਬਦਤਮੀਜ਼ੀ ਦੀ ਹੱਦ ਹੀ ਕਰ ਦਿੱਤੀ ਸੀ ਖ਼ਲੀਲ ਨੇ। ਗੱਲ ਤੁਰ ਪਈ ਸੀ ਪਰਜਾਤੰਤਰ ਦੀ, ਕਿ ਪਾਕਿਸਤਾਨ ਵਿਚ ਤਾਂ ਨਾਂਅ ਦੀ ਹੀ ਡੈਮੋਕਰੇਸੀ ਹੈ। ਪਰਵੇਜ਼ ਖ਼ੁਦ ਵੀ ਇਸ ਗੱਲ ਨੂੰ ਮੰਨਦੇ ਸਨ। ਇਸ ਦੌਰਾਨ ਕਿਤੇ ਨਾਦਿਰਾ ਨੇ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਪਰਜਾਤੰਤਰ ਕਹਿ ਦਿੱਤਾ। ਖ਼ਲੀਲ ਦਾ ਪਾਰਾ ਚੜ੍ਹ ਗਿਆ। "ਬਸ ਰਹਿਣ ਦਿਓ, ਤੁਸੀਂ ਕੀ ਜਾਣੋ।" ਏਨਾ ਕਹਿ ਕੇ ਯਕਦਮ ਚੁੱਪ ਹੋ ਗਿਆ। ਨਾਦਿਰਾ ਸਥਿਤੀ ਨੂੰ ਸਮਝਣ ਦੀ ਗ਼ਲਤੀ ਕਰ ਬੈਠੀ ਤੇ ਬੋਲਦੀ ਰਹੀ, "ਪਰਵੇਜ਼ ਭਾਈ ਕੀ ਮੈਂ ਗ਼ਲਤ ਕਹਿ ਰਹੀ ਆਂ?...ਭਾਰਤ ਦਾ ਪ੍ਰਧਾਨਮੰਤਰੀ ਸਿੱਖ, ਉੱਥੋਂ ਦਾ ਰਾਸ਼ਟਰਪਤੀ ਮੁਸਲਮਾਨ ਤੇ ਕਾਂਗਰਸ ਦੀ ਮੁਖੀਆ ਈਸਾਈ। ਕੀ ਦੁਨੀਆਂ ਦੇ ਕਿਸੇ ਹੋਰ ਦੇਸ਼ ਵਿਚ ਵੀ ਇੰਜ ਹੋ ਸਕਦਾ ਏ?"
ਫਟ ਪਿਆ ਸੀ ਖ਼ਲੀਲ, "ਤੂੰ ਤਾਂ ਨਿਰੀ ਹਿੰਦੂ ਹੋ ਗਈ ਏਂ---ਸੰਧੂਰ ਲਾ ਕੇ, ਮੱਥੇ 'ਤੇ ਬਿੰਦੀ ਜਚਾ ਲੈ ਤੇ ਆਰੀਆ ਸਮਾਜ ਵਿਚ ਜਾ ਕੇ ਸ਼ੁੱਧੀ ਕਰਵਾ ਲੈ।…ਪਰ ਯਾਦ ਰੱਖ, ਮੈਂ ਤੈਨੂੰ ਤਲਾਕ ਦੇ ਦਿਆਂਗਾ।" ਸੰਨਾਟਾ ਛਾ ਗਿਆ ਸੀ, ਪੂਰੀ ਮਹਿਫ਼ਿਲ ਵਿਚ। ਨਾਦਿਰਾ ਵੀ ਸੁੰਨ ਹੋ ਗਈ ਸੀ। ਉਸਨੇ ਜਿੰਨ੍ਹਾਂ ਨਜ਼ਰਾਂ ਨਾਲ ਖ਼ਲੀਲ ਵੱਲ ਦੇਖਿਆ ਸੀ---ਆਪਣੀ ਸਾਰੀ ਇਸ ਜ਼ਿੰਦਗੀ ਵਿਚ ਉਹ, ਉਹਨਾਂ ਦੀ ਪਰਿਭਾਸ਼ਾ ਲਈ ਸ਼ਬਦ ਨਹੀਂ ਲੱਭ ਸਕੇਗਾ। ਫੇਰ ਨਾਦਿਰਾ ਨੇ ਆਪਣੇ ਸਿਰ ਨੂੰ ਇਕ ਝਟਕਾ ਜਿਹਾ ਦਿੱਤਾ ਸੀ ਤੇ ਚਿਪਕਾ ਲਈ ਸੀ ਆਪਣੀ ਉਹੀ ਮੁਸਕਾਨ ਆਪਣੇ ਚਿਹਰੇ ਉੱਪਰ। ਖ਼ਲੀਲ ਖਿਝਿਆ-ਕਰਿਝਿਆ, ਪ੍ਰੇਸ਼ਾਨ ਹੋਇਆ ਤੇ ਫੇਰ ਚਕਰਾ ਕੇ ਕੁਰਸੀ ਉੱਤੇ ਬੈਠ ਗਿਆ। ਮਹਿਫ਼ਿਲ ਦੀ ਮੁਰਦਾਨੀ ਖ਼ਤਮ ਨਹੀਂ ਹੋ ਸਕੀ। ਪਰਵੇਜ਼ ਸ਼ਰਮਿੰਦਾ ਸੀ, ਨਾਦਿਰਾ ਭਾਬੀ ਦੇ ਮੂੰਹ ਵੱਲ ਵੇਖ ਰਿਹਾ ਸੀ। ਉਸਨੂੰ ਅਫ਼ਸੋਸ ਸੀ ਕਿ ਉਸਨੇ ਗੱਲ ਹੀ ਕਿਉਂ ਸ਼ੁਰੂ ਕੀਤੀ। ਮਹਿਫ਼ਿਲ ਵਿਚ ਕਬਰਸਤਾਨ ਵਰਗੀ ਚੁੱਪ ਵਾਪਰੀ ਰਹੀ…।

ਘਰ ਵਿਚ ਵੀ ਕਬਰਸਤਾਨ ਪਹੁੰਚ ਗਿਆ। ਨਾਦਿਰਾ ਆਮ ਕਰਕੇ ਖ਼ਲੀਲ ਦੇ ਖ਼ਤ ਨਹੀਂ ਖੋਲ੍ਹਦੀ। ਇਕ ਵਾਰੀ ਖੋਲ੍ਹਣ ਦਾ ਨਤੀਜਾ ਭੁਗਤ ਚੁੱਕੀ ਸੀ। ਪਰ ਇਸ ਖ਼ਤ ਉੱਤੇ ਲਿਖਿਆ ਸੀ : ' ਸ਼੍ਰੀ ਤੇ ਸ਼੍ਰੀਮਤੀ ਖ਼ਲੀਲ ਜੈਦੀ।' ਉਸਨੂੰ ਲੱਗਿਆ ਜ਼ਰੂਰ ਕੋਈ ਸੱਦਾ ਪੱਤਰ ਹੈ। ਖ਼ਤ ਖੋਲ੍ਹਿਆ ਤਾਂ ਹੈਰਾਨ ਰਹਿ ਗਈ। ਆਪਣੇ ਘਰ ਤੋਂ ਏਨੀ ਦੂਰ ਕਿਸੇ ਕਬਰਸਤਾਨ ਵਿਚ ਏਨੀ ਪਹਿਲਾਂ ਆਪਣੇ ਲਈ ਕਬਰਾਂ ਸੁਰੱਖਿਅਤ ਕਰਵਾਉਣ ਦਾ ਮੰਸ਼ਾ ਸਮਝ ਨਹੀਂ ਸੀ ਆਇਆ। ਕੀ ਉਸਦਾ ਇਹ ਘਰ ਇਕ ਜਿਊਂਦਾ ਕਬਰਸਤਾਨ ਨਹੀਂ? ਕੀ ਖ਼ਲੀਲ ਇਸ ਘਰ ਵਿਚ ਨਰਕ ਦਾ ਜੱਲਾਦ ਨਹੀਂ? ਘਬਰਾਅ ਵੀ ਗਈ ਕਿ ਮਰਨ ਪਿੱਛੋਂ ਵੀ ਖ਼ਲੀਲ ਦੇ ਨਾਲ ਪੈਣਾ ਪਏਗਾ। ਕੀ ਮਰਨ ਪਿੱਛੋਂ ਵੀ ਚੈਨ ਨਹੀਓਂ ਮਿਲਣਾ?

ਚੈਨ ਤਾਂ ਉਸਨੂੰ ਸਾਰਾ ਦਿਨ ਨਹੀਂ ਸੀ ਮਿਲਣਾ। ਪਾਕਿਸਤਾਨ ਤੋਂ ਆਈ ਅਨੀਸਾ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਾਇਲ ਜਨਰਲ ਹਸਪਤਾਲ ਵਿਚ ਦਾਖ਼ਲ ਸੀ। ਉਸਨੂੰ ਦੇਖਣ ਜਾਣਾ ਸੀ, ਪੁਲਿਸ ਨਾਲ ਗੱਲਬਾਤ ਕਰਨੀ ਸੀ। ਅਨੀਸਾ ਨੂੰ ਕਬਰ ਵਿਚ ਜਾਣ ਤੋਂ ਰੋਕਣਾ ਸੀ; ਅਨੀਸਾ ਨੂੰ ਦਿਲਾਸਾ ਦਿੱਤਾ, ਪੁਲਿਸ ਨਾਲ ਗੱਲਬਾਤ ਕੀਤੀ---ਸਬ-ਵੇ ਤੋਂ ਸੈਂਡਵਿਚ ਲੈ ਕੇ, ਚਲਦੀ ਕਾਰ ਵਿਚ ਖਾਂਦੀ, ਉਹ ਘਰ ਵਾਪਸ ਪਹੁੰਚੀ।
ਘਰ ਦੀ ਰਸੋਈ ਵਿਚੋਂ ਖਟ-ਪਟ ਦੀਆਂ ਆਵਾਜ਼ਾਂ ਆ ਰਹੀਆਂ ਸਨ। ਯਾਨੀ ਅਬਦੁਲ ਖਾਣਾ ਬਣਾਉਣ ਆ ਚੁੱਕਿਆ ਸੀ। ਰਾਤ ਦਾ ਖਾਣਾ ਅਬਦੁਲ ਹੀ ਬਣਾਉਂਦਾ ਹੈ। ਖ਼ਲੀਲ ਲਈ ਅੱਜ ਖਾਸ ਤੌਰ 'ਤੇ ਮਟਨ ਚਾਂਪ ਬਣ ਰਹੀਆਂ ਸਨ। ਨਾਦਿਰਾ ਨੇ ਜਦ ਦਾ ਯੋਗ ਸ਼ੁਰੂ ਕੀਤਾ ਹੈ, ਸ਼ਾਕਾਹਾਰੀ ਹੋ ਗਈ ਹੈ। ਉੱਪਰ ਕਮਰੇ ਵਿਚ ਜਾ ਕੇ, ਕੱਪੜੇ ਬਦਲ ਕੇ, ਨਾਦਿਰਾ ਅਬਦੁਲ ਕੋਲ ਰਸੋਈ ਵਿਚ ਆ ਗਈ। ਅਬਦੁਲ ਦੀ ਖਾਸੀਅਤ ਹੈ ਕਿ ਜਦ ਤਕ ਉਸਨੂੰ ਕੁਝ ਪੁੱਛਿਆ ਨਾ ਜਾਵੇ, ਉਹ ਚੁੱਪਚਾਪ ਕੰਮ ਕਰਦਾ ਰਹਿੰਦਾ ਹੈ। ਬਸ ਹਲਕੀ ਜਿਹੀ ਮੁਸਕਰਾਹਟ ਉਸਦੇ ਵਿਕਤੀਤਵ ਦਾ ਇਕ ਹਿੱਸਾ ਹੈ। ਅੱਜ ਵੀ ਕੰਮ ਕਰੀ ਜਾ ਰਿਹਾ ਸੀ। ਨਾਦਿਰਾ ਨੇ ਪੁੱਛ ਹੀ ਲਿਆ, "ਅਬਦੁਲ ਤੇਰੀ ਬੀਵੀ ਦੀ ਤਬੀਅਤ ਹੁਣ ਕੈਸੀ ਹੈ? ਤੇ ਬੱਚੀ ਠੀਕ-ਠਾਕ ਏ ਨਾ?"
"ਅੱਲ੍ਹਾ ਦਾ ਸ਼ੁਕਰ ਏ ਬਾਜੀ। ਮਾਂ-ਬੇਟੀ ਦੋਵੇਂ ਠੀਕ ਨੇ।" ਫੇਰ ਚੁੱਪ। ਨਾਦਿਰਾ ਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਕਿ ਅਬਦੁਲ ਕੋਲ ਗੱਲਾਂ ਕਰਨ ਲਈ ਕੁਝ ਵੀ ਨਹੀਂ ਹੁੰਦਾ। ਚੰਗਾ ਵੀ ਹੈ। ਦੋ ਘਰਾਂ ਵਿਚ ਕੰਮ ਕਰਦਾ ਹੈ; ਕਦੀ ਏਧਰਲੀ ਓਧਰ ਨਹੀਂ ਕਰਦਾ।
ਖ਼ਲੀਲ ਘਰ ਆ ਗਿਆ ਹੈ। ਹੁਣ ਸਰੀਰ ਥਕਾਵਟ ਮੰਨ ਜਾਂਦਾ ਹੈ। ਉਸਨੂੰ ਇਸ ਗੱਲ ਦਾ ਮਾਣ ਹੈ ਕਿ ਉਸਨੇ ਆਪਣੇ ਪਰਿਵਾਰ ਨੂੰ ਜ਼ਮਾਨੇ ਦੀਆਂ ਸੌਖਾਂ ਦਿੱਤੀਆਂ ਹੋਈਆਂ ਨੇ। ਨਾਦਿਰਾ ਕੋਲ ਬੀ.ਐਮ.ਡਬਲਿਊ ਕਾਰ ਹੈ ਤਾਂ ਬੇਟੇ ਇਰਫ਼ਾਨ ਲਈ ਟਿਓਟਾ ਸਪੋਰਟਸ। ਹੈਂਪਸਟੇਡ ਵਰਗੇ ਪਾਸ਼ ਇਲਾਕੇ ਵਿਚ ਮਹਿਲਨੁਮਾ ਘਰ ਹੈ। ਘਰ ਦੇ ਬਾਹਰ ਦੂਰ ਤਕ ਫੈਲੀ ਹਰਿਆਲੀ ਤੇ ਪਹਾੜੀਆਂ। ਬਿਲਕੁਲ ਪਿਕਚਰ ਪੋਸਟਰ ਵਰਗਾ ਘਰ ਦਿੱਤਾ ਹੈ ਨਾਦਿਰਾ ਨੂੰ। ਉਹ ਚਾਹੁੰਦਾ ਹੈ ਕਿ ਨਾਦਿਰਾ ਉਸ ਲਈ ਉਸਦਾ ਅਹਿਸਾਨ ਮੰਨੇ। ਨਾਦਿਰਾ ਤਾਂ ਇਕ ਬੈਡ-ਰੂਮ ਵਾਲੇ ਫਲੈਟ ਵਿਚ ਵੀ ਖੁਸ਼ ਰਹਿ ਸਕਦੀ ਹੈ। ਖੁਸ਼ ਰਹਿਣ ਲਈ ਮਹਿਲ ਵਰਗੇ ਘਰ ਦੀ ਲੋੜ ਨਹੀਂ ਹੁੰਦੀ। ਸੱਤ ਬੈਡ-ਰੂਮਾਂ ਵਾਲਾ ਘਰ ਜੇ ਕਿਸੇ ਮਕਬਰੇ ਦਾ ਅਹਿਸਾਸ ਕਰਵਾਉਂਦਾ ਰਹੇ ਤਾਂ ਖੁਸ਼ੀ ਤਾਂ ਅੰਦਰ ਝਾਕਣ ਦਾ ਹੀਆ ਵੀ ਨਹੀਂ ਕਰੇਗੀ। ਦਰਵਾਜ਼ੇ ਦੇ ਬਾਹਰ ਵੀ ਨਹੀਂ ਖੜ੍ਹੀ ਹੋਵੇਗੀ।
"ਖ਼ਲੀਲ ਇਹ ਤੁਸੀਂ ਹੁਣੇ ਕਬਰਾਂ ਕਿਉਂ ਬੁੱਕ ਕਰਵਾ ਲਈਆਂ ਨੇ? ਤੇ ਫੇਰ ਘਰ ਤੋਂ ਏਨੀ ਦੂਰ ਕਿਉਂ? ਕਾਰਪੇਂਡਰਸ ਤੱਕ ਤਾਂ ਸਾਡੀ ਲਾਸ਼ ਨੂੰ ਲੈ ਜਾਣਾ ਵੀ ਖਾਸਾ ਮੁਸ਼ਕਿਲ ਹੋਵੇਗਾ।"
"ਬਈ, ਇਕ ਵਾਰ ਲਾਸ਼ ਰੋਲਸ ਰੋਏਸ ਵਿਚ ਰੱਖੀ ਗਈ ਤਾਂ ਹੈਂਪਸਟੇਡ ਕੀ ਤੇ ਕਾਰਪੇਂਡਰਸ ਕੀ! ਇਹ ਕਬਰਸਤਾਨ ਜ਼ਰਾ ਪਾਸ਼ ਕਿਸਮ ਦਾ ਏ। ਫਾਈਨੈਂਸ਼ੀਅਲ ਸੈਕਟਰ ਦੇ ਸਾਡੇ ਬਹੁਤੇ ਲੋਕਾਂ ਨੇ ਉੱਥੇ ਈ ਦਫ਼ਨ ਹੋਣ ਦਾ ਫੈਸਲਾ ਕੀਤਾ ਏ। ਕਮ-ਸੇ-ਕਮ ਮਰਨ ਪਿੱਛੋਂ ਤਾਂ ਆਪਣੇ ਸਟੇਟਸ ਦੇ ਲੋਕਾਂ ਵਿਚ ਰਹਾਂਗੇ।"
"ਖ਼ਲੀਲ ਤੁਸੀਂ ਜ਼ਿੰਦਗੀ ਭਰ ਤਾਂ ਇਨਸਾਨਾਂ ਨੂੰ ਪੈਸੇ ਨਾਲ ਤੋਲਦੇ ਰਹੇ। ਕੀ ਮਰਨ ਪਿੱਛੋਂ ਵੀ ਨਹੀਂ ਬਦਲੋਗੇ! ਮਰਨ ਪਿੱਛੋਂ ਤਾਂ ਸਰੀਰ ਮਿੱਟੀ ਹੈ, ਫੇਰ ਉਸ ਮਿੱਟੀ ਦਾ ਨਾਂਅ ਚਾਹੇ ਅਬਦੁਲ ਹੋਵੇ, ਨਾਦਿਰਾ ਜਾਂ ਫੇਰ ਖ਼ਲੀਲ।"
"ਦੇਖ ਨਾਦਿਰਾ ਹੁਣ ਸ਼ੁਰੂ ਨਾ ਹੋ ਜਾਵੀਂ। ਆਪਣਾ ਸਮਾਜਵਾਦ ਆਪਣੇ ਕੋਲ ਰੱਖ। ਮੈਂ ਉਸ ਵਿਚ ਦਖ਼ਲ ਨਹੀਂ ਦੇਂਦਾ, ਤੂੰ ਇਸ ਵਿਚ ਦਖ਼ਲ ਨਾ ਦੇ। ਮੈਂ ਇੰਤਜ਼ਾਮ ਕਰ ਦਿੱਤੈ ਬਈ ਸਾਡੇ ਮਰਨ ਪਿੱਛੋਂ ਸਾਡੇ ਬੱਚਿਆਂ ਉੱਤੇ ਸਾਨੂੰ ਦਫ਼ਨਾਉਣ ਦਾ ਬੋਝ ਨਾ ਪਏ। ਸਾਰੇ ਕੰਮ ਬਾਹਰ ਦੀ ਬਾਹਰ ਹੋ ਜਾਣ।"
"ਇੰਤਜ਼ਾਮ ਤਾਂ ਤੁਸੀਂ ਜ਼ਰੂਰ ਕੀਤੈ, ਪਰ ਇਸ ਵਿਚ ਵੀ ਬੁਰਜੁਆ ਸੋਚ ਕਿਉਂ? ਸਾਡੇ ਇਲਾਕੇ ਵਿਚ ਵੀ ਤਾਂ ਕਬਰਸਤਾਨ ਹੈ, ਹੋ ਜਾਵਾਂਗੇ ਉੱਥੇ ਦਫ਼ਨ। ਮਰਨ ਪਿੱਛੋਂ ਕੀ ਫਰਕ ਪੈਂਦੈ ਬਈ ਕਿੱਥੇ ਹਾਂ।"
"ਦੇਖ, ਮੈਂ ਨਹੀਂ ਚਾਹੁੰਦਾ ਕਿ ਮਰਨ ਪਿੱਛੋਂ ਅਸੀਂ ਕਿਸੇ ਰਸੋਈਏ, ਮੋਚੀ ਜਾਂ ਪਲੰਬਰ ਦੇ ਨਾਲ ਪਏ ਰਹੀਏ। ਨਜ਼ਮ ਨੇ ਵੀ ਉੱਥੇ ਹੀ ਕਬਰਾਂ ਬੁੱਕ ਕਰਵਾਈਆਂ ਨੇ। ਮੈਂ ਚਾਹੁੰਦਾ ਹਾਂ ਕਿ ਤੇਰੀ ਜ਼ਿੰਦਗੀ ਵਿਚ ਤਾਂ ਤੈਨੂੰ ਬੈਸਟ ਚੀਜ਼ਾਂ ਲਿਆ ਕੇ ਦੇਵਾਂ ਹੀ, ਮਰਨ ਪਿੱਛੋਂ ਵੀ ਬਿਹਤਰੀਨ ਜਗ੍ਹਾ ਦਿਆਂ।"
"ਖ਼ਲੀਲ ਆਪਣੇ ਵਰਗੇ ਕਿਉਂ? ਆਪਣੇ ਕਿਉਂ ਨਹੀਂ? ਤੁਸੀਂ ਪਾਕਿਸਤਾਨ ਵਿਚ ਦਫ਼ਨ ਕਿਉਂ ਨਹੀਂ ਹੋਣਾ ਚਾਹੁੰਦੇ? ਉੱਥੇ ਤੁਸੀਂ ਆਪਣਿਆਂ ਦੇ ਨਜ਼ਦੀਕ ਰਹੋਗੇ। ਕੀ ਜ਼ਿਆਦਾ ਖੁਸ਼ੀ ਹਾਸਿਲ ਨਹੀਂ ਹੋਵੇਗੀ?"
"ਤੂੰ ਮੈਨੂੰ ਇਹ ਉਲਟਾ ਪਾਠ ਨਾ ਪੜ੍ਹਾ। ਇੰਜ ਤਾਂ ਤੂੰ ਕਹੇਂਗੀ ਕਿ ਮੈਂ ਪਾਕਿਸਤਾਨ ਵਿਚ ਦਫ਼ਨ ਹੋ ਜਾਵਾਂ, ਆਪਣਿਆਂ ਕੋਲ…ਤੇ ਤੂੰ ਮਰਨ ਪਿੱਛੋਂ ਭਾਰਤ ਪਹੁੰਚ ਜਾਵੇ, ਆਪਣੇ ਲੋਕਾਂ ਦੇ ਕਬਰਸਤਾਨ ਵਿਚ। ਇਹ ਚਾਲਾਂ ਮੇਰੇ ਨਾਲ ਨਹੀਂ ਚੱਲ ਸਕਦੀਆਂ ਤੇਰੀਆਂ। ਮੈਂ ਤੇਰੀ ਸੋਚ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਬੇਗ਼ਮ।"
"ਖ਼ਲੀਲ ਮੈਂ ਕਹਿ ਦਿੱਤੈ, ਮੈਂ ਕਿਸੇ ਫਾਈਵ-ਸਟਾਰ ਕਬਰਸਤਾਨ ਵਿਚ ਨਾ ਖ਼ੁਦ ਦਫ਼ਨ ਹੋਣਾ ਈ, ਤੇ ਨਾ ਹੀ ਤੁਹਾਨੂੰ ਹੋਣ ਦਿਆਂਗੀ। ਤੁਸੀਂ ਏਸ ਸੋਚ 'ਚੋਂ ਬਾਹਰ ਆਓ।"
"ਬੇਗ਼ਮ ਕੁਰਾਨ-ਏ-ਪਾਕ ਵੀ ਇਸ ਤਰ੍ਹਾਂ ਦਾ ਕੋਈ ਫ਼ਤਵਾ ਨਹੀਂ ਦੇਂਦਾ ਕਿ ਕਬਰਸਤਾਨ ਕਿਸ ਤਰ੍ਹਾਂ ਦਾ ਹੋਵੇ। ਉੱਥੇ ਵੀ ਸਿਰਫ ਦਫ਼ਨ ਕਰਨ ਦੀ ਗੱਲ ਹੈ।"
"ਦਿੱਕਤ ਤਾਂ ਇਹੀ ਹੈ ਖ਼ਲੀਲ, ਇਹ ਜਿਹੜੇ ਤਿੰਨ ਆਸਮਾਨੀ ਕਿਤਾਬਾਂ ਵਾਲੇ ਮਜ਼ਹਬ ਨੇ…ਉਹ ਸਾਰੀ ਦੁਨੀਆਂ ਨੂੰ ਕਬਰਸਤਾਨ ਬਣਾਉਣ ਉੱਤੇ ਤੁਲੇ ਹੋਏ ਨੇ। ਇਕ ਦਿਨ ਪੂਰੀ ਜ਼ਮੀਨ ਘੱਟ ਰਹਿ ਜਾਏਗੀ ਇਹਨਾਂ ਤਿੰਨਾਂ ਮਜ਼ਹਬਾਂ ਦੇ ਮਰਨ ਵਾਲਿਆਂ ਲਈ।"
"ਨਾਦਿਰਾ ਜੀ, ਹੁਣ ਤੂੰ ਹਿੰਦੂਆਂ ਵਾਂਗਰ ਪਿਛਾਂਹ ਖਿੱਚੂ ਗੱਲਾਂ ਕਰਨ ਲੱਗ ਪਈ ਏਂ। ਸਮਝਦੀ ਤਾਂ ਕੁਝ ਹੈ ਨਹੀਂ, ਇਹ ਵੀ ਕਹਿ ਦਏਗੀ ਕਿ ਸਾਨੂੰ ਹਿੰਦੂਆਂ ਵਾਂਗਰ ਹੀ ਚਿਤਾ ਵਿਚ ਬਲਨਾ ਚਾਹੀਦਾ ਹੈ।" ਖ਼ਲੀਲ ਜਦੋਂ ਗੁੱਸੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਨਾਦਿਰਾ ਦੇ ਨਾਂਅ ਨਾਲ ਜੀ ਲਾਉਣ ਲੱਗ ਪੈਂਦਾ ਹੈ।
"ਹਰਜ਼ ਕੀ ਏ ਇਸ ਵਿਚ? ਕਿੰਨਾ ਸਾਫ਼-ਸੁਥਰਾ ਸਿਸਟਮ ਏਂ, ਜ਼ਮੀਨ ਵੀ ਬਚੀ ਰਹਿੰਦੀ ਏ, ਮਿੱਟੀ, ਮਿੱਟੀ ਵਿਚ ਵੀ ਰਲਮਿਲ ਜਾਂਦੀ ਹੈ।"
"ਦੇਖ, ਮੈਨੂੰ ਭੁੱਖ ਲਗੀ ਏ; ਬਾਕੀ ਗੱਲਾਂ ਕੱਲ੍ਹ ਕਰ ਲਵਾਂਗੇ।"
ਕੱਲ੍ਹ ਕਦੀ ਆਉਂਦਾ ਵੀ ਤਾਂ ਨਹੀਂ---ਫੇਰ ਅੱਜ ਹੀ ਕਿਉਂ ਨਹੀਂ। ਪਰ ਨਾਦਿਰਾ ਨੇ ਫੈਸਲਾ ਕਰ ਲਿਆ ਹੈ ਕਿ ਇਸ ਗੱਲ ਨੂੰ ਕਬਰ ਵਿਚ ਦਫ਼ਨ ਨਹੀਂ ਹੋਣ ਦਏਗੀ। ਆਬਿਦਾ ਨੂੰ ਫ਼ੋਨ ਕਰਦੀ ਹੈ :
"ਆਬਿਦਾ, ਕੀ ਹਾਲ ਨੇ?"
" ਓਅ, ਨਾਦਿਰਾ ਆਪਾ ਤੁਸੀਂ? ਤੁਹਾਨੂੰ ਪਤਾ ਏ ਆਮਿਰ ਖ਼ਾਨ ਨੇ ਦੂਜੀ ਸ਼ਾਦੀ ਕਰ ਲਈ ਏ?...ਤੇ ਸੈਫ਼ ਅਲੀ ਖ਼ਾਂ ਨੇ ਵੀ ਆਪਣੀ ਦੂਜੀ ਬੀਵੀ ਨੂੰ ਤਲਾਕ ਦੇ ਦਿੱਤੈ? ਇਹਨੀਂ ਦਿਨੀ ਵਾਲੀਵੁੱਡ 'ਚੋਂ ਬੜੀਆਂ ਮਜ਼ੇਦਾਰ ਖ਼ਬਰਾਂ ਆ ਰਹੀਆਂ ਨੇ। ਤੁਸੀਂ ਸ਼ਾਹਰੁਖ਼ ਦੀ ਨਵੀਂ ਫ਼ਿਲਮ ਦੇਖੀ---ਦੇਵਦਾਸ? ਕਿਆ ਫ਼ਿਲਮ ਹੈ।"
"ਆਬਿਦਾ ਤੂੰ ਫ਼ਿਲਮਾਂ ਦੀ ਦੁਨੀਆਂ 'ਚੋਂ ਬਾਹਰ ਆ ਕੇ ਕਦੀ ਹਕੀਕਤ ਦੀ ਦੁਨੀਆਂ ਵੀ ਦੇਖ ਲਿਆ ਕਰ। ਤੈਨੂੰ ਪਤਾ ਈ, ਖ਼ਲੀਲ ਤੇ ਨਜ਼ਮ ਕਾਰਪੇਂਡਰਸ ਪਾਰਕ ਦੇ ਕਬਰਸਤਾਨ ਵਿਚ ਕਬਰਾਂ ਬੁੱਕ ਕਰਵਾਈ ਬੈਠੇ ਨੇ?"
"ਆਪਾਂ ਨੂੰ ਕੀ ਫਰਕ ਪੈਂਦੈ? ਇਕ ਦੀ ਥਾਂ ਚਾਰ-ਚਾਰ ਬੁੱਕ ਕਰਵਾਉਣ ਤੇ ਮਰਨ ਤੋਂ ਪਿੱਛੋਂ ਚਾਰਾਂ ਵਿਚ ਰਹਿਣ। ਆਪਾ, ਜਦੋਂ ਜਿਊਂਦਿਆਂ ਇਹਨਾਂ ਨੂੰ ਸੱਤ-ਸੱਤ ਬੈਡ-ਰੂਮਾਂ ਵਾਲੇ ਘਰ ਚਾਹੀਦੇ ਨੇ ਤਾਂ ਕੀ ਮਰਨ ਪਿੱਛੋਂ ਸਿਰਫ਼ ਦੋ ਗਜ਼ ਜ਼ਮੀਨ ਕਾਫੀ ਹੋਵੇਗੀ, ਇਹਨਾਂ ਲਈ? ਮੈਂ ਤਾਂ ਇਹਨਾਂ ਦੇ ਮਾਮਲੇ ਵਿਚ ਦਖ਼ਲ ਈ ਨਹੀਂ ਦੇਂਦੀ। ਸਾਡਾ ਧਿਆਨ ਰੱਖਣ ਬਸ।…ਤੁਸੀਂ ਕੀ ਸਮਝਦੇ ਓ ਕਿ ਮੈਂ ਨਹੀਂ ਜਾਣਦੀ ਕਿ ਨਜ਼ਮ ਪਿਛਲੇ ਚਾਰ ਸਾਲਾਂ ਤੋਂ ਭੂਆ ਨਾਲ ਪੀਂਘ ਚੜ੍ਹਾਈ ਬੈਠੇ ਨੇ। ਤੁਸੀਂ ਕੀ ਸਮਝਦੇ ਓ ਬਈ ਬੰਦ ਕਮਰੇ ਵਿਚ ਦੋਵੇਂ ਕੁਰਾਨ ਸ਼ਰੀਫ਼ ਦੀਆਂ ਆਇਤਾਂ ਪੜ੍ਹ ਰਹੇ ਹੁੰਦੇ ਨੇ? ਪਿਛਲੇ ਦੋ ਸਾਲ ਤੋਂ ਅਸੀਂ ਦੋਵੇਂ ਭਰਾ-ਭੈਣ ਵਾਂਗਰ ਜਿਊਂ ਰਹੇ ਆਂ। ਜੇ ਹਿੰਦੂ ਹੁੰਦੀ ਤਾਂ ਹੁਣ ਤੱਕਰ ਨਜ਼ਮ ਦੇ ਰੱਖੜੀ ਬੰਨ੍ਹ ਚੁੱਕੀ ਹੁੰਦੀ।"
ਬਿੰਦ ਦਾ ਬਿੰਦ ਨਾਦਿਰਾ ਜਿਵੇਂ ਸਿਲ-ਪੱਥਰ ਹੀ ਹੋ ਗਈ ਸੀ। ਉਸਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਪਿਛਲੇ ਪੰਜਾਂ ਸਾਲਾਂ ਤੋਂ ਇੱਕੋ ਬੈੱਡ ਉੱਪਰ ਸੌਂਦੇ ਹੋਏ ਉਹ ਤੇ ਖ਼ਲੀਲ ਵੀ ਕਦੀ ਹਮ-ਬਿਸਤਰ ਨਹੀਂ ਸੀ ਹੋਏ! ਦੋਵਾਂ ਦੇ ਸੁਪਨੇ ਵੀ ਵੱਖ-ਵੱਖ ਹੁੰਦੇ ਸਨ ਤੇ ਸੁਪਨਿਆਂ ਦੀ ਜ਼ਬਾਨ ਵੀ। ਇਕ ਬਿਸਤਰੇ ਉੱਤੇ ਦੋ ਅਲੱਗ-ਅਲੱਗ ਜਹਾਨ ਹੁੰਦੇ ਹਨ। ਤਾਂ ਕੀ ਖ਼ਲੀਲ ਵੀ ਕਿਤੇ…ਵੈਸੇ ਉਸਨੂੰ ਵੀ ਕੀ ਫ਼ਰਕ ਪੈਂਦਾ ਹੈ।
"ਆਬਿਦਾ ਮੈਂ ਜਾਤੀ ਰਿਸ਼ਤੇ ਦੀ ਗੱਲ ਨਹੀਂ ਕਰ ਰਹੀ। ਮੈਂ ਸਮਾਜ ਨੂੰ ਲੈ ਕੇ ਪ੍ਰੇਸ਼ਾਨ ਆਂ। ਕੀ ਇਹ ਠੀਕ ਏ, ਜੋ ਇਹ ਦੋਵੇਂ ਕਰ ਰਹੇ ਨੇ?"
"ਆਪਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੀ ਲਈ ਇਹ ਗੱਲਾਂ ਬੇਕਾਰ ਚੀਜ਼ਾਂ ਨੇ। ਜਦ ਮਰ ਹੀ ਗਏ ਤਾਂ ਕੀ ਫਰਕ ਪੈਂਦਾ ਏ ਕਿ ਮਿੱਟੀ ਕਿੱਥੇ ਦਫ਼ਨ ਹੋਈ---ਇਸ ਬਾਰੇ ਸੋਚ ਕੇ ਮੈਂ ਆਪਣਾ ਅੱਜ ਕਿਉਂ ਖਰਾਬ ਕਰਾਂ? ਹਾਂ, ਜੇ ਨਜ਼ਮ ਮੈਥੋਂ ਪਹਿਲਾਂ ਮਰ ਗਏ ਤਾਂ ਮੈਂ ਉਹਨਾਂ ਨੂੰ ਦਨੀਆਂ ਦੇ ਸਭ ਤੋਂ ਗ਼ਰੀਬ ਕਬਰਸਤਾਨ ਵਿਚ ਦਫ਼ਨ ਕਰਾਂਗੀ ਤੇ ਕਬਰ 'ਤੇ ਕੋਈ ਕੁਤਬਾ ਵੀ ਨਹੀਂ ਲਗਵਾਵਾਂਗੀ। ਗੁਮਨਾਮ ਕਬਰ ਹੋਵੇਗੀ ਉਸਦੀ। ਜੇ ਮੈਂ ਪਹਿਲਾਂ ਮਰ ਗਈ ਤਾਂ ਫੇਰ ਬਚਿਆ ਹੀ ਕੀ?"
ਠੀਕ ਕਿਹਾ ਆਬਿਦਾ ਨੇ ਕਿ ਬਚਿਆ ਹੀ ਕੀ---ਅੱਜ ਜਿਊਂਦੀ ਹੈ ਤਾਂ ਵੀ ਕੀ ਬਚਿਆ ਹੈ! ਸਾਲ ਭਰ ਬੀਤ ਜਾਣ ਪਿੱਛੋਂ ਵੀ ਕੀ ਕਰ ਸਕੀ ਸੀ ਨਾਦਿਰਾ---ਆਦਮੀ ਦੋਵੇਂ ਜਿਊਂਦੇ ਨੇ ਕਬਰਾਂ ਸੁਰੱਖਿਅਤਾ ਨੇ ਦੋਵਾਂ ਲਈ। ਖ਼ਲੀਲ ਤੇ ਨਜ਼ਮ ਅੱਜ ਵੀ ਇਸੇ ਸੋਚ ਵਿਚ ਖੁੱਭੇ ਹੋਏ ਨੇ ਕਿ ਨਵਾਂ ਧੰਦਾ ਕਿਹੜਾ ਸ਼ੁਰੂ ਕੀਤਾ ਜਾਵੇ। ਕਬਰਾਂ ਸੁਰੱਖਿਅਤ ਕਰਨ ਪਿੱਛੋਂ ਉਹ ਦੋਵੇਂ ਇਸ ਵਿਸ਼ੇ ਨੂੰ ਭੁੱਲ-ਭੁਲਾਅ ਚੁੱਕੇ ਨੇ।
ਪਰ ਕਾਰਪੇਂਡਰਸ ਪਾਰਕ ਉਹਨਾਂ ਨੂੰ ਨਹੀਂ ਭੁੱਲਿਆ। ਅੱਜ ਫੇਰ ਇਕ ਚਿੱਠੀ ਆਈ ਹੈ। ਮੁਦਰਾ ਸਥਿਤੀ ਦੇ ਵਾਧੇ ਦੇ ਨਾਲ ਨਾਲ ਮਾਸਿਕ ਕਿਸ਼ਤ ਦੇ ਪੈਸੇ ਵਧਾਉਣ ਬਾਰੇ ਚਿੱਠੀ। ਨਾਦਿਰਾ ਬਲ-ਬੁਝ ਗਈ। ਖ਼ਲੀਲ ਤੇ ਨਜ਼ਮ ਡਰਾਇੰਗ-ਰੂਮ ਵਿਚ ਬੈਠੇ ਸਕੀਮਾ ਲੜਾ ਰਹੇ ਨੇ। ਸਾਰੇ ਲੰਦਨ ਵਿਚ ਇਕ ਨਜ਼ਮ ਹੀ ਹੈ ਜਿਹੜਾ ਖ਼ਲੀਲ ਦੇ ਘਰ ਬੈਠ ਕੇ ਸ਼ਰਾਬ ਪੀ ਸਕਦਾ ਹੈ; ਤੇ ਇਕ ਖ਼ਲੀਲ ਹੈ ਜਿਹੜਾ ਨਜ਼ਮ ਦੇ ਘਰ ਸਿਗਰੇਟ ਪੀ ਸਕਦਾ ਹੈ। ਪਰ ਦੋਵੇਂ ਆਪਣਾ-ਆਪਣਾ ਨਸ਼ਾ ਖ਼ੁਦ ਲਿਆਉਂਦੇ ਨੇ---ਸਿਗਰੇਟ ਵੀ ਤੇ ਸ਼ਰਾਬ ਵੀ।
"ਖ਼ਲੀਲ ਭਾਈ, ਦੇਖੋ ਮੈਂ ਪਾਕਿਸਤਾਨ ਵਿਚ ਕੋਈ ਧੰਦਾ ਨਹੀਂ ਕਰਾਂਗਾ। ਇਕ ਤਾਂ ਆਬਿਦਾ ਉੱਥੇ ਜਾਏਗੀ ਨਹੀਂ, ਦੂਜਾ ਹੁਣ ਤਾਂ ਭੂਆ ਦਾ ਵੀ ਸੋਚਣਾ ਪੈਂਦਾ ਏ, ਤੇ ਤੀਜਾ ਇਹ ਕਿ ਆਪਣਾ ਤਾਂ ਸਾਰਾ ਮੁਲਕ ਹੀ ਕਰੱਪਸ਼ਨ ਦਾ ਮਾਰਿਆ ਹੋਇਐ। ਏਨੀ ਰਿਸ਼ਵਤ ਦੇਣੀ ਪੈਂਦੀ ਏ ਕਿ ਦਿਲ ਕਰਦੈ, ਸਾਹਮਣੇ ਵਾਲੇ ਦੇ ਚਾਰ ਜੁੱਤੀਆਂ ਜੜ ਦੇਈਏ। ਉਪਰੋਂ ਹੇਠਾਂ ਤੀਕ ਕਰੱਪਟ। ਜੇ ਆਪਾਂ ਦੋਵਾਂ ਨੇ ਕੋਈ ਸਾਂਝਾ ਕੰਮ ਸ਼ੁਰੂ ਕਰਨਾ ਏਂ ਤਾਂ ਇੱਥੇ ਇੰਗਲੈਂਡ ਵਿਚ ਈ ਕਰਾਂਗੇ---ਨਹੀਂ ਤਾਂ ਤੁਸੀਂ ਕਰਾਚੀ ਤੇ ਆਪਾਂ ਗੋਆ। ਮੈਂ ਤਾਂ ਅੱਜਕੱਲ੍ਹ ਸੁਪਨਿਆਂ ਵਿਚ ਵੀ ਗੋਆ ਵਿਚ ਈ ਰਹਿਣਾ। ਕਿਆ ਜਗ੍ਹਾ ਏ ਖ਼ਲੀਲ ਭਾਈ, ਕਿਆ ਲੋਕ ਨੇ, ਕਿੰਨਾ ਸੇਫ਼ ਫੀਲ ਕਰਦਾ ਏ ਆਦਮੀ ਉੱਥੇ…"
"ਮੀਆਂ ਤੈਨੂੰ ਚੜ੍ਹ ਬੜੀ ਛੇਤੀ ਜਾਂਦੀ ਏ। ਅਜੇ ਫੈਸਲਾ ਕੋਈ ਹੋਇਆ ਨਹੀਂ---ਤੇਰੇ ਅੰਦਰਲਾ ਹਿਦੁਸਤਾਨੀ ਪਹਿਲਾਂ ਚਹਿਕਣ ਲੱਗ ਪਿਆ। ਤੁਸੀਂ ਸਾਲੇ ਹਿੰਦੁਸਤਾਨੀ ਲੋਕ ਕਦੀ ਸੁਧਰੋਗੇ ਨਹੀਂ। ਅੰਦਰੋਂ ਤੁਸੀਂ ਸਾਰੇ ਦੇ ਸਾਰੇ ਮੁਤਾਸਿਬ (ਕੱਟੜ ਤੇ ਪਿਛਾਂਹ ਖਿੱਚੂ ਸੋਚ ਵਾਲੇ) ਹੁੰਦੇ ਓ, ਮਜ਼ਹਬ ਭਾਵੇਂ ਕੋਈ ਵੀ ਹੋਵੇ ਤੁਹਾਡਾ। ਤੁਹਾਡਾ ਕੁਛ ਨਹੀਂ ਹੋ ਸਕਦਾ।"
"ਤਾਂ ਫੇਰ ਤੁਸੀਂ ਓ ਕੁਛ ਸੋਚੋ ਨਾ---ਤੁਸੀਂ ਤਾਂ ਬੜੇ ਬਰਾਡ ਮਾਈਂਡਡ ਓ।"
"ਉਹੀ ਤਾਂ ਕਰ ਰਿਹਾਂ। ਦੇਖ ਇਕ ਗੱਲ ਸੁਣ..."
ਨਾਦਿਰਾ ਹਿਰਖੀ-ਹਿਰਖਾਈ ਡਰਇੰਗ-ਰੂਮ ਵਿਚ ਦਾਖ਼ਲ ਹੁੰਦੀ ਹੈ, "ਖ਼ਲੀਲ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹੈ ਬਈ ਇਹ ਕਬਰਾਂ ਕੈਂਸਿਲ ਕਰਵਾ ਦਿਓ---ਤੁਸੀਂ ਮੇਰੀ ਏਨੀ ਛੋਟੀ ਜਿਹੀ ਗੱਲ ਨੂੰ ਨਹੀਂ ਮੰਨ ਸਕਦੇ?"
"ਭਾਬੀ ਸਾਹਿਬਾ, ਤੁਹਾਨੂੰ ਖ਼ਲੀਲ ਭਾਈ ਨੇ ਦੱਸਿਆ ਨਹੀਂ ਕਿ ਉਹਨਾਂ ਦੀ ਸਕੀਮ ਵਿਚ ਖਾਸ ਗੱਲ ਕੀ ਹੈ? ਉਹਨਾਂ ਦਾ ਕਹਿਣਾ ਏਂ ਕਿ ਜੇ ਤੁਸੀਂ ਕਿਸੇ ਐਕਸੀਡੈਂਟ ਜਾਂ ਹਾਦਸੇ ਦਾ ਸ਼ਿਕਾਰ ਹੋ ਜਾਓਂ, ਜਿਵੇਂ ਅੱਗ ਨਾਲ ਜਲ ਮਰੋਂ ਤਾਂ ਉਹ ਲਾਸ਼ ਨੂੰ ਅਜਿਹਾ ਮੇਕਅਪ ਕਰਨਗੇ ਕਿ ਲਾਸ਼ ਯਕਦਮ ਜਵਾਨ ਤੇ ਖੂਬਸੂਰਤ ਦਿਖਾਈ ਦੇਵੇ। ਹੁਣ ਤੁਸੀਂ ਹੀ ਸੋਚੋ ਅਜਿਹੀ ਕਿਹੜੀ ਜ਼ਨਾਨੀ ਹੈ ਜਿਹੜੀ ਮਰਨ ਪਿੱਛੋਂ ਵੀ ਖੂਬਸੂਰਤ ਤੇ ਜਵਾਨ ਨਾ ਦਿਖਣਾ ਚਾਹੁੰਦੀ ਹੋਵੇ?"
"ਤੁਸੀਂ ਤਾਂ ਮੇਰੇ ਨਾਲ ਗੱਲ ਈ ਨਾ ਕਰੋ ਨਜ਼ਮ ਭਾਈ। ਤੁਸੀਂ ਈ ਤਾਂ ਇਹ ਕੀੜਾ ਇਨ੍ਹਾਂ ਦੇ ਦਿਮਾਗ਼ ਵਿਚ ਪਾਇਆ ਏ। ਮੈਂ ਤੁਹਾਨੂੰ ਕਦੀ ਮੁਆਫ਼ ਨਹੀਂ ਕਰਾਂਗੀ।…ਖ਼ਲੀਲ ਤੁਸੀਂ ਹੁਣੇ ਫ਼ੋਨ ਕਰ ਰਹੇ ਓ ਜਾਂ…ਮੈਂ ਖ਼ੁਦ ਕਬਰਸਤਾਨ ਵਾਲਿਆਂ ਨੂੰ ਫ਼ੋਨ ਕਰਕੇ ਕਬਰਾਂ ਕੈਂਸਲ ਕਰਵਾ ਦਿਆਂ?"
"ਯਾਰ ਤੂੰ ਸਮਝਦੀ ਕਿਉਂ ਨਹੀਂ ਨਾਦਿਰਾ, ਕੈਂਸਿਲੇਸ਼ਨ ਦੇ ਚਾਰਜ ਵੱਖਰੇ ਲੱਗਣਗੇ। ਕਿਉਂ ਨੁਕਸਾਨ ਕਰਵਾਉਂਦੀ ਏਂ?"
"ਤਾਂ ਠੀਕ ਏ, ਮੈਂ ਖ਼ੁਦ ਹੀ ਫ਼ੋਨ ਕਰਦੀ ਹਾਂ ਤੇ ਪਤਾ ਕਰਦੀ ਹਾਂ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੁੰਦਾ ਏ---ਉਹ ਮੈਂ ਆਪਣੇ ਕੋਲੋਂ ਦੇ ਦਿਆਂਗੀ।"
ਨਾਦਿਰਾ ਗੁੱਸੇ ਨਾਲ ਭਰੀ-ਪੀਤੀ ਨੰਬਰ ਮਿਲਾ ਰਹੀ ਹੈ। ਸਿਗਰੇਟ ਦਾ ਧੂੰਆਂ ਕਮਰੇ ਵਿਚ ਇਕ ਡਰਾਵਨਾ ਜਿਹਾ ਮਾਹੌਲ ਪੈਦਾ ਕਰ ਰਿਹਾ ਹੈ। ਸ਼ਰਾਬ ਦੀ ਮਹਿਕ ਰਹੀ-ਸਹੀ ਕਸਰ ਪੂਰੀ ਕਰ ਰਹੀ ਹੈ। ਫ਼ੋਨ ਮਿਲ ਗਿਆ ਹੈ। ਨਾਦਿਰਾ ਆਪਣਾ ਰੈਫ਼ਰੈਂਸ ਨੰਬਰ ਦੇ ਕੇ ਗੱਲ ਕਰ ਰਹੀ ਹੈ। ਖ਼ਲੀਲ ਤੇ ਨਜ਼ਮ ਪ੍ਰੇਸ਼ਾਨ ਤੇ ਬੇਵੱਸ ਜਿਹੇ ਲੱਗ ਰਹੇ ਹਨ।
ਨਾਦਿਰਾ 'ਥੈਂਕਸ' ਕਹਿ ਕੇ ਫ਼ੋਨ ਰੱਖ ਦਿੰਦੀ ਹੈ। "ਲਓ ਖ਼ਲੀਲ ਮੈਂ ਪਤਾ ਕਰ ਲਿਆ ਤੇ ਕੈਂਸਿਲੇਸ਼ਨ ਦਾ ਆਰਡਰ ਵੀ ਦੇ ਦਿੱਤਾ---ਪਤਾ ਈ ਉਹਨਾਂ ਕੀ ਕਿਹੈ---"ਸਾਢੇ ਤਿੰਨ ਸੌ ਪਾਊਂਡ ਇਕ ਕਬਰ ਦੇ ਜਮ੍ਹਾਂ ਕਰਵਾਏ ਗਏ ਸਨ, ਯਾਨੀ ਦੋ ਕਬਰਾਂ ਦੇ ਸੱਤ ਸੌ ਪਾਊਂਡ…ਤੇ ਹੁਣ ਇਨਫਲੇਸ਼ਨ ਕਾਰਨ ਉਹਨਾਂ ਕਬਰਾਂ ਦੀ ਕੀਮਤ ਹੋ ਗਈ ਏ ਗਿਆਰਾਂ ਸੌ ਪਾਊਂਡ…ਯਾਨੀ ਕਿ ਤੁਹਾਨੂੰ ਕੁਲ ਚਾਰ ਸੌ ਪਾਊਂਡ ਦਾ ਲਾਭ।"
ਖ਼ਲੀਲ ਨੇ ਕਿਹਾ, "ਚਾਰ ਸੌ ਪਾਊਂਡ ਦਾ ਫਾਇਦਾ, ਸਿਰਫ ਇਕ ਸਾਲ ਵਿਚ!" ਉਸਨੇ ਨਜ਼ਮ ਵੱਲ ਦੇਖਿਆ । ਨਜ਼ਮ ਦੀਆਂ ਅੱਖਾਂ ਵਿਚ ਵੀ ਉਹੀ ਚਮਕ ਸੀ।
ਨਵਾਂ ਧੰਦਾ ਮਿਲ ਗਿਆ ਸੀ।

No comments:

Post a Comment