Wednesday, March 18, 2009

ਚਰਮਰਾਹਟ :: ਲੇਖਕ : ਤੇਜੇਂਦਰ ਸ਼ਰਮਾ

ਪ੍ਰਵਾਸੀ ਹਿੰਦੀ ਕਹਾਣੀ : ਚਰਮਰਾਹਟ :: ਲੇਖਕ : ਤੇਜੇਂਦਰ ਸ਼ਰਮਾ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.
-------------------------------------------------------------------------------------------------------------------------------
ਇਹ ਕਹਾਣੀ ਪ੍ਰਤੀਲੜੀ ਦੇ ਅਪ੍ਰੈਲ 2008.ਅੰਕ ਵਿਚ ਛਪੀ ਹੈ। ਪ੍ਰੀਤਲੜੀ ਦਾ ਸੰਪਰਕ ਨੰਬਰ ਹੈ = 0172-3252827.
-------------------------------------------------------------------------------------------------------------------------------
ਇਸ ਘੜੀ ਵੀ ਉਸਨੂੰ ਆਪਣਾ ਨਾਂਅ ਚੇਤੇ ਨਹੀਂ ਸੀ ਆ ਰਿਹਾ, ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਸਨ---ਲਾਲ ਅੱਥਰੂ। ਕਦੀ ਉਹ ਦੂਰ ਤੀਕ ਖਿੱਲਰੇ ਮਲਬੇ ਵੱਲ ਦੇਖਦਾ, ਤੇ ਕਦੀ ਸਾਹਮਣੇ ਬਣੇ ਮੰਦਰ ਵੱਲ। ਉਸ ਢੱਠੇ ਹੋਏ ਮਲਬੇ ਵਿਚੋਂ ਰੁਕ-ਰੁਕ ਕੇ ਆਜਾਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੰਦਰ ਵਿਚ ਹੋ ਰਹੀ ਆਰਤੀ ਦੀ ਆਵਾਜ਼ ਵੀ ਉਸਦੇ ਤਣਾਅ ਨੂੰ ਘੱਟ ਨਹੀਂ ਸੀ ਕਰ ਰਹੀ। ਆਸ-ਪਾਸ ਦੇ ਲੋਕਾਂ ਦੇ ਚਿਹਰਿਆਂ ਉੱਤੇ ਅਵਿਸ਼ਵਾਸ ਤੇ ਅਸੁਰੱਖਿਆ ਦੀ ਭਾਵਨਾ ਗਰਮ ਲੋਹੇ ਨਾਲ ਝਰੀਟ ਦਿੱਤੀ ਗਈ ਜਾਪਦੀ ਸੀ।
ਅੱਜ ਤੋਂ ਲਗਭਗ ਤੀਹ ਸਾਲ ਪਹਿਲਾਂ ਵੀ ਅਜਿਹੇ ਹੀ ਬਦਹਵਾਸ ਚਿਹਰੇ ਦੇਖੇ ਸਨ ਉਸਨੇ। ਇਕ ਪਲ ਵਿਚ ਨਜ਼ਦੀਕੀ ਯਾਰ-ਮਿੱਤਰ, ਬਿਗਾਨੇ ਹੋ ਗਏ ਸਨ। ਉਦੋਂ ਉਹ ਸਕੂਲ ਵਿਚ ਪੜ੍ਹਦਾ ਹੁੰਦਾ ਸੀ। ਉਸਦਾ ਇਕ ਨਾਂਅ ਹੁੰਦਾ ਸੀ---ਇੰਦਰ ਮੋਹਨ। ਸਕੂਲ ਦਾ ਨਾਂਅ 'ਇੰਦਰ ਮੋਹਨ ਤਿਵਾੜੀ'। ਆਪਣੇ ਨਾਂਅ ਨਾਲ ਉਸਨੂੰ ਬੜਾ ਮੋਹ ਹੁੰਦਾ ਸੀ ਤੇ ਅੰਗਰੇਜ਼ੀ ਵਿਚ ਉਹ ਆਪਣਾ ਨਾਂਅ ਬੜੇ ਚਾਅ ਨਾਲ ਦੱਸਦਾ ਹੁੰਦਾ ਸੀ---'ਆਈ.ਐਮ.ਤਿਵਾੜੀ'---ਮੈਂ ਤਿਵਾੜੀ ਹਾਂ…ਤੇ ਖਿੜਖਿੜ ਕਰਕੇ ਹੱਸਣ ਲੱਗ ਪੈਂਦਾ ਹੁੰਦਾ ਸੀ।
ਉਸ ਸ਼ਾਮ ਵੀ ਉਹ ਖਿੜਖਿੜ ਹੱਸ ਰਿਹਾ ਸੀ ਕਿ ਉਸਦੇ ਪਿਤਾ ਜ਼ਖ਼ਮੀ ਹਾਲਤ ਵਿਚ ਘਰੇ ਆਏ---ਮਾਂ ਪਾਗਲਾਂ ਵਾਂਗ ਛਾਤੀ ਪਿੱਟਣ ਲੱਗ ਪਈ ਸੀ; ਵੱਡੇ ਭਰਾ ਨੇ ਡਾਂਗ ਕੱਢ ਲਿਆਂਦੀ ਸੀ, "ਅੱਜ ਦੋ ਚੌਂਹ ਨੂੰ ਤਾਂ ਮੁਕਾਅ ਈ ਦਿਆਂਗਾ ਮੈਂ।" ਪਿਤਾ ਜੀ ਦੇ ਜ਼ਖ਼ਮ, ਭਰਾਅ ਦਾ ਜਨੂੰਨ, ਸੋਢੇ ਵਾਟਰ ਦੀਆਂ ਬੋਤਲਾਂ, ਅੱਲ੍ਹਾ ਹੂ ਅਕਬਰ, ਸੜਕ ਉੱਤੇ ਖਿੱਲਰਿਆ ਹੋਇਆ ਕੰਚ, ਹਰ-ਹਰ ਮਹਾਂਦੇਵ, ਛੁਰੇਬਾਜ਼ੀ ਨਾਲ ਜ਼ਖ਼ਮੀ ਹੋਏ ਲੋਕ, ਪੁਲਿਸ ਦੀ ਵਰਦੀ, ਪੁਲਿਸ ਦਾ ਡੰਡਾ, ਪਾਣੀ ਦੇ ਫੁਆਰੇ, ਪੁਲਿਸ ਦੀਆਂ ਗੋਲੀਆਂ, ਸਾਇਰਨ, ਭਾਰੀ ਬੂਟਾਂ ਦੀ ਠਕ-ਠਕ, ਕਰਫ਼ਿਊ---ਸਭ ਕੁਝ ਯਾਦ ਹੈ ਉਸਨੂੰ। ਸਕੂਲਾਂ ਦਾ ਬੰਦ ਹੋ ਜਾਣਾ, ਸਬਜ਼ੀਆਂ ਦਾ ਗ਼ਾਇਬ ਹੋ ਜਾਣਾ, ਚਿਹਰਿਆਂ ਉੱਤੇ ਚਿਪਕਿਆ ਹੋਇਆ ਭੈ, ਦਿਮਾਗ਼ਾਂ ਵਿਚ ਭਰੀ ਦਹਿਸ਼ਤ, ਆਪਣਿਆਂ ਦਾ ਬਿਗਾਨਾਪਨ, ਓਪਰਿਆਂ ਦੀ ਅਪਣੱਤ, ਕੁਝ ਵੀ ਤਾਂ ਨਹੀਂ ਸੀ ਭੁੱਲਿਆ ਉਹ। ਫੇਰ ਆਪਣਾ ਨਾਂ….!
ਉਸਨੂੰ ਉਸ ਉਮਰ ਵਿਚ ਹੀ ਉਹਨਾਂ ਨਾਵਾਂ ਨਾਲ ਨਫ਼ਰਤ ਹੋ ਗਈ ਸੀ ਜਿਹੜੇ ਧਰਮ ਦੇ ਟੋਕਨ ਹੁੰਦੇ ਨੇ। ਕਿਉਂ ਇਹ ਨਾਵਾਂ, ਜਾਤਾਂ ਤੇ ਧਰਮ ਦਾ ਸਿਲਸਿਲਾ ਖ਼ਤਮ ਹੋਣ ਵਿਚ ਨਹੀਂ ਆਉਂਦਾ? ਕਿਸੇ ਵੀ ਬੱਚੇ ਦੇ ਹੱਥ-ਵੱਸ ਨਹੀਂ ਕਿ ਉਹ ਆਪਣਾ ਨਾਂਅ ਖ਼ੁਦ ਚੁਣ ਸਕੇ। ਫੇਰ ਕਿਉਂ ਉਸਨੂੰ ਇਸ ਦੁਨੀਆਂ ਵਿਚ ਲਿਆਉਣ ਵਾਲੇ ਕੋਈ ਨਾਂਅ ਦੇ ਕੇ ਉਮਰ ਭਰ ਲਈ ਉਸਦੀ ਇਕ ਵੱਖਰੀ ਪਛਾਣ ਬਣਾ ਦੇਂਦੇ ਨੇ? ਕਿਉਂ ਨਹੀਂ ਉਸ ਬੱਚੇ ਨੂੰ ਉਦੋਂ ਤੀਕ ਬਖ਼ਸ਼ ਦਿੱਤਾ ਜਾਂਦਾ, ਜਦੋਂ ਤੀਕ ਉਹ ਵੱਡਾ ਹੋ ਕੇ ਖ਼ੁਦ ਆਪਣੇ ਲਈ ਇਕ ਨਾਂਅ ਚੁਣਨ ਦੇ ਕਾਬਿਲ ਨਹੀਂ ਹੋ ਜਾਂਦਾ? ਉਸ ਦਿਨ ਉਸਨੇ ਆਪਣੇ ਪਿਤਾ ਨੂੰ ਕਿਹਾ ਸੀ, "ਬਾਊਜੀ, ਮੇਰਾ ਨਾਂਅ ਬਦਲ ਦਿਓ।"
ਤੇ ਪਿਤਾ ਦੀਆਂ ਝਿੜਕਾਂ ਨੇ ਉਸਨੂੰ ਹੋਰ ਵੀ ਪੱਕਾ ਕਰ ਦਿੱਤਾ ਸੀ ਤੇ ਉਸਨੇ ਪ੍ਰਣ ਕਰ ਲਿਆ ਸੀ ਕਿ ਵੱਡਾ ਹੋ ਕੇ, ਉਸਨੇ ਆਪਣਾ ਨਾਂਅ ਜ਼ਰੂਰ ਬਦਲ ਲੈਣਾ ਹੈ। ਨਾਂਅ ਉਸਦਾ ਆਪਣਾ ਹੈ, ਜਦੋਂ ਚਾਹੇਗਾ, ਜਿਵੇਂ ਚਾਹੇਗਾ ਰੱਖ ਲਏਗਾ…ਨਾਂਅ ਬਦਲਨਾਂ ਇਹੋ ਜਿਹੀ ਕਿਹੜੀ ਮੁਸ਼ਕਿਲ ਵਾਲੀ ਗੱਲ ਹੈ---
---ਪਰ ਨਾਂਅ ਬਦਲਨਾਂ, ਨਾਂਅ ਕਮਾਉਣ ਨਾਲੋਂ ਘੱਟ ਮੁਸ਼ਕਿਲ ਨਹੀਂ ਹੁੰਦਾ---ਕਚਹਿਰੀ ਦੇ ਚੱਕਰ, ਗਜ਼ਟ ਵਿਚੋਂ ਨਾਂਅ ਕਟਵਾਉਣਾ ਤੇ ਅਖ਼ਬਾਰ ਵਿਚ ਇਸ਼ਤਿਹਾਰ ਦੇਣਾ ਪਿਆ, ਤਦ ਉਸਨੂੰ ਇਸ ਗੱਲ ਦੀ ਸਮਝ ਆਈ। ਖ਼ੈਰ! ਇਹ ਸਭ ਕਰਨ ਪਿੱਛੋਂ ਉਹ 'ਆਈ.ਐਮ.ਤਿਵਾੜੀ' ਤੋਂ 'ਆਈ.ਐਮ.ਹਿੰਦੁਸਤਾਨੀ' ਬਣ ਸਕਿਆ। ਹਾਂ, ਇਹੀ ਉਸਦਾ ਨਵਾਂ ਨਾਂਅ ਸੀ। ਹੁਣ ਉਹ ਕਿਸੇ ਨੂੰ ਆਪਣੇ ਨਾਂਅ 'ਆਈ.ਐਮ.' ਦੇ ਅਰਥ ਨਹੀਂ ਸੀ ਦੱਸਦਾ ਹੁੰਦਾ। ਉਹ ਚਾਹੁੰਦਾ ਸੀ ਕਿ ਸਾਰੇ ਉਸਨੂੰ ਹਿੰਦੁਸਤਾਨੀ ਕਹਿ ਕੇ ਬੁਲਾਉਣ---ਹਿੰਦੁਸਤਾਨੀ, ਜਾਂ ਫੇਰ ਮਿਸਟਰ ਹਿੰਦੁਸਤਾਨੀ। ਉਸਨੇ ਪ੍ਰਣ ਕਰ ਲਿਆ ਸੀ ਕਿ ਕਿਸੇ ਨੂੰ ਵੀ ਆਪਣਾ ਧਰਮ ਨਹੀਂ ਦੱਸੇਗਾ।
ਤੇ ਪਹਿਲੀ ਟੱਕਰ ਵਿਚ ਹੀ ਉਸਦੇ ਇਸ ਪ੍ਰਣ ਦੇ ਟੁਕੜਿਆਂ ਦਾ ਮਲਬਾ ਖਿੱਲਰ-ਪੁੱਲਰ ਗਿਆ ਸੀ। ਨੌਕਰੀ ਲਈ ਫ਼ਾਰਮ ਭਰਦਿਆਂ ਹੋਇਆਂ ਉਸਨੂੰ ਇਕ ਕਾਲਮ ਭਰਨਾਂ ਪੈਣਾ ਸੀ---ਧਰਮ। ਉਸਨੇ ਧਰਮ ਦੇ ਸਾਹਮਣੇ ਲਿਖ ਦਿਤਾ ਸੀ---'ਨਾਸਤਿਕ।' ਬੜੀ ਵਾਰੀ ਸੋਚਦਾ ਹੁੰਦਾ ਸੀ ਕਿ ਜਿਹੜੇ ਸਾਡੇ ਵੱਡੇ ਖੱਬੇਪੱਖੀ ਲੇਖਕ ਨੇ, ਉਹਨਾਂ ਲੋਕਾਂ ਨੇ ਨੌਕਰੀ ਲੈਣ ਲਈ ਧਰਮ ਵਾਲੇ ਕਾਲਮ ਵਿਚ ਕੀ ਭਰਿਆ ਹੋਏਗਾ? ਕੀ ਉਹਨਾਂ ਦਾ 'ਖੱਬਾ-ਪੱਖ' ਧਰਮ ਲਿਖਣ ਦੀ ਇਜਾਜ਼ਤ ਦੇਂਦਾ ਹੈ? ਜਾਂ ਫੇਰ ਇਹ ਸਾਰੇ ਲਿਫ਼ਾਫ਼ੇਵਾਦੀ ਵਾਮਪੰਥੀ ਹੀ ਨੇ? ਸਾਰਿਆਂ ਨੇ ਕੋਠੀਆਂ ਬਣਾਈਆਂ ਹੋਈਆਂ ਨੇ; ਤੇ ਖੱਬਾਰਾਹ ਨਿੱਜੀ ਸੰਪਤੀ ਰੱਖਣ ਦੇ ਖ਼ਿਲਾਫ਼ ਹੈ। ਫੇਰ ਇਹ ਸਭ ਕੀ ਗੋਰਖਧੰਦਾ ਹੈ?
ਨਾਸਤਿਕ ਹੋਣ ਦੀ ਸਜ਼ਾ ਉਸਨੂੰ ਭੁਗਤਨੀ ਪਈ। ਇੰਟਰਵਿਊ ਵਿਚ ਇਕ ਸਵਾਲ ਵੀ ਉਸਦੀ ਪੜ੍ਹਾਈ ਜਾਂ ਕਾਬਲੀਅਤ ਬਾਰੇ ਨਹੀਂ ਸੀ ਪੁੱਛਿਆ ਗਿਆ। ਪੈਨਲ ਦੇ ਹਰੇਕ ਮੈਂਬਰ ਨੂੰ ਸਿਰਫ ਇਸ ਗੱਲ ਵਿਚ ਰੁਚੀ ਸੀ ਕਿ ਉਹ ਨਾਸਤਿਕ ਕਿਉਂ ਹੈ…ਤੇ ਕੀ ਨਾਸਤਿਕਵਾਦ ਵੀ ਕੋਈ ਧਰਮ ਹੋ ਸਕਦਾ ਹੈ?
ਆਪਣੇ ਮਨ ਵਿਚ ਰਿੱਝਦੀ ਉਤੇਜਨਾ ਨੂੰ ਉਸਨੇ ਸ਼ਬਦ ਦੇ ਦਿੱਤੇ : "ਸਰ, ਧਰਮ ਸਾਨੂੰ ਹਜ਼ਾਰਾਂ ਸਾਲ ਪਿੱਛੇ ਲੈ ਜਾਂਦਾ ਹੈ, ਜਦ ਅਸੀਂ ਕੋਈ ਕੈਮਰਾ, ਫ਼ਰਿੱਜ, ਜਾਂ ਕਾਰ ਖ਼ਰੀਦਦੇ ਹਾਂ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਤੋਂ ਨਵਾਂ ਮਾਡਲ ਖ਼ਰੀਦੀਏ…ਪਰ ਜਿੱਥੇ ਕਿਤੇ ਵੀ ਧਰਮ ਦੀ ਗੱਲ ਆਉਂਦੀ ਏ, ਹਰੇਕ ਧਰਮ ਵਾਲਾ ਆਪਣੇ ਪੁਰਾਤਨ ਤੋਂ ਪੁਰਾਤਨ ਗ੍ਰੰਥਾਂ ਦੀਆਂ ਡੀਂਗਾਂ ਮਾਰਨ ਲੱਗ ਪੈਂਦਾ ਏ। ਆਦਿਮ ਲੋਕਾਂ ਦੀਆਂ ਲਿਖੀਆਂ ਹੋਈਆਂ ਮਿਥਿਕ, ਪਿੱਛੜੀਆਂ ਗੱਲਾਂ ਲਈ ਅਸੀਂ ਲੋਕ ਭਿੜ-ਭਿੜ ਮਰਦੇ ਆਂ। ਕੀ ਇਹ ਸਹੀ ਏ?...ਤਾਂ ਫੇਰ ਇਹ ਸਹੀ ਨਹੀਂ ਕਿ ਨਾਸਤਿਕ ਹੋਣਾ ਇਸ ਅਵਸਥਾ ਨਾਲੋਂ ਵੱਧ ਚੰਗਾ ਹੈ? ਤੇ ਨਾਲੇ ਇਕ ਧਰਮ ਨਿਰਪੱਖ ਰਾਜ ਵਿਚ ਇਸ ਸਵਾਲ ਦਾ ਕੀ ਮਹੱਤਵ ਏ ਫੇਰ…?"
ਪੈਨਲ ਦੇ ਮੈਂਬਰ ਉਸਦੀਆਂ ਗੱਲਾਂ ਸੁਣਦੇ ਰਹੇ ਤੇ ਅਖ਼ੀਰ ਉਹ ਨੌਕਰੀ ਉਸਨੂੰ ਨਹੀਂ ਮਿਲੀ। ਉਹਨਾਂ ਲਈ ਇਹ ਤਿਵਾੜੀ/ਹਿੰਦੁਸਤਾਨੀ, ਸਿਰਫ ਇਕ ਪੰਗੇਬਾਜ਼ ਇਨਸਾਨ ਨਾਲੋਂ ਵੱਧ ਕੁਝ ਵੀ ਨਹੀਂ ਸੀ। ਉਸਨੂੰ ਵੀ ਅਕਲ ਆ ਗਈ ਕਿ ਧਰਮ ਦੀ ਬਾਂਹ ਫੜੇ ਬਿਨਾਂ ਉਸਦੀ ਕਿਸ਼ਤੀ ਪਾਰ ਨਹੀਓਂ ਲੱਗਣੀ। ਪਰ ਉਸਨੂੰ ਤਾਂ ਕਿਸੇ ਵੀ ਧਰਮ ਵਿਚ ਵਿਸ਼ਵਾਸ ਨਹੀਂ ਸੀ; ਕਿਸ ਧਰਮ ਦੀ ਬਾਂਹ ਫੜਦਾ ਉਹ? ਜਦ ਸਾਰੇ ਧਰਮਾਂ ਵਾਲੇ ਆਪੋ-ਆਪਣੇ ਧਰਮ ਨੂੰ ਹੀ ਉੱਤਮ ਤੇ ਹੋਰਨਾਂ ਨੂੰ ਨੀਵਾਂ ਵਿਖਾਉਣ ਵਿਚ ਰੁੱਝੇ ਹੋਏ ਹੋਣ ਤਾਂ ਉਹ ਕਿਸ ਧਰਮ ਦੇ ਨਾਲ ਖਲੋਵੇ?
ਨੌਕਰੀ ਮਿਲੀ ਵੀ ਤਾਂ ਜੱਦਾਹ ਵਿਚ। ਉੱਥੇ ਤਾਂ ਧਰਮ ਦਾ ਵੱਖਰਾ ਹੀ ਰੂਪ ਸੀ : ਔਰਤਾਂ ਉੱਤੇ ਪਾਬੰਦੀਆਂ, ਉਹਨਾਂ ਦੇ ਚਿਹਰੇ ਬੁਰਕੇ ਤੇ ਨਕਾਬਾਂ ਹੇਠ ਨਜ਼ਰ ਆਉਂਦੇ। ਗ਼ੈਰ-ਮੁਸਲਿਮ ਔਰਤਾਂ ਨੂੰ ਵੀ ਆਬਾਯਾ ਪਾਉਣਾ ਪੈਂਦਾ ਸੀ। ਦਿਨ ਵਿਚ ਪੰਜ ਵਾਰੀ ਨਮਾਜ਼ ਦੇ ਸਮੇਂ ਪੂਰਾ ਸ਼ਹਿਰ ਜੜ ਹੋ ਜਾਂਦਾ…ਨਮਾਜ਼ ਦੌਰਾਨ ਸਾਰੀਆਂ ਦੁਕਾਨਾਂ ਬੰਦ।
ਉੱਥੇ ਉਸਨੇ ਭੇਦਭਾਵ ਦੀਆਂ ਕਈ ਵੰਨਗੀਆਂ ਦੇਖੀਆਂ : ਪਹਿਲਾ ਫਰਕ ਤਾਂ ਮੁਸਲਿਮ ਤੇ ਗ਼ੈਰ-ਮੁਸਲਿਮ ਵਿਚ ਹੀ ਸੀ। ਮੁਸਲਮਾਨਾਂ ਵਿਚ ਸਾਊਦੀ ਤੇ ਗ਼ੈਰ-ਸਾਊਦੀ ਦਾ ਫਰਕ; ਅਰਬੀ ਤੇ ਗ਼ੈਰ-ਅਰਬੀ ਮੁਸਲਮਾਨਾਂ ਵਿਚ ਅੰਤਰ। ਅਮੀਰ ਤੇ ਗਰੀਬ ਦੇਸ਼ਾਂ ਦੇ ਮੁਸਲਮਾਨਾ ਵਿਚ ਫਰਕ। ਫੇਰ ਗ਼ੈਰ-ਮੁਸਲਮਾਨਾਂ ਵਿਚ ਚਮੜੀ ਦਾ ਭੇਦਭਾਵ ਵੀ ਸੀ---ਯਾਨੀ ਗੋਰੇ ਤੇ ਕਾਲੇ ਦਾ ਫਰਕ।
ਜੀਵਨ ਵਿਚ ਪਹਿਲੀ ਵੇਰ ਜੱਦਾਹ ਤੋਂ ਤਾਈਫ਼ ਜਾਂਦਿਆਂ ਹੋਇਆਂ ਉਸਨੇ ਮੁਸਲਮਾਨਾਂ ਲਈ ਵੱਖ ਤੇ ਰਾਖਵੀਆਂ ਸੜਕਾਂ ਦੇਖੀਆਂ---ਮੰਡਲ ਤੇ ਕਮੰਡਲ ਦਾ ਇਕ ਹੋਰ ਰੂਪ। ਉੱਥੋਂ ਦੀ ਧਾਰਮਿਕ ਪੁਲਿਸ ਤੁਹਾਡਾ ਇਕਾਮਾ ਚੈੱਕ ਕਰੇਗੀ---ਇਕਾਮਾ---ਯਾਨੀਕਿ ਵਰਕ ਪਰਮਿਟ। ਜੇ ਤੁਹਾਡਾ ਇਕਾਮਾ ਹਰੇ ਰੰਗ ਦਾ ਹੈ ਤਾਂ ਤੁਸੀਂ ਮੁਸਲਮਾਨ ਹੋ ਤੇ ਉਸ ਰਾਖਵੀਂ ਸੜਕ ਦੇ ਰਸਤੇ ਜਾ ਸਕਦੇ ਹੋ; ਨਹੀਂ ਤਾਂ ਤੁਹਾਨੂੰ ਇਕ ਲੰਮਾ ਚੱਕਰ ਕੱਟ ਕੇ ਆਮ ਸੜਕ ਰਾਹੀਂ ਤਾਈਫ਼ ਜਾਣਾ ਪਏਗਾ। ਉਸੇ ਸੜਕ ਦੇ ਕਿਨਾਰੇ, ਰਸਤੇ ਵਿਚ, ਉਸਨੇ ਬਿਲਡਿੰਗਾਂ ਦੀ ਇਕ ਢਾਣੀ ਦੇਖੀ---ਉਹਨੂੰ ਡਿਪੋਟਰੀ ਕੈਂਪ ਕਹਿੰਦੇ ਸਨ। ਯਾਨੀਕਿ ਉਹ ਲੋਕ ਜਿਹਨਾਂ ਨੂੰ ਸਾਊਦੀ ਅਰਬ ਵਿਚੋਂ ਕੱਢ ਦਿੱਤਾ ਜਾਂਦਾ ਸੀ, ਪਹਿਲਾਂ ਉਹਨਾਂ ਨੂੰ ਇਸ ਕੈਂਪ ਵਿਚ ਰੱਖਿਆ ਜਾਂਦਾ ਸੀ ਤੇ ਅਖ਼ੀਰ ਉਸ ਉਡਾਨ ਉੱਤੇ ਚੜ੍ਹਾ ਦਿੱਤਾ ਜਾਂਦਾ ਸੀ ਜਿਹੜੀ ਉਹਨਾਂ ਵਿਦੇਸ਼ੀਆਂ ਨੂੰ ਉਹਨਾਂ ਦੀ ਦੇਸ਼ ਦੀ ਧਰਤੀ ਉੱਤੇ ਪਹੁੰਚਾ ਦੇਂਦੀ ਸੀ। ਉਸ ਕੈਂਪ ਵਿਚ ਤੁਸੀਂ ਉਦੋਂ ਹੀ ਜਾ ਸਕਦੇ ਸਓ, ਜਦੋਂ ਤੁਸੀਂ ਖ਼ੁਦ ਕੱਢ ਦਿੱਤੇ ਗਏ ਹੋਵੋ ਜਾਂ ਤੜੀਪਾਰ ਕਰ ਦਿੱਤੇ ਗਏ ਹੋਵੋ ਜਾਂ ਫੇਰ ਤੁਸੀਂ ਪੁਲਿਸ ਵਾਲੇ ਹੋਵੋ।
ਡਿਪੋਰਟੀ ਕੈਂਪ ਬਾਰੇ ਸੋਚ ਕੇ ਹਿੰਦੁਸਤਾਨੀ ਨੂੰ ਝੁਰਝੁਰੀ ਜਿਹੀ ਆ ਗਈ। ਕੈਸਾ ਵਿਹਾਰ ਹੁੰਦਾ ਹੋਏਗਾ ਉੱਥੋਂ ਦੇ ਵਾਸੀਆਂ ਨਾਲ ?
ਹਿੰਦੁਸਤਾਨੀ ਨੂੰ ਜੱਦਾਹ ਵਿਚ ਹਮੇਸ਼ਾ ਦਹਿਸ਼ਤ ਦਾ ਮਾਹੌਲ ਹੀ ਦਿਖਾਈ ਦਿੱਤਾ ਸੀ। ਬਿਨਾਂ ਕਿਸੇ ਯੁੱਧ ਸਥਿਤੀ ਦੇ ਵੀ ਉੱਥੇ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ। ਪੁਲਿਸ ਵਿਚ ਵੀ ਮੁਤੱਵਾ ਯਾਨੀਕਿ 'ਧਾਰਮਿਕ ਪੁਲਿਸ' ਦਾ ਆਤੰਕ ਸਭ ਨਾਲੋਂ ਵੱਧ ਸੀ। ਮੁਤੱਵਾ ਤੋਂ ਤਾਂ ਸਾਊਦੀ ਨਾਗਰਿਕ ਵੀ ਡਰਦੇ ਨੇ; ਪ੍ਰਵਾਸੀ ਤਾਂ ਉਹਨਾਂ ਨੂੰ ਦੇਖ ਕੇ ਹੀ ਸਹਿਮ ਜਾਂਦੇ ਸਨ।
ਈਰਾਕ-ਕੁਵੈਤ ਲੜਾਈ ਦੇ ਦਿਨਾਂ ਵਿਚ ਤਾਂ ਇਸ ਡਰ ਦਾ ਵਾਤਾਵਰਣ ਹੋਰ ਵੀ ਭੈੜਾ ਹੋ ਗਿਆ ਸੀ। ਜੇ ਉਸਨੂੰ ਏਨੀ ਚੰਗੀ ਤਨਖ਼ਾਹ ਨਾ ਮਿਲ ਰਹੀ ਹੁੰਦੀ ਤਾਂ ਉਹ ਹਿੰਦੁਸਤਾਨੀ ਕਦੇ ਦਾ ਆਪਣੇ ਮੁਲਕ ਵਾਪਸ ਆ ਗਿਆ ਹੁੰਦਾ। ਪੈਸਾ...ਕਿਸੇ ਨੂੰ, ਕਿਤੇ ਵੀ ਰੋਕ ਲੈਂਦਾ ਹੈ। ਪੈਸੇ ਦਾ ਚਮਤਕਾਰ, ਹਿੰਦੁਸਤਾਨੀ ਜੱਦਾਹ ਤੇ ਤਾਈਫ਼ ਵਿਚ ਵੀ ਵੇਖ ਚੁੱਕਿਆ ਸੀ---ਰੇਤ ਵਿਚ ਵੀ ਰੁੱਖ ਉਗਾ ਦਿਤੇ ਗਏ ਸਨ।
ਈਰਾਕ ਨਾਲ ਯੁੱਧ ਸਮੇਂ ਸੀ.ਐੱਨ.ਐੱਨ. ਟੈਲੀਵੀਜ਼ਨ ਦਾ ਹਮਾਲਾ ਸਾਊਦੀ ਅਰਬ ਉੱਤੇ ਵੀ ਹੋਇਆ। ਸੀ.ਐੱਨ.ਐੱਨ ਦੇ ਪ੍ਰੋਗ੍ਰਾਮਾ ਦਾ ਖੁੱਲ੍ਹਾਪਣ ਉੱਥੋਂ ਦੇ ਕਠਮੁੱਲਿਆਂ ਤੋਂ ਝੱਲਿਆ ਨਹੀਂ ਗਿਆ। ਕੁਝ ਸਮੇਂ ਬਾਅਦ ਸਟਾਰ ਟੀ.ਵੀ. ਦੇ ਡਿਸ਼-ਐਨਟੀਨਿਆਂ ਉੱਤੇ ਵੀ ਰਾਜ-ਘਰਾਣੇ ਦੀ ਬਿਜਲੀ ਡਿੱਗੀ। ਡਿਸ਼-ਐਨਟੀਨੇ ਨੂੰ ਸ਼ੈਤਾਨ ਦਾ ਕਟੋਰਾ ਕਿਹਾ ਗਿਆ ਤੇ 'ਏਡਸ' ਦੀ ਕੁੰਜੀ। ਕਠਮੁੱਲਿਆਂ ਨੇ ਐਲਾਨ ਦਿੱਤਾ ਕਿ 'ਡਿਸ਼-ਐਨਟੀਨਾ ਲਾਉਣ ਨਾਲ ਏਡਸ ਹੋ ਜਾਏਗੀ।' ਹਿੰਦੁਸਤਾਨੀ ਆਪਣੇ ਇਕ ਮਿੱਤਰ ਦੇ ਘਰ ਜਾ ਕੇ ਕੇਵਲ ਟੀ.ਵੀ. ਦੇਖ ਲੈਂਦਾ।
ਉਸ ਸਮੇਂ ਵੀ ਹਿੰਦੁਸਤਾਨੀ ਧਰਮ ਦੀਆਂ ਇਹਨਾਂ ਗੁੰਝਲਾਂ ਨੂੰ ਸਮਝ ਨਹੀਂ ਸੀ ਸਕਿਆ। ਇਕੋ ਹੀ ਧਰਮ ਦੇ ਦੋ ਦੇਸ਼ ਆਪੋ ਵਿਚ ਲੜਦੇ ਨੇ... ਤੇ ਦੂਜੇ ਧਰਮਾਂ ਦੇ ਕਈ ਦੇਸ਼ ਰਲ ਕੇ ਇਕ ਨੂੰ ਤਬਾਹ ਕਰਨ ਵਿਚ ਜੁਟ ਜਾਂਦੇ ਨੇ…ਯਾਨੀ ਧਰਮ ਏਕਤਾ ਦੀ ਗਰੰਟੀ ਨਹੀਂ। ਪੁੱਤਰ ਦੁਆਰਾ ਪਿਤਾ ਦੀ ਹੱਤਿਆ ਹੁੰਦਿਆਂ ਧਰਮ ਨਹੀਂ ਰੋਕ ਸਕਦਾ…ਤਾਂ ਫੇਰ ਧਰਮ ਦੇ ਨਾਂਅ ਉੱਤੇ ਹੱਤਿਆਵਾਂ ਕਿਉਂ ਹੁੰਦੀਆਂ ਨੇ? ਕੀ ਇਹ ਸਭ ਸਿਰਫ ਆਡੰਬਰ ਨਹੀਂ?
ਹਿੰਦੁਸਤਾਨੀ ਦਾ ਦਿਮਾਗ਼ ਬੇਲਗ਼ਾਮ ਘੋੜੇ ਵਾਂਗ ਦੌੜ ਰਿਹਾ ਸੀ। ਤਰਕ, ਵਿ-ਤਰਕ, ਕੁ-ਤਰਕ ਸਾਰੇ ਉਸਦੇ ਦਿਮਾਗ਼ ਵਿਚ ਜਵਾਰ-ਭਾਟੇ ਵਾਂਗ ਉੱਬਲ-ਉੱਛਲ ਰਹੇ ਸਨ, 'ਇਕ ਸਮਾਂ ਅਜਿਹਾ ਵੀ ਹੁੰਦਾ ਹੋਵੇਗਾ ਜਦੋਂ ਆਦਮੀ ਨੂੰ ਪਤਾ ਵੀ ਨਹੀਂ ਹੁੰਦਾ ਹੋਣਾ ਕਿ ਭਗਵਾਨ ਵੀ ਕਿਸੇ ਸ਼ੈ ਦਾ ਨਾਂਅਹੈ। ਯਾਨੀ ਆਦਮੀ ਨੇ ਭਗਵਾਨ ਦਾ ਨਿਰਮਾਣ ਕੀਤਾ ਹੋਵੇਗਾ। ਜਦੋਂ ਕਿਸੇ ਨੇ ਪਹਿਲੀ ਵੇਰ ਭਗਵਾਨ ਦੀ ਹੋਂਦ ਦੀ ਕਲਪਨਾ ਕੀਤੀ ਹੋਏਗੀ ਤਾਂ ਉਸਨੇ ਪਹਿਲੇ ਧਰਮ ਦਾ ਐਲਾਨ ਕਰ ਦਿੱਤਾ ਹੋਏਗਾ। ਤੇ ਫੇਰ ਕਿਸੇ ਨੇ ਕਿਸੇ ਹੋਰ ਭਗਵਾਨ ਦੇ ਹੋਣ ਦੀ ਸੰਭਾਵਨਾ ਉੱਤੇ ਵਿਚਾਰਿਆ ਹੋਏਗਾ ਤੇ ਦੂਜਾ ਧਰਮ ਪੈਦਾ ਹੋ ਗਿਆ ਹੋਏਗਾ। ਇਵੇਂ ਹੀ ਫੇਰ ਤੀਜਾ, ਚੌਥਾ ਤੇ ਪੰਜਵਾਂ ਧਰਮ ਬਣ ਗਏ ਹੋਣਗੇ।' ਇਸ ਸਭ ਦਾ ਸਿੱਟਾ ਹਿੰਦੁਸਤਾਨੀ ਨੇ ਇਹੀ ਕੱਢਿਆ ਸੀ, 'ਜਦ ਜਦ ਕੋਈ ਆਦਮੀ ਭਗਵਾਨ ਨੂੰ ਆਪਣੀ ਕਲਪਨਾ ਵਿਚ ਦੇਖਦਾ ਹੈ ਤੇ ਉਸ ਨਾਲ ਆਪਣੀ ਤਨ-ਤਾਣ ਜੋੜਨ ਦੀ ਕੋਸ਼ਿਸ਼ ਕਰਦਾ ਕਰਦਾ ਹੈ ਤਾਂ ਸਭਿਅਤਾ ਹੋਰ ਵੱਧ ਹਿੱਸਿਆਂ ਵਿਚ ਵੰਡੀ ਜਾਂਦੀ ਏ।'
ਕੁਦਰਤ ਨੇ ਤਾਂ ਸਾਰੇ ਇਨਸਾਨਾਂ ਦੇ ਜੰਮਣ ਤੇ ਮਰਨ ਦਾ ਤਰੀਕਾ ਇਕੋ ਰੱਖਿਆ ਹੋਇਆ ਹੈ। ਇਨਸਾਨ ਹੀ ਕਿਉਂ, ਉਸ ਬੱਚੇ ਦੇ ਪਾਲਨ-ਪੋਸ਼ਣ ਤੋਂ ਲੈ ਕੇ ਅੰਤਿਮ-ਕ੍ਰਿਆ ਤੀਕ ਵੱਖੋ-ਵੱਖਰੇ ਤਕਰੀਕੇ ਅਪਣਾਈ ਬੈਠਾ ਹੈ? ਅੱਜ ਜਿਸ ਦੇਸ਼ ਵਿਚ ਹਿੰਦੁਸਤਾਨੀ ਰਹਿ ਰਿਹਾ ਸੀ। ਉੱਥੇ ਤਾਂ ਕਿਸੇ ਹੋਰ ਧਰਮ ਦੇ ਲੋਕਾਂ ਨੂੰ ਆਪਣੇ ਈਸ਼ਟ ਦੇਵਾਂ ਦੀਆਂ ਮੂਰਤੀਆਂ ਰੱਖਣ ਜਾਂ ਪੂਜਾ ਕਰਨ ਦਾ ਅਧਿਕਾਰ ਤੀਕਰ ਨਹੀਂ ਸੀ ਦਿੱਤਾ ਗਿਆ। ਫੇਰ ਵੀ ਲੋਕ ਲੁਕ-ਛਿਪ ਕੇ ਪੂਜਾ ਕਰਦੇ ਨੇ। ਕੀ ਧਰਮ ਨਾਲ ਜੁੜਿਆ ਹੋਣਾ ਏਨਾ ਬਲ ਦੇਂਦਾ ਏ ਕਿ ਇਨਸਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨੋਂ ਵੀ ਨਹੀਂ ਡਰਦਾ ?
ਨਾਸਤਿਕ ਹੋਣ ਦੇ ਚੱਕਰ ਵਿਚ ਹਿੰਦੁਸਤਾਨੀ ਵਿਆਹ ਵੀ ਨਹੀਂ ਸੀ ਕਰਵਾ ਸਕਿਆ। ਹੁਣ ਤਾਂ ਲਗਭਗ ਪੈਂਤੀ-ਛੱਤੀ ਸਾਲ ਦਾ ਹੋ ਗਿਆ ਹੈ। ਪਰ ਉਹ ਕਿਸੇ ਧਾਰਮਿਕ ਵਿਧੀ ਅਨੁਸਾਰ ਵਿਆਹ ਨਹੀਂ ਕਰਵਾਉਣਾ ਚਾਹੁੰਦਾ---ਮਾਂ-ਪਿਓ ਨੂੰ ਕੋਰਟ ਦੀ ਸ਼ਾਦੀ ਮੰਜ਼ੂਰ ਨਹੀਂ ਸੀ…ਤੇ ਨਾਲੇ ਕੋਰਟ ਕਚਹਿਰੀ ਵਿਚ ਵੀ ਤਾਂ ਧਰਮ ਪੁੱਛਿਆ ਜਾਂਦਾ ਹੈ।…ਕੋਰਟ-ਕਚਹਿਰੀਆਂ ਵੀ ਧਾਰਮਿਕ ਹੋ ਗਏ।
ਇਸੇ ਲਈ ਜੱਦਾਹ ਵਿਚ ਇਕੱਲਾ ਰਹਿੰਦਾ ਸੀ ਹਿੰਦੁਸਤਾਨੀ। ਉਸਦੇ ਸਾਥੀਆਂ ਨੇ ਉਸਨੂੰ ਡਰਾ ਦਿੱਤਾ ਸੀ, "ਬੰਨੇ ਮਲਿਕ ਇਲਾਕੇ ਵਿਚ ਕਦੀ ਨਾ ਜਾਵੀਂ। ਇਸ ਇਲਾਕੇ ਵਿਚ ਸਾਰੇ ਦੋ ਨੰਬਰ ਦੇ ਧੰਦੇ ਹੁੰਦੇ ਨੇ। ਨਕਲੀ ਪਾਸਪੋਰਟ, ਨਕਲੀ ਵੀਜ਼ੇ, ਇੱਥੋਂ ਤੀਕ ਕਿ ਨਕਲੀ ਇਕਾਮਾ (ਯਾਨੀਕਿ ਪਰਮਿਟ) ਵੀ। ਹਿੰਦੁਸਤਾਨੀ ਹੈਰਾਨ ਸੀ ਕਿ ਏਨੀ ਸਾਰੀ ਪੁਲਿਸ, ਅਸਲੀ ਪੁਲਿਸ। ਏਨੀ ਦਹਿਸ਼ਤ, ਫੇਰ ਵੀ ਏਨੇ ਸਾਰੇ ਨਕਲੀ ਕੰਮ! ਹਿੰਮਤ ਵਾਲੇ ਲੋਕਾਂ ਦੀ ਕਮੀ ਨਹੀਂ ਹੁੰਦੀ, ਕਿਸੇ ਵੀ ਮੁਲਕ ਵਿਚ!
ਇਹਨੀਂ ਦਿਨੀ ਹਿੰਦੁਸਤਾਨੀ ਦਾ ਇਕ ਨਵਾਂ ਦੋਸਤ ਬਣਿਆ ਸੀ, ਸੰਜੇ---ਇਕ ਕੰਪਨੀ ਵਿਚ ਮੈਨੇਜ਼ਰ ਸੀ। 'ਅਲ-ਹਮਾਰਾ' ਇਲਾਕੇ ਵਿਚ ਹੀ ਰਹਿੰਦਾ ਸੀ। ਉਸਦੀ ਪਤਨੀ ਅਰਪਣਾ ਤੇ ਧੀ ਚਯਨਿਕਾ---ਤਿੰਨੇ ਬਿਨਾਂ ਕਿਸੇ ਦਵੰਧ ਦੇ ਜੱਦਾਹ ਵਿਚ ਜਿਉਂ ਰਹੇ ਸਨ। ਅਰਪਣਾ ਨਾਲ ਅਕਸਰ ਉਸਦੀ ਬਹਿਸ ਹੋ ਜਾਂਦੀ ਹੁੰਦੀ ਸੀ, "ਮੈਂ ਕਹਿਨਾਂ ਬਈ ਜਿਹੜਾ ਮੁਸਲਮਾਨ ਨਹੀਂ, ਉਹ ਬੁਰਕਾ ਜਾਂ ਆਬਾਯਾ ਕਿਉਂ ਪਾਏ?" ਅਰਪਣਾ ਹੱਸਦੀ ਹੋਈ ਸਹਿਜੇ ਹੀ ਹਿੰਦੁਸਤਾਨੀ ਨੂੰ ਸਮਝਾਉਂਦੀ, "ਦੇਖ ਭਰਾ, ਅਸੀਂ ਆਬਾਯਾ ਨਾ ਪਾਈਏ ਨਾ, ਤਾਂ ਇੰਜ ਲੱਗਦਾ ਏ ਸੜਕ ਉੱਤੇ ਸਾਰੇ ਸਾਨੂੰ ਹੀ ਘੂਰੀ ਜਾ ਰਹੇ ਨੇ। ਅਸੀਂ ਸੜਕ ਉੱਤੇ ਵੱਖਰੇ ਹੀ ਦਿਖਾਈ ਦੇ ਰਹੇ ਆਂ। ਜਦ ਸਾਰੀਆਂ ਔਰਤਾਂ ਨੇ ਬੁਰਕੇ ਪਾਏ ਹੁੰਦੇ ਨੇ ਤਾਂ ਅਸੀਂ ਵੀ ਆਬਾਯਾ ਵਿਚ ਆਪਣੇ ਆਪ ਨੂੰ ਸੁਰੱਖਿਅਤਾ ਮਹਿਸੂਸ ਕਰਦੇ ਹਾਂ। ਨਹੀਂ ਤਾਂ ਲੱਗਦਾ ਏ ਪੂਰੇ ਕਪੜੇ ਪਾਏ ਬਗ਼ੈਰ ਹੀ ਘਰੋਂ ਨਿਕਲ ਆਏ ਆਂ।"
ਹਿੰਦੁਸਤਾਨੀ ਫੇਰ ਹੈਰਾਨ। ਭਾਰਤੀ ਨਾਰੀ ਵਿਚ ਕਿੰਨੀ ਸਹਿਣਸ਼ੀਲਤਾ ਹੈ! ਨਾਲੇ ਇੱਥੇ ਤਾਂ ਅਮਰੀਕਨ ਤੇ ਅੰਗਰੇਜ਼ ਔਰਤਾਂ ਵੀ ਆਬਾਯਾ ਪਾਉਂਦੀਆਂ ਨੇ। ਕੀ ਅਮਰੀਕਾ ਤੇ ਇੰਗਲੈਂਡ ਵਿਚ ਵੀ ਇਹ ਜ਼ਨਾਨੀਆਂ ਬੁਰਕੇ ਪਾ ਲੈਣ? ਜੇ ਉੱਥੋਂ ਦੀਆਂ ਸਰਕਾਰਾਂ ਵੀ ਹੁਕਮ ਲਾਗੂ ਕਰ ਦੇਣ ਕਿ 'ਔਰਤਾਂ ਲਈ ਬੁਰਕਾ ਪਾਉਣਾ ਲਾਜ਼ਮੀ ਹੈ'…ਕੀ ਫੇਰ ਇਹ ਔਰਤਾਂ ਬਗ਼ਾਵਤ ਨਹੀਂ ਕਰ ਦੇਣਗੀਆਂ? ਤਾਂ ਇਹਨਾਂ ਨੂੰ ਵੀ ਪੈਸੇ ਦਾ ਹੀ ਲਾਲਚ…?
ਹਿੰਦੁਸਤਾਨੀ ਤਾਂ ਆਪਣੇ ਦੇਸ਼ ਵਿਚ ਵੀ ਸਿਗਰੇਟ ਤੇ ਸ਼ਰਾਬ ਨਹੀਂ ਸੀ ਪੀਂਦਾ, ਇਸ ਲਈ ਜੱਦਾਹ ਵਿਚ ਵੀ ਉਸਨੂੰ ਕੋਈ ਵਿਸ਼ੇਸ਼ ਮੁਸ਼ਕਿਲ ਨਹੀਂ ਸੀ ਹੁੰਦੀ। ਪੂਜਾ-ਪਾਠ ਉਸ ਆਪਣੇ ਘਰੇ ਵੀ ਕਦੀ ਨਹੀਂ ਸੀ ਕੀਤਾ, ਇਸ ਲਈ ਕਮੀ ਮਹਿਸੂਸ ਕਰਨ ਦੇ ਕੋਈ ਅਰਥ ਹੀ ਨਹੀਂ ਸਨ। ਹੁਣ ਉਸਨੇ ਕਾਰ ਵੀ ਖ਼ਰੀਦ ਲਈ ਸੀ। ਇਸ ਲਈ ਉਸਨੂੰ ਆਉਣ-ਜਾਣ ਦੀ ਦਿੱਕਤ ਵੀ ਨਹੀਂ ਸੀ ਰਹੀ---ਪੈਟਰੋਲ ਤਾਂ ਲਗਭਗ ਮੁਫ਼ਤ ਵਾਂਗ ਹੀ ਸੀ ; ਦਸ-ਬਾਰਾਂ ਰਿਆਲ ਵਿਚ ਟੈਂਕੀ ਫੁੱਲ ਕਰਵਾ ਲਓ। ਇਕ ਰਾਤ ਹਿੰਦੁਸਤਾਨੀ ਸੰਜੇ ਦੇ ਘਰ ਖਾਣਾ ਖਾ ਰਿਹਾ ਸੀ। ਰਾਤ ਨੂੰ ਖਾਣੇ ਪਿੱਛੋਂ ਸੰਜੇ ਬੋਲਿਆ, "ਚੱਲ, ਹੁੱਕਾ ਪੀਣ ਚੱਲਦੇ ਆਂ।"
"ਇਹ 'ਹੁੱਕਾ ਪੀਣ ਚੱਲਦੇ ਆਂ' ਦਾ ਕੀ ਮਤਲਬ ਹੋਇਆ ਭਰਾ? ਜੇ ਹੁੱਕਾ ਈ ਪੀਣਾ ਏਂ ਤਾਂ ਭਰੋ ਹੁੱਕਾ ਤੇ ਬੈਠ ਜਾਓ ਪੀਣ…"
"ਨਹੀਂ ਮੇਰੇ ਗੋਬਰ ਗਣੇਸ਼, ਅੱਜ ਤੈਨੂੰ ਦਿਖਾਂਦੇ ਆਂ ਬਈ ਰਾਤ ਦੇ ਬਾਰਾਂ ਵਜੇ ਵੀ ਜੱਦਾਹ ਵਿਚ ਆਦਮੀ ਤੇ ਔਰਤਾਂ ਇਕੱਠੇ ਬੈਠ ਕੇ ਹੁੱਕਾ ਕਿਵੇਂ ਪੀਂਦੇ ਆ।"
ਹਿੰਦੁਸਤਾਨੀ ਹੈਰਾਨ ! ਉਸਦੇ ਦੇਸ਼ ਵਿਚ ਹੁੱਕੇ ਦੀ ਕਦੀ, ਕਦਰ ਹੁੰਦੀ ਹੋਵੇਗੀ---ਜਦ ਰਾਜੇ ਮਹਾਰਾਜੇ ਹੁੰਦੇ ਸਨ ; ਅੱਜ ਤਾਂ ਹੁੱਕਾ ਪੱਛੜੇਪਨ ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ।
ਤੁਰ ਪਿਆ ਹਿੰਦੁਸਤਾਨੀ। ਜੀਵਨ 'ਚ ਪਹਿਲੀ ਵਾਰ 'ਸਮੂਹਿਕ-ਹੁੱਕਾ-ਪਾਨ' ਦੇਖਣ ਲਈ। ਖੁੱਲ੍ਹੀ ਛੱਤ ਹੇਠ, ਅਨੇਕਾਂ ਝਾੜੀਆਂ-ਬੂਝਿਆਂ ਵਿਚਕਾਰ, ਮੁਗ਼ਲੀਆ ਸ਼ਾਨੋ-ਸ਼ੌਕਤ ਦੇ ਹੁੱਕੇ : ਕਿਸੇ ਵਿਚ ਕਲਕੱਤੇ ਦਾ ਤੰਬਾਕੂ ਸੀ ਤਾਂ ਕਿਸੇ ਵਿਚ ਬਹਰੀਨ ਦਾ ; ਕੋਈ ਪਾਕਿਸਤਾਨ ਤੋਂ ਆਇਆ ਹੋਇਆ ਹੈ ਤੇ ਕੋਈ ਚੀਨ ਤੋਂ---ਜ਼ਿੰਦਗੀ ਵਿਚ ਪਹਿਲੀ ਵੇਰ ਸ਼ੀਸ਼ੇ ਦਾ ਬਣਿਆ ਹੁੱਕਾ ਦੇਖਿਆ। ਸਾਰਾ ਮਾਹੌਲ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਕੋਈ 'ਹੁੱਕਾ-ਉਤਸਵ' ਚੱਲ ਰਿਹਾ ਹੋਵੇ। ਮੱਠੀ-ਮੱਠੀ ਅੱਗ ਉੱਪਰ ਹੁੱਕੇ ਦਾ ਤੰਬਾਕੂ ਸੁਲਗ ਰਿਹਾ ਸੀ।
ਕੁਝ ਇਵੇਂ ਹੀ ਸੁਲਗ ਰਿਹਾ ਸੀ ਇਹ ਸਵਾਲ ਉਸਦੇ ਆਪਣੇ ਦੇਸ਼ ਵਿਚ। ਇਕ ਧਰਮ ਉਸਨੂੰ ਅੱਲ੍ਹਾ ਦਾ ਘਰ ਕਹਿ ਰਿਹਾ ਸੀ ਤੇ ਦੂਜਾ ਉਸਨੂੰ ਭਗਵਾਨ ਦਾ ਜਨਮ ਸਥਾਨ---ਤਾਂ ਵੀ ਤਾਂ ਭਗਵਾਨ ਦਾ ਘਰ ਹੀ ਹੋਇਆ। ਦੋਹੇਂ ਧਰਮ ਉਸਨੂੰ ਭਗਵਾਨ ਦਾ ਘਰ ਮੰਨ ਕੇ ਵੀ ਲੜੀ ਜਾ ਰਹੇ ਨੇ। ਕੀ ਅਜਿਹਾ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਦੋਹਾਂ ਧਰਮਾਂ ਦੇ ਲੋਕ ਇਕੋ ਜਗ੍ਹਾ ਰੱਬ ਦੀ ਬੰਦਗੀ ਕਰ ਲੈਣ ? ਇਸ ਵਿਚ ਏਨਾ ਉਤੇਜਿਤ ਹੋਣ ਵਾਲੀ ਕਿਹੜੀ ਗੱਲ ਹੈ ? ਕੁਰੁਕਸ਼ੇਤਰ ਵਰਗੀ ਸਥਿਤੀ ਬਣਾਈ ਬੈਠੇ ਨੇ ! ਕੋਈ ਕਿਸੇ ਲਈ ਇਕ ਇੰਚ ਜ਼ਮੀਨ ਛੱਡਣ ਲਈ ਤਿਆਰ ਨਹੀਂ। ਏਨੀ ਦੂਰ ਹਿੰਦੁਸਤਾਨ ਵਿਚ ਸੁਲਗ ਰਹੇ ਸਵਾਲ ਦਾ ਸੇਕ ਜੱਦਾਹ ਵਰਗੇ ਦੂਰ-ਦੁਰੇਡੇ ਦੇ ਸ਼ਹਿਰ ਵਿਚ ਵੀ ਮਹਿਸੂਸ ਕੀਤਾ ਜਾ ਸਕਦਾ ਸੀ।
ਤੇ ਫੇਰ ਉਸੇ ਗਰਮ ਹਵਾ ਦਾ ਇਕ ਤੇਜ ਭਭੂਕਾ, ਦਸੰਬਰ ਦੀ ਇਕ ਠਰੀ ਹੋਈ ਰਾਤ ਵਿਚ, ਉਸਨੇ ਮਹਿਸੂਸ ਕੀਤਾ। ਲਗਭਗ ਚਾਰ ਸੌ ਸਾਲ ਪੁਰਾਣਾ ਇਕ ਢਾਂਚਾ ਚਰਮਰਾਅ ਦੇ ਮਲਬੇ ਦਾ ਢੇਰ ਬਣ ਗਿਆ ਸੀ। ਹਿੰਦੁਸਤਾਨੀ ਪਹਿਲੀ ਵਾਰੀ ਡਰਿਆ। ਉਸਨੂੰ ਲੱਗਿਆ ਜਿਵੇਂ ਜੱਦਾਹ ਦੇ ਹਰ ਮੁਸਲਮਾਨ ਦੀਆਂ ਅੱਖਾਂ ਉਸੇ ਨੂੰ ਘੂਰ ਰਹੀਆਂ ਨੇ ਤੇ ਉਸੇ ਨੂੰ ਉਸ ਢਾਂਚੇ ਨੂੰ ਡੇਗਣ ਦਾ ਗੁਨਾਹਗਾਰ ਸਮਝਿਆ ਜਾ ਰਿਹਾ ਏ। ਪ੍ਰੇਸ਼ਾਨ ਤਾਂ ਸੰਜੇ ਵੀ ਸੀ। ਉਸਦਾ ਡਿਸ਼-ਐਨਟੀਨਾ ਤਾਂ ਦੁਬਈ, ਇੰਗਲੈਂਡ, ਪਾਕਿਸਤਾਨ, ਬੰਗਲਾ ਦੇਸ਼ ਤੇ ਭਾਰਤ ਵਿਚ ਬਲਦੇ ਹੋਏ ਮੰਦਰ ਵੀ ਵਿਖਾਅ ਰਿਹਾ ਸੀ। ਜੱਦਾਹ ਵਿਚ ਰਹਿ ਰਹੇ ਹਿੰਦੂਆਂ ਦੇ ਮਨਾਂ ਵਿਚ ਇਕ ਅਜੀਬ ਜਿਹੀ ਦਹਿਸ਼ਤ ਵਧਦੀ ਜਾ ਰਹੀ ਸੀ। ਸੰਜੇ ਦੇ ਪਿਤਾ ਨੇ ਵੰਡ ਦੇ ਭੋਗ, ਭੋਗੇ ਸਨ। ਉਸਨੂੰ ਆਪਣੇ ਪਿਤਾ ਦੀ ਆਖੀ ਹੋਈ ਇਕ ਇਕ ਗੱਲ ਚੇਤੇ ਆ ਰਹੀ ਸੀ।
ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਅੱਜ ਹਿੰਦੁਸਤਾਨੀ ਨੂੰ ਵੀ ਡਿਸ਼-ਐਨਟੀਨਾ 'ਸ਼ੈਤਾਨ ਦਾ ਅਵਤਾਰ' ਲੱਗ ਰਿਹਾ ਸੀ ਕਿਉਂਕਿ ਉਹ ਬਿਨਾਂ ਰੁਕੇ ਅਯੋਧਿਆ ਦੀਆਂ ਖ਼ਬਰਾਂ ਉਗਲ ਰਿਹਾ ਸੀ। ਕਈ ਹਿੰਦੂਆਂ ਦੇ ਇਕਾਮੇ ਰੱਦ ਕਰ ਦਿੱਤੇ ਗਏ। ਉਹਨਾਂ ਦੇ ਪਾਸਪੋਰਟ ਉੱਤੇ ਲਾਲ ਰੰਗ ਦੀ 'ਅਗਜ਼ਿਟ ਵੀਜ਼ਾ' ਦੀ ਮੋਹਰ ਲਾ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਣ ਲੱਗ ਪਿਆ। ਸੰਜੇ ਨੇ ਹਿੰਦੁਸਤਾਨੀ ਨੂੰ ਤਾੜਨਾ ਕੀਤੀ, "ਤੂੰ ਇਕੱਲਾ ਘਰੋਂ ਕਿਧਰੇ ਬਾਹਰ ਨਾ ਜਾਵੀਂ ਕਦੀ। ਕੁਝ ਦਿਨਾਂ ਲਈ ਸਾਡੇ ਘਰੇ ਈ ਰਹੁ। ਘਰੋਂ ਦਫ਼ਤਰ ਮੈਂ ਤੈਨੂੰ ਆਪ ਛੱਡ ਆਇਆ ਕਰਾਂਗਾ। ਬੰਨੇ ਮਲਿਕ ਦੇ ਇਲਾਕੇ ਵੱਲ ਤਾਂ ਭੁੱਲ ਕੇ ਵੀ ਨਾ ਜਾਵੀਂ।"
ਔਰਤਾਂ ਦੇ ਮੱਥੇ ਤੋਂ ਬਿੰਦੀਆਂ ਗ਼ਾਇਬ ਹੋਣ ਲੱਗੀਆਂ। ਇਹ ਬਿੰਦੀਆਂ ਹੀ ਤਾਂ ਉਹਨਾਂ ਨੂੰ ਹੋਰਨਾਂ ਨਾਲੋਂ ਵੱਖ ਕਰ ਦੇਂਦੀਆਂ ਸਨ…ਤੇ ਇਸੇ ਕਰਕੇ ਉਹਨਾਂ ਦੀ ਬੇਇੱਜ਼ਤੀ ਦਾ ਕਾਰਨ ਵੀ ਬਣ ਜਾਂਦੀਆਂ ਸਨ।
ਉਸ ਸ਼ਾਮ ਤਾਂ ਹਿੰਦੁਸਤਾਨੀ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਅਯੋਧਿਆ ਦੇ ਹਾਦਸੇ ਦਾ ਜ਼ਿੰਮੇਂਵਾਰ ਉਹ ਖ਼ੁਦ ਹੈ, ਸੰਜੇ ਹੈ, ਅਰਪਣਾ ਹੈ ਤੇ ਉਹਨਾਂ ਦੀ ਪੰਜ ਵਰ੍ਹਿਆਂ ਦੀ ਬੱਚੀ ਚਯਨਿਕਾ ਹੈ। ਚਯਨਿਕਾ ਦੇ ਸਕੂਲ ਵਿਚ ਉਸਦਾ ਬਾਈਕਾਟ ਕਰ ਦਿੱਤਾ ਗਿਆ ਸੀ। ਉਸਨੂੰ ਦੱਸਿਆ ਗਿਆ ਸੀ ਕਿ ਅਯੋਧਿਆ ਦੀ ਮਸਜਿਦ 'ਉਹਨਾਂ ਨੇ' ਤੋੜੀ ਹੈ, ਇਸ ਲਈ ਕਲਾਸ ਦੇ ਹੋਰ ਬੱਚੇ ਉਸ ਨਾਲ ਗੱਲ ਨਹੀਂ ਕਰਨਗੇ। ਰੋ-ਰੋ ਕੇ ਸੁਜਾਈਆਂ ਅੱਖਾਂ ਵਾਲੀ ਚਯਨਿਕਾ ਨੇ ਸ਼ਾਮ ਨੂੰ ਸੰਜੇ ਨੂੰ ਪੁੱਛ ਹੀ ਲਿਆ ਸੀ, "ਪਾਪਾ, ਤੁਸੀਂ ਮਸਜਿਦ ਕਿਉਂ ਤੋੜੀ? ਕਲਾਸ ਵਿਚ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ।" ਹਿੰਦੁਸਤਾਨੀ ਨੂੰ ਲੱਗਿਆ ਜਿਵੇਂ ਉਸਦੇ ਸਰੀਰ ਦਾ ਇਕ ਇਕ ਅੰਗ ਚਰਰ-ਚਰੜ ਕਰਦਾ ਮਲਬੇ ਦੇ ਢੇਰ ਵਿਚ ਬਦਲਦਾ ਜਾ ਰਿਹਾ ਸੀ।
ਗਰਮੀ ਅਜੇ ਵੀ ਨਹੀਂ ਸੀ ਗਈ ਪਰ ਮਾਹੌਲ ਵਿਚ ਥੋੜ੍ਹਾ ਫ਼ਰਕ ਆ ਗਿਆ ਸੀ। ਹਿੰਦੁਸਤਾਨੀ ਦਾ ਦਮ ਘੁਟ ਰਿਹਾ ਸੀ। ਉਸਨੂੰ ਵੀ ਤਾਂ ਤਾਜ਼ੀ ਹਵਾ ਦੀ ਲੋੜ ਸੀ। ਇਕ ਦਿਨ ਸ਼ਾਮ ਨੂੰ ਦਫ਼ਤਰੋਂ ਨਿਕਲ ਕੇ ਸਿੱਧਾ ਕਾਰਬਿਸ਼ ਵੱਲ ਤੁਰ ਪਿਆ। ਪਾਰਕਿੰਗ ਲਾਟ ਵਿਚ ਗੱਡੀ ਖੜ੍ਹੀ ਸੀ। ਉਸਨੇ ਅਜੇ ਥੋੜ੍ਹੀ ਕੁ ਖ਼ਰੀਦਦਾਰੀ ਹੀ ਕੀਤੀ ਸੀ ਕਿ ਮਗ਼ਰਿਬ ਦੀ ਆਜ਼ਾਨ ਹੋ ਗਈ। ਹਿੰਦੁਸਤਾਨੀ ਨੇ ਸੋਚਿਆ, ਚਲੋ ਇਹ ਸਾਮਾਨ ਜਾ ਕੇ ਗੱਡੀ ਵਿਚ ਰੱਖ ਆਉਂਦੇ ਹਾਂ, ਬਾਕੀ ਖ਼ਰੀਦਦਾਰੀ ਨਮਾਜ਼ ਪਿੱਛੋਂ ਕਰ ਲਵਾਂਗੇ। ਉਸਨੇ ਸਾਮਾਨ ਲਿਜਾਅ ਕੇ ਗੱਡੀ ਦੀ ਡਿੱਕੀ ਵਿਚ ਰੱਖ ਦਿੱਤਾ…ਤੇ ਵਾਪਸ ਸੂਖ਼ ਵੱਲ ਤੁਰ ਪਿਆ। ਲਾਊਡ ਸਪੀਕਰ ਵਿਚੋਂ ਅਰਬੀ ਵਿਚ ਕੁਰਾਨ ਦੀਆਂ ਆਇਤਾਂ ਸੁਣਾਈ ਦੇ ਰਹੀਆਂ ਸਨ।
ਹਿੰਦੁਸਤਾਨੀ ਅਜੇ ਕੁਝ ਦੂਰ ਹੀ ਗਿਆ ਸੀ ਕਿ ਧਾਰਮਿਕ ਪੁਲਿਸ ਦਾ ਇਕ ਮੁਤੱਵਾ ਉਸਦੇ ਕੋਲ ਆਇਆ ਤੇ ਕਰੜੀ ਆਵਾਜ਼ ਵਿਚ ਉਸ ਦਾ ਇਕਾਮਾ ਮੰਗਿਆ। ਹਿੰਦੁਸਤਾਨੀ ਪੂਰੀ ਤਰ੍ਹਾਂ ਘਬਰਾ ਗਿਆ ਸੀ। ਉਸਨੇ ਜੇਬ ਵਿਚੋਂ ਆਪਣਾ ਇਕਾਮਾ ਕੱਢਿਆ ਤੇ ਮੁਤੱਵੇ ਦੇ ਹਵਾਲੇ ਕਰ ਦਿੱਤਾ। ਇਕਾਮੇ ਦਾ ਰੰਗ ਦੇਖਦਿਆਂ ਹੀ ਮੁਤੱਵੇ ਦੇ ਚਿਹਰੇ ਦਾ ਰੰਗ ਬਦਲ ਗਿਆ ਤੇ ਨਾਲ ਹੀ ਹਿੰਦੁਸਤਾਨੀ ਦਾ ਚਿਹਰਾ ਪੀਲਾ ਪੈ ਗਿਆ। ਮੁਤੱਵਾ ਨੇ ਉਸਨੂੰ ਪੁਲਿਸ ਦੀ ਗੱਡੀ ਵਿਚ ਬੈਠਣ ਲਈ ਕਿਹਾ। ਹਿੰਦੁਸਤਾਨੀ ਉਸਨੂੰ ਸਮਝਾਉਂਦਾ ਰਿਹਾ ਕਿ ਉਸਦੀ ਕਾਰ ਪਾਰਕਿੰਗ ਲਾਟ ਵਿਚ ਖੜ੍ਹੀ ਹੈ ਤੇ ਉਸ ਵਿਚ ਉਸਦਾ ਸਾਮਾਨ ਪਿਆ ਹੋਇਆ ਹੈ। ਉਹ ਆਪਣਾ ਡਰਾਈਵਿੰਗ ਲਾਇਸੈਂਸ ਤੇ ਕਾਰ ਦੀ ਚਾਬੀ ਦਿਖਾਅ-ਦਿਖਾਅ ਕੇ ਸਮਝਾ ਰਿਹਾ ਸੀ ਕਿ ਉਸਨੂੰ ਕਾਰ ਤੀਕ ਜਾਣ ਦਿੱਤਾ ਜਾਏ। ਪਰ ਉਸਦੇ ਇਕਾਮੇ ਰੰਗ ਹਰਾ ਨਹੀਂ ਸੀ। ਜਾਂ ਫੇਰ ਸਾਰਾ ਜੱਦਾਹ ਹੀ ਬੰਨੇ ਮਲਿਕ ਬਣ ਗਿਆ ਸੀ। ਕਿਸੇ ਨੂੰ ਕਿਤੋਂ ਵੀ ਧਾਰਮਿਕ ਪੁਲਿਸ ਗ੍ਰਿਫ਼ਤਾਰ ਕਰ ਸਕਦੀ ਸੀ।
ਹਿੰਦੁਸਤਾਨੀ ਦੀ ਕਾਰ ਪਾਰਕਿੰਗ ਲਾਟ ਵਿਚ ਖੜ੍ਹੀ ਰਹੀ। ਕਾਰ ਵਿਚ ਸਾਮਾਨ ਪਿਆ ਹੋਇਆ ਸੀ। ਸਾਮਾਨ ਉਸਦੇ ਘਰ ਵਿਚ ਵੀ ਪਿਆ ਸੀ---ਸਾਮਾਨ, ਜਿਹੜਾ ਉਸਨੇ ਢਿੱਡ ਨੂੰ ਗੰਢ ਮਾਰ ਕੇ, ਪੈਸੇ ਜੋੜ-ਜੋੜ ਖ਼ਰੀਦਿਆ ਸੀ। ਅੱਜ ਉਹ ਉਸੇ 'ਡਿਪੋਟਰੀ-ਕੈਂਪ' ਵਿਚ ਖੜ੍ਹਾ ਸੀ ਜਿਸਨੂੰ ਬਾਹਰੋਂ ਦੇਖ ਕੇ ਹੀ ਉਸਨੂੰ ਧੁੜਧੁੜੀ ਆ ਜਾਂਦੀ ਹੁੰਦੀ ਸੀ। ਸੰਜੇ ਤੇ ਅਰਪਣਾ ਪ੍ਰੇਸ਼ਾਨ ਸਨ। ਦੋਹੇਂ ਹਿੰਦੁਸਤਾਨੀ ਨੂੰ ਲੱਭਦੇ ਫਿਰ ਰਹੇ ਸਨ। ਆਖ਼ਰ ਗਿਆ ਕਿੱਥੇ ਹੋਇਆ? ਹਿੰਦੁਸਤਾਨੀ ਦੇ ਦਫ਼ਤਰ ਫ਼ੋਨ ਕੀਤਾ ਗਿਆ। ਸਾਰੇ ਦੋਸਤਾਂ ਤੋਂ ਪੁੱਛਿਆ ਗਿਆ। ਹਸਪਤਾਲ ਵਿਚ ਪੁੱਛ-ਪੜਤਾਲ ਕੀਤੀ ਗਈ---ਪਰ ਹਿੰਦੁਸਤਾਨੀ ਦਾ ਕੋਈ ਥਹੁ-ਪਤਾ ਨਾ ਲੱਗਿਆ।
ਤਿੰਨ-ਚਾਰ ਦਿਨ ਬਾਅਦ ਹਿੰਦੁਸਤਾਨੀ ਨੂੰ ਇਕ ਫ਼ਲਾਈਟ ਵਿਚ ਚੜ੍ਹਾ ਦਿੱਤਾ ਗਿਆ। ਉਸਦੇ ਪਾਸਪੋਰਟ ਉੱਤੇ 'ਐਗ਼ਜ਼ਿਟ' ਦੀ ਲਾਲ ਮੋਹਰ ਲਾ ਦਿੱਤੀ ਗਈ ਯਾਨੀਕਿ ਹੁਣ ਉਹ ਕਦੀ ਜੱਦਾਹ ਵਾਪਸ ਨਹੀਂ ਆ ਸਕਦਾ ਸੀ। ਜਹਾਜ਼ ਵਿਚ ਹੋਰ ਵੀ ਬਹੁਤ ਸਾਰੇ ਲੋਕ ਸਨ ਜਿਹਨਾਂ ਨੂੰ ਉਸੇ ਵਾਂਗ 'ਐਗ਼ਜ਼ਿਟ' ਕਰ ਦਿੱਤਾ ਗਿਆ ਸੀ। ਸਾਰਿਆਂ ਦੇ ਚਿਹਰੇ ਉੱਤੇ ਇਕੋ ਜਿਹੇ ਭਾਵ ਸਨ।

ਆਪਣੇ ਦੇਸ਼ ਵਾਪਸ ਪਹੁੰਚ ਕੇ ਹਿੰਦੁਸਤਾਨੀ ਦੇ ਮਨ ਵਿਚ ਇਕ ਇੱਛਾ ਜਾਗੀ---'ਚਲੋ ਉਹ ਜਗ੍ਹਾ ਤਾਂ ਦੇਖ ਆਈਏ ਜੀਹਨੇ ਜੀਵਨ ਚੌਪਟ ਕਰ ਦਿੱਤਾ ਏ।' ਪਿਤਾ ਦੇ ਚਿਹਰੇ ਉੱਤੇ ਜਿਹੜੇ ਭਾਵ ਸਨ, ਉਹਨਾਂ ਵਿਚ ਸਾਫ ਪੜ੍ਹਿਆ ਜਾ ਸਕਦਾ ਸੀ ਕਿ 'ਮੈਂ ਨਹੀਂ ਸੀ ਕਹਿੰਦਾ, ਤੇਰੇ ਤਰੀਕੇ ਗ਼ਲਤ ਨੇ। ਤੂੰ ਕਦੀ ਸਫਲ ਨਹੀਂ ਹੋ ਸਕਦਾ…'।
ਹਿੰਦੁਸਤਾਨੀ ਅਯੋਧਿਆ ਵੱਲ ਚੱਲ ਪਿਆ। ਗੱਡੀ ਵਿਚ ਹੀ ਉਸਨੂੰ ਕੁਝ ਰਾਜਨੀਤਕ ਨੇਤਾਜੀ ਮਿਲ ਗਏ। ਕਿਸੇ ਨੇ ਉਸਦਾ ਨਾਂਅ ਪੁੱਛਿਆ। ਉਸਨੇ ਆਪਣੇ ਪੁਰਾਣੇ ਅੰਦਾਜ਼ ਵਿਚ ਜਵਾਬ ਦਿੱਤਾ, "ਆਈ.ਐੱਮ. ਹਿੰਦੁਸਤਾਨੀ।" ਉਹ ਦੀਆਂ ਵਾਛਾਂ ਖਿੜ ਗਈਆਂ, ਸਾਹਿਬੋ, ਅਸੀਂ ਇਹੋ ਤਾਂ ਕਹਿੰਦੇ ਹਾਂ…ਅਸੀਂ ਪਹਿਲਾਂ ਹਿੰਦੂ ਵਾਂ, ਹਿੰਦੁਸਤਾਨੀ। ਪਿੱਛੋਂ ਕੁਛ ਹੋਰ। ਭਾਰਤੀ ਤਾਂ ਸਾਨੂੰ ਕਈ ਮਿਲੇ, ਪਰ ਹਿੰਦੁਸਤਾਨੀ ਤੁਸੀਂ ਪਹਿਲੇ ਮਿਲੇ ਓ ਜੀ। ਸਾਡੀ ਸਭਿਅਤਾ, ਸਾਡਾ ਕਲਚਰ, ਸਾਡਾ ਇਤਿਹਾਸ…" ਹਿੰਦੁਸਤਾਨੀ ਨੂੰ ਚੱਕਰ ਆ ਗਿਆ, ਅੱਖਾਂ ਸਾਹਮਣੇ ਹਨੇਰਾ ਛਾ ਗਿਆ---ਅੱਜ ਇਕ ਵਾਰੀ ਫੇਰੇ ਉਸਨੂੰ ਆਪਣੇ ਨਾਂਅ ਵਿਚੋਂ, ਸੰਪਰਦਾਇਕਤਾ ਦੀ ਬੋ ਆਉਂਦੀ ਮਹਿਸੂਸ ਹੋਈ।
ਅਯੋਧਿਆ ਦੇ ਉਸ ਖੰਡਰ ਸਾਹਮਣੇ ਖੜ੍ਹਾ ਸੀ ਹਿੰਦੁਸਤਾਨੀ। ਉਸਦੀ ਨੌਕਰੀ ਦੀ ਨੀਂਹ, ਇਸ ਪੁਰਾਣੀ ਬਿਲਡਿੰਗ ਨਾਲੋਂ ਕਿਤੇ ਵੱਧ ਕਮਜ਼ੋਰ ਸੀ। ਇਕੋ ਝਟਕੇ ਵਿਚ ਉਸਦੀ ਨੌਕਰੀ ਹਵਾ ਵਿਚ ਉੱਡ-ਪੁੱਡ ਗਈ ਸੀ। ਸਾਰੇ ਮਾਹੌਲ ਨੂੰ ਦੇਖ ਕੇ ਹਿੰਦੁਸਤਾਨੀ ਨੂੰ ਮਹਿਸੂਸ ਹੋਇਆ ਕਿ ਸਿਰਫ ਇਕ ਢਾਂਚਾ ਨਹੀਂ ਚਰਮਰਾਇਆ, ਬਲਿਕੇ ਉਸ ਨਾਲ ਹੋਰ ਵੀ ਬਹੁਤ ਕੁਝ ਚਰਮਰਾਅ ਗਿਆ ਹੈ : ਲੋਕਾਂ ਦਾ ਵਿਸ਼ਵਾਸ, ਪਿਆਰ, ਭਾਈਚਾਰਾ, ਸਮਾਜ ਦੀ ਨੀਂਹ, ਸਭ ਚਰਮਰਾਅ ਗਿਆ ਹੈ।
ਹਿੰਦੁਸਤਾਨੀ ਅੱਖਾਂ ਵਿਚ ਸਾਰੀ ਚਰਮਰਾਹਟ ਭਰ ਕੇ ਵਾਪਸ ਤੁਰ ਪਿਆ। ਯਕਦਮ ਰੌਲਾ ਪੈਣ ਲੱਗਾ---"ਬੰਬਈ ਵਿਚ ਬੰਬ ਧਮਾਕੇ ਹੋ ਗਏ ਨੇ, ਸੈਂਕੜੇ ਲੋਕ ਮਾਰੇ ਗਏ ਨੇ।"
ਹਿੰਦੁਸਤਾਨੀ ਨੇ ਅਸਮਾਨ ਵੱਲ ਦੇਖਿਆ ਤੇ ਉਸਦੇ ਮੂੰਹੋਂ ਨਿਕਲਿਆ, "ਇਹ ਕੀ ਹੋ ਰਿਹਾ ਏ ਰੱਬਾ?" ਉਸਦੇ ਸਰੀਰ ਨੇ ਝੁਰਝੁਰੀ ਜਿਹੀ ਲਈ---ਇਹ ਉਸਦੇ ਮੂੰਹੋਂ ਕੀ ਨਿਕਲ ਗਿਆ ਸੀ?

No comments:

Post a Comment