Monday, June 8, 2009

ਗੇ... :: ਲੇਖਕ : ਅਲੀ ਅਮਾਮ ਨਕਵੀ

ਉਰਦੂ ਕਹਾਣੀ : ਗੇ... :: ਲੇਖਕ : ਅਲੀ ਅਮਾਮ ਨਕਵੀ
ਅਨੁਵਾਦ : ਮਹਿੰਦਰ ਬੇਦੀ ਜੈਤੋ Í ਮੁਬਾਇਲ : 94177-30600.


ਇਹ ਸਾਡੇ ਪੁੱਤਰ ਦਾ ਜਵਾਬ ਨਹੀਂ, ਕੋਈ ਬੱਦਲ ਪਾਟਿਆ ਸੀ…! ਸਾਡੇ ਦਿਲਾਂ ਉੱਤੇ ਭਿਆਨਕ ਬਿਜਲੀ ਡਿੱਗੀ ਸੀ…! ਜ਼ਿੰਦਗੀ ਵਿਚ ਕਈ ਵਾਰੀ ਉਸਨੂੰ ਚਮਕਦਿਆਂ-ਕੜਕਦਿਆਂ ਵੇਖਿਆ ਸੀ, ਪਰ ਸਵਾਲੀਆ ਨਿਸ਼ਾਨ ਬਣ ਕੇ ਅੱਜ ਪਹਿਲੀ ਵਾਰੀ ਉਹ ਸਾਡੇ ਸਾਹਮਣੇ ਆਈ ਹੈ। ਬਿਜਲੀ ਡਿੱਗੀ ਹੈ, ਬਾਹਰੋਂ ਵੇਖਣ ਨੂੰ ਕੋਈ ਨੁਕਸਾਨ ਵੀ ਨਹੀਂ ਹੋਇਆ…ਪਰ, ਇਸ ਦਾ ਸ਼ੰਕਾ ਜ਼ਰੂਰ ਹੈ, ਉਂਜ ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਡੇ ਵਿਚੋਂ ਕੋਈ ਵੀ ਪ੍ਰਭਾਵਿਤ ਨਾ ਹੋਵੇ।

ਅਸੀਂ ਹਾਂ ਵੀ ਕਿੰਨੇ ਕੁ ਜੀਅ ?...ਮੈਂ ਹਾਂ, ਇਹ ਹੈ, ਸਾਡਾ ਬੇਟਾ ਤੇ ਬਹੂ ਨੇ। ਮੈਂ ਸ਼ੈਸ਼ਨ ਕੋਰਟ ਵਿਚ ਜੱਜ ਹਾਂ ਤੇ ਮੇਰੀ ਸ਼੍ਰੀਮਤੀ ਫੈਮਿਲੀ ਕੋਰਟ ਦੀ ਇਨਸਾਫ਼ ਦੀ ਕੁਰਸੀ ਉੱਤੇ ਬੈਠਦੀ ਹੈ। ਉਹਨਾਂ ਦੀ ਅਦਾਲਤ ਵਿਚ ਇਸੇ ਕਿਸਮ ਦੇ ਮੁਕੱਦਮੇਂ ਆਉਂਦੇ ਨੇ। ਕੋਈ ਕੇਸ ਵਧੇਰੇ ਹੀ ਉਲਝ ਜਾਵੇ ਤਾਂ ਮੇਰੀ ਅਦਾਲਤ ਤੀਕ ਆਣ ਪਹੁੰਚਦਾ ਹੈ, ਪਰ ਏਥੇ ਤਾਂ ਕੋਈ ਅਦਾਲਤ ਨਹੀਂ। ਮਾਂ, ਬਾਪ, ਬੇਟਾ ਤੇ ਬਹੂ…ਜੋ ਕੁਝ ਵੀ ਮੇਰੇ ਸਾਹਮਣੇ ਆਇਆ, ਮੇਰੀ ਪਤਨੀ ਯਾਨੀ ਫੈਮਿਲੀ ਕੋਰਟ ਦੀ ਜੱਜ ਨੇ ਬਿਆਨ ਕੀਤਾ। ਸਾਰੀਆਂ ਗੱਲਾਂ ਸੁਣ ਕੇ ਮੈਂ ਚੁੱਪ ਜਿਹਾ ਹੋ ਗਿਆ ਤੇ ਉਹ ਵੀ ਬਹੁਤਾ ਨਹੀਂ ਬੋਲੀ। ਬਸ, ਸਾਡੀਆਂ ਅੱਖਾਂ ਤੇ ਉਂਗਲੀਆਂ ਬੋਲਣ ਲੱਗ ਪਈਆਂ। ਦਿਲ-ਦਿਮਾਗ਼ ਕਾਨੂੰਨ ਤੇ ਸਮਾਜੀ ਨੁਕਤਿਆਂ ਦੀ ਵਾਦੀ ਵਿਚ ਭਟਕਣ ਲੱਗੇ ਤੇ ਘਰ ਵਿਚ ਚੁੱਪ ਨੇ ਪੈਰ ਪਸਾਰ ਲਏ।

ਉਂਜ ਵੀ ਅਸੀਂ ਦੋਵੇਂ ਗੱਲਾਂ ਬੜੀਆਂ ਘੱਟ ਕਰਦੇ ਹਾਂ। ਪਿਛਲੇ ਦਿਨੀਂ ਸਾਡੇ ਵਿਚਕਾਰ ਜ਼ਿਆਦਾ ਗੱਲਬਾਤ ਉਦੋਂ ਹੋਈ ਸੀ, ਜਦੋਂ ਸ਼ਾਹਬਾਨੋ ਦਾ ਮੁਕੱਦਮਾ ਅਦਾਲਤ ਵਿਚ ਘੱਟ ਤੇ ਕੋਰਟ-ਰੂਮ ਦੇ ਬਾਹਰ ਕੁਝ ਵਧੇਰੇ ਹੀ ਬੋਲਣ ਲੱਗ ਪਿਆ ਸੀ। ਬੈਡ-ਰੂਮ ਵਿਚ ਵੀ ਇਸ ਕੇਸ ਜਾਂ ਇਸ ਕੇਸ ਨਾਲ ਰਲਦੇ-ਮਿਲਦੇ ਮੁਕੱਦਮਿਆਂ ਦੀਆਂ ਖ਼ਬਰਾਂ ਹੀ ਸਾਡੀ ਗੱਲਬਾਤ ਦਾ ਸਬੱਬ ਬਣਦੀਆਂ ਸਨ…ਤੇ ਇਸ ਮੁਕੱਦਮੇ ਨੇ ਵੀ ਸਾਨੂੰ ਗੱਲਬਾਤ ਕਰਨ ਉੱਤੇ ਮਜ਼ਬੂਰ ਕਰ ਦਿੱਤਾ ਹੈ। ਅੱਜ ਉਹ ਨੂੰ ਪਿੱਕਅੱਪ ਕਰਨ, ਫੈਮਿਲੀ ਕੋਰਟ ਪਹੁੰਚਿਆ ਤਾਂ ਮੇਰੇ ਬਰਾਬਰ ਬੈਠਦਿਆਂ ਹੀ ਉਹ ਨੇ ਪੁੱਛਿਆ :

"ਕੀ ਸੋਚਿਆ ਫੇਰ ?"

"ਇਸ ਦਾ ਕੋਈ ਥਹੂ-ਸਿਰਾ ਨਹੀਂ ਮਿਲ ਰਿਹਾ ਕਿਤੇ।"

"ਫੇਰ ਕੀ ਹੋਏਗਾ ?"

"ਤੁਸੀਂ ਆਪਣੀ ਕੰਮਵਾਲੀ ਨੂੰ ਟੋਹ ਕੇ ਦੇਖੋ, ਘਰ ਦੇ ਭੇਤ ਇਹਨਾਂ ਲੋਕਾਂ ਤੋਂ ਵੀ ਪਤਾ ਕੀਤੇ ਜਾ ਸਕਦੇ ਨੇ।"

"ਠੀਕ ਕਹਿ ਰਹੇ ਓ…ਪਰ, ਇਹ ਭੇਦ ਘਰ ਦਾ ਨਹੀਂ, ਬੈਡ-ਰੂਮ ਦਾ ਏ।"

"ਜਾਣਦਾ ਆਂ, ਪਰ ਚੇਤੇ ਰਹੇ, ਘਰ ਸਾਡਾ ਏ ਤੇ ਬੈਡ-ਰੂਮ ਸਾਡੇ ਬੇਟੇ ਦਾ…ਤੇ ਕਥਿੱਤ ਦੋਸ਼ੀ ਉਸ ਦੀ ਵਾਈਫ਼।"

"ਜਾਣਦੀ ਆਂ, ਤੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਪਹਿਲੀ ਤਾਰੀਖ਼ ਉੱਤੇ ਪੇਸ਼ ਹੋਣ ਵਾਲੇ ਮੁਲਜ਼ਮ ਬਾਅਦ ਵਿਚ ਬੇਗੁਨਾਹ ਵੀ ਸਾਬਤ ਹੋ ਜਾਂਦੇ ਨੇ।"

"ਠੀਕ ਕਹਿ ਰਹੇ ਓ…।"

"ਅਸੀਂ ਬੜੇ ਖ਼ਤਰਨਾਕ ਮੋੜ ਉੱਪਰ ਆ ਗਏ ਆਂ…ਮੁਦਈ ਸਾਡਾ ਸਪੂਤ ਏ।"

"ਅੱਜ ਮੈਂ ਵੀ ਇਸ ਪੱਖ ਉੱਤੇ ਗੌਰ ਕੀਤਾ ਸੀ…ਪਲ-ਛਿਣ ਲਈ ਇਹ ਖ਼ਿਆਲ ਦਿਮਾਗ਼ ਵਿਚ ਆਇਆ, ਸਮੀਰ ਨੂੰ ਕਹਾਂ, ਇਸ ਪ੍ਰਾਬਲਮ ਨੂੰ ਫੈਮਿਲੀ ਕੋਰਟ ਵਿਚ ਲੈ ਜਾਏ, ਪਰ ਇਸ ਖ਼ਿਆਲ ਦੇ ਆਉਂਦਿਆਂ ਹੀ ਛੇਵੀਂ ਗਿਆਨ ਇੰਦਰੀ ਨੇ ਖ਼ਤਰੇ ਦੀ ਘੰਟੀ ਵਜਾਅ ਦਿੱਤੀ…।"

"ਫੇਰ ਕੀ ਕੀਤਾ ਜਾਏ ?"

"ਕਰਨ ਦਾ ਅਤੀਤ…?"

"ਕਲੀਨ ਏ, ਬਿਲਕੁਲ ਕਲੀਨ। ਇਸ ਦੀ ਗਵਾਹ ਖ਼ੁਦ ਮੈਂ ਆਂ ਤੇ ਇਹ ਨਾ ਭੁੱਲੋ ਕਿ ਕਰਨ ਮੇਰੀ ਪਸੰਦ ਤੇ ਮੇਰੀ ਹੀ ਸਹੇੜ ਵੀ ਏ।"

"ਏਸ ਮਸਲੇ 'ਤੇ ਉਸ ਨਾਲ ਗੱਲ ਕੀਤੀ ?"

"ਤੁਹਾਨੂੰ ਇਹ ਦੱਸਣ ਦੀ ਲੋੜ ਏ ਕਿ ਸ਼ੀਸ਼ੇ ਵਿਚ ਤਰੇੜ ਪੈ ਜਾਏਗੀ…"

"ਤੇ ਕੀ ਤੁਹਾਨੂੰ ਇਹ ਦੱਸਣਾ ਜ਼ਰੂਰੀ ਏ ਕਿ ਤਰੇੜ ਤਾਂ ਪੈ ਈ ਚੁੱਕੀ ਏ…"

"ਮੈਂ ਪਹਿਲਾਂ ਵੀ ਕਹਿ ਚੁੱਕੀ ਆਂ, ਮਿਸਟਰ ਕੰਟਰਾਕਟਰ…" ਮਿਸੇਜ ਕੰਟਰਾਕਟਰ ਨੇ ਮੈਨੂੰ ਮਿਸਟਰ ਕੰਟਾਰਕਟਰ ਕਹਿ ਕੇ ਸੰਬੋਧਤ ਕੀਤਾ। ਕਾਸਮੋ ਪੋਲਿਟਨ ਸਿਟੀ ਵਿਚ ਪਲ਼-ਪੜ੍ਹ ਕੇ ਜਵਾਨ ਹੋਣ ਵਾਲੇ ਅਸੀਂ ਦੋਵੇਂ ਪੁਰਾਣੇ ਵਿਚਾਰਾਂ ਵਿਚ ਰਹਿ ਕੇ ਵੀ ਪੁਰਾਣੇ ਵਿਚਾਰਾਂ ਦੇ ਨਾ ਹੋਣ ਦੇ ਬਾਵਜੂਦ ਏਨੇ ਨਵੇਂ ਵੀ ਨਹੀਂ ਸਾਂ ਕਿ ਇਕ ਦੂਜੇ ਦਾ ਨਾਂ ਲੈ ਕੇ ਬੁਲਾਈਏ। ਜ਼ਿੰਦਗੀ ਵਿਚ ਪਹਿਲੀ ਵੇਰ ਉਹਨਾਂ ਮੈਨੂੰ ਨਾਂ ਲੈ ਕੇ ਬੁਲਾਇਆ ਸੀ…ਪਤਾ ਨਹੀਂ ਕਿਉਂ ਚੰਗਾ ਨਾ ਲੱਗਣ ਦੇ ਬਾਵਜੂਦ, ਉਹਨਾਂ ਦੇ ਇਸ ਗੱਲ ਕਰਨ ਦੇ ਢੰਗ ਦਾ ਬੁਰਾ ਨਹੀਂ ਸੀ ਮੰਨਿਆਂ ਮੈਂ। ਕੁਝ ਚਿਰ ਚੋਰ ਅੱਖਾਂ ਨਾਲ ਦੇਖਦੇ ਰਹਿ ਕੇ, ਉਹਨਾਂ ਕੁਝ ਇਸ ਤਰ੍ਹਾਂ ਪਾਸਾ ਬਦਲਿਆ ਕਿ ਉਹਨਾਂ ਦਾ ਚਿਹਰਾ ਖੱਬੇ ਪਾਸੇ ਵੱਲ ਭੌਂ ਗਿਆ। ਘਰ ਪਹੁੰਚ ਕੇ ਫਰੈਸ਼ ਹੋਣ ਪਿੱਛੋਂ ਜਦੋਂ ਅਸੀਂ ਸੋਫੇ 'ਤੇ ਬੈਠੇ ਤੇ ਰੋਜ਼ ਵਾਂਗ ਚਾਹ ਲੈ ਕੇ ਕਰਨ ਸਾਡੇ ਕੋਲ ਆਈ ਤਾਂ ਮਹਿਸੂਸ ਹੋਇਆ ਘਰ ਵਿਚ ਵਾਪਰੀ ਰਹਿਣ ਵਾਲੀ ਚੁੱਪ ਕੁਝ ਵਧੇਰੇ ਹੀ ਗੂੜ੍ਹੀ ਹੋ ਚੁੱਕੀ ਹੈ। ਚਾਹ ਪੀਣ ਦੇ ਇਰਾਦੇ ਨਾਲ ਸੋਫੇ ਉੱਤੇ ਜ਼ਰਾ ਨਿੱਠ ਕੇ ਬੈਠਦਿਆਂ ਮੈਂ ਚੋਰ ਅੱਖ ਨਾਲ ਕਰਨ ਦਾ ਸਿਰ ਤੋਂ ਪੈਰਾਂ ਤੀਕ ਜਾਇਜ਼ਾ ਲਿਆ, ਤੇ ਜਦੋਂ, ਮੇਰੀਆਂ ਨਜ਼ਰਾਂ ਉਸਦੇ ਚਿਹਰੇ 'ਤੇ ਪਈਆਂ ਤਾਂ ਦੇਖਿਆ ਕਿ ਖ਼ੁਦ ਉਹ ਵੀ ਮੈਨੂੰ ਤੇ ਇਹਨਾਂ ਨੂੰ ਉਹਨਾਂ ਨਿਗਾਹਾਂ ਨਾਲ ਹੀ ਵੇਖ ਰਹੀ ਹੈ। ਉਹਨਾਂ ਨੇ ਕੋਲ ਪਏ ਸੋਫੇ ਵੱਲ ਅੱਖ ਦਾ ਇਸ਼ਾਰਾ ਕਰਦਿਆਂ ਹੋਇਆਂ ਕਰਨ ਨੂੰ ਬੈਠ ਜਾਣ ਲਈ ਕਿਹਾ ਤਾਂ ਉਹ ਚੁੱਪਚਾਪ ਬੈਠ ਗਈ ਤੇ ਚਾਹ ਦੀ ਪਹਿਲੀ ਘੁੱਟ ਭਰਨ ਤੋਂ ਬਾਅਦ ਉਹਨਾਂ ਕਰਨ ਨੂੰ ਕਿਹਾ :

"ਕੱਲ੍ਹ ਸ਼ਾਮੀਂ ਪੰਜ ਵਜੇ ਡਾਕਟਰ ਈਰਾਨੀ ਦੀ ਡਿਸਪੈਂਸਰੀ ਚੱਲਣਾ ਏਂ।"

ਮੈਂ ਦੇਖਿਆ ਕਰਨ ਨੇ ਝੁਕਿਆ ਹੋਇਆ ਸਿਰ ਚੁੱਕ ਕੇ ਆਪਦੀ ਸੱਸ ਵੱਲ ਦੇਖਿਆ ਤੇ ਫੇਰ ਪਲਕਾਂ ਝੁਕਾਅ ਲਈਆਂ…ਕਰਨ ਦੀਆਂ ਕਿਤਾਬੀ ਅੱਖਾਂ ਵਿਚ ਇਕ ਵਾਰੀ ਉਸਦੀਆਂ ਪੁਤਲੀਆਂ ਹੀ ਕੰਬੀਆਂ ਸਨ। ਪਰ ਪਲ ਭਰ ਵਿਚ ਸਵਾਲਾਂ ਤੇ ਸ਼ੰਕਿਆਂ ਦੇ ਪ੍ਰਛਾਵਿਆਂ ਨੂੰ ਇੱਧਰੋਂ-ਉਧਰ ਤੇ ਉਧਰੋਂ-ਇੱਧਰ ਜਾਂਦਿਆਂ-ਆਉਂਦਿਆਂ ਵੇਖਣ ਪਿੱਛੋਂ ਮੇਰੀਆਂ ਨਜ਼ਰਾਂ ਉਸਦੇ ਚਿਹਰੇ ਉੱਤੇ ਅਟਕ ਗਈਆਂ ਸਨ।
***
ਤਸਵੀਰਾਂ ਦੇਖਣ ਪਿੱਛੋਂ ਮੇਰੀਆਂ ਨਜ਼ਰਾਂ ਸੋਨੋਗ੍ਰਾਫ਼ੀ ਰਿਪੋਰਟ 'ਤੇ ਪਈਆਂ। ਸਾਫ ਸ਼ਬਦਾਂ ਵਿਚ ਸਿਰਫ ਦੋ ਸੱਤਰਾਂ ਦੀ ਰਿਪੋਰਟ ਸੀ :

'ਬਾਟ ਦਿਨ, ਉਨੀਂ ਘੰਟੇ, ਚੌਂਤੀ ਮਿੰਟ ਤੇ ਪੰਜਾਹ ਸੈਕਿੰਟ। ਤੁਹਾਡੀਆਂ ਉਡੀਕਾਂ ਦੇ ਦਿਨ ਸਮਾਪਤ ਹੋ ਗਏ ਹਨ, ਸ਼ੁਭਇੱਛਾਵਾਂ ਨਾਲ ਪੂਰੇ ਵੇਰਵੇ ਹਾਜ਼ਰ ਹਨ।'

ਇਕ ਲੰਮਾਂ ਸਾਹ ਖਿੱਚ ਕੇ ਉਸ ਨੂੰ ਹੌਲੀ-ਹੌਲੀ ਨੱਕ ਰਾਹੀਂ ਬਾਹਰ ਕੱਢਦਿਆਂ ਹੋਇਆਂ ਮੈਂ ਰਿਪੋਰਟ ਤਿਪਾਈ ਉੱਤੇ ਰੱਖ ਦਿੱਤੀ ਤੇ ਉਹਨਾਂ ਵੱਲ ਵੇਖਿਆ। ਉਹਨਾਂ ਏਧਰ-ਉਧਰ ਵੇਖ ਕੇ ਧੀਮੀ ਆਵਾਜ਼ ਵਿਚ ਮੈਨੂੰ ਦੱਸਿਆ :

"ਡਾਕਟਰ ਕਹਿ ਰਹੀ ਸੀ ਬੀਜ, ਬੁੱਥ ਦਾ ਰੂਪ ਧਾਰ ਚੁੱਕਿਆ ਏ…ਸਾਨੂੰ ਡਲਿਵਰੀ ਤੱਕ ਇਤਜ਼ਾਰ ਕਰਨਾ ਪਏਗਾ।"

"ਸਮੀਰ ਘਰ ਕਦੋਂ ਤੱਕ ਆ ਜਾਂਦਾ ਏ ?"

ਮੇਰੇ ਪੁੱਛਣ 'ਤੇ ਉਹਨਾਂ ਕਰਨ ਨੂੰ ਆਵਾਜ਼ ਮਾਰੀ ਤਾਂ ਬੈਡ-ਰੂਮ ਦੇ ਦਰਵਾਜ਼ੇ ਕੋਲ ਖੜ੍ਹੀ ਕਰਨ ਨੇ ਜਵਾਬ ਦਿੱਤਾ, "ਪਤਾ ਨਹੀਂ…।"

"ਤੂੰ…ਉਸ ਦੀ ਪਤਨੀ ਏਂ।"

"ਹਾਂ-ਤਾਂ ਡੈਡੀ, ਪਰ…ਪਿੱਛਲੇ ਕੁਝ ਦਿਨਾਂ ਦੇ ਉਹ ਘਰ ਕਦੋਂ ਆਉਂਦੇ ਨੇ, ਮੈਂ ਨਹੀਂ ਜਾਣਦੀ।"

ਜਵਾਬ ਸੁਣ ਕੇ ਮੈਂ ਸਮੀਰ ਨੂੰ ਰਿੰਗ ਕੀਤੀ। ਫ਼ੋਨ ਮਿਲਿਆ ਤਾਂ ਦੋ ਟੁੱਕ ਸ਼ਬਦਾਂ ਵਿਚ ਕਿਹਾ, "ਅੱਜ ਤੋਂ ਠੀਕ ਨੌਂ ਵਜੇ ਤੱਕ ਰਾਤੀਂ ਘਰ ਪਹੁੰਚ ਜਾਇਆ ਕਰੋ…। "
***
"ਏਨਾ ਨਿਆਣਾ ਵੀ ਨਹੀਂ ਰਿਹਾ ਕਿ ਗਵਾਚ ਜਾਵਾਂਗਾ…ਆਫ਼ਿਸ ਤੇ ਘਰ ਦੀ ਰੁਟੀਨ ਦੇ ਇਲਾਵਾ ਵੀ ਮੇਰੇ ਕਈ ਹੋਰ ਰੁਝੇਵੇਂ ਨੇ।"

ਖਾਣੇ ਦੀ ਮੇਜ਼ ਉੱਪਰ ਬੈਠ ਕੇ ਪਲੇਟ ਆਪਣੇ ਵੱਲ ਸਰਕਾਉਂਦਿਆਂ ਹੋਇਆਂ ਸਮੀਰ ਨੇ ਕਿਸੇ ਇਕ ਨੂੰ ਨਹੀਂ ਸੀ ਕਿਹਾ ਬਲਕਿ ਇਕ ਖੁੱਲ੍ਹਾ ਐਲਾਨ ਕਰ ਦਿੱਤਾ ਸੀ। ਉਸਦੀ ਗੱਲ ਕਰਨ ਦਾ ਢੰਗ ਮੈਨੂੰ ਪਸੰਦ ਨਹੀਂ ਸੀ ਆਇਆ। ਦਿਲ ਵਿਚ ਇਕ ਹਲਚਲ ਜਿਹੀ ਮੱਚ ਗਈ ਸੀ…ਇਸ ਤੋਂ ਪਹਿਲਾਂ ਕਿ ਉਹ ਗੁੱਸੇ ਦਾ ਰੂਪ ਧਾਰ ਕੇ ਬਾਹਰ ਨਿਕਲ ਆਉਂਦੀ, ਮੈਂ ਉਹਨਾਂ ਦੀ ਆਵਾਜ਼ ਸੁਣੀ :

"ਤੁਸੀਂ ਵੱਡੇ ਹੋ ਗਏ ਓ, ਅਸੀਂ ਜਾਣੇ ਆਂ ਪੁੱਤਰ ਜੀ। ਏਨੇ ਵੱਡੇ ਕਿ ਹੁਣ ਤਾਂ ਅਸੀਂ…ਆਪਣੇ-ਆਪ ਨੂੰ ਛੋਟਾ ਸਮਝਣ ਲੱਗ ਪਏ ਆਂ। ਰਹੀ ਗੱਲ ਗਵਾਚਣ ਦੀ, ਹਾਲੇ ਤਾਂ ਸਿਰਫ ਮਨ ਦੀ ਸ਼ਾਂਤੀ ਗਵਾਚੀ ਏ…ਹੋਰ ਕਿਸੇ ਨੇ ਕੀ ਕੁਛ ਗਵਾਉਣਾ ਏਂ, ਯਕੀਨ ਨਾਲ, ਕੁਛ ਨਹੀਂ ਕਿਹਾ ਜਾ ਸਕਦਾ…"

"ਬੜਾ ਅਜੀਬ ਲੱਗਿਆ ਸੀ ਮੰਮੀ… ਡੈਡੀ ਨੇ ਅੱਜ ਪਹਿਲੀ ਵਾਰੀ ਇਸ ਤਰ੍ਹਾਂ ਆਰਡਰ ਦਿੱਤਾ ਸੀ ਤਾਂ...!!"

"ਹੁਣ ਤਾਂ ਆਰਡਰ ਦੇਣ ਵਾਲੇ ਤੇਰੀ ਆਪਣੀ ਦੁਨੀਆਂ ਵਿਚ ਆ ਰਹੇ ਨੇ..."

"ਜਾਣਦਾ ਆਂ, ਤੇ ਡੈਡੀ ਨੂੰ ਦੱਸ ਵੀ ਚੁੱਕਿਆ ਆਂ---ਮੈਂ ਉਸਦਾ ਬਾਪ ਨਹੀਂ…।"

"ਕੀ ਬਕ ਰਿਹਾ ਏਂ…?"

ਮਾਂ ਤੇ ਪੁੱਤਰ ਦੇ ਵਿਚਕਾਰ ਹੋ ਰਹੀ ਗੱਲਬਾਤ ਦੇ ਦੌਰਾਨ ਮੇਰੀਆਂ ਨਜ਼ਰਾਂ ਕਰਨ ਦੇ ਹਾਵ-ਭਾਵ ਨੋਟ ਕਰਦੀਆਂ ਰਹੀਆਂ ਸਨ।

ਇਸ ਤੋਂ ਪਹਿਲਾਂ ਕਿ ਉਹ ਜਾਂ ਮੈਂ ਸਮੀਰ ਨੂੰ ਕੁਝ ਕਹਿੰਦੇ, ਕਰਨ ਦੇ ਉੱਚੀ-ਉੱਚੀ ਹੱਸਣ ਦੀ ਆਵਾਜ਼ ਨੇ ਸਾਨੂੰ ਹੈਰਾਨੀ ਵਿਚ ਪਾ ਦਿੱਤਾ। ਸਾਰਿਆ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਤਾਂ ਉਸ ਨੇ ਮੁਸਕਰਾਂਦਿਆਂ ਹੋਇਆਂ ਸਮੀਰ ਨੂੰ ਕਿਹਾ :

"ਸੱਚ ਦਾ ਕੋਈ ਵਜੂਦ ਨਹੀਂ ਹੁੰਦਾ…ਤੇ ਉਹ ਆਪਣੇ ਆਪ ਨੂੰ ਮੰਨਵਾ ਵੀ ਲੈਂਦਾ ਏ।"

"ਤੂੰ ਕਹਿਣਾ ਕੀ ਚਾਹੁੰਦੀ ਏਂ ?"

"ਦੇਖੋ ਹੁਣ ਤੱਕ ਮੈਂ ਕੁਝ ਨਹੀਂ ਸੀ ਕਿਹਾ…ਜੋ ਕੁਝ ਕਿਹਾ ਏ, ਤੁਸੀਂ ਹੀ ਕਿਹਾ ਏ। ਜਿਹੜਾ ਮਸਲਾ ਤੁਹਾਡੇ ਤੇ ਮੇਰੇ ਵਿਚਕਾਰ ਸੀ, ਤੁਸੀਂ ਆਪੇ ਉਸਦੇ ਦੋ ਗਵਾਹ ਹੋਰ ਬਣਾ ਲਏ ਨੇ। ਕੀ ਤੁਸੀਂ ਹੁਣ ਵੀ ਮਹਿਸੂਸ ਨਹੀਂ ਕਰ ਰਹੇ ਕਿ ਤੁਸੀਂ ਗਲਤੀ ਤੇ ਗਲਤੀ ਕਰਦੇ ਜਾ ਰਹੇ ਓ ?"

"ਤੂੰ ਕਹਿਣਾ ਕੀ ਚਾਹੁੰਦੀ ਏਂ ਬਹੂ ?"

ਮੈਂ ਕਰਨ ਤੋਂ ਪੁੱਛਿਆ ਤਾਂ ਉਸਨੇ ਆਪਣੀਆਂ ਸਵਾਲੀਆ ਨਜ਼ਰਾਂ ਸਮੀਰ ਉੱਤੇ ਗੱਡ ਦਿੱਤੀਆਂ। ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਸਮੀਰ ਦੇ ਝੁਕੇ ਹੋਏ ਸਿਰ ਨੇ ਸਾਨੂੰ ਇਹ ਸੋਚਣ ਤੇ ਸਮਝਣ ਲਈ ਮਜ਼ਬੂਰ ਕਰ ਦਿੱਤਾ ਕਿ ਦੋਸ਼ ਕਰਨ ਦਾ ਨਹੀਂ ਹੋ ਸਕਦਾ। ਮੈਂ ਕੁਝ ਕਹਿਣ ਦਾ ਇਰਾਦਾ ਕੀਤਾ ਸੀ ਕਿ ਉਹ ਬੋਲ ਪਏ :

"ਸੱਚ ਕੀ ਹੈ ਨੌਂ ਮਹੀਨੇ ਬਾਅਦ ਪਤਾ ਲੱਗ ਜਾਏਗਾ। ਤੂੰ ਕਿਉਂ ਇਸ ਨੂੰ ਮਘਦੇ ਹੋਏ ਅੰਗਿਆਰਾਂ ਉੱਤੇ ਲੇਟਣ ਲਈ ਮਜ਼ਬੂਰ ਕਰ ਰਿਹੈਂ…?"

ਅਸਾਂ ਸਾਰਿਆਂ ਨੇ ਜਵਾਬ ਵਿਚ ਫੇਰ ਕਰਨ ਦਾ ਹਾਸਾ ਸੁਣਿਆ। ਇਹਨਾਂ ਤਿੱਖੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਖਾਣਾ ਛੱਡ ਕੇ ਕੁਰਸੀ ਤੋਂ ਉਠ ਪਏ।

"ਠੀਕ ਤਾਂ ਇਹੀ ਰਹੇਗਾ ਕਿ ਡੈਡੀ ਨੂੰ ਪੂਰਾ ਮਸਲਾ ਦੱਸ ਦਿਓ।"

ਕਰਨ ਇਹਨਾਂ ਦੀਆਂ ਤੇ ਆਪਣੀਆਂ ਪਲੇਟਾਂ ਟਰਾਲੀ ਵਿਚ ਰੱਖਣ ਤੋਂ ਬਾਅਦ ਉਠ ਖੜ੍ਹੀ ਹੋਈ ਤੇ ਟਰਾਲੀ ਧਰੀਕਦੀ ਹੋਈ ਆਪਣੇ ਬੈਡ-ਰੂਮ ਵੱਲ ਲੈ ਗਈ। ਅਸੀਂ ਪਿਓ-ਪੁੱਤਰ ਆਪਣੀਆਂ ਪਤਨੀਆਂ ਨੂੰ ਅੱਗੇ-ਪਿੱਛੇ ਬੈਡ-ਰੂਮ ਵਿਚ ਵੜਦਿਆਂ ਵੇਖਦੇ ਰਹੇ ; ਸਾਡੀਆਂ ਨਜ਼ਰਾਂ ਮਿਲੀਆਂ। ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ। ਪਹਿਲਾਂ ਸਮੀਰ ਮੇਰੇ ਬੈਡ-ਰੂਮ ਵੱਲ ਵਧਿਆ, ਫੇਰ ਮੈਂ ਵੀ ਛੋਟੀਆਂ-ਛੋਟੀਆਂ ਪਲਾਂਘਾਂ ਪੁੱਟਦਾ ਹੋਇਆ ਕਮਰੇ 'ਚ ਦਾਖ਼ਲ ਹੋਇਆ ਤਾਂ…ਮੈਂ ਸਮੀਰ ਨੂੰ ਆਪਣੀ ਰਾਈਟਿੰਗ ਟੇਬਲ ਉੱਤੇ ਕੁਝ ਲਿਖਦਿਆਂ ਹੋਇਆਂ ਦੇਖਿਆ। ਉਸਨੂੰ ਦੇਖ ਕੇ ਪਲ ਭਰ ਲਈ ਮੈਂ ਰੁਕਿਆ ਤੇ ਜਿਵੇਂ ਹੀ ਮੈਂ ਬੈਡ ਵੱਲ ਜਾਣ ਦਾ ਇਰਾਦਾ ਕੀਤਾ ਤਾਂ ਦੇਖਿਆ ਕਿ ਸਮੀਰ ਨੇ ਪੈਨ ਮੇਜ਼ ਉੱਤੇ ਰੱਖਣ ਪਿੱਛੋਂ ਕਾਗਜ਼ ਦਾ ਇਕ ਟੁੱਕੜਾ ਚੁੱਕਿਆ ਤੇ ਉਸਨੂੰ ਫੇਰ ਉੱਥੇ ਹੀ ਰੱਖ ਕੇ ਦਰਵਾਜ਼ੇ ਵੱਲ ਤੁਰ ਗਿਆ। ਅੱਗੇ ਵਧ ਕੇ ਮੈਂ ਉਹ ਕਾਗਜ਼ ਚੁੱਕ ਕੇ ਪੜ੍ਹਿਆ ਤੇ ਕਾਹਲ ਨਾਲ ਬੈਡ-ਰੂਮ ਵਿਚੋਂ ਬਾਹਰ ਨਿਕਲ ਆਇਆ---ਸਮੀਰ ਹਾਲ ਕਮਰੇ ਵਿਚ ਨਹੀਂ ਸੀ, ਪਰ ਉਸਦੇ ਬੈਡ-ਰੂਮ ਵਿਚੋਂ ਉਸ ਦੀ ਮਾਂ ਦੀ ਆਵਾਜ਼ ਆ ਰਹੀ ਸੀ :

"ਮੈਂ ਤੇਰੀ ਚੁੱਪ ਦਾ ਕਾਰਣ ਜਾਣਨਾ ਚਾਹੁੰਦੀ ਆਂ ਕਰਨ…"

"ਮੈਂ ਦੱਸਾਂ…ਦੋਸ਼ੀ ਸਾਡਾ ਸਮੀਰ ਏ---ਉਹ ਗੇ…"

"ਮੈਨੂੰ ਪਤਾ ਲੱਗ ਗਿਆ ਏ ਤੇ…ਹੁਣ ਇਸ ਨੂੰ ਪੁੱਛ ਰਹੀ ਆਂ ਕਿ ਇਹ ਹੁਣ ਤੱਕ ਚੁੱਪ ਕਿਉਂ ਰਹੀ ?"

"ਹੋਰ ਕੀ ਕਰਦੀ ? ਤੁਸੀਂ ਤਾਂ ਸਭ ਕੁਝ ਜਾਣਦੇ ਈ ਓ…ਮੈਂ ਆਪਣੇ ਮਾਂ-ਬਾਪ ਦੀ ਚੌਥੀ ਬੇਟੀ ਆਂ। ਸਾਡੀਆਂ ਹਥੇਲੀਆਂ ਉੱਤੇ ਮਹਿੰਦੀ ਦੀ ਲਾਲੀ ਦੇਖਣ ਖਾਤਰ ਉਹਨਾਂ ਦੇ ਪੂਰੇ ਦੇ ਪੂਰੇ ਵਜੂਦ ਪੀਲੇ ਪੈ ਗਏ ਸੀ। ਮੂੰਹ ਖੋਲ੍ਹਣ ਜਾਂ ਜ਼ੁਬਾਨ ਹਿਲਾਉਣ ਦਾ ਅਰਥ ਉਹਨਾਂ ਵਿਚੋਂ ਕਿਸੇ ਇਕ ਨੂੰ ਗੁਵਾਅ ਬਹਿਣਾ ਹੁੰਦਾ, ਤੇ ਮਸਲਾ…ਹੱਲ ਤਾਂ ਕੀ ਹੁੰਦਾ ; ਹਾਂ, ਕਈ ਹੋਰ ਮਸਲੇ ਖੜ੍ਹੇ ਹੋ ਜਾਣੇ ਸੀ। ਪਰ ਖ਼ੁਦ ਤੁਹਾਡੇ ਬੇਟੇ ਨੇ ਤੇ ਉਹਨਾਂ ਦੀ ਆਉਣ ਵਾਲੀ ਸੰਤਾਨ ਨੇ ਗੱਲ ਖੋਲ੍ਹ ਕੇ ਰੱਖ ਦਿੱਤੀ। ਰਿਹਾ ਮਸਲਾ, ਤਾਂ ਮੰਮੀ…ਮਸਲਾ ਤਾਂ ਆਖ਼ਰ ਮਸਲਾ ਈ ਏ, ਇਕ ਉਘੇੜੋ ਅਨੇਕਾਂ ਉਧੜ ਆਉਂਦੇ ਨੇ…"

"ਉਫ਼---"

"ਉਫ਼ੋ---"

ਇਹ ਅਨੁਵਾਦ ਦੇਸ਼ ਸੇਵਕ ਦੇ 7 ਜੂਨ, 2009. ਦੇ ਮੈਗ਼ਜ਼ੀਨ ਅੰਕ ਵਿਚ ਛਪਿਆ ਹੈ।

No comments:

Post a Comment