Monday, September 28, 2009

ਇਕ ਝਰਨੇ ਦੀ ਮੌਤ :: ਰਮੇਸ਼ ਉਪਾਧਿਆਏ,

ਹਿੰਦੀ ਕਹਾਣੀ : ਇਕ ਝਰਨੇ ਦੀ ਮੌਤ :: ਲੇਖਕ : ਰਮੇਸ਼ ਉਪਾਧਿਆਏ
ਅਨੁਵਾਦ : ਮਹਿੰਦਰ ਬੇਦੀ, ਜੈਤੋ : ਮੋਬਾਇਲ : 94177-30600.


ਮੈਂ ਜਾਣਦੀ ਸਾਂ, ਅਰਵਿੰਦ ਮਰ ਰਿਹਾ ਏ। ਹੌਲੀ ਹੌਲੀ ਆਤਮ-ਹੱਤਿਆ ਕਰ ਰਿਹਾ ਏ। ਪਰ ਮੈਂ ਉਸਨੂੰ ਬਚਾਉਣ ਖਾਤਰ ਕੁਛ ਵੀ ਨਹੀਂ ਸੀ ਕਰ ਸਕਦੀ।
ਮੈਂ ਉਸਦੀ ਮਿੱਤਰ ਸਾਂ, ਪਰ ਉਸ ਉੱਤੇ, ਮੇਰਾ ਕੋਈ ਅਧਿਕਾਰ ਨਹੀਂ ਸੀ।
ਉਸ ਉੱਤੇ, ਉਸਦੀ ਪਤਨੀ ਦਾ ਅਧਿਕਾਰ ਸੀ ; ਉਸਦੇ ਬੱਚਿਆਂ ਦਾ ਅਧਿਕਾਰ ਸੀ ; ਉਸਦੇ ਆਪਣੇ ਸਕੇ-ਸਬੰਧੀਆਂ ਦਾ ਅਧਿਕਾਰ ਸੀ। ਉਸ ਉੱਤੇ, ਉਸਦੇ ਮਾਲਕਾਂ ਦਾ ਅਧਿਕਾਰ ਸੀ ; ਉਸ ਨਾਲ ਕੰਮ ਕਰਨ ਵਾਲਿਆਂ ਦਾ ਅਧਿਕਾਰ ਸੀ ; ਉਸਦੇ ਸੰਗਠਨ ਦੇ ਸਾਥੀਆਂ ਦਾ ਅਧਿਕਾਰ ਸੀ। ਉਸ ਉੱਤੇ, ਉਸਦੇ ਕਲਾਕਾਰ ਮਿੱਤਰਾਂ ਦਾ ਅਧਿਕਾਰ ਸੀ, ਉਸਦੀ ਕਲਾ ਦੇ ਪ੍ਰਸ਼ੰਸਕਾਂ ਦਾ ਅਧਿਕਾਰ ਸੀ, ਉਸ ਦੀਆਂ ਕਲਾ-ਕ੍ਰਿਤਾਂ ਦੇ ਗਾਹਕਾਂ ਦਾ ਅਧਿਕਾਰ ਸੀ। ਉਸ ਉੱਤੇ, ਉਸਦੇ ਸਮਾਜ ਦਾ ਅਧਿਕਾਰ ਸੀ ; ਉਸਦੇ ਦੇਸ਼ ਦਾ ਅਧਿਕਾਰ ਸੀ ; ਦੇਸ਼ ਦੀ ਸਰਕਾਰ ਦਾ ਅਧਿਕਾਰ ਸੀ...
ਜੇ ਉਹ ਜ਼ਹਿਰ ਖਾ ਕੇ, ਰੇਲ ਗੱਡੀ ਹੇਠ ਆ ਕੇ, ਜਾਂ ਪਾਣੀ ਵਿਚ ਡੁੱਬ ਕੇ ਆਤਮ-ਹੱਤਿਆ ਕਰ ਲੈਣ ਦੀ ਅਸਫਲ ਕੋਸ਼ਿਸ਼ ਪਿੱਛੋ ਜਿਊਂਦਾ ਬਚ ਜਾਂਦਾ, ਫੇਰ? ਪੱਕਾ ਸੀ ਕਿ ਉਸਦੀ ਪਤਨੀ ਉਸਨੂੰ ਮੇਹਣੇ ਮਾਰਦੀ ; ਬੱਚੇ ਉਸ ਨਾਲ ਨਫ਼ਤਰ ਕਰਨ ਲੱਗ ਪੈਂਦੇ ; ਉਸਦੇ ਸਾਰੇ ਰਿਸ਼ਤੇਦਾਰ ਉਸ ਬਾਰੇ ਕਈ ਕਿਸਮ ਦੀਆਂ ਗੱਲਾਂ ਕਰਦੇ। ਉਸਦੇ ਮਾਲਕ ਉਸਨੂੰ ਨੌਕਰੀ ਤੋਂ ਕੱਢ ਦੇਂਦੇ ; ਉਸ ਨਾਲ ਕੰਮ ਕਰਨ ਵਾਲੇ ਉਸਨੂੰ ਮੂੰਹ ਨਾ ਲਾਉਂਦੇ ; ਉਸਦੇ ਸੰਗਠਨ ਦੇ ਸਾਥੀ ਉਸਨੂੰ ਕਾਇਰ ਤੇ ਭਗੌੜਾ ਆਖਦੇ। ਉਸਦੇ ਕਲਾਕਾਰ ਮਿੱਤਰ ਉਸਨੂੰ ਬਦਨਾਮ ਕਰਦੇ ; ਉਸਦੇ ਪ੍ਰਸ਼ੰਸਕ ਉਸ ਉੱਤੇ ਸ਼ੱਕ ਕਰਦੇ ; ਉਸਦੇ ਗਾਹਕ ਉਸਦੀਆਂ ਕ੍ਰਿਤਾਂ ਖਰੀਦਨ ਤੋਂ ਝਿਜਕਣ ਲੱਗ ਪੈਂਦੇ। ਉਸਦਾ ਸਮਾਜ ਉਸਨੂੰ ਕੈਰੀ ਅੱਖ ਨਾਲ ਵੇਖਦਾ ; ਉਸਦਾ ਦੇਸ਼ ਉਸਨੂੰ ਅਪਰਾਧੀ ਮੰਨਦਾ ਤੇ ਸਰਕਾਰ ਉਸ ਉੱਤੇ ਆਤਮ-ਹੱਤਿਆ ਦੀ ਕੋਸ਼ਿਸ਼ ਕਰਨ ਦਾ ਮੁਕੱਦਮਾ ਚਲਾ ਦੇਂਦੀ।
ਇਹਨਾਂ ਝੇੜਿਆਂ-ਝੰਡਟਾਂ ਤੋਂ ਬਚਣ ਖਾਤਰ ਉਸਨੇ ਆਪਣੀ ਮੌਤ ਨੂੰ ਕਿਹਾ : 'ਲੈ, ਇਹ ਮੇਰੇ ਜੀਵਨ ਦੀ ਡੋਰ ਫੜ੍ਹ ਤੇ ਮੈਨੂੰ ਹੌਲੀ-ਹੌਲੀ ਆਪਣੇ ਵੱਲ ਖਿੱਚਦੀ ਰਹੁ।'
ਤੇ ਜਦੋਂ ਉਹ ਮਰ ਰਿਹਾ ਸੀ, ਉਸ ਉੱਤੇ ਅਧਿਕਾਰ ਜਮਾਉਣ ਵਾਲਿਆਂ ਨੂੰ ਉਸਦੀ ਕੋਈ ਪ੍ਰਵਾਹ ਨਹੀਂ ਸੀ। ਮੈਨੂੰ ਸੀ, ਪਰ ਮੈਂ ਕੁਛ ਕਰ ਨਹੀਂ ਸੀ ਸਕਦੀ...ਕਿਉਂਕਿ ਮੇਰਾ ਉਸ ਉੱਤੇ ਕੋਈ ਅਧਿਕਾਰ ਜੋ ਨਹੀਂ ਸੀ।
ਇਕ ਵਾਰੀ ਮੈਂ ਇਕ ਕੋਸ਼ਿਸ਼ ਕੀਤੀ ਸੀ। ਉਸਦੀ ਪਤਨੀ ਨੂੰ ਮਿਲੀ ਸਾਂ ਮੈਂ ਤੇ ਕਿਹਾ ਸੀ, “ਦੇਖੋ, ਤੁਹਾਡਾ ਪਤੀ ਇਕ ਅੱਛਾ ਕਲਾਕਾਰ ਏ। ਜੇ ਉਸਨੂੰ ਪਿਆਰ ਮਿਲੇ, ਤੁਹਾਡਾ ਸਾਥ ਤੇ ਸਹਿਯੋਗ ਮਿਲੇ, ਤਾਂ ਉਹ ਕਿਸੇ ਦਿਨ ਬੜਾ ਵੱਡਾ ਕਲਾਕਾਰ ਬਣ ਸਕਦਾ ਏ।” ਪਰ ਜਵਾਬ ਮਿਲਿਆ ਸੀ, “ਤੈਨੂੰ ਮੇਰੇ ਪਤੀ 'ਚ ਏਨੀ ਦਿਲਚਸਪੀ ਕਿਉਂ ਏਂ?” ਪਰ ਬਾਅਦ ਵਿਚ ਅਰਵਿੰਦ ਨੇ ਮੈਨੂੰ ਕਿਹਾ, “ਸੁਣੀ, ਤੂੰ ਮੇਰੀ ਪਤਨੀ ਨੂੰ ਜਾ ਕੇ ਕੀ ਕਹਿ ਦਿੱੱਤਾ ਈ? ਉਹ ਤਾਂ ਪਹਿਲਾਂ ਈ ਮੇਰੇ 'ਤੇ ਸ਼ੱਕ ਕਰਦੀ ਸੀ, ਤੂੰ ਉਸਨੂੰ ਮਿਲ ਕੇ ਉਸਦੇ ਸ਼ੱਕ ਨੂੰ ਹੋਰ ਪੱਕਾ ਕਰ ਦਿੱਤੈ। ਹੁਣ ਉਸ ਮੇਰਾ ਜਿਊਣਾ ਹਰਾਮ ਕੀਤਾ ਹੋਇਐ...।”
ਆਪਣੇ ਯਤਨ ਦਾ ਇਹ ਨਤੀਜਾ ਵੇਖ ਕੇ ਮੈਂ ਕੰਨੀਂ ਹੱਥ ਲਾ ਲਏ, “ਨਹੀਂ, ਹੁਣ ਮੈਂ ਤੇਰੇ ਪੰਗਿਆਂ 'ਚ ਕਦੀ ਨਹੀਂ ਪਵਾਂਗੀ। ਤੂੰ ਇਸੇ ਤਰ੍ਹਾਂ ਮਰਨਾ ਏਂ, ਸੋ ਮਰ।”
ਇਕ ਦਿਨ ਅਚਾਨਕ ਉਸਨੇ ਮੈਨੂੰ ਪੁੱਛਿਆ, “ਜੇ ਮੈਂ ਆਪਣਾ ਘਰ-ਪਰਿਵਾਰ ਛੱਡ ਦਿਆਂ ਤਾਂ...ਕੀ, ਤੂੰ ਵੀ ਆਪਣਾ ਘਰ-ਪਰਿਵਾਰ ਛੱਡ ਕੇ ਮੇਰੇ ਨਾਲ ਰਹਿਣ ਲਈ ਆ ਸਕਦੀ ਏਂ?”
ਮੈਂ ਇਹ ਪ੍ਰਸ਼ਨ ਉਸਦੀਆਂ ਅੱਖਾਂ ਵਿਚ ਬੜਾ ਚਿਰ ਪਹਿਲਾਂ ਪੜ੍ਹ ਲਿਆ ਸੀ। ਉਤਰ ਮੇਰੇ ਕੋਲ ਤਿਆਰ ਸੀ, “ਪਾਗਲ ਹੋ ਗਿਐਂ? ਭਾਰਤੀ ਔਰਤ ਉਪਰੋਂ ਭਾਵੇਂ ਕਿੰਨੀ ਮਸਤ, ਮੁਕਤ, ਅਧੁਨਿਕ ਤੇ ਸਵੈ-ਨਿਰਭਰ ਦਿਖਾਈ ਦੇਂਦੀ ਹੋਵੇ, ਅੱਜ ਵੀ ਹਜ਼ਾਰਾਂ ਬੰਧਨਾਂ 'ਚ ਜਕੜੀ ਹੋਈ ਏ।”
ਉੁਸਨੇ ਕਿਹਾ, “ਔਰਤ ਈ ਨਹੀਂ, ਆਦਮੀ ਵੀ ਇਵੇਂ ਈ ਜਕੜਿਆ ਹੋਇਆ ਏ। ਮੇਰੇ ਬਾਰੇ ਸੋਚ, ਮੈਂ ਕਿੱਥੇ ਜਾ ਸਕਦਾ ਆਂ...ਕੋਈ ਵੀ ਕਿੱਥੇ ਜਾ ਸਕਦਾ ਏ?”
ਮੈਂ ਚੁੱਪ ਰਹੀ, ਤਾਂ ਕੁਝ ਚਿਰ ਬਾਅਦ ਖ਼ੁਦ ਹੀ ਕਹਿਣ ਲੱਗਾ, “ਅਸੀਂ ਲੋਕ ਕੀ ਆਂ? ਜੰਗਲ ਵਿਚ ਉੱਗੇ ਦਰਖ਼ਤ। ਆਪਣੇ ਆਪ ਉੱਗ ਪੈਂਦੇ ਹਾਂ ਤੇ ਬੇਮਤਲਬੇ ਵਧਦੇ ਜਾਂਦੇ ਆਂ। ਸੁਣਦੇ ਆਂ ਕਿ ਅਸੀਂ ਬੜੇ ਸੁੰਦਰ ਤੇ ਲਾਭਕਾਰੀ ਹਾਂ। ਤੇ ਕਿੰਨੇ ਮਹਾਨ ਆਂ ਕਿ ਆਪਣੀਆਂ ਜੜਾਂ ਨਾਲ ਮਜ਼ਬੂਤੀ ਨਾਲ ਜੜੇ ਰਹਿੰਦੇ ਹਾਂ। ਪਰ ਕੋਈ ਇਹ ਨਹੀਂ ਵੇਖਦਾ ਕਿ ਜਦੋਂ ਜੰਗਲ ਵਿਚ ਅੱਗ ਲੱਗਦੀ ਏ, ਜਾਂ ਸਾਡੇ 'ਤੇ ਕੁਹਾੜੀ ਚੱਲਦੀ ਏ, ਤਾਂ ਅਸੀਂ ਕੋਈ ਵਿਰੋਧ ਕਰਨਾ ਤਾਂ ਦੂਰ, ਆਪਣੀ ਜਾਨ ਬਚਾਉਣ ਖਾਤਰ ਨੱਠ ਵੀ ਨਹੀਂ ਸਕਦੇ।”
ਉਹ ਇੰਜ ਰੂਪਕਾਂ ਵਿਚ ਗੱਲਾਂ ਕਰਦਾ ਸੀ। ਇਕ ਦਿਨ ਉਸਨੇ ਕਿਹਾ, “ਮੈਂ ਕੱਚੀ ਉਮਰੇ ਹੀ ਦਰਖ਼ਤ ਨਾ ਬਣਨ ਦਾ ਫੈਸਲਾ ਕਰ ਲਿਆ ਸੀ। ਮੈਂ ਜਾਣਦਾ ਸਾਂ ਕਿ ਬਹੁਤ ਵੱਡੀ ਨਦੀ ਤਾਂ ਸ਼ਾਇਦ ਮੈਂ ਨਹੀਂ ਬਣ ਸਕਦਾ, ਪਰ ਝਰਨਾ ਬਣਾਗਾ ਤੇ ਦੇਖਾਂਗਾ ਕਿ ਕਿੰਨੀ ਕੁ ਦੂਰ ਤਕ ਜਾ ਸਕਦਾ ਹਾਂ। ਤੈਨੂੰ ਪਤਾ ਏ, ਮੈਂ ਚੌਦ੍ਹਾਂ ਸਾਲਾਂ ਦੀ ਉਮਰ ਵਿਚ ਹੀ ਘਰੋਂ ਨਿਕਲ ਕੇ ਵਹਿਣ ਲੱਗ ਪਿਆ ਸਾਂ?”
ਫੇਰ ਇਕ ਦਿਨ ਉਸਨੇ ਕਿਹਾ, “ਲੋਕ ਆਪਣੀ ਜੜ੍ਹਾਂ 'ਤੇ ਮਜ਼ਬੂਤੀ ਨਾਲ ਜੜੇ ਹੋਣ ਦਾ ਮਾਨ ਕਿਉਂ ਕਰਦੇ ਨੇ? ਮੇਰੇ ਵਰਗੇ ਵਗਦੇ ਆਦਮੀ ਨੂੰ ਹੇਠੀ ਦੀਆਂ ਨਿਗਾਹਾਂ ਨਾਲ ਕਿਉਂ ਵੇਖਦੇ ਨੇ? ਸਾਰਿਆਂ ਨੂੰ ਮੇਰੇ ਪ੍ਰਤੀ ਸ਼ਿਕਾਇਤ ਏ ਕਿ ਮੈਂ ਦਰਖ਼ਤ ਨਾ ਬਣ ਕੇ ਝਰਨਾ ਕਿਉਂ ਬਣ ਗਿਆ ਹਾਂ?...ਪਰ ਇਹ ਦੇਖਣ ਲਈ ਕੋਈ ਮੇਰੇ ਕੋਲ ਨਹੀਂ ਆਉਂਦਾ ਕਿ ਮੈਂ ਕਿੱਥੇ ਵਹਿ ਰਿਹਾਂ, ਕੇਹੀਆਂ-ਕੇਡੀਆਂ ਚਟਾਨਾਂ ਨਾਲ ਖਹਿ ਰਿਹਾਂ, ਕਿੰਨੀਆਂ ਮੁਸ਼ਕਿਲਾਂ ਨਾਲ ਆਪਣੇ ਲਈ ਰਸਤਾ ਬਣਾ ਰਿਹਾਂ। ਇਹ ਠੀਕ ਏ ਕਿ ਉਹ ਦਰਖ਼ਤ ਨੇ, ਉਹਨਾਂ ਦੀ ਮਜ਼ਬੂਰੀ ਏ ਕਿ ਚੱਲ ਕੇ ਮੇਰੇ ਕੋਲ ਨਹੀਂ ਆ ਸਕਦੇ, ਪਰ ਉਹ ਆਪਣੀਆਂ ਜੜ੍ਹਤਾ ਉੱਤੇ ਮਾਨ ਤੇ ਮੇਰੀ ਗਤੀਸ਼ੀਲਤਾ ਨਾਲ ਘਿਰਣਾ ਕਿਉਂ ਕਰਦੇ ਨੇ?”
ਮੈਂ ਕਿਹਾ, “ਅਰਵਿੰਦ, ਤੂੰ ਇਹ ਕਿਉਂ ਨਹੀਂ ਸੋਚਦਾ ਕਿ ਲੋਕ ਤੇਰੀ ਕਲਾ ਦੀ ਸੁੰਦਰਤਾ ਤੇ ਯੋਗਤਾ ਕਰਕੇ ਤੇਰੀ ਨਾਲ ਪਿਆਰ ਵੀ ਕਰਦੇ ਹੋਣਗੇ?”
“ਨਹੀਂ ਮੈਨੂੰ ਕੋਈ ਪਿਆਰ ਨਹੀਂ ਕਰਦਾ।” ਉਸਨੇ ਉਦਾਸ ਤੇ ਸ਼ਿਕਾਇਤੀ ਸੁਰ ਵਿਚ ਕਿਹਾ।
ਮੈਂ ਸਮਝ ਗਈ ਕਿ ਉਹ ਸਿਰਫ ਔਰਤਾਂ ਪ੍ਰਤੀ ਹੋਣ ਵਾਲੇ ਪ੍ਰੇਮ ਦੀ ਗੱਲ ਕਰ ਰਿਹਾ ਹੈ। ਇਸ ਲਈ ਪੁੱਛਿਆ, “ਤੂੰ ਕਿੰਨੀਆਂ ਔਰਤਾਂ ਨੂੰ ਪ੍ਰੇਮ ਕੀਤਾ ਏ, ਹੁਣ ਤਕ?”
“ਅਗਿਣਤ ਔਰਤਾਂ ਨੂੰ ਪ੍ਰੇਮ ਕੀਤੈ।” ਉਸਨੇ ਇਕ ਜ਼ਖ਼ਮੀ ਜਿਹੀ ਮੁਸਕਾਨ ਨਾਲ ਕਿਹਾ।
“ਤੇ ਤੈਨੂੰ ਕਿੰਨੀਆਂ ਔਰਤਾਂ ਨੇ ਪ੍ਰੇਮ ਕੀਤਾ ਈ?”
“ਇਕ ਨੇ ਵੀ ਨਹੀਂ।”
ਇਹ ਸੁਣ ਕੇ ਮੈਨੂੰ ਬੁੁਰਾ ਲੱਗਿਆ। ਸ਼ਾਇਦ ਮੈਂ ਇਹ ਸੁਣਨਾ ਚਾਹੁੰਦੀ ਸੀ ਕਿ ਮੈਨੂੰ ਛੱਡ ਕੇ ਹੋਰ ਕਿਸੇ ਔਰਤ ਨੇ ਉਸਨੂੰ ਪੇ੍ਰਮ ਨਹੀਂ ਕੀਤਾ। ਪਰ ਉਸਦੀ ਮੂੰਹ ਦੇਖਵੀਂ ਗੱਲ ਨਾ ਕਰਨ ਦੀ ਆਦਤ ਨੂੰ ਮੈਂ ਜਾਣਦੀ ਸਾਂ। ਅੰਦਰੋਂ ਕੁੜ੍ਹ ਕੇ ਵੀ ਉਪਰੋਂ ਮੁਸਕਰਾਉਂਦਿਆਂ ਹੋਇਆਂ ਕਿਹਾ ਸੀ, “ਅੱਛਾ, ਇਹ ਦੱਸ ਤੂੰ ਕੈਸਾ ਪ੍ਰੇਮ ਚਾਹੁੰਦਾ ਏਂ?”
“ਜੈਸਾ ਧਾਰ ਤੇ ਵਹਾਅ ਦਾ ਹੁੰਦਾ ਏ।”
“ਪਲੀਜ਼, ਰੂਪਕਾਂ ਵਿਚ ਗੱਲ ਨਾ ਕਰ।”
“ਤਾਂ ਸੁਣ, ਪਹਿਲਾ ਪ੍ਰੇਮ ਮੈਂ ਆਪਣੀ ਮਾਂ ਨੂੰ ਕੀਤਾ। ਪਰ ਉਹ ਮੇਰੇ ਪਿਤਾ ਨੂੰ ਪ੍ਰੇਮ ਕਰਦੀ ਸੀ। ਪਿਤਾ ਦੇ ਮਰਨ ਪਿੱਛੇ ਉਹ ਮੇਰੇ ਛੋਟੇ ਭਰਾ ਨੂੰ ਪ੍ਰੇਮ ਕਰਨ ਲੱਗੀ। ਉਸ ਪਿੱਛੋਂ ਮੈਂ ਕਈ ਔਰਤਾਂ ਨੂੰ ਪ੍ਰੇਮ ਕੀਤਾ, ਪਰ ਉਹ ਸਾਰੀਆਂ ਈ ਕਿਸੇ ਨਾ ਕਿਸੇ ਹੋਰ ਨੂੰ ਪੇ੍ਰਮ ਕਰਦੀਆਂ ਸੀ।”
“ਤੇ ਤੇਰੀ ਪਤਨੀ?”
“ਪ੍ਰੇਮ ਆਪਸੀ ਸਮਝਦਾਰੀ ਨਾਲ, ਇਕ ਨਿਸ਼ਾਨੇ ਲਈ, ਇਕ ਦਿਸ਼ਾ ਵਿਚ, ਨਾਲੋ-ਨਾਲ ਤੁਰਨ ਨਾਲ ਪੈਦਾ ਹੁੰਦਾ ਏ। ਏਥੇ ਕਦੀ ਆਪਸੀ ਸਮਝਦਾਰੀ ਹੀ ਪੈਦਾ ਨਹੀਂ ਹੋ ਸਕੀ। ਫੇਰ, ਨਿਸ਼ਾਨੇ ਵੱਖ-ਵੱਖ ਸੀ, ਦਿਸ਼ਾਵਾਂ ਵੱਖਰੀਆਂ ਸਨ। ਨਾਲੋ-ਨਾਲ ਤੁਰਨ ਵਾਲੀ ਇਕ ਵੀ ਗੱਲ ਨਹੀਂ ਸੀ।”
“ਤੇਰੀ ਪਤਨੀ ਕਹਿੰਦੀ ਏ ਕਿ ਤੂੰ ਉਸਨੂੰ ਪ੍ਰੇਮ ਨਹੀਂ ਕਰਦਾ”
“ਸ਼ਾਇਦ ਠੀਕ ਈ ਕਹਿੰਦੀ ਏ।”
“ਫੇਰ ਗ੍ਰਹਿਸ਼ਤੀ, ਬੱਚੇ ਤੇ ਦੁਨੀਆਂਦਾਰੀ?”
“ਉਹ ਸਭ ਪ੍ਰੇਮ ਦੇ ਇਲਾਵਾ ਵੀ ਸੰਭਵ ਏ। ਰਾਜ ਦਾ ਜਨਤਾ ਨਾਲ, ਮਾਲਿਕ ਦਾ ਨੌਕਰਾਂ ਨਾਲ, ਕੋਈ ਪ੍ਰੇਮ ਨਹੀਂ ਹੁੰਦਾ। ਫੇਰ ਵੀ ਰਾਜ ਤੇ ਸਮਾਜ ਦੇ ਸਾਰੇ ਕਾਰੋਬਾਰ ਚੱਲਦੇ ਰਹਿੰਦੇ ਨੇ...ਹੈ ਨਾ? ਜਾਣਦੀ ਏਂ, ਕਦੇ-ਕਦੇ ਮੈਨੂੰ ਕਿੰਜ ਲੱਗਦਾ ਏ?...ਲੱਗਦਾ ਏ, ਜਿਵੇਂ ਮੈਂ ਆਪਣੇ ਘਰ ਵਿਚ ਇਕ 'ਪੇਇੰਗ ਗੇਸਟ ਆਂ, ਤੇ ਮਕਾਨ ਮਾਲਕਿਨ ਨਾਲ ਨਾਜਾਇਜ਼ ਸੰਬੰਧ ਨੇ ਮੇਰੇ।”
“ਤੇ ਤੇਰੇ ਸੰਗਠਨ ਦੇ ਉਹ ਸਾਥੀ, ਜਿਹੜੇ ਇਕ ਨਿਸ਼ਾਨੇ ਵੱਲ, ਇਕੋ ਦਿਸ਼ਾ ਵਿਚ, ਨਾਲੋ-ਨਾਲ ਚੱਲਦੇ ਨੇ? ਉਹਨਾਂ 'ਚ ਤੈਨੂੰ ਕੋਈ ਔਰਤ ਨਹੀਂ ਮਿਲੀ, ਜਿਹੜੀ...?”
“ਨਹੀਂ।...ਹਾਂ, ਇਕ ਮਿਲੀ ਸੀ, ਜਿਸਨੂੰ ਮਿਲ ਕੇ ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਪਿਆਰ ਕਰਦੀ ਏ। ਉਸਨੇ ਕਿਹਾ ਵੀ ਸੀ : 'ਅਰਵਿੰਦ ਤੇਰੇ ਅੰਦਰ ਬੜੀਆਂ ਸੰਭਾਵਨਾਵਾਂ ਨੇ।'...ਅੱਛਾ, ਸੁਣ, ਕੀ ਤੂੰ ਇਕ ਗੱਲ ਸਮਝਦੀ ਏਂ? ਕੀ ਮਨੁੱਖ ਦੀਆਂ ਸੰਭਾਵਨਾਵਾਂ ਨੂੰ ਕੀਤਾ ਜਾਣ ਵਾਲਾ ਪ੍ਰੇਮ ਹੀ ਸੱਚਾ ਪ੍ਰੇਮ ਹੁੰਦਾ ਏ? ਜੇ ਤੂੰ ਇਹ ਵੇਖੇਂ ਕਿ ਇਸ ਆਦਮੀ ਵਿਚ ਕੀ-ਕੀ ਨਹੀਂ ਹੈ, ਤਾਂ ਕੀ ਤੂੰ ਉਸ ਨਾਲ ਪ੍ਰੇਮ ਨਹੀਂ, ਨਫ਼ਰਤ ਕਰੇਂਗੀ? ਭਾਵੇਂ ਉਹ ਦਯਾ ਦੇ ਰੂਪ ਵਿਚ ਹੀ ਹੋਵੇ। ਜੇ ਤੂੰ ਇਹ ਵੇਖੇਂ ਕਿ ਇਸ ਆਦਮੀ ਵਿਚ ਕੀ-ਕੀ ਹੈ, ਤੂੰ ਉਸ ਨਾਲ ਪ੍ਰੇਮ ਨਹੀਂ ਕਰ ਸਕਦੀ। ਹੱਦ ਤੋਂ ਹੱਦ ਸੰਤੋਖ ਕਰ ਲਵੇਂਗੀ। ਉਹ ਵੀ ਸ਼ਾਇਦ ਕੁਛ ਸਮੇਂ ਲਈ, ਕਿਉਂਕਿ ਜੋ ਹੈ, ਉਹ ਬੀਤਦਾ ਰਹਿੰਦਾ ਹੈ ਤੇ ਅਸੰਤੋਖ ਪੈਦਾ ਕਰਦਾ ਰਹਿੰਦਾ ਏ। ਪ੍ਰੇਮ ਉੱਥੇ ਈ ਹੁੰਦਾ ਏ, ਜਿੱਥੇ ਤੁਸੀਂ ਇਹ ਵੇਖਦੀਆਂ ਹੋ ਕਿ ਇਹ ਆਦਮੀ ਕੀ ਤੋਂ ਕੀ ਬਣ ਸਕਦਾ ਏ।...ਤਾਂ, ਉਸਨੇ ਕਿਹਾ : 'ਅਰਵਿੰਦ, ਤੇਰੇ ਅੰਦਰ ਬੜੀਆਂ ਸੰਭਾਵਨਾਵਾਂ ਨੇ; ਤੂੰ ਆਪਣਾ ਵਿਕਾਸ ਕਰ, ਮੈਂ ਤੇਰਾ ਸਾਥ ਦਿਆਂਗੀ।'...ਪਰ ਪਿੱਛੋਂ, ਪਤਾ ਈ, ਕੀ ਹੋਇਆ? ਉਹ ਮੇਰੀ ਲੀਡਰ ਬਣ ਕੇ ਮੈਨੂੰ ਆਪਣਾ ਕਾਡਰ ਬਣਾਉਣ ਲੱਗੀ। ਚਾਹੁਣ ਲੱਗੀ ਕਿ ਮੈਂ ਉਸਦੇ ਗੁੱਟ 'ਚ ਰਹਿ ਕੇ ਸੰਗਠਨ ਵਿਚ ਗੁੱਟ ਬਾਜੀ ਕਰਾਂ, ਉਸਦੇ ਮੂਰਖਤਾ ਭਰੇ ਆਦੇਸ਼ਾਂ ਨੂੰ ਵੀ ਅੱਖਾਂ ਬੰਦ ਕਰਕੇ ਮੰਨ ਲਵਾਂ, ਹਰ ਹਾਲਤ ਵਿਚ ਮੈਂ ਉਸਦਾ ਪੱਖ ਲਵਾਂ ਤੇ ਸਮਰਥਨ ਕਰਾਂ। ਪਰ ਇਹ ਤਾਂ ਪ੍ਰੇਮ ਨਹੀਂ।...ਜਾਂ ਹੈ?”
ਮੈਂ ਰਾਜਨੀਤੀ ਬਹੁਤੀ ਨਹੀਂ ਸਮਝਦੀ। ਉਸਦੇ ਸੰਗਠਨ ਬਾਰੇ ਵੀ ਬੜਾ ਥੋੜ੍ਹਾ ਜਾਣਦੀ ਸਾਂ।...ਤੇ ਉਸ ਔਰਤ ਨਾਲ ਮੇਰੀ ਜਾਣ-ਪਛਾਣ ਨਹੀਂ ਸੀ, ਜਿਹੜੀ ਖ਼ੁਦ ਲੀਡਰ ਬਣ ਕੇ ਅਰਵਿੰਦ ਨੂੰ ਆਪਣਾ ਕਾਡਰ ਬਣਾਉਣਾ ਚਾਹੁੰਦੀ ਸੀ। ਪਰ ਅਰਵਿੰਦ ਦੇ ਕੁਝ ਸਾਥੀ ਮੈਨੂੰ ਦਸਦੇ ਸਨ, ਉਸ ਔਰਤ ਨਾਲ ਅਰਵਿੰਦ ਦਾ ਝਗੜਾ ਸ਼ੁਰੂ ਤੋਂ ਹੀ ਸੀ। ਉਹ ਅਰਵਿੰਦ ਨੂੰ ਰਾਜਨੀਤਕ ਕਾਰਜ ਕਰਤਾ ਬਣਾਉਣਾ ਚਾਹੁੰਦੀ ਸੀ। ਅਰਵਿੰਦ ਰਾਜਨੀਤਕ ਕਾਰਜ-ਕਰਤਾ ਬਣਨ ਲਈ ਤਿਆਰ ਸੀ, ਬਸ਼ਰਤੇ ਕਿ ਉਹ ਔਰਤ ਕਲਾਕਾਰ ਬਣਨਾ ਮੰਜ਼ੂਰ ਕਰ ਲਵੇ।
ਇਕ ਦਿਨ ਮੈਂ ਇਸ ਝਗੜੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ, “ਮੈਂ ਉਮਰ ਵਿਚ ਉਸ ਕੁੜੀ ਨਾਲੋਂ ਵੱਡਾ ਆਂ, ਆਪਣੇ ਖੇਤਰ ਵਿਚ ਮੈਂ ਕੁਝ ਮਹੱਤਵਪੂਰਨ ਕੰਮ ਵੀ ਕੀਤੇ ਨੇ, ਜਦਕਿ ਉਸਦੀ ਆਪਣੀ ਆਪਣੇ ਰਾਜਨੀਤਕ ਖੇਤਰ ਵਿਚ ਅਜੇ ਤਕ ਕੋਈ ਪ੍ਰਾਪਤੀ ਨਹੀਂ: ਫੇਰ ਵੀ ਮੈਂ ਉਸਦਾ ਵਿਦਿਆਰਥੀ ਬਣ ਕੇ ਉਸ ਤੋਂ ਰਾਜਨੀਤੀ ਸਿੱਖਣ ਲਈ ਤਿਆਰ ਆਂ। ਪਰ ਉਹ ਵੀ ਤਾਂ ਕਲਾ ਦੀ ਦੁਨੀਆਂ 'ਚ ਆ ਕੇ ਕੁਝ ਸਿੱਖੇ। ਉਹ ਚਿੱਤਰ ਨਹੀਂ ਬਣਾ ਸਕਦੀ, ਸੰਗੀਤ-ਰਚਨਾ ਨਹੀਂ ਕਰ ਸਕਦੀ, ਕਵਿਤਾ ਨਹੀਂ ਲਿਖ ਸਕਦੀ, ਥਿਏਟਰ ਵਿਚ ਕੰਮ ਨਹੀਂ ਕਰ ਸਕਦੀ; ਕੋਈ ਗੱਲ ਨਹੀਂ। ਫੇਰ ਚਿੱਤਰ ਤੇ ਚਿੱਤਰਕਾਰ ਨੂੰ, ਨਾਟਕ ਤੇ ਨਟ ਨੂੰ ਸਮਝਣ ਤੇ ਸਲਾਹੁਣ ਦੀ ਸਮਰਥਾ ਪ੍ਰਾਪਤ ਕੀਤੇ ਬਿਨਾਂ ਆਪਣੀ ਰਾਜਨੀਤੀ ਵਿਚ ਕਵੀਆਂ ਤੇ ਕਲਾਕਾਰਾਂ ਦਾ ਸਹੀ ਇਸਤੇਮਾਲ ਕਿਵੇਂ ਕਰ ਸਕਦੀ ਏ? ਨਿੱਤ ਦਿਨ ਦੀ ਰਾਜਨੀਤੀ ਵਿਚ ਉਹ ਏਨੀ ਵਿਅਸਤ ਰਹਿੰਦੀ ਏ ਕਿ ਕਲਾ ਤੇ ਕਲਾਕਾਰਾਂ ਦੀਆਂ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਮੱਸਿਆਵਾਂ ਬਾਰੇ ਸੋਚਣ ਦੀ ਰਤਾ ਵਿਹਲ ਨਹੀਂ, ਉਸ ਕੋਲ। ਮੈਂ ਉਸਦੀ ਬੇਨਤੀ ਉੱਤੇ ਜਲੂਸਾਂ ਵਿਚ ਨਾਅਰੇ ਲਾਉਣ ਚਲਾ ਜਾਂਦਾ ਆਂ, ਸਰਕਾਰ ਨੂੰ ਮੰਗਾਂ ਦਾ ਨੋਟਿਸ ਦੇਣ ਤੇ ਜਨਤਾ ਨੂੰ ਭਾਸ਼ਣ ਦੇਣ ਪਹੁੰਚ ਜਾਂਦਾ ਹਾਂ; ਫੇਰ ਉਹ ਮੇਰੇ ਕਹਿਣ 'ਤੇ ਕੋਈ ਕਿਤਾਬ ਪੜ੍ਹਨ, ਸੰਗੀਤ ਸੁਣਨ, ਨਾਟਕ ਜਾਂ ਚਿੱਤਰ ਪ੍ਰਦਰਸ਼ਨੀ ਵੇਖਣ ਤੋਂ ਇਨਕਾਰ ਕਿਉਂ ਦੇਂਦੀ ਏ? ਉਹ ਵਿਅਸਤ ਏ, ਤਾਂ ਕੀ ਮੈਂ ਵਿਹਲਾ ਆਂ...?”
ਮੈਨੂੰ ਲੱਗਿਆ, ਉਹ ਸ਼ਾਇਦ ਵਧੇਰੇ ਦਿਨ ਸੰਗਠਨ ਵਿਚ ਨਹੀਂ ਰਹਿ ਸਕੇਗਾ। ਪਰ ਉਸਨੇ ਮੇਰੀ ਧਾਰਨਾਂ ਨੂੰ ਗਲਤ ਸਿੱਧ ਕਰਦਿਆਂ ਹੋਇਆਂ ਕਿਹਾ, “ਪਹਿਲਾਂ ਈ ਮੈਂ ਘੱਟ ਇਕੱਲਾ ਨਹੀਂ; ਸੰਗਠਨ ਨਾਲੋਂ ਵੱਖ ਹੋ ਕੇ ਤਾਂ ਹੋਰ ਵੀ ਇਕੱਲਾ ਹੋ ਜਾਵਾਂਗਾ। ਹਾਂ, ਮੈਨੂੰ ਗੁੱਸਾ ਆਉਂਦਾ ਏ ਤੇ ਅਫ਼ਸੋਸ ਵੀ ਹੁੰਦਾ ਏ ਕਿ ਮੇਰੇ ਰਾਜਨੀਤਕ ਸਾਥੀ ਮੈਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ।”
ਮੈਂ ਉਸਦੇ ਸਾਥੀਆਂ ਨਾਲ ਗੱਲ ਕੀਤੀ, ਤਾਂ ਪਤਾ ਲੱਗਿਆ ਕਿ ਅਰਵਿੰਦ ਬਾਰੇ ਉਹਨਾਂ ਦੀ ਰਾਏ ਬਹੁਤੀ ਚੰਗੀ ਨਹੀਂ। ਉਹਨਾਂ ਕਿਹਾ : ਅਰਵਿੰਦ ਵਿਚ ਵਿਅਕਤੀ ਵਾਦ ਬੜਾ ਜ਼ਿਆਦਾ ਹੈ। ਉਹ ਕੋਈ ਅਨੁਸ਼ਾਸਨ ਨਹੀਂ ਮੰਨਦਾ। ਉਹ ਸਵੈ ਇੱਛਾਚਾਰੀ ਤੇ ਲਗਭਗ ਅਰਾਜਕ ਹੈ। ਸੰਗਠਨ ਵਿਚ ਰਹਿਣ ਲਈ ਜਿਹੜੀ ਨਿਹਚਾ, ਸਮਰਪਣ ਤੇ ਆਤਮ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ, ਉਹ ਉਸ ਵਿਚ ਨਹੀਂ। ਉਹ ਸਿਰਫ ਆਪਣੇ ਆਪ ਨੂੰ ਪਿਆਰ ਕਰਦਾ ਹੈ, ਆਪਣੀ ਧੁਨ ਵਿਚ ਹੀ ਰਹਿਣਾ ਚਾਹੁੰਦਾ ਹੈ...ਆਦੀ-ਆਦੀ।
ਇਕ ਦਿਨ ਮੈਂ ਉਸਨੂੰ ਕਿਹਾ, “ਪਤਾ ਏ, ਲੋਕ ਤੇਰੇ ਬਾਰੇ ਕੀ ਸੋਚਦੇ ਨੇ?”
“ਹਾਂ।” ਉਸਨੇ ਹੱਸ ਕੇ ਕਿਹਾ, “ਸੋਚਦੇ ਨੇ, ਇਹ ਪਹਾੜੀ ਝਰਨਾ ਅਲਗ ਤੇ ਇਕੱਲਾ ਕਿਉਂ ਵਹਿ ਰਿਹੈ! ਇਸ ਦੀ ਆਵਾਜ਼ ਏਨੀ ਅਨੋਖੀ ਕਿਉਂ ਏਂ! ਇਹ ਚੁੱਪਚਾਪ ਕਿਉਂ ਨਹੀਂ ਵਹਿੰਦਾ, ਪੱਥਰਾਂ ਨਾਲ ਟਕਰਾਅ ਕੇ ਆਵਾਜ਼ ਕਿਉਂ ਪੈਦਾ ਕਰਦਾ ਏ! ਇਹ ਏਨਾ ਮਸਤ ਕਿਉਂ ਏ! ਇਹ ਏਨਾ ਸੁੰਦਰ ਕਿਉਂ ਲੱਗਦੈ! ਵਗ਼ੈਰਾ ਵਗ਼ੈਰਾ।”
ਇਕ ਦਿਨ ਮੈਂ ਉਸੇ ਦੀ ਸ਼ੈਲੀ ਅਪਣਾਉਂਦਿਆਂ ਹੋਇਆਂ ਕਿਹਾ, “ਮੈਂ ਸੁਣਿਆ ਏ ਕਿ ਇਕ ਝਰਨਾ ਵਹਿੰਦਾ ਵਹਿੰਦਾ ਨਦੀ ਨਾਲ ਜਾ ਰਲਿਆ ਤੇ ਦੁਖੀ ਹੋ ਗਿਆ ਕਿ ਨਦੀ ਨਾਲ ਰਲ ਕੇ ਉਹਦੀ ਹੋਂਦ ਈ ਖ਼ਤਮ ਹੋ ਗਈ ਏ।”
“ਹਾਂ, ਬਿਲਕੁਲ ਇਵੇਂ ਹੋਇਐ–ਤੂੰ ਠੀਕ ਸੁਣਿਐਂ।”
“ਪਰ, ਅਰਵਿੰਦ, ਜੀਵਨ ਦੀ ਸਾਰਥਕਤਾ ਤਾਂ ਇਸੇ ਵਿਚ ਏ ਕਿ ਛੋਟੀ ਹਸਤੀ ਕਿਸੇ ਵੱਡੀ ਹਸਤੀ ਵਿਚ ਵਲੀਨ ਹੋ ਜਾਵੇ। ਨਹੀਂ?”
“ਨਹੀਂ। ਛੋਟੀ ਹਸਤੀ ਨੂੰ ਕਿਸੇ ਵੱਡੀ ਹਸਤੀ ਵਿਚ ਵਲੀਨ ਹੋ ਜਾਣਾ ਚਾਹੀਦਾ ਏ, ਇਹ ਇਕ ਵਿਚਾਰ ਹੋ ਸਕਦਾ ਏ ਤੇ ਕਿਸੇ ਸਮੇਂ ਵਿਚ ਬੜਾ ਚੰਗਾ ਵਿਚਾਰ ਵੀ ਹੁੰਦਾ ਹੋਵੇਗਾ; ਪਰ ਅੱਜ ਦੇ ਸਮੇਂ ਵਿਚ ਇਹ ਇਕ ਫਾਸੀਵਾਦੀ ਵਿਚਾਰ ਏ। ਮੈਂ ਇਸਦਾ ਵਿਰੋਧੀ ਆਂ।”
“ਲੋਕ ਠੀਕ ਕਹਿੰਦੇ ਨੇ, ਤੂੰ ਵਿਅਕਤੀਵਾਦੀ ਏਂ।”
“ਵਿਅਕਤੀਵਾਦ ਬੁਰਾ ਹੋ ਸਕਦੈੇ, ਪਰ ਵਿਅਕਤੀਤਵ? ਵਿਅਕਤੀਤਵ ਦਾ ਵਿਕਾਸ ਹੋਣਾ ਚਾਹੀਦਾ ਏ ਜਾਂ ਸੰਗਠਨ ਤੇ ਅਨੁਸ਼ਾਸਨ ਦੇ ਨਾਂਅ ਹੇਠ ਉਸਦੀ ਹੱਤਿਆ ਕਰ ਦੇਣੀ ਚਾਹੀਦੀ ਏ? ਇਕ ਦੂਜੇ ਦੀ ਵੱਖੋ ਵੱਖਰੀ ਪਹਿਚਾਨ ਦਾ ਸਵਾਗਤ ਤੇ ਸਨਮਾਨ ਕਰਦਿਆਂ ਹੋਇਆਂ ਸਾਥੀਆਂ ਨੂੰ ਇਕ ਦੂਜੇ ਦੇ ਵਿਅਕਤੀਤਵ ਦੇ ਵਿਕਾਸ ਵਿਚ ਸਹਾਇਕ ਹੋਣਾ ਚਾਹੀਦਾ ਏ ਜਾਂ ਸੰਗਠਨ ਤੇ ਅਨੁਸ਼ਾਸਨ ਦੇ ਨਾਂਅ 'ਤੇ ਕਿਸੇ ਦੀ ਹੋਂਦ ਕੀ ਹਸਤੀ ਨੂੰ ਹੀ ਖ਼ਤਮ ਕਰ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ?”
“ਹੋਂਦ ਕਿ ਹਸਤੀ?”
“ਕਲਾ ਦੇ ਖੇਤਰ ਵਿਚ ਤਾਂ ਹਸਤੀ ਹੀ ਹੋਂਦ ਹੁੰਦੀ ਏ।”
“ਪਰ ਤੇਰਾ ਸਮੂਹਵਾਦ ਦਾ ਸਿਧਾਂਤ ਤਾਂ...”
“ਮੈਂ ਅਜਿਹੇ ਸਮੂਹਵਾਦ ਨੂੰ ਦੂਰੋਂ ਈ ਸਲਾਮ ਕਰਦਾ ਆਂ, ਜਿਹੜਾ...” ਕਹਿੰਦਾ ਹੋਇਆ ਉਹ ਅਚਾਨਕ ਜ਼ੋਰ ਦੀ ਹੱਸ ਪਿਆ ਤੇ ਬੋਲਿਆ, “ਸੁਣ, ਕੀ ਉਸ ਨਦੀ ਦੇ ਹੜ੍ਹ ਦੀ ਛੱਲ ਤੇਰੇ ਘਰੇ ਵੀ ਘੁਸ ਆਈ ਏ?”
“ਇੰਜ ਹੁੰਦਾ, ਤਾਂ ਮੈਂ ਇਕਾਂਤ 'ਚ ਬੈਠੀ ਝਰਨੇ ਦਾ ਸੰਗੀਤ ਨਾ ਸੁਣ ਰਹੀ ਹੁੰਦੀ।”
ਮੈਂ ਮੁਸਕਰਾਈ ਤਾਂ ਉਹ ਬੜਾ ਖੁਸ਼ ਤੇ ਨਾਰਮਲ ਦਿਖਾਈ ਦੇਣ ਲੱਗਾ।
ਪਰ ਉਸ ਦਿਨ ਪਿੱਛੋਂ ਮੈਂ ਵੇਖਿਆ ਕਿ ਉਹ ਉੱਖੜਿਆ-ਉੱਖੜਿਆ ਤੇ ਬੇਚੈਨ ਜਿਹਾ ਰਹਿਣ ਲੱਗ ਪਿਆ ਹੈ। ਸਿੱਧ-ਪੱਧਰੀਆਂ ਗੱਲਾਂ ਦੇ ਵੀ ਉਲਟੇ ਅਰਥ ਲੈਣ ਵਾਲਾ ਇਕ ਸ਼ੱਕੀ ਤੇ ਝੱਕੀ ਜਿਹਾ ਆਦਮੀ ਬਣ ਕੇ ਉਹ ਸਾਰਿਆਂ ਨਾਲ ਝਗੜਾ ਕਰਨ ਲੱਗ ਪੈਂਦਾ ਹੈ। ਮੈਂ ਤਾਂ ਹੁਣ ਵੀ ਉਹਨੂੰ ਆਪਣਾ ਅਤੀ ਪਿਆਰਾ ਮਿੱਤਰ ਮੰਨਦੀ ਸਾਂ, ਪਰ ਉਸਨੂੰ ਮੇਰੀ ਮਿੱਤਰਤਾ 'ਤੇ ਵੀ ਸ਼ੱਕ ਹੋਣ ਲੱਗ ਪਿਆ ਸੀ। ਇਕ ਮੈਂ ਉਸਦੇ ਸਾਹਮਣੇ ਇਕ ਬੜੇ ਹੀ ਵਧੀਆ ਮਿੱਤਰ ਦੀ ਪ੍ਰਸ਼ੰਸਾ ਕਰ ਬੈਠੀ ਤੇ ਉਹ ਮੇਰੇ ਨਾਲ ਵੀ ਝਗੜ ਪਿਆ। ਕਹਿਣ ਲੱਗਿਆ, “ਸਾਫ ਕਿਉਂ ਨਹੀਂ ਕਹਿ ਦੇਂਦੀ ਕਿ ਤੂੰ ਵੀ ਮੈਨੂੰ ਪਸੰਦ ਨਹੀਂ ਕਰਦੀ!”
ਮੈਂ ਕਿਹਾ, “ਕਿਸੇ ਹੋਰ ਦੀ ਪ੍ਰਸ਼ੰਸਾ ਕਰਨ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਤੈਨੂੰ ਪਸੰਦ ਨਹੀਂ ਕਰਦੀ।”
“ਨਹੀਂ, ਇਸਦਾ ਮਤਲਬ ਇਹੋ ਏ। ਵਰਨਾ ਤੂੰ ਮੇਰੇ ਮੂੰਹ 'ਤੇ ਕਿਸੇ ਹੋਰ ਦੀ ਪ੍ਰਸ਼ੰਸਾ ਕਿਉਂ ਕਰਦੀ?”
ਬਹਿਸ ਜਦੋਂ ਇੰਜ ਗੋਲ-ਗੋਲ ਘੁੰਮਣ ਲੱਗੇ ਤਾਂ ਝਗੜਾ ਜ਼ਰੂਰ ਹੁੰਦਾ ਹੈ।
ਉਹ ਮੇਰੇ ਨਾਲ ਝਗੜ ਕੇ ਚਲਾ ਗਿਆ ਤੇ ਕਈ ਮਹੀਨੇ ਤਕ ਨਹੀਂ ਮਿਲਿਆ। ਮੈਨੂੰ ਉਸਦਾ ਨਾ ਮਿਲਣਾ ਚੰਗਾ ਹੀ ਲੱਗਿਆ : ਅਜਿਹੇ ਬਦਦਿਮਾਗ ਆਦਮੀ ਨਾਲ ਕੀ ਮਿਲਣਾ!
ਇਸ ਦੌਰਾਨ ਸੁਣਿਆ ਕਿ ਉਹ ਨੌਕਰੀ ਤੋਂ ਲੰਮੀ ਛੁੱਟੀ ਲੈ ਕੇ ਘਰ ਬੈਠਾ ਆਪਣਾ ਕੰਮ ਕਰ ਰਿਹਾ ਹੈ। ਮੈਨੂੰ ਖੁਸ਼ੀ ਹੋਈ : ਚੱਲੋ, ਚੰਗਾ ਏ, ਕੰਮ ਕਰੇਗਾ ਤਾਂ ਊਲ-ਜਲੂਲ ਸੋਚਾਂ ਤੋਂ ਮੁਕਤ ਰਹਿ ਸਕੇਗਾ। ਪਰ ਫੇਰ ਸੁਣਿਆ ਕਿ ਉਹ ਕੰਮ ਨਹੀਂ ਕਰ ਰਿਹਾ, ਵਿਹਲਾ ਪਿਆ ਘਰੇ ਪਤਨੀ ਨਾਲ ਲੜਦਾ ਤੇ ਬੱਚਿਆਂ 'ਤੇ ਗੁੱਸਾ ਕੱਢਦਾ ਰਹਿੰਦਾ ਹੈ। ਸ਼ਾਮ ਨੂੰ ਕਿੱਧਰੇ ਨਿਕਲ ਜਾਂਦਾ ਹੈ ਤੇ ਅੱਧੀ ਰਾਤ ਨੂੰ ਨਸ਼ੇ ਵਿਚ ਟੁੰਨ ਹੋ ਕੇ ਘਰ ਆਉਂਦਾ ਹੈ।
ਦੁਖੀ ਹੋ ਕੇ ਮੈਂ ਉਸਦੇ ਕੁਝ ਦੋਸਤਾਂ ਨੂੰ ਮਿਲੀ ਤੇ ਕਿਹਾ, “ਸੁਣੋ, ਇੰਜ ਤਾਂ ਉਹ ਆਤਮ-ਹੱਤਿਆ ਕਰ ਰਿਹੈ। ਉਸਨੂੰ ਬਚਾਉਣ ਲਈ ਕੁਛ ਤਾਂ ਕਰੋ।”
“ਜਿਹੜਾ ਖ਼ੁਦ ਮਰਨਾ ਚਾਹੁੰਦਾ ਹੋਵੇ, ਉਸਨੂੰ ਕੋਈ ਨਹੀਂ ਬਚਾਅ ਸਕਦਾ।” ਉਸਦੇ ਦੋਸਤਾਂ ਨੇ ਕਿਹਾ ਤੇ ਸਾਫ ਸਾਫ ਕਹਿ ਦਿਤਾ ਕਿ ਉਹ ਉਸ ਲਈ ਕੁਝ ਨਹੀਂ ਕਰ ਸਕਦੇ। ਮੈਂ ਫੇਰ ਮਿੰਨਤ ਜਿਹੀ ਕੀਤੀ ਤਾਂ ਉਹਨਾਂ ਵਿਚੋਂ ਇਕ ਨੇ ਕਿਹਾ, “ਦੇਖੋ ਜੀ, ਅਸੀਂ ਤਾਂ ਉਸ ਲਈ ਕੁਛ ਵੀ ਕਰਨ ਲਈ ਤਿਆਰ ਵਾਂ, ਪਰ ਉਹ ਤਾਂ ਆਪਣੇ ਸ਼ੁਭਚਿੰਤਕਾਂ ਨੂੰ ਵੀ ਗਾਲ੍ਹਾਂ ਕੱਢਣ ਲੱਗ ਪੈਂਦਾ ਏ। ਹੁਣ ਇੰਜ ਤਾਂ ਨਹੀਂ ਹੋ ਸਕਦਾ ਕਿ ਅਸੀਂ ਉਸਦੀਆਂ ਗਾਲ੍ਹਾਂ ਖਾਣ ਲਈ ਉਸ ਕੋਲ ਜਾਈਏ।”
“ਉਹ ਬਿਮਾਰ ਏ।” ਮੈਂ ਸਮਝਾਉਣਾ ਚਾਹਿਆ, “ਸਾਰਿਆਂ ਨਾਲ ਝਗੜਾ ਕਰਨਾ, ਸਭ ਨਾਲੋਂ ਟੁੱਟ ਕੇ ਇਕੱਲੇ ਹੁੰਦੇ ਜਾਣਾ, ਇਕ ਕਿਸਮ ਦੀ ਬਿਮਾਰੀ ਈ ਏ। ਸ਼ਰਾਬ ਇਸ ਬਿਮਾਰੀ ਨੂੰ ਹੋਰ ਵਧਾਅ ਦੇਂਦੀ ਏ। ਪਲੀਜ਼ ਉਸਨੂੰ ਬਿਮਾਰ ਸਮਝ ਕੇ ਕੋਈ ਇਲਾਜ਼ ਕਰੋ, ਉਸ ਨਾਲ ਨਫ਼ਤਰ ਨਾ ਕਰੋ।”
“ਸਾਥੋਂ ਤਾਂ ਜੋ ਕੁਛ ਹੋ ਸਕਦਾ ਸੀ, ਅਸੀਂ ਕਰਕੇ ਵੇਖ ਲਿਆ।”
“ਨਹੀਂ, ਤੁਸੀਂ ਉਸਨੂੰ ਸਿਰਫ ਸਮਝਾਇਆ ਏ, ਉਪਦੇਸ਼ ਦਿੱਤੇ ਨੇ। ਇਸ ਵੇਲੇ ਉਹਨੂੰ ਉਪਦੇਸ਼ਾਂ ਦੀ ਨਹੀਂ, ਮਦਦ ਦੀ ਲੋੜ ਏ। ਮੈਂ ਰੁਪਏ ਪੈਸੇ ਦੀ ਗੱਲ ਨਹੀਂ ਕਰ ਰਹੀ। ਕੁਝ ਅਜਿਹਾ ਕਰੋ ਕਿ ਉਹ ਆਪਣੀ ਯੋੋਗਤਾ 'ਤੇ ਭਰੋਸਾ ਕਰ ਸਕੇ, ਆਪਣੀਆਂ ਸੰਭਾਵਨਾਵਾਂ ਨੂੰ ਸਮਝ ਕੇ ਮੁੜ ਆਪਣਾ ਆਤਮਵਿਸ਼ਵਾਸ਼ ਪ੍ਰਾਪਤ ਕਰ ਸਕੇ।”
“ਤੁਸੀਂ ਹੀ ਕਿਉਂ ਨਹੀਂ ਕੁਛ ਕਰਦੇ?”
“ਹਾਂ, ਤੁਹਾਡਾ ਲੋਕਾਂ ਦਾ ਰਵੱਈਆ ਵੇਖ ਦਾ ਇਵੇਂ ਲੱਗਦਾ ਏ, ਮੈਨੂੰ ਈ ਕੁਝ ਕਰਨਾ ਪਵੇਗਾ।” ਮੇਰੀ ਗੱਲ ਸੁਣ ਕੇ ਉਹ ਮੁਸਕਰਾਏ। ਪਰ ਉਹਨਾਂ ਦੀ ਵਿਅੰਗਭਰੀ ਮੁਸਕਾਨ ਮੈਨੂੰ ਬੜੀ ਘਟੀਆ ਤੇ ਅਸ਼ਲੀਲ ਲੱਗੀ।
ਇਹ ਜਾਣਦੇ ਹੋਏ ਵੀ ਕਿ ਉਸਦੇ ਪਰਿਵਾਰ ਕੋਲ ਜਾਣਾ, ਉਸਦੀ ਪਤਨੀ ਨੂੰ ਉਸ ਬਾਰੇ ਕੁਝ ਕਹਿਣਾ, ਉਸ ਲਈ ਕੋਈ ਨਵੀਂ ਮੁਸੀਬਤ ਵੀ ਖੜ੍ਹੀ ਕਰ ਸਕਦਾ ਹੈ–ਮੈਂ ਉਸਦੇ ਘਰ ਜਾਏ ਬਿਨਾਂ ਨਹੀਂ ਰਹਿ ਸਕੀ। ਉੱਥੇ ਮੇਰਾ ਅਪਮਾਨ ਹੋਵੇਗਾ, ਇਹ ਤਾਂ ਨਿਸ਼ਚਿਤ ਹੀ ਸੀ; ਪਰ ਮੈਨੂੰ ਆਪਣੇ ਅਪਮਾਨ ਦੀ ਪ੍ਰਵਾਹ ਨਹੀਂ ਸੀ। ਮੈਂ ਉਸਦੀ ਪਤਨੀ ਦੇ ਦਿਮਾਗ ਵਿਚ ਸਿਰਫ ਇਕ ਗੱਲ ਬੈਠਾਅ ਦੇਣੀ ਚਾਹੁੰਦੀ ਸਾਂ ਕਿ ਇੰਜ ਉਹ ਹੌਲੀ-ਹੌਲੀ ਮਰ ਰਿਹਾ ਹੈ।...ਤੇ ਜੇ ਤੂੰ ਉਸਨੂੰ ਨਾ ਰੋਕਿਆ, ਤਾਂ ਇਹ ਉਸਦੀ ਆਤਮ-ਹੱਤਿਆ ਨਹੀਂ, ਬਲਿਕੇ ਤੇਰੇ ਰਾਹੀਂ ਕੀਤੀ ਗਈ ਉਸਦੀ ਹੱਤਿਆ ਹੋਵੇਗੀ।
ਪਰ ਉਸਦੀ ਪਤਨੀ ਨੇ ਤਾਂ ਮੈਨੂੰ ਆਪਣੇ ਘਰੇ ਪੈਰ ਹੀ ਨਹੀਂ ਸੀ ਧਰਨ ਦਿਤਾ। ਭੈੜੀਆਂ-ਭੈੜੀਆਂ ਗਾਲ੍ਹਾਂ ਕੱਢ ਕੇ ਬਾਹਰੋਂ ਹੀ ਉਲਟੇ ਪੈਰੀ ਪਰਤਾ ਦਿਤਾ ਸੀ। ਕਲਪਨਾ ਕੀਤੀ ਜਾ ਸਕਦੀ ਹੈ ਕਿ ਮੈਨੂੰ ਕਿੰਜ ਲੱਗਿਆ ਹੋਵੇਗਾ ਤੇ ਮੇਰਾ ਕੀ ਹਾਲ ਹੋਇਆ ਹੋਵੇਗਾ। ਇੱਛਾ ਹੋਈ ਸੀ ਕਿ ਆਪਣੇ ਘਰ ਵਾਪਸ ਜਾਣ ਦੇ ਬਜਾਏ ਕਿਤੇ ਜਾ ਕੇ ਡੁੱਬ ਮਰਾਂ, ਕਿਸੇ ਟਰੱਕ ਹੇਠ ਆ ਕੇ ਕੁਚਲੀ ਜਾਵਾਂ ਜਾਂ ਕਿਸੇ ਰੇਲ ਹੇਠ ਸਿਰ ਦੇ ਕੇ ਮਰ ਜਾਵਾਂ। ਇੰਜ ਕਰਨ ਤੋਂ ਮੈਨੂੰ ਕਿਸੇ ਚੀਜ਼ ਨੇ ਰੋਕਿਆ ਹੋਇਆ ਸੀ, ਤਾਂ ਸਿਰਫ ਇਸ ਵਿਚਾਰ ਨੇ ਕਿ ਮੌਤ ਜੀਵਨ ਦੀ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਇਹ ਹੋਰ ਗੱਲ ਹੈ ਕਿ ਆਪਣੇ ਘਰ ਪਹੁੰਚ ਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਰਵਿੰਦ ਦੇ ਘਰ ਜਾਣ ਵਾਲੀ ਗੱਲ ਮੇਰੇ ਪਰਿਵਾਰ ਵਿਚ ਸਾਰਿਆਂ ਨੂੰ ਪਤਾ ਲੱਗ ਚੁੱਕੀ ਹੈ, ਤਾਂ ਮੈਨੂੰ ਅਫ਼ਸੋਸ ਹੋਇਆ ਕਿ ਮੈਂ ਆਪਣੇ ਘਰ ਕਿਉਂ ਆਈ। ਇੰਜ ਲੱਗਿਆ ਜਿਵੇਂ ਸਾਰੀ ਦੁਨੀਆਂ ਅਰਵਿੰਦ ਨੂੰ ਧਰੀਕ ਕੇ ਮੌਤ ਵੱਲ ਲਈ ਜਾ ਰਹੀ ਹੈ ਤੇ ਮੈਂ ਉਸਨੂੰ ਰੋਕਣਾ ਚਾਹੁੰਦੀ ਹਾਂ, ਤਾਂ ਲੋਕ ਮੇਰੇ ਸਰੀਰ 'ਤੇ ਹੀ ਨਹੀਂ ਮੇਰੀ ਆਤਮ 'ਤੇ ਵੀ ਮਾਰੂ-ਵਾਰ ਕਰਨ ਲੱਗ ਪੈਂਦੇ ਨੇ।
'ਮੈਂ ਉਸ ਲਈ ਕੀ ਕਰ ਸਕਦੀ ਆਂ?' ਮੈਂ ਸੋਚਿਆ, ਬੜਾ ਸੋਚਿਆ, ਪਰ ਅੰਤ ਵਿਚ ਸਿਰ ਝੁਕਾਅ ਕੇ ਸਵੀਕਾਰ ਕਰ ਲਿਆ ਕਿ ਮੈਂ ਦੋਸਤੀ ਦਾ ਹੱਕ ਅਦਾ ਕਰਨ ਤੋਂ ਅਸਮਰਥ ਹਾਂ।
ਪਤਾ ਨਹੀਂ ਕਿੰਨੇ ਦਿਨ, ਮਹੀਨੇ, ਸਾਲ ਜਾਂ ਯੁਗ ਬੀਤ ਜਾਣ ਪਿੱਛੋਂ ਇਕ ਦਿਨ ਅਚਾਨਕ ਉਹ ਮੈਨੂੰ ਤੁਰਿਆ ਜਾਂਦਾ ਮਿਲ ਗਿਆ। ਬੜਾ ਮਾੜਾ ਹੋ ਗਿਆ ਸੀ ਤੇ ਬਿਲਕੁਲ ਬੁੱਢਾ ਨਜ਼ਰ ਆ ਰਿਹਾ ਸੀ। ਮੈਂ ਆਪਣੇ ਦਫ਼ਤਰੋਂ ਘਰ ਜਾਣ ਲਈ ਬਸ ਸਟੈਂਡ ਵਲ ਜਾ ਰਹੀ ਸਾਂ, ਪਰ ਉਸਦੇ ਕਹਿਣ 'ਤੇ ਸੜਕ ਦੇ ਕਿਨਾਰੇ ਹੀ ਖੋਖੇ 'ਤੇ ਚਾਹ ਪੀਣ ਬੈਠ ਗਈ। ਪ੍ਰੇਮ ਦੀ ਤਾਂ ਗੱਲ ਹੀ ਨਹੀਂ, ਉਸਦੇ ਪ੍ਰਤੀ ਦਯਾ ਜਾਂ ਹਮਦਰਦੀ ਦੀ ਕੋਈ ਭਾਵਨਾ ਵੀ ਮੇਰੇ ਮਨ ਵਿਚ ਨਹੀਂ ਸੀ ਆ ਰਹੀ। ਅੰਦਰ ਉੱਠ ਰਿਹਾ ਸੀ ਇਕ ਅਜੀਬ ਢੰਗ ਦਾ ਅੰਨਾਂ-ਕਰੋਧ, ਜਿਹੜਾ ਮੇਰੇ ਨਾ ਚਾਹੁੰਦਿਆਂ ਵੀ ਉਸ ਸ਼ਾਮ ਸਾਕਾਰ ਹੋ ਗਿਆ :
“ਅਹਿ ਕੀ ਹਾਲਤ ਬਣਾ ਲਈ ਏ ਤੂੰ ਆਪਣੀ? ਮਰਨਾ ਚਾਹੁੰਦਾ ਏਂ ਤਾਂ ਫੇਰ ਮਰ ਹੀ ਕਿਉਂ ਨਹੀਂ ਜਾਂਦਾ? ਮੁਰਦਿਆਂ ਵਾਂਗ ਜਿਊਂਦੇ ਰਹਿਣ ਦਾ ਇਹ ਦਿਖਾਵਾ ਕਿਸ ਲਈ? ਕੀ ਤੂੰ ਇਹ ਸਮਝਦਾ ਏਂ ਕਿ ਦੁਨੀਆਂ ਨੂੰ ਤੇਰੀ ਬੜੀ ਲੋੜ ਏ ਤੇ ਤੇਰੇ ਬਿਨਾਂ ਉਸਦਾ ਕੰਮ ਨਹੀਂ ਚੱਲ ਸਕਦਾ? ਇਸ ਭਰਮ ਵਿਚ ਨਾ ਰਹੀਂ। ਰੁੱਸਿਆ ਹੋਇਆ ਏਂ, ਮਾਨ ਕਰੀ ਬੈਠਾ ਏਂ, ਤਾਂ ਬੈਠਾ ਰਹਿ। ਕਿਸੇ ਨੂੰ ਗਰਜ ਨਹੀਂ ਪਈ ਕਿ ਤੈਨੂੰ ਮਣੌਣ ਆਵੇ। ਕਲ੍ਹ ਮਰਦਾ ਏਂ, ਤਾਂ ਅੱਜ ਮਰ ਜਾ। ਦੁਨੀਆਂ ਦੀ ਬਲਾਅ ਤੋਂ।”
ਅਰਵਿੰਦ ਚੁੱਪਚਾਪ ਨੀਵੀਂ ਪਾ ਕੇ ਬੈਠਾ ਸੁਣਦਾ ਰਿਹਾ। ਕਹਿੰਦੀ ਹੋਈ ਮੈਂ ਰੋਣ ਲੱਗ ਪਈ, ਉਦੋਂ ਵੀ ਉਸਨੇ ਸਿਰ ਚੁੱਕ ਕੇ ਨਹੀਂ ਵੇਖਿਆ। ਮੈਂ ਚੁੱਪ ਹੋ ਕੇ ਅੱਥਰੂ ਪੂੰਝ ਲਏ, ਫੇਰ ਉਸਨੇ ਹੌਲੀ ਜਿਹੀ ਕਿਹਾ, “ਸੁਣ, ਮੈਂ ਕਿਸੇ ਭਰਮ ਵਿਚ ਨਹੀਂ; ਮੈਂ ਕੋਈ ਦਿਖਾਵਾ ਨਹੀਂ ਕਰ ਰਿਹਾ; ਮੈਂ ਅਜੇ ਮਰਨਾ ਵੀ ਨਹੀਂ ਚਾਹੁੰਦਾ। ਮੇਰੀ ਮੁਸ਼ਕਿਲ ਇਹ ਐ ਕਿ ਮੈਨੂੰ ਕੰਮ ਨਹੀਂ ਮਿਲ ਰਿਹਾ। ਮੈਂ ਹੁਣ ਕਿਸੇ ਵੀ ਦਲ, ਸੰਗਠਨ ਜਾਂ ਵਿਚਾਰਧਾਰਾ ਨਾਲ ਪ੍ਰਤੀਬੱਧ ਨਹੀਂ। ਸਿਰਫ ਆਪਣੀ ਕਲਾ ਦਾ ਪ੍ਰਤੀਬੱਧ ਆਂ ਤੇ ਕਲਾਕਾਰ ਦੇ ਤੌਰ 'ਤੇ ਕੰਮ ਕਰਨਾ ਚਾਹੁਣਾ। ਪਰ ਸੰਗਠਨ ਵਿਚ ਰਹਿ ਕੇ ਮੈਂ ਆਪਣੇ ਬਹੁਤ ਸਾਰੇ ਦੁਸ਼ਮਣ ਬਣਾ ਲਏ ਸੀ। ਸੋਚਿਆ ਸੀ, ਮੈਂ ਸੰਗਠਨ ਦੇ ਦੁਸ਼ਮਣਾ ਨਾਲ ਲੜ ਰਿਹਾਂ ਤੇ ਸੰਗਠਨ ਆਪਣੇ ਮੈਂਬਰ ਨੂੰ ਆਪਣੇ ਦੁਸ਼ਮਣਾ ਦੀ ਮਾਰ ਤੋਂ ਬਚਾਏਗਾ। ਪਰ ਪਤਾ ਲੱਗਿਆ ਕਿ ਸੰਗਠਨ ਉਹਨਾਂ ਨੂੰ ਨਹੀਂ ਬਲਿਕੇ ਮੈਨੂੰ ਆਪਣਾ ਦੁਸ਼ਮਣ ਮੰਨਦਾ ਏ...ਤੇ ਹੁਣ ਸੰਗਠਨ ਤੇ ਉਸਦੇ ਦੁਸ਼ਮਣ ਰਲ ਕੇ ਮੇਰੇ ਵਿਰੁੱਧ ਹੋ ਗਏ ਨੇ। ਮੈਨੂੰ ਕੋਈ ਕੰਮ ਨਹੀਂ ਮਿਲ ਰਿਹਾ। ਕੰਮ ਕਰਨ ਦੀ ਪ੍ਰੇਰਨਾਂ ਵੀ ਨਹੀਂ ਮਿਲ ਰਹੀ। ਮੇਰੇ ਖਿਲਾਫ਼ ਅਜਿਹਾ ਪ੍ਰਚਾਰ ਕੀਤਾ ਗਿਆ ਏ ਜਿਵੇਂ ਮੈਂ ਕਦੀ ਕੁਛ ਵੀ ਨਹੀਂ ਸੀ, ਕੁਛ ਵੀ ਨਹੀਂ ਹਾਂ, ਤੇ ਭਵਿੱਖ ਵਿਚ ਵੀ ਕਦੀ ਕੁਛ ਨਹੀਂ ਕਰ ਸਕਦਾ। ਮੈਂ ਇਕੱਲਾ ਸਾਂ ਤੇ ਹਰ ਪਾਸਿਓਂ ਹਮਲੇ ਹੋ ਰਹੇ ਸੀ ਮੇਰੇ ਉਪਰ, ਪਰ ਮੇਰਾ ਸਾਥ ਦੇਣ ਵਾਲਾ, ਮੇਰੇ ਪੱਖ ਵਿਚ ਬੋਲਣ ਵਾਲਾ ਕੋਈ ਵੀ ਨਹੀਂ ਸੀ। ਇਕੱਲਾ ਮੈਂ ਕਿੰਨਿਆਂ ਨਾਲ ਲੜਦਾ? ਕਦੋਂ ਤਕ ਲੜਦਾ? ਹਾਰ ਗਿਆ। ਹਾਰ ਕੇ ਚੁੱਪ ਹੋ ਗਿਆ, ਤਾਂ ਉਹ ਵੀ ਚੁੱਪ ਹੋ ਗਏ। ਹੁਣ ਉਹਨਾਂ ਮੇਰੇ ਉੱਤੇ ਖੁੱਲ੍ਹੇ ਵਾਰ ਕਰਨੇ ਬੰਦ ਕਰ ਦਿਤੇ ਨੇ। ਹੁਣ ਉਹ ਆਪਣੇ ਵਿਰੋਧ ਨਾਲ ਮੈਨੂੰ ਮਾਰ ਮੁਕਾਉਣ ਦੀ ਸਾਜਿਸ਼ ਕਰਦੇ ਹੋਏ ਮੇਰੇ ਖਿਲਾਫ਼ ਸਿਰਫ ਘੁਸਰ-ਮੁਸਰ ਕਰਦੇ ਰਹਿੰਦੇ ਨੇ।”
“ਉਹਨਾਂ ਦੀ ਏਨੀ ਪ੍ਰਵਾਹ ਕਿਉਂ ਕਰਦਾ ਏਂ ਤੂੰ? ਤੂੰ ਆਪਣਾ ਕੰਮ ਕਰ।”
“ਉਹਨਾਂ ਦੀਆਂ ਸਾਜਿਸ਼ਾਂ ਕਰਕੇ ਮੈਨੂੰ ਕੰਮ ਨਹੀਂ ਮਿਲਦਾ ਪਿਆ। ਮੇਰੇ ਪ੍ਰਸ਼ੰਸਕਾਂ ਤੇ ਗਾਹਕਾਂ ਦੀ ਗਿਣਤੀ ਲਗਭਗ ਸਿਫਰ ਹੋ ਗਈ ਏ।”
“ਕੋਈ ਗੱਲ ਨਹੀਂ ਤੂੰ ਸਿਰਫ ਆਪਣਾ ਕੰਮ ਕਰਦਾ ਰਹਿ। ਢਿੱਡ ਭਰਨ ਲਈ ਨੌਕਰੀ ਹੈ ਈ...”
“ਨਹੀਂ, ਨੌਕਰੀ ਤੋਂ ਮੈਨੂੰ ਕੱਢ ਦਿਤਾ ਗਿਆ ਏ।”
“ਹੈਂ!...ਕਿਉਂ?”
“ਮੈਂ ਸ਼ਰਾਬੀ ਆਂ।”
“ਇਹ ਤਾਂ ਕੋਈ ਕਾਰਨ ਨਹੀਂ...ਤੂੰ ਵਿਰੋਧ ਨਹੀਂ ਕੀਤਾ?”
“ਕਿੱਦਾਂ ਕਰਦਾ? ਸਮਾਜ ਸ਼ਰਾਬੀਆਂ ਨੂੰ ਭੈਰੀ ਅੱਖ ਨਾਲ ਵੇਖਦਾ ਏ, ਦੇਸ਼ ਉਹਨਾਂ ਨੂੰ ਇਕ ਸਮੱਸਿਆ ਮੰਨਦਾ ਏ, ਤੇ ਦੇਸ਼ ਦੀ ਸਰਕਾਰ ਇਸ ਸਮੱਸਿਆ ਨੂੰ ਵਧਾ ਤਾਂ ਸਕਦੀ ਏ, ਹੱਲ ਨਹੀਂ ਕਰ ਸਕਦੀ।”
“ਤੇਰੇ ਸੰਗਠਨ ਦੇ ਸਾਥੀ ਕੁਛ ਨਹੀਂ ਕਰ ਸਕਦੇ?”
“ਕੀ ਕਰ ਸਕਦੇ ਨੇ?ਮੈਂ ਉਹਨਾਂ ਨੂੰ ਸੱਚ ਦੀ ਸ਼ਕਲ ਵਿਖਾਉਂਦਾ ਰਿਹਾਂ, ਸੋ ਉਹਨਾਂ ਮੈਨੂੰ ਆਪਣੇ ਵਿਚੋਂ ਕੱਢ ਦਿਤੈ।”
“ਤੇ ਤੇਰੇ ਘਰ ਵਾਲੇ?...ਤੇਰੇ ਮਿੱਤਰ ਤੇ ਰਿਸ਼ਤੇਦਾਰ?”
“ਉਹ ਤਾਂ ਦਰਖ਼ਤ ਨੇ–ਆਪੋ-ਆਪਣੀਆਂ ਜੜਾਂ 'ਤੇ ਮਜ਼ਬੂਤੀ ਨਾਲ ਜੜੇ ਹੋਏ। ਉਹ ਕੀ ਕਰ ਸਕਦੇ ਨੇ? ਇਕ ਸੜੇ-ਸੁੱਕਦੇ ਤਲਾਅ ਕਿਨਾਰੇ ਖੜ੍ਹੇ ਨੇ। ਆਪਣੀਆਂ ਜੜਾਂ ਨਾਲ ਤਲਾਅ ਦੇ ਪਾਣੀ ਨੂੰ ਸੋਖਣ ਦੇ ਇਲਾਵਾ ਕਰ ਕੀ ਸਕਦੇ ਨੇ ਉਹ?..ਹਾਂ, ਮੇਰੀ ਦਸ਼ਾ ਵੇਖ ਕੇ ਉਹਨਾਂ ਨੂੰ ਇਕ ਕਿਸਮ ਦਾ ਕਰੂਰ ਸੁਖ ਜ਼ਰੂਰ ਮਿਲਦਾ ਐ ਤੇ ਉਹ ਮੇਰਾ ਮਜ਼ਾਕ ਉਡਾਉਂਦੇ ਰਹਿੰਦੇ ਨੇ : ਬੜਾ ਵਹਿੰਦਾ ਫਿਰਦਾ ਸੀ, ਬੱਚੂ! ਹੁਣ ਰਹਿ ਗਿਆ ਨਾ ਵੱਝ ਕੇ?...ਸੜ ਤੇ ਸੁੱਕਦਾ ਰਹਿ। ਸਾਨੂੰ ਵੇਖ, ਅਸੀਂ ਅੱਜ ਵੀ ਆਪਣੀਆਂ ਜੜਾਂ 'ਤੇ ਖੜ੍ਹੇ ਆਂ ਤੇ ਹਰੇ ਦੇ ਹਰੇ ਆਂ।...ਉਹਨਾਂ ਨੂੰ ਪਤਾ ਨਹੀਂ ਕਿ ਜੰਗਲ ਵਿਚ ਅੱਗ ਲੱਗੀ ਹੋਈ ਏ ਤੇ ਅੱਗ ਉਹਨਾਂ ਤੀਕ ਵੀ ਪਹੁੰਚੇਗੀ, ਤੇ ਉਹ ਭੱਜ ਵੀ ਨਹੀਂ ਸਕਣਗੇ।”
ਪਿਆਲੀ ਵਿਚ ਬਚੀ ਹੋਈ ਚਾਹ ਨੂੰ ਉਸਨੇ ਜ਼ਹਿਰ ਦੇ ਘੁੱਟ ਵਾਂਗ ਪੀਤਾ ਤੇ ਮੈਨੂੰ ਕਿਹਾ, “ਚੱਲ, ਤੈਨੂੰ ਦੇਰ ਹੋ ਰਹੀ ਹੋਵੇਗੀ।”
ਮੈਂ ਵੇਖਿਆ ਕਿ ਉਸਦੀ ਜੇਬ ਵਿਚ ਪੈਸੇ ਬੜੇ ਥੋੜ੍ਹੇ ਨੇ। ਫੇਰ ਵੀ ਚਾਹ ਦੇ ਪੈਸੇ, ਉਸੇ ਨੇ ਅੱਗੇ ਹੋ ਕੇ ਦਿਤੇ। ਉਠਿਆ ਤਾਂ ਗੋਡਿਆਂ 'ਤੇ ਹੱਥ ਰੱਖ ਕੇ ਇੰਜ, ਜਿਵੇਂ ਗਠੀਏ ਦਾ ਪੁਰਾਣਾ ਮਰੀਜ਼ ਜਾਂ ਅਨੀਮੀਏਂ ਦਾ ਸ਼ਿਕਾਰ ਕੋਈ ਬੇਹੱਦ ਕਮਜ਼ੋਰ ਆਦਮੀ ਹੋਵੇ।
ਮੈਂ ਤਾਂ ਉਸਦੀ ਮੌਤ 'ਤੇ ਉਸੇ ਦਿਨ ਰੋ ਲਈ ਸੀ।
੦੦੦ ੦੦੦ ੦੦੦

No comments:

Post a Comment