ਉਰਦੂ ਕਹਾਣੀ : ਅਹਿਸਾਸ ਦਾ ਬੋਝ... :: ਲੇਖਕ : ਸੱਯਦ ਪ੍ਰੇਮੀ
ਅਨੁਵਾਦ : ਮਹਿੰਦਰ ਬੇਦੀ, ਜੈਤੋ । ਮੋਬਾਇਲ : 9417730600.
ਹੁਣ ਉਸ ਵਿਚ ਪਾਸਾ ਪਰਤਨ ਦੀ ਹਿੰਮਤ ਵੀ ਨਹੀਂ ਸੀ---ਪਿੰਡਾ ਕਿਸੇ ਫੋੜੇ ਵਾਂਗ ਦੁਖ ਰਿਹਾ ਸੀ।
ਕਮਰੇ ਵਿਚ ਬਿਜਲੀ ਦਾ ਪੱਖਾਂ ਚੱਲ ਰਿਹਾ ਸੀ, ਪਰ ਉਸ ਦਾ ਬਲਾਊਜ਼ ਪਸੀਨੇ ਨਾਲ ਤਰ ਹੋ ਕੇ, ਉਸ ਦੇ ਸਰੀਰ ਦੇ ਉਭਾਰਾਂ ਨਾਲ ਚਿੰਬੜ ਗਿਆ ਸੀ। ਵਾਲ ਚਿਹਰੇ ਤੇ ਮੋਢਿਆਂ ਉੱਤੇ ਖਿੱਲਰੇ ਹੋਏ ਸਨ। ਅੱਖਾਂ ਉੱਤੇ ਪਲਕਾਂ ਦਾ ਭਾਰ ਵਧ ਗਿਆ ਜਾਪਦਾ ਸੀ। ਬੁੱਲ੍ਹ ਸੁੱਕ ਸੁੱਕ ਜਾਂਦੇ ਸਨ ਤੇ ਉਹ ਵਾਰੀ ਵਾਰੀ ਉਹਨਾਂ ਉੱਤੇ ਜੀਭ ਫੇਰ ਰਹੀ ਸੀ।
ਰਾਤ ਦੇ ਦੋ ਵੱਜ ਗਏ ਸਨ, ਪਰ ਉਹ ਸੌਂ ਨਹੀਂ ਸੀ ਸਕੀ। ਫੇਰ ਹਾਲ ਕਮਰੇ ਦੀ ਵੱਡੀ ਘੜੀ ਨੇ ਇਕ ਵਾਰ ਹੋਰ ਖੜਕ ਕੇ ਢਾਈ ਵੱਜ ਜਾਣ ਦਾ ਐਲਾਨ ਕਰ ਦਿੱਤਾ। ਉਸ ਨੇ ਬਿਸਤਰੇ 'ਤੋਂ ਉੱਠ ਕੇ ਆਪਣੇ ਕਮਰੇ ਦੀ ਬੱਤੀ ਬੁਝਾ ਦਿੱਤੀ...ਤੇ ਕੁਝ ਚਿਰ ਉੱਥੇ ਹਨੇਰੇ ਵਿਚ ਹੀ ਖੜ੍ਹੀ ਰਹੀ, ਜਿਵੇਂ ਕੁਝ ਸੋਚ ਰਹੀ ਹੋਵੇ। ਫੇਰ ਪੱਬਾਂ ਭਾਰ ਤੁਰਦੀ ਹੋਈ ਦਰਵਾਜ਼ੇ ਕੋਲ ਗਈ ਤੇ ਰਤਾ ਕੁ ਬੂਹਾ ਖੋਲ੍ਹ ਕੇ ਬਾਹਰ ਝਾਕਣ ਲੱਗ ਪਈ। ਵਰਾਂਡੇ ਵਿਚ ਨਿੱਕੇ ਬੱਲਬ ਦੀ ਮੱਧਮ ਰੌਸ਼ਨੀ ਹਨੇਰੇ ਵਿਚਕਾਰ ਇੰਜ ਸਹਿਕ ਰਹੀ ਸੀ, ਜਿਵੇਂ ਕੋਈ ਟੀ.ਬੀ. ਦਾ ਮਰੀਜ਼ ਜੀਵਨ ਦਾ ਪੱਲਾ ਫੜ੍ਹੀ ਰੱਖਣ ਲਈ ਜਦੋ-ਜਹਿਦ ਕਰ ਰਿਹਾ ਹੋਵੇ।
ਉਸ ਨੂੰ ਗੁੱਸਾ ਚੜ੍ਹਨ ਲੱਗ ਪਿਆ।
'ਅਹਿ ਕੰਬਖ਼ਤ ਅੰਮੀ, ਅੱਜ ਬੱਤੀ ਬੁਝਾਉਣਾ ਕਿੰਜ ਭੁੱਲ ਗਈ ?' ਵਰਾਂਡੇ ਦੀ ਮੱਧਮ ਪੀਲੀ ਰੌਸ਼ਨੀ ਵਿਚਕਾਰੋਂ ਲੰਘਦਿਆਂ ਉਹ ਡਰੀ, 'ਜੇ ਕਿਸੇ ਨੇ ਵੇਖ ਲਿਆ ਫੇਰ...?'
ਦਿਲ ਦੀਆਂ ਧੜਕਨਾਂ ਤੇਜ਼ ਹੋ ਗਈਆਂ ਤੇ ਉਹ ਨੱਸ ਕੇ ਬਿਸਤਰੇ ਉੱਤੇ ਆ ਡਿੱਗੀ। ਫੇਰ ਖਾਸਾ ਚਿਰ ਖਿੱਲਰੇ-ਪੁਲਰੇ ਸਿਰਹਾਣਿਆਂ ਵਿਚਕਾਰ ਸਿੱਥਲ ਲੇਟੀ ਰਹੀ ਤੇ ਜਦੋਂ ਧੜਕਨਾਂ ਕੁਝ ਮੱਠੀਆਂ ਪੈ ਗਈਆਂ, ਉਹ ਫੇਰ ਉੱਠ ਕੇ ਖਲੋ ਗਈ।...ਤੇ ਫੇਰ ਇਸ ਵਾਰ ਬੂਹਾ ਲੰਘ ਕੇ ਵਰਾਂਡੇ ਤੋਂ ਪਾਰ ਲੰਘ ਗਈ। ਪਸਰੇ ਹੋਏ ਹਨੇਰੇ ਨੇ ਉਸ ਨੂੰ ਆਪਣੇ ਵਿਚ ਲੁਕੋ ਲਿਆ। ਉਹ ਹੌਲੀ ਹੌਲੀ ਨੌਕਰਾਂ ਦੇ ਕੁਆਟਰਾਂ ਵੱਲ ਤੁਰ ਪਈ।
***
ਉਸ ਨੇ ਇਕ ਵਾਰ ਪਿਛਾਂਹ ਮੁੜ ਕੇ ਹਵੇਲੀ ਵੱਲ ਵੇਖਿਆ।
'ਸਲਮੀ ਪੁੱਤਰ ਇਹਨਾਂ ਨੂੰ ਆਦਾਬ ਕਹੋ। ਇਹ ਤੇਰੇ ਮਾਸੀ ਜੀ ਨੇ। ਜਦੋਂ ਤੂੰ ਨਿੱਕੀ ਹੁੰਦੀ ਸੈਂ ਨਾ, ਇਹ ਆਪਣੇ ਘਰ ਆਏ ਸਨ, ਇਕ ਵਾਰੀ। ਬਨਾਰਸ ਵਿਚ ਰਹਿੰਦੇ ਨੇ।'
'ਮਾਸ਼ਾ ਅੱਲਾ ! ਬਿਲਕੁਲ ਚੰਦ ਦਾ ਟੁਕੜਾ ਏ।'
'ਏਸ ਸਾਲ ਬੀ.ਏ. ਪਾਸ ਕੀਤੀ ਏ ਇਸ ਨੇ।' ਅੰਮੀ ਨੇ ਜਿਵੇਂ ਉਸ ਦੀ ਇਕ ਹੋਰ ਖਾਸੀਅਤ ਦੱਸੀ। ਉਹ ਕੁਝ ਚਿਰ ਉੱਥੇ ਬੈਠੀ ਰਹੀ। ਅੰਮੀ ਉਸ ਦੀ ਅਕਲਮੰਦੀ ਤੇ ਸਾਊਪੁਣੇ ਦੀਆਂ ਕਹਾਣੀਆਂ ਸੁਨਾਉਂਦੀ ਰਹੀ ; ਤੇ ਉਹ ਸੋਚਦੀ ਰਹੀ ਕਿ 'ਮਾਸੀ ਦਾ ਕੋਈ ਪੁੱਤਰ ਵੀ ਜ਼ਰੂਰ ਹੋਵੇਗਾ ਤੇ ਅੰਮੀ ਉਸ ਤੋਂ ਸਲਮੀ ਲਈ ਉਸ ਦਾ ਰਿਸ਼ਤਾ ਵੀ ਮੰਗੇਗੀ ਤੇ ਮਾਸੀ ਜਾ ਕੇ ਜਵਾਬ ਲਿਖ ਭੇਜਣ ਦਾ ਇਕਰਾਰ ਕਰਕੇ ਚਲੀ ਜਾਏਗੀ।
...ਤੇ ਮਾਸੀ ਦਾ ਜਵਾਬ ਕਦੀ ਨਹੀਂ ਆਵੇਗਾ। ਇੰਜ ਪਤਾ ਨਹੀਂ ਕਿੰਨੀ ਕੁ ਵਾਰੀ ਹੋਇਆ ਸੀ, ਔਰਤਾਂ ਆਉਂਦੀਆਂ ਸਨ, ਉਸ ਨੂੰ ਟੋਹ-ਟਾਹ ਕੇ ਵਿੰਹਦੀਆਂ ਸਨ ਤੇ ਜਾਣ ਪਿੱਛੋਂ ਕਦੀ ਨਹੀਂ ਸੀ ਮੁੜੀਆਂ।
ਹਨੇਰੇ ਵਿਚ ਉਸ ਨੂੰ ਠੇਡਾ ਲੱਗਾ ਤੇ ਉਹ ਲੜਖੜਾ ਗਈ। ਇਕ ਨਿੱਕਾ ਪੱਥਰ ਦੂਰ ਤਕ ਰਿੜ੍ਹਦਾ ਚਲਾ ਗਿਆ।
***
ਫੇਰ ਸ਼ੀਸ਼ਾ ਫਰਸ਼ ਉੱਤੇ ਡਿੱਗ ਕੇ ਟੁੱਟ ਗਿਆ...ਇਕ ਝਣਕਾਰ ਜਿਹੀ ਹੋਈ ਤੇ ਜਿਵੇਂ ਉਸ ਦੇ ਨਾਲ ਹੀ ਉਸ ਦਾ ਆਪਣਾ ਚਿਹਰਾ ਵੀ ਟੁੱਟ-ਭੱਜ ਗਿਆ ਹੋਵੇ। ਸ਼ੀਸ਼ੇ ਦੇ ਹਰ ਟੁਕੜੇ ਵਿਚ ਚਿਹਰੇ ਦਾ ਇਕ ਟੁੱਕੜਾ ਦਿਸਦਾ ਸੀ : ਕਿਸੇ ਵਿਚ ਅੱਖ, ਕਿਸੇ ਵਿਚ ਬੁੱਲ੍ਹ, ਕਿਸੇ ਵਿਚ ਗੱਲ੍ਹਾਂ, ਕਿਸੇ ਵਿਚ ਰੰਗ, ਕਿਸੇ ਵਿਚ ਰੂਪ।
ਉਸ ਦੀ ਅੰਮੀ ਨੱਸ ਕੇ ਕਮਰੇ ਵਿਚ ਆਈ, ''ਕੀ ਹੋਇਆ ?''
''ਅੰਮੀ ਇਹ ਸ਼ੀਸ਼ਾ...'' ਫੇਰ ਉਸ ਦਾ ਗੱਚ ਭਰ ਆਇਆ ਸੀ ਤੇ ਉਹ ਆਪਣੀ ਅੰਮੀ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਸੀ।
''ਮੇਰੀ ਬੱਚੀ...!''
ਅੰਮੀ ਨੇ ਉਸ ਨੂੰ ਬੁੱਕਲ ਵਿਚ ਲੈ ਲਿਆ ਤੇ ਉਸ ਦੀ ਪਿੱਠ ਉੱਤੇ ਹੱਥ ਫੇਰਨ ਲੱਗ ਪਈ। ਪਰ ਅਚਾਨਕ ਪਿੱਠ ਦੀ ਉਭਰੀ ਹੋਈ ਹੱਡੀ ਉੱਤੇ ਹੱਥ ਬਿੰਦ ਦਾ ਬਿੰਦ ਰੁਕ ਗਿਆ। ਇਹ ਉਹੀ ਕੁੱਬ ਸੀ, ਜਿਸ ਕਰਕੇ ਸਲਮੀ ਅੱਜ ਤੱਕ ਕੁਆਰੀ ਬੈਠੀ ਹੋਈ ਸੀ। ਏਨੀ ਹੁਸੀਨ ਸ਼ਕਲ ਦੇ ਕੇ ਖ਼ੁਦਾ ਨੇ ਇਹ ਬਿੱਜ ਕਿਉਂ ਪਾ ਦਿੱਤਾ ? ਆਖ਼ਰ ਕਿਉਂ ? ਤੇ ਫੇਰ ਆਪਣੇ ਇਸ ਖ਼ਿਆਲ ਉੱਤੇ ਉਸ ਨੂੰ ਖਿਝ ਚੜ੍ਹ ਗਈ। ਨਾਲ ਦੀ ਨਾਲ ਉਸ ਨੇ ਉੱਥੋਂ ਹੱਥ ਪਰ੍ਹੇ ਖਿੱਚ ਲਿਆ ਤੇ ਉਸ ਨੂੰ ਹੌਸਲਾ ਦੇਣ ਲੱਗ ਪਈ।
ਸਲਮੀ ਭਾਵੇਂ ਕੁੱਬੀ ਸੀ ਪਰ ਉਸ ਦੀ ਇਹ ਬਿੱਜ ਬਹੁਤੀ ਨਹੀਂ ਸੀ। ਫੇਰ ਵੀ ਕਿਸਮਤ ਸੀ ਕਿ ਹਰ ਚਾਲ ਮਾਤ ਪੈ ਜਾਂਦੀ ਸੀ।
ਉਹ ਨੌਕਰਾਂ ਦੇ ਕੁਅਟਰਾਂ ਦੇ ਨੇੜੇ ਜਾ ਪਹੁੰਚੀ ਸੀ। ਰਹਿਮਤ ਦੇ ਕਮਰੇ ਦਾ ਦਰਵਾਜ਼ਾ ਸਾਹਮਣੇ ਹੀ ਸੀ। ਕੁਝ ਚਿਰ ਖਲੋ ਕੇ ਉਸ ਨੇ ਚਾਰੇ ਪਾਸੇ ਵੇਖਿਆ। ਉੱਥੇ ਕੋਈ ਨਹੀਂ ਸੀ। ਦੂਰ ਨੇੜੇ ਦਾ ਖੜਾਕ ਸੁਣਨ ਦੀ ਕੋਸ਼ਿਸ਼ ਕੀਤੀ, ਪਰ ਸਭ ਪਾਸੇ ਚੁੱਪ ਵਰਤੀ ਹੋਈ ਸੀ। ਕੋਲ ਪਹੁੰਚ ਕੇ ਉਸ ਨੇ ਹੌਲੀ ਹੌਲੀ ਬੂਹਾ ਖੜਕਾਇਆ।
***
ਸਲਮੀ ਦੀ ਅੱਖ ਖੁੱਲ੍ਹ ਗਈ ਸੀ। ਕੋਈ ਬੂਹਾ ਖੜਕਾ ਰਿਹਾ ਸੀ। ਉਸ ਨੇ ਉੱਠ ਕੇ ਕੁੰਡੀ ਖੋਲ੍ਹ ਦਿੱਤੀ। ਸਾਹਮਣੇ ਰਹਿਮਤ ਖੜ੍ਹਾ ਸੀ।
ਰਹਿਮਤ ਉਹਨਾਂ ਦਾ ਨਵਾਂ ਨੌਕਰ ਸੀ। ਮਾਤਾ ਦੇ ਦਾਗਾਂ ਨਾਲ ਭਰਿਆ ਚਿਹਰਾ, ਕਾਲਾ ਰੰਗ, ਬੁੱਲ੍ਹਾਂ ਤੋਂ ਬਾਹਰ ਦਿਸਦੇ ਹੋਏ ਦੰਦ ਪਰ ਸੀ ਬੜਾ ਨਰੌਆ। ਤਣੀ ਹੋਈ ਛਾਤੀ, ਗਠੀਲੀਆਂ ਬਾਹਾਂ, ਲੰਮਾਂ-ਉੱਚਾ। ਸਲਮੀ ਅਕਸਰ ਉਸ ਦੇ ਜਿਸਮ ਵੱਲ ਵਿਹੰਦੀ ਰਹਿੰਦੀ ਤੇ ਉਸ ਦੇ ਦਿਲ ਵਿਚ ਅਜੀਬ ਓਪਰੇ ਖ਼ਿਆਲ ਆਉਂਦੇ। ਪਰ ਉਸੇ ਵੇਲੇ ਇਹਨਾਂ ਖ਼ਿਆਲਾਂ ਤੋਂ ਖਹਿੜਾ ਛੁਡਾਉਣ ਦਾ ਯਤਨ ਕਰਦਿਆਂ ਸੋਚਦੀ...'ਰਹਿਮਤ ਇਕ ਨੌਕਰ ਹੈ, ਮਾਮੂਲੀ ਨੌਕਰ !'
''ਕੀ ਗੱਲ ਏ ?'' ਸਲਮੀ ਨੇ ਪੁੱÎਛਿਆ।
''ਬੀ-ਬੀ-ਜੀ...ਕਮਰਾ ਸਾਫ ਕਰਨਾ।''
ਰਹਿਮਤ ਨੇ ਉਸ ਵੱਲ ਅੱਖਾਂ ਪਾੜ-ਪਾੜ ਝਾਕਦਿਆਂ ਕਿਹਾ ਤੇ ਫੇਰ ਉਸ ਦੀਆਂ ਨਜ਼ਰਾਂ ਸਲਮੀ ਦੇ ਚਿਹਰੇ ਤੋਂ ਹੇਠਾਂ ਵੱਲ ਤਿਲ੍ਹਕ ਗਈਆਂ। ਸਲਮੀ ਝੱਟ ਬੂਹੇ ਵਿਚਕਾਰੋਂ ਪਰ੍ਹਾਂ ਹਟ ਗਈ।
ਰਹਿਮਤ ਅਗਾਂਹ ਲੰਘ ਗਿਆ। ਸਲਮੀ ਨੇ ਆਪਣੇ ਆਪ ਵੱਲ ਵੇਖਿਆ...ਪੱਲਾ ਆਪਣੇ ਫਰਜ਼ ਤੋਂ ਬੇਮੁੱਖ ਹੋਇਆ ਹੋਇਆ ਸੀ। ਉਸ ਨੇ ਕਾਹਲੀ ਨਾਲ ਚੁੰਨੀ ਠੀਕ ਕੀਤੀ ਤੇ ਕਮਰੇ ਵਿਚੋਂ ਨਿਕਲ ਕੇ ਗੁਸਲਖ਼ਾਨੇ ਵਿਚ ਜਾ ਵੜੀ। ਅੰਦਰ ਵੀ ਉਹ ਨੂੰ ਇੰਜ ਹੀ ਲੱਗਦਾ ਰਿਹਾ ਜਿਵੇਂ ਰਹਿਮਤ ਦੀਆਂ ਅੱਖਾਂ ਹੁਣ ਵੀ ਉਸ ਦੇ ਬੇ ਤਰਤੀਬ ਪੱਲੇ ਵੱਲ ਅੱਡੀਆਂ ਹੋਈਆਂ ਨੇ। ਉਸ ਨੇ ਸੋਚਿਆ...
'ਬੜਾ ਬਦਮਾਸ਼ ਏ ! ਅੱਜ ਹੀ ਅੱਬਾ ਕੋਲ ਇਸ ਦੀ ਸ਼ਿਕਾਇਤ ਕਰਾਂਗੀ ਤੇ ਨੌਕਰੀ ਤੋਂ ਹਟਵਾ ਦਿਆਂਗੀ।'
ਪਰ ਪਤਾ ਨਹੀਂ ਕਿਉਂ ਉਹ ਰਹਿਮਤ ਦੀ ਸ਼ਿਕਾਇਤ ਨਹੀਂ ਸੀ ਕਰ ਸਕੀ ਤੇ ਰਹਿਮਤ ਟੁੱਟੇ ਛਿੱਤਰ ਵਾਂਗ ਵਧਦਾ ਹੀ ਗਿਆ ਸੀ।
***
ਇਕ ਵਾਰੀ ਫੇਰ ਉਸ ਨੇ ਬੂਹਾ ਖੜਕਾਇਆ ; ਪਰ ਦੂਜੇ ਪਲ ਉਹ ਸਹਿਮ ਗਈ...'ਕਿਤੇ ਕੋਈ ਸੁਣ ਹੀ ਨਾ ਲਵੇ ?'
ਪਰ ਫੇਰ ਉਸ ਨੂੰ ਚੇਤਾ ਆਇਆ ਕਿ ਸਾਰੇ ਕਮਰੇ ਤਾਂ ਖ਼ਾਲੀ ਨੇ...ਕੁਝ ਹੌਸਲਾ ਹੋਇਆ ਤੇ ਉਸ ਨੇ ਰਤਾ ਜ਼ੋਰ ਨਾਲ ਬੂਹਾ ਖੜਕਾਇਆ।
''ਕੌਣ ਆਂ ?'' ਅੰਦਰੋਂ ਆਵਾਜ਼ ਆਈ।
ਅਚਾਨਕ ਸਲਮੀ ਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਉਸ ਕੁਝ ਆਖਣਾ ਚਾਹਿਆ...'ਇਹ ਤਾਂ...'
ਰਹਿਮਤ ਬੂਹਾ ਖੋਲ੍ਹ ਚੁੱÎਕਿਆ ਸੀ ਤੇ ਹਨੇਰੇ ਵਿਚ ਉਸ ਨੇ ਸਲਮੀ ਨੂੰ ਪਛਾਣ ਲਿਆ ਸੀ, ''ਸਲਮੀ ਬੀ-ਬੀ...''
ਸਲਮੀ ਚੁੱਪ ਰਹੀ ; ਉਸ ਨੂੰ ਧੱਕਾ ਦੇ ਕੇ ਅੰਦਰ ਵੜ ਆਈ ; ਧੜਕਨਾ ਦੀ ਆਵਾਜ਼ ਬਾਹਰ ਰਹਿ ਗਈ ; ਰਹਿਮਤ ਵੀ ਕੁਝ ਸਮਝਿਆ, ਕੁਝ ਨਾ ਸਮਝ ਸਕਿਆ ਪਰ ਉਸ ਨੇ ਬੂਹਾ ਬੰਦਾ ਕਰ ਦਿੱਤਾ। ਹਨੇਰੇ ਵਿਚ ਹਨੇਰਾ ਲੁਕ ਗਿਆ ਤੇ ਕਰਾਹੁਣ ਲੱਗ ਪਿਆ।
***
ਜਦੋਂ ਸਲਮੀ ਰਹਿਮਤ ਦੇ ਕਮਰੇ ਵਿਚੋਂ ਬਾਹਰ ਨਿਕਲੀ, ਰਾਤ ਦੀ ਕਾਲੋਂ ਹੋਰ ਵਧ ਚੁੱਕੀ ਸੀ ; ਜਾਂ ਇਹ ਉਸ ਦਾ ਆਪਣਾ ਭਰਮ ਸੀ। ਉਹ ਬੜੀ ਮੁਸ਼ਕਿਲ ਨਾਲ ਤੁਰ ਰਹੀ ਸੀ। ਦੋ ਮਿੰਟ ਦਾ ਰਸਤਾ ਜਿਵੇਂ ਦੋ ਜੁੱਗਾਂ ਦਾ ਪੈਂਡਾ ਬਣ ਗਿਆ ਸੀ। ਔਖੇ ਸੁਖਾਲੇ ਪੈਰ ਧਰੀਕਦੀ ਉਹ ਆਪਣੇ ਕਮਰੇ ਵਿਚ ਆਈ ਤੇ ਸਾਹ-ਸਤ-ਹੀਣ ਜਿਹੀ ਹੋ ਕੇ ਆਪਣੇ ਬਿਸਤਰੇ ਉੱਤੇ ਡਿੱਗ ਪਈ।
ਹੁਣ ਉਹ ਪਹਿਲਾਂ ਨਾਲੋਂ ਵਧੇਰੇ ਬੇਚੈਨ ਸੀ। ਮਨ ਅੰਦਰ ਅਜੀਬ ਭਿਆਨਕ ਦਵੰਦ ਛਿੜਿਆ ਹੋਇਆ ਸੀ ...'ਆਹ, ਇਹ ਮੈਂ ਕੀ ਕਰ ਬੈਠੀ ?'
ਹਨੇਰੇ ਕਮਰੇ ਵਿਚ ਕਈ ਭਿਆਨਕ ਪ੍ਰਛਾਵੇਂ ਤੈਰਨ ਲੱਗੇ।
'ਹੰਝੂ...'
'ਨਮੋਸ਼ੀ...'
'ਕੁਰਲਾਹਟ...'
'ਤਾਹਨੇ-ਮਿਹਣੇ...'
'ਨਫ਼ਰਤ...'
ਉਸ ਨੇ ਆਪਣਾ ਚਿਹਰਾ ਸਿਰਹਾਣਿਆਂ ਵਿਚ ਲੁਕੋ ਲਿਆ...ਤੇ ਉਸ ਦੀਆਂ ਭੁੱਬਾਂ ਨਿਕਲ ਗਈਆਂ। 'ਹਾਏ ਅੰਮੀਏਂ, ਮੇਰੇ ਅੱਬਾ, ਮੈਂ...ਮੈਂ...ਮੈਨੂੰ ਮਾਅ...' ਅਗਾਂਹ ਉਸ ਦੀ ਆਵਾਜ਼ ਨਾ ਨਿਕਲੀ, ਸ਼ਬਦ ਜਿਵੇਂ ਹੰਝੂਆਂ ਵਿਚ ਡੁੱਬ ਗਏ ਸਨ।
***
ਜਦੋਂ ਸਵੇਰ ਦੇ 10 ਵਜੇ ਤੱਕ ਸਲਮੀ ਦੇ ਕਮਰੇ ਦਾ ਬੂਹਾ ਅੰਦਰੋਂ ਬੰਦ ਰਿਹਾ, ਤਾਂ ਅੰਮੀ ਨੂੰ ਚਿੰਤਾ ਹੋਈ। ਇੰਜ ਅੱਗੇ ਕਦੀ ਨਹੀਂ ਸੀ ਹੋਇਆ। ਉਹਨਾਂ ਆਪ ਬੂਹਾ ਖੜਕਾਇਆ, ਪਰ ਅੰਦਰ ਚੁੱਪ ਵਰਤੀ ਰਹੀ। ਉਹ ਕਾਫੀ ਜ਼ੋਰ ਨਾਲ ਬੂਹੇ ਭੰਨਣ ਲੱਗੀ। ਘਰ ਦੇ ਸਾਰੇ ਮੈਂਬਰ ਬੂਹੇ ਅੱਗੇ ਆ ਖੜ੍ਹੇ ਹੋਏ। ਉਹਨਾਂ ਵੀ ਕਈ ਆਵਾਜ਼ਾਂ ਮਾਰੀਆਂ...ਫੇਰ ਵੀ ਸਲਮੀ ਨੇ ਬੂਹਾ ਨਹੀਂ ਖੁਲ੍ਹਿਆ। ਆਖ਼ਰ ਉਸ ਦੇ ਅੱਬਾ ਨੇ ਬੂਹਾ ਤੋੜ ਦਿੱਤਾ।
ਸਾਹਮਣੇ ਫਰਸ਼ ਉੱਤੇ ਇਕ ਮੇਜ਼ ਉਲਟਿਆ ਪਿਆ ਸੀ...ਤੇ ਸਲਮੀ ਆਪਣੀ ਸਾੜ੍ਹੀ ਦਾ ਪੱਲਾ ਗਲ ਵਿਚ ਪਾ ਕੇ ਪੱਖੇ ਨਾਲ ਝੂਲ ਰਹੀ ਸੀ।
੦੦੦
Sunday, December 20, 2009
Subscribe to:
Post Comments (Atom)

No comments:
Post a Comment